ਅੰਮ੍ਰਿਤਸਰ, 23 ਫਰਵਰੀ ( ਨਜ਼ਰਾਨਾ ਨਿਊਜ਼ ਨੈੱਟਵਰਕ ) ਸਿੱਖ ਨੌਜਵਾਨਾਂ ਦੇ ਦਿਲਾਂ ਦੀ ਧੜਕਣ, ਕਿਸਾਨੀ ਸੰਘਰਸ਼ ਦੇ ਹੀਰੋ, ਪੰਥ ਅਤੇ ਪੰਜਾਬ ਲਈ ਜੂਝਣ ਵਾਲੇ ਸਿੱਖ ਕੌਮ ਦੇ ਯੋਧੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਦੀ ਯਾਦ ‘ਚ ਅੱਜ ਸ੍ਰੀ ਅੰਮ੍ਰਿਤਸਰ ਤੋਂ ਫ਼ਤਹਿਗੜ੍ਹ ਸਾਹਿਬ ਤੱਕ ਕੇਸਰੀ ਮਾਰਚ ਕੀਤਾ ਜਾਵੇਗਾ। ਇਹ ਜਾਣਕਾਰੀ ਸਾਂਝੀ ਕਰਦਿਆਂ ਯੂਨਾਈਟਿਡ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਭਾਈ ਜੁਗਰਾਜ ਸਿੰਘ ਮਝੈਲ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਭੁਪਿੰਦਰ ਸਿੰਘ ਛੇ ਜੂਨ, ਭਾਈ ਜਸਕਰਨ ਸਿੰਘ ਪੰਡੋਰੀ, ਭਾਈ ਕਰਨਪ੍ਰੀਤ ਸਿੰਘ ਵੇਰਕਾ, ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਭਾਈ ਕੰਵਰ ਚੜ੍ਹਤ ਸਿੰਘ ਅਤੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਆਗੂ ਭਾਈ ਹੁਸਨਦੀਪ ਸਿੰਘ ਨੇ ਕਿਹਾ ਕਿ ਭਾਈ ਸੰਦੀਪ ਸਿੰਘ ਦੀਪ ਸਿੱਧੂ ਦਾ ਵਿਛੋੜਾ ਪੂਰੀ ਸਿੱਖ ਕੌਮ ਲਈ ਅਸਹਿ ਹੈ। ਉਹਨਾਂ ਦੱਸਿਆ ਕਿ ਦੀਪ ਸਿੱਧੂ ਦੀ ਯਾਦ ‘ਚ ਅੰਤਿਮ ਅਰਦਾਸ ਸਮਾਗਮ 24 ਫਰਵਰੀ ਨੂੰ ਸ੍ਰੀ ਫ਼ਤਹਿਗੜ ਸਾਹਿਬ ਸਥਿਤ ਦੀਵਾਨ ਟੋਡਰ ਮੱਲ ਹਾਲ ਵਿੱਚ ਹੋਣ ਜਾ ਰਿਹਾ ਹੈ, ਉਸ ਵਿੱਚ ਸ਼ਮੂਲੀਅਤ ਕਰਨ ਲਈ ਕੇਸਰੀ ਮਾਰਚ ਗੱਡੀਆਂ, ਮੋਟਰ ਸਾਇਕਲਾਂ ਅਤੇ ਬੱਸਾਂ ‘ਤੇ ਸਵੇਰੇ 7 ਵਜੇ ਰਵਾਨਾ ਹੋਵੇਗਾ। ਇਹ ਮਾਰਚ ਗੋਲਡਨ ਗੇਟ ਅੰਮ੍ਰਿਤਸਰ ਤੋਂ ਵਾਇਆ ਜਲੰਧਰ, ਲੁਧਿਆਣਾ ਅਤੇ ਖੰਨਾ ਹੁੰਦਾ ਹੋਇਆ ਫਤਹਿਗੜ੍ਹ ਸਾਹਿਬ ਸਰਹੰਦ ਪਹੁੰਚੇਗਾ। ਉਹਨਾਂ ਅਪੀਲ ਕੀਤੀ ਕਿ ਮਾਰਚ ‘ਚ ਸਿੱਖ ਨੌਜਵਾਨ ਕੇਸਰੀ-ਪੀਲੀਆਂ ਦਸਤਾਰਾਂ ਸਜਾ ਕੇ ਭਾਰੀ ਗਿਣਤੀ ‘ਚ ਸ਼ਮੂਲੀਅਤ ਕਰਨ ਅਤੇ ਇਹ ਮਾਰਚ ਗੁਰੂ ਸਾਹਿਬ ਦੇ ਨਿਸ਼ਾਨ ਸਾਹਿਬਾਂ ਦੀ ਅਗਵਾਈ ਵਿੱਚ ਹੋਵੇਗਾ।
Author: Gurbhej Singh Anandpuri
ਮੁੱਖ ਸੰਪਾਦਕ