ਸ਼ਾਹਪੁਰ ਕੰਢੀ 26 ਫਰਵਰੀ ( ਸੁਖਵਿੰਦਰ ਜੰਡੀਰ ) ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯੂਕਰੇਨ ਵਿੱਚ ਫਸੇ ਪਠਾਨਕੋਟ ਜ਼ਿਲ੍ਹੇ ਦੇ ਵਿਦਿਆਰਥੀਆਂ/ਵਿਅਕਤੀਆਂ ਲਈ ਹੈੱਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ।
ਜਾਣਕਾਰੀ ਦਿੰਦਿਆਂ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਦੱਸਿਆ ਜਾਂਦਾ ਹੈ ਕਿ ਜ਼ਿਲ੍ਹਾ ਪਠਾਨਕੋਟ ਤੋਂ ਯੂਕਰੇਨ ਵਿਖੇ ਪੜ੍ਹਾਈ ਕਰਨ ਲਈ ਗਏ ਵਿਦਿਆਰਥੀਆਂ ਜਾਂ ਕਿਸੇ ਹੋਰ ਕੰਮ ਲਈ ਗਏ ਵਿਅਕਤੀਆਂ ਸਬੰਧੀ ਸੂਚਨਾ ਇਕੱਠੀ ਕਰਨ ਲਈ ਜ਼ਿਲਾ ਪ੍ਰਸ਼ਾਸਨ ਪਠਾਨਕੋਟ ਵੱਲੋਂ ਸ਼੍ਰੀ ਗੁਰਪ੍ਰੀਤ ਸਿੰਘ, ਜ਼ਿਲ੍ਹਾ ਭੂਮੀ ਰੱਖਿਆ ਅਫ਼ਸਰ, ਪਠਾਨਕੋਟ (ਮੋ: 99141-55940) ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਜਾਂਦਾ ਹੈ ਅਤੇ ਸ੍ਰੀ ਸੰਜੀਵ ਪਠਾਨੀਆ, ਸੁਪਰਡੰਟ (ਮਾਲ), ਦਫ਼ਤਰ ਡਿਪਟੀ ਕਮਿਸ਼ਨਰ, ਪਠਾਨਕੋਟ (ਮੋ: 95014-44466) ਨੂੰ ਸਹਾਇਕ ਨੋਡਲ ਅਫ਼ਸਰ ਨਿਯੁਕਤ ਕੀਤਾ ਜਾਂਦਾ ਹੈ, ਤਾਂ ਜੋ ਯੂਕਰੇਨ ਵਿੱਚ ਫਸੇ ਜ਼ਿਲ੍ਹਾ ਪਠਾਨਕੋਟ ਨਾਲ ਸਬੰਧਿਤ ਵਿਦਿਆਰਥੀਆਂ/ਵਿਅਕਤੀਆਂ ਦੀ ਜਾਣਕਾਰੀ ਇਕੱਠੀ ਕੀਤੀ ਜਾ ਸਕੇ ਅਤੇ ਰਾਜ ਸਰਕਾਰ ਦੇ ਰਾਹੀਂ ਸਬੰਧਤ ਅਧਿਕਾਰੀਆਂ ਨੂੰ ਭੇਜੀ ਜਾ ਸਕੇ।
ਉਨ੍ਹਾਂ ਕਿਹਾ ਕਿ ਜ਼ਿਲੇ ਨਾਲ ਸਬੰਧਤ ਜਿਹੜੇ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਯੂਕਰੇਨ ਫਸੇ ਹਨ, ਉਹ ਤੁਰੰਤ ਉਪਰੋਕਤ ਅਫ਼ਸਰਾਂ ਨਾਲ ਸੰਪਰਕ ਕਰਨ ਅਤੇ ਸੂਚਨਾ ਮੁਹੱਈਆ ਕਰਵਾਉਣ। ਇਸ ਸੂਚਨਾ ਵਿੱਚ ਯੂਕਰੇਨ ਗਏ ਵਿਅਕਤੀ/ਵਿਦਿਆਰਥੀ ਦਾ ਨਾਂਅ, ਪਿਤਾ ਦਾ ਨਾਂਅ, ਪਾਸਪੋਰਟ ਨੰਬਰ, ਕਾਲਜ ਜਾਂ ਯੂਨੀਵਰਸਿਟੀ, ਯੂਕੇਰਨ ਵਿੱਚ ਉਨਾਂ ਦੀ ਰਿਹਾਇਸ਼ ਦਾ ਪਤਾ ਆਦਿ ਸਮੇਤ ਵੱਧ ਤੋਂ ਵੱਧ ਜਾਣਕਾਰੀ ਸਾਂਝੀ ਕੀਤੀ ਜਾਵੇ ਤਾਂ ਜੋ ਉਹਨਾਂ ਦੀ ਸੁਰੱਖਿਆ ਵਾਪਸੀ ਯਕੀਨੀ ਬਣਾਈ ਜਾ ਸਕੇ।
Author: Gurbhej Singh Anandpuri
ਮੁੱਖ ਸੰਪਾਦਕ