ਮਿਤੀ 15 ਫਰਵਰੀ 2022 ਦੀ ਰਾਤ ਨੂੰ ਸਾਢੇ ਨੌਂ ਵਜੇ ਜਦ ਇੱਕ ਪੰਥਕ ਆਗੂ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਦੀਪ ਸਿੱਧੂ ਦਾ ਐਕਸੀਡੈਂਟ ਹੋ ਗਿਆ ਤਾਂ ਮੇਰੇ ਮੂੰਹੋਂ ਇਕਦਮ ਨਿਕਲਿਆ “ਉਹ ਨੋ, ਵਾਹਿਗੁਰੂ-ਵਾਹਿਗੁਰੂ, ਉਹ ਠੀਕ ਤਾਂ ਹੈ ?” ਤਾਂ ਅੱਗੋਂ ਜਵਾਬ ਮਿਲ਼ਿਆ ਕਿ ਐਕਸੀਡੈਂਟ ’ਚ ਉਸ ਦੀ ਡੈੱਥ ਹੋ ਗਈ।
ਇਹ ਸੁਣਦੇ ਸਾਰ ਮੇਰੀ ਰੂਹ ਅਤੇ ਸਰੀਰ ਕੰਬ ਗਿਆ, ਮੇਰੇ ਹੱਥ ’ਚੋਂ ਪੰਜ ਮਹੀਨਿਆਂ ਦਾ ਮੇਰਾ ਭੁਝੰਗੀ ਗੁਰਬਾਜ਼ ਸਿੰਘ ਛੁੱਟ ਗਿਆ ਜਿਸ ਨੂੰ ਮੈਂ ਬੈੱਡ ’ਤੇ ਖਿਡਾਅ ਰਿਹਾ ਸੀ। ਮੇਰਾ ਦਿਲ ਜ਼ੋਰ ਨਾਲ਼ ਧੜਕਣ ਲਗ ਪਿਆ।
ਮੈਨੂੰ ਮੇਰੀ ਸਿੰਘਣੀ ਕਮਲਜੀਤ ਕੌਰ ਨੇ ਪੁੱਛਿਆ ਕਿ “ਕੀ ਹੋਇਆ ? ਕਿਸ ਦਾ ਫੋਨ ਸੀ ? ਗੁਰਬਾਜ਼ ਨੂੰ ਤਾਂ ਚੱਕੋ।”
ਮੈਂ ਕਿਹਾ “ਲਗਦਾ ਸਾਡੇ ਦੀਪ ਸਿੱਧੂ ਨੂੰ ਸਰਕਾਰ ਨੇ ਮਾਰ ਦਿੱਤਾ ਹੈ, ਸਰਕਾਰੀ ਟੋਲਾ ਤੇ ਕਾਮਰੇਡ ਲਾਣਾ ਸਾਰੇ ਤਾਂ ਉਸਦੇ ਵੈਰੀ ਬਣੇ ਹੋਏ ਸੀ।”
ਪਰ ਮੈਨੂੰ ਦੀਪ ਬਾਰੇ ਯਕੀਨ ਨਹੀਂ ਸੀ ਆ ਰਿਹਾ, ਮਨ ’ਚ ਹੀ ਇਹੀ ਅਰਦਾਸਾਂ ਕਰ ਰਿਹਾ ਸੀ ਕਿ ਇਹ ਖ਼ਬਰ ਝੂਠੀ ਹੋਵੇ। ਮੈਂ ਕਾਹਲੀ ਨਾਲ਼ ਮੋਬਾਇਲ ਫੜਿਆ ਤੇ ਜਦ ਫੇਸਬੁੱਕ ਖੋਲ੍ਹੀ ਤਾਂ ਦੀਪ ਸਿੱਧੂ ਦੇ ਐਕਸੀਡੈਂਟ ਅਤੇ ਅਕਾਲ ਚਲਾਣੇ ਬਾਰੇ ਅਨੇਕਾਂ ਪੋਸਟਾਂ ਸਨ ਤੇ ਯੂ-ਟਿਊਬ ਚੈੱਨਲਾਂ ’ਤੇ ਵੀ ਇਹ ਖ਼ਬਰਾਂ ਚਲ ਰਹੀਆਂ ਸਨ। ਜਿਸ ਨੂੰ ਵੇਖ-ਸੁਣ ਕੇ ਮੇਰੀਆਂ ਧਾਹਾਂ ਨਿਕਲ ਗਈਆਂ।
ਮੈਂ ਆਪਣੀ ਜ਼ਿੰਦਗੀ ’ਚ ਕਿਸੇ ਦੇ ਮਰਨ ’ਤੇ ਕਦੇ ਨਹੀਂ ਸੀ ਰੋਇਆ। ਪਰ ਉਸ ਦਿਨ ਆਪਣੇ-ਆਪ ਨੂੰ ਰੋਕ ਨਹੀਂ ਸੀ ਪਾ ਰਿਹਾ। ਮੈਨੂੰ ਇੰਝ ਮਹਿਸੂਸ ਹੋ ਰਿਹਾ ਸੀ ਜਿਵੇਂ ਮੇਰਾ ਅਤੇ ਮੇਰੀ ਕੌਮ ਦਾ ਸਭ ਕੁਝ ਹੀ ਤਬਾਹ ਹੋ ਗਿਆ ਹੋਵੇ।
ਮੈਂ ਗਲ ’ਚ ਹਜ਼ੂਰੀਆ ਪਾਇਆ ਤੇ ਅਲਮਾਰੀ ’ਚ ਪਈਆਂ ਗੁਰਬਾਣੀ ਦੀਆਂ ਪੋਥੀਆਂ ਦੇ ਸਨਮੁੱਖ ਹੋ ਕੇ ਗੁਰੂ ਪਾਤਸ਼ਾਹ ਦੇ ਚਰਨਾਂ ’ਚ ਰੋ-ਰੋ ਕੇ ਅਰਦਾਸਾਂ ਕਰਨ ਲੱਗਾਂ ਕਿ ਇਹ ਖ਼ਬਰ ਝੂਠ ਹੋਵੇ, ਇਹ ਐਕਸੀਡੈਂਟ ਝੂਠ ਹੋਵੇ, ਦੀਪ ਨੂੰ ਕੁਝ ਨਾ ਹੋਵੇ, ਉਸ ਦੇ ਕੁਝ ਸੱਟਾਂ-ਪਿੱਟਾਂ ਚਾਹੇ ਲੱਗੀਆਂ ਹੋਣ ਪਰ ਉਹ ਸਰੀਰਕ ਰੂਪ ’ਚ ਸਾਡੇ ਤੋਂ ਦੂਰ ਨਾ ਹੋਵੇ।
ਮੇਰੀ ਆਤਮਾ ਨੂੰ ਚੈਨ ਨਹੀਂ ਸੀ ਆ ਰਿਹਾ। ਮੈਂ ਟੀ.ਵੀ. ਲਾ ਕੇ ਵੇਖਿਆ ਓਥੇ ਵੀ ਜਦ ਦੀਪ ਸਿੱਧੂ ਦੇ ਦਿਹਾਂਤ ਦੀ ਖ਼ਬਰ ਚਲ ਰਹੀ ਸੀ ਤਾਂ ਮੈਂ ਚੁੱਪ ਅਤੇ ਸੁੰਨ ਜਿਹਾ ਹੋ ਗਿਆ। ਕੁਝ ਸਮੇਂ ਬਾਅਦ ਮੈਂ ਆਪਣੇ ਦੋਸਤ ਭਾਈ ਭੁਪਿੰਦਰ ਸਿੰਘ ਛੇ ਜੂਨ, ਖ਼ਾਲਸਾ ਫ਼ਤਹਿਨਾਮਾ ਦੇ ਮੁੱਖ ਸੰਪਾਦਕ ਸ. ਰਣਜੀਤ ਸਿੰਘ, ਗਗਨਦੀਪ ਸਿੰਘ ਸੁਲਤਾਨਵਿੰਡ, ਮਨਪ੍ਰੀਤ ਸਿੰਘ ਮੰਨਾ ਅਤੇ ਹਰਪ੍ਰੀਤ ਸਿੰਘ ਬੰਟੀ ਨੂੰ ਫੋਨ ਕਰ ਕੇ ਦੱਸਿਆ। ਉਹਨਾਂ ਨੇ ਵੀ ਜਦ ਸੁਣਿਆ ਤਾਂ ਉਹ ਵੀ ਹੱਕੇ-ਬੱਕੇ ਰਹਿ ਗਏ, ਕੋਈ ਇਸ ਗੱਲ ’ਤੇ ਯਕੀਨ ਹੀ ਨਹੀਂ ਸੀ ਕਰ ਰਿਹਾ। ਮੈਂ ਉਹਨਾਂ ਨੂੰ ਰੋਂਦਿਆਂ ਨੂੰ ਚੁੱਪ ਕਰਾ ਰਿਹਾ ਸੀ ਤੇ ਉਹ ਮੈਨੂੰ। ਸ਼ਾਇਦ ਮੇਰੇ ਵਾਂਗ ਉਹ ਵੀ ਪਹਿਲਾਂ ਵਾਰ ਰੋਏ ਸਨ।
ਫਿਰ ਮੈਂ ਆਪਣੇ-ਆਪ ਨੂੰ ਘਰ ਦੇ ਉੱਪਰਲੇ ਕਮਰੇ ’ਚ ਇਕੱਲਾ ਕਰ ਲਿਆ ਤੇ ਜੀਅ ਭਰ ਕੇ ਰੋਇਆ। ਏਨੇ ਚਿਰ ਨੂੰ ਭਾਈ ਭੁਪਿੰਦਰ ਸਿੰਘ ਛੇ ਜੂਨ ਦਾ ਫੋਨ ਆ ਗਿਆ ਤੇ ਕਹਿਣ ਲੱਗੇ ਕਿ “ਭਾਈ ਰਣਜੀਤ ਸਿੰਘ ਜੀ! ਆਪਾਂ ਹੁਣੇ ਈ ਦਿੱਲੀ ਚਲੀਏ… ਹੋ ਸਕਦਾ ਉਹ ਐਕਸੀਡੈਂਟ ’ਚ ਬੁਰੀ ਤਰ੍ਹਾਂ ਜਖ਼ਮੀ ਹੋਇਆ ਹੋਵੇ, ਉਸ ਦੇ ਸਾਹ ਚਲਦੇ ਹੋਣ, ਕਿਤੇ ਸਰਕਾਰ ਉਸ ਨੂੰ ਮਰਵਾ ਹੀ ਨਾ ਦੇਵੇ, ਆਪਾਂ ਹੁਣੇ ਚਲੀਏ ਤੇ ਉਸ ਨੂੰ ਬਚਾਈਏ।”
ਪਰ ਭਾਣਾ ਵਾਪਰ ਚੁੱਕਾ ਸੀ, ਭਾਵੇਂ ਕਿ ਯਕੀਨ ਕਰਨਾ ਬਹੁਤ ਔਖਾ ਸੀ। ਮੈਂ ਕਿਹਾ “ਭਾਈ ਸਾਬ੍ਹ! ਹੁਣ ਜੋ ਹੋਣਾ ਸੀ ਹੋ ਗਿਆ, ਸਰਕਾਰ ਨੇ ਐਕਸੀਡੈਂਟ ਦੇ ਬਹਾਨੇ ਦੀਪ ਸਿੱਧੂ ਨੂੰ ਕਤਲ ਕਰ ਦਿੱਤਾ ਹੈ, ਸ਼ਹੀਦ ਕਰ ਦਿੱਤਾ ਹੈ। ਉਹ ਸਰਕਾਰ ਨੂੰ ਚੁਭਦਾ ਸੀ, ਸਟੇਟ ਲਈ ਖਤਰਾ ਬਣ ਚੁੱਕਾ ਸੀ, ਸਰਕਾਰ ਨੇ ਉਸ ਨੂੰ ਮਾਰ ਕੇ ਆਪਣਾ ਰਾਹ ਸਾਫ਼ ਕਰ ਲਿਆ ਤੇ ਸਾਨੂੰ ਸਾਰਿਆਂ ਨੂੰ ਖਾਲੀ ਕਰ ਦਿੱਤਾ ਹੈ। ਸਰਕਾਰ ਅਤੇ ਗ਼ੱਦਾਰ ਏਹੀ ਕੁਝ ਕਰਦੇ ਨੇ ਇਹਨਾਂ ਜ਼ਾਲਮਾਂ ਨੇ ਇਸੇ ਤਰ੍ਹਾਂ ਸੰਤ ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਅਤੇ ਭਾਈ ਜੋਗਾ ਸਿੰਘ ਖ਼ਾਲਿਸਤਾਨੀ ਨੂੰ ਐਕਸੀਡੈਂਟ ਦੇ ਬਹਾਨੇ ਖ਼ਤਮ ਕੀਤਾ ਸੀ। ਸਰਕਾਰਾਂ ਨੇ ਮਾਰਨ ਦੇ ਢੰਗ ਤਰੀਕੇ ਬਦਲ ਲਏ ਹਨ। ਹੋ ਸਕਦਾ ਹੈ ਕਿ ਇਹ ਸਾਨੂੰ ਵੀ ਇਸੇ ਤਰ੍ਹਾਂ ਮਾਰਨ ਜਾਂ ਮਰਵਾਉਣ।”
ਭਾਈ ਭੁਪਿੰਦਰ ਸਿੰਘ ਬਹੁਤ ਜ਼ਿੱਦ ਕਰ ਰਿਹਾ ਸੀ ਕਿ ਹੁਣੇ ਈ ਦਿੱਲੀ ਚਲੀਏ ਤੇ ਦੀਪ ਸਿੱਧੂ ਨੂੰ ਜਾ ਕੇ ਵੇਖੀਏ। ਪਰ ਮੈਂ ਬਹੁਤ ਸਦਮੇ ਵਿੱਚ ਸੀ। ਦੀਪ ਸਿੱਧੂ ਦੀਆਂ ਯਾਦਾਂ, ਤਸਵੀਰਾਂ ਅਤੇ ਬੋਲ ਮੇਰੇ ਦਿਮਾਗ ’ਚ ਘੁੰਮ ਰਹੇ ਸਨ। ਉੱਪਰੋਂ ਦੁਨੀਆਂ ਭਰ ਦੀਆਂ ਸੰਗਤਾਂ ਇਹ ਪੁੱਛਣ ਲਈ ਮੈਨੂੰ ਫੋਨ ਕਰ ਰਹੀਆਂ ਸਨ ਕਿ ਦੀਪ ਸਿੱਧੂ ਦੇ ਐਕਸੀਡੈਂਟ ਅਤੇ ਅਕਾਲ ਚਲਾਣੇ ਦੀ ਖ਼ਬਰ ਸੱਚ ਹੈ ਜਾਂ ਝੂਠ।
ਅਨੇਕਾਂ ਸ਼ਹੀਦਾਂ ਦੇ ਪਰਿਵਾਰਾਂ ਨੇ ਵੀ ਮੈਨੂੰ ਫੋਨ ਕੀਤੇ ਤਾਂ ਸਭ ਨੇ ਬੜਾ ਡੂੰਘਾ ਦੁੱਖ ਮਨਾਇਆ। ਸ਼ਹੀਦ ਭਾਈ ਸੁਰਜੀਤ ਸਿੰਘ ਪੈਂਟਾਂ ਦੀ ਭੈਣ ਬੀਬੀ ਸਰਬਜੀਤ ਕੌਰ, ਸ਼ਹੀਦ ਭਾਈ ਪਰਮਜੀਤ ਸਿੰਘ ਤੁਗਲਵਾਲਾ ਦੀ ਸਿੰਘਣੀ ਬੀਬੀ ਕੁਲਵਿੰਦਰ ਕੌਰ, ਸ਼ਹੀਦ ਭਾਈ ਤਰਸੇਮ ਸਿੰਘ ਕੋਹਾੜ ਦੀ ਸਿੰਘਣੀ ਬੀਬੀ ਪਰਮਜੀਤ ਕੌਰ, ਸ਼ਹੀਦ ਭਾਈ ਨਰਿੰਦਰ ਸਿੰਘ ਦਾਨਗੜ੍ਹ ਦੇ ਮਾਤਾ ਜੀ ਦਾ ਵੀ ਫੋਨ ਆਇਆ ਤੇ ਉਹਨਾਂ ਤੋਂ ਵੀ ਇਹ ਵਿਛੋੜਾ ਸਹਿਣ ਨਹੀਂ ਸੀ ਹੋ ਰਿਹਾ। ਮੈਂ ਫੇਸਬੁੱਕ-ਯੂਟਿਊਬ ’ਤੇ ਲਗਾਤਾਰ ਦੀਪ ਸਿੱਧੂ ਦੀਆਂ ਖ਼ਬਰਾਂ ਵੇਖਦਾ ਰਿਹਾ, ਅਨੇਕਾਂ ਸਿੰਘ ਰਾਤੋ-ਰਾਤ ਹਸਪਤਾਲ ਪਹੁੰਚ ਚੁੱਕੇ ਸਨ। ਅੰਮ੍ਰਿਤ ਵੇਲ਼ੇ ਦੇ ਚਾਰ ਵਜੇ ਤਕ ਫੋਨ ਆਉਂਦੇ ਰਹੇ, ਇੱਕ ਸ਼ਹੀਦ ਦੀ ਮਾਂ ਦੇ ਬੋਲ ਸਨ ਕਿ ਮੈਂ ਆਪਣੇ ਪੁੱਤ ਦੀ ਸ਼ਹੀਦੀ ’ਤੇ ਨਹੀਂ ਸੀ ਰੋਈ ਪਰ ਅੱਜ ਮੇਰੇ ਅੱਥਰੂ ਨਹੀਂ ਰੁਕ ਰਹੇ। ਉਸ ਰਾਤ ਕੌਮ ਭੁੱਬਾਂ ਮਾਰ-ਮਾਰ ਕੇ ਰੋ ਰਹੀ ਸੀ ਕਿ ਅੱਜ ਇੱਕ ਕੋਹਿਨੂਰ ਹੀਰਾ ਸਾਥੋਂ ਦੂਰ ਹੋ ਗਿਆ।
– ਰਣਜੀਤ ਸਿੰਘ ਦਮਦਮੀ ਟਕਸਾਲ
ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ
ਮੋ : 88722-93883.
……………………………………………
Author: Gurbhej Singh Anandpuri
ਮੁੱਖ ਸੰਪਾਦਕ