“ਚੋਣਾਂ ‘ਚ ਸਿਰਫ਼ ਚਿਹਰੇ ਬਦਲਣਗੇ, ਸਿੱਖ ਪੰਥ ਦੀ ਹੋਣੀ ਨਹੀਂ : ਫ਼ੈਡਰੇਸ਼ਨ ਭਿੰਡਰਾਂਵਾਲਾ”
ਅੰਮ੍ਰਿਤਸਰ, 9 ਮਾਰਚ ( ਨਜ਼ਰਾਨਾ ਨਿਊਜ਼ ਨੈੱਟਵਰਕ ) ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਪੰਜਾਬ ਓਦੋਂ ਜਿੱਤੇਗਾ ਜਦੋਂ ਪੰਜਾਬ ਦੇ ਅਸਲ ਵਾਰਸ ਜਿੱਤਣਗੇ। ਉਹਨਾਂ ਕਿਹਾ ਕਿ ਭਾਰਤੀ ਨਿਜ਼ਾਮ ਤਹਿਤ ਵਿਧਾਨ ਸਭਾ ਚੋਣਾਂ ‘ਚ ਅੱਜ ਸਿਰਫ ਚਿਹਰੇ ਬਦਲਣਗੇ, ਸਿੱਖ ਪੰਥ ਦੀ ਹੋਣੀ ਨਹੀਂ। ਉਹਨਾਂ ਕਿਹਾ ਕਿ ਪਿਛਲੇ ਸੱਤਰ ਸਾਲਾਂ ‘ਚ ਵੋਟਾਂ ਪਾਉਣ ਤੇ ਸਰਕਾਰਾਂ ਬਦਲਣ ਨਾਲ ਜੇ ਕੋਈ ਫਰਕ ਪਿਆ ਹੈ ਤਾਂ ਦੱਸੋ ? ਜੇ ਵੋਟਾਂ ਕੋਈ ਬਦਲਾਅ ਲਿਆਉਣ ਜੋਗੀਆਂ ਹੁੰਦੀਆਂ ਤਾਂ ਹਾਕਮ ਸਾਨੂੰ ਵੋਟਾਂ ਪਾਉਣ ਦੀ ਸਹੂਲਤ ਹੀ ਨਾ ਦਿੰਦੇ। ਉਹਨਾਂ ਕਿਹਾ ਕਿ ਪੰਜਾਬ ਨੂੰ ਰੋਲ਼ਣਾ ਦਿੱਲੀ ਦਰਬਾਰ ਦਾ ਏਜੰਡਾ ਹੈ। ਪੰਜਾਬ ਨੂੰ ਆਰਥਿਕ ਪੱਖੋਂ ਘਸਿਆਰਾ ਬਣਾਉਣਾ, ਪੰਜਾਬ ਦੇ ਲੋਕਾਂ ਲਈ ਐਹੋ ਜਿਹੇ ਹਾਲਾਤ ਬਣਾਉਣੇ ਕਿ ਹਰੇਕ ਬੰਦਾ ਇੱਥੋਂ ਭੱਜ ਜਾਣ ਲਈ ਵਿਉਂਤਾ ਸੋਚੇ, ਪੰਜਾਬ ਨੂੰ ਦੂਜਿਆਂ ਸੂਬਿਆਂ ਦੇ ਮੁਕਾਬਲੇ ਪਛੜਾ ਕੇ ਰੱਖਣਾ ਕੇਂਦਰੀ ਏਜੰਡਾ ਹੈ। ਹਕੂਮਤ ਨਹੀਂ ਚਾਹੁੰਦੀ ਕਿ ਪੰਜਾਬ ਦੇ ਲੋਕ ਖੁਸ਼ਹਾਲ ਹੋਣ। ਜੇ ਪੰਜਾਬ ਦੇ ਭਲੇ ਲਈ ਯੋਜਨਾਵਾਂ ਬਣੀਆਂ ਤਾਂ ਇੱਥੇ ਵੱਸਦੇ ਸਿੱਖ ਰੱਜਵੀਂ ਰੋਟੀ ਖਾਣਗੇ ਤੇ ਆਪਣੇ ਹੱਕਾਂ ਲਈ ਲੜਨਗੇ। ਉਹਨਾਂ ਕਿਹਾ ਕਿ ਅਸਲ ਵਿੱਚ ਇਹ ਚੋਣ ਡਰਾਮਾ ਕਿਸੇ ਜੇਲ੍ਹ ਦਾ ਜੇਲ੍ਹਰ ਬਦਲਣ ਵਾਲੀ ਗੱਲ ਹੈ ਕਿ ਕੈਦੀ ਵੋਟ ਪਾ ਕੇ ਦੱਸਣ ਕਿ ਕਿਹੜਾ ਜੇਲ੍ਹਰ ਮਨਜੂਰ ਹੈ। ਪੰਜ ਸਾਲ ਉਹ ਸਿਆਸੀ ਆਗੂ ਪੰਜਾਬ ਦੇ ਲੋਕਾਂ ਉੱਤੇ ਰਾਜ ਕਰਦਾ ਹਨ, ਜਬਰ ਕਰਦੇ ਹਨ ਜੀਹਨਾਂ ਨੇ ਹੱਥ ਜੋੜ ਕੇ ਵੋਟਾਂ ਲਈਆਂ ਹੁੰਦੀਆਂ ਹਨ। ਓਹੀ ਸਿਆਸੀ ਆਗੂ ਵੋਟਾਂ ਮੌਕੇ ਦਰਾਂ ਵਿੱਚ ਆ ਖੜ੍ਹਦੇ ਨੇ, ਜਿਹੜੇ ਵੋਟਾਂ ਮਗਰੋਂ ਗੱਲ ਸੁਣਨ ਨੂੰ ਰਾਜੀ ਨਹੀਂ ਹੁੰਦੇ। ਜੇ ਕੋਈ ਕੰਮ ਪੈ ਜਾਵੇ ਤਾਂ ਇਹ ਸਿਆਸੀ ਆਗੂ ਕੋਈ ਸੁਣਵਾਈ ਨਹੀਂ ਕਰਦੇ। ਉਹਨਾਂ ਕਿਹਾ ਕਿ ਅੱਜ ਚੋਣਾਂ ਵਿੱਚ ਜਿਹੜੀ ਮਰਜ਼ੀ ਪਾਰਟੀ ਦੀ ਸਰਕਾਰ ਹੋਵੇ, ਕੋਈ ਇਨਕਲਾਬ ਨਹੀਂ ਆ ਜਾਣਾ। ਬਾਦਲ, ਕੈਪਟਨ, ਚੰਨੀ, ਭਾਜਪਾ, ਕੇਜਰੀਵਾਲ ਇਹ ਸਾਰੇ ਦਿੱਲੀ ਦੇ ਪਿਆਦੇ ਹਨ, ਇਹਨਾਂ ਵਿੱਚੋਂ ਕੋਈ ਜਿੱਤੇ ਜਾਂ ਹਾਰੇ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਇਹ ਸਾਰੇ ਹੀ ਪੰਜਾਬ ਨੂੰ ਲੁੱਟਣ ਵਾਲੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ ਦਲ) ਹੀ ਇੱਕੋ-ਇਕ ਪੰਥ ਅਤੇ ਪੰਜਾਬ ਹਿਤੈਸ਼ੀ ਪਾਰਟੀ ਹੈ। ਉਹਨਾਂ ਸਮੁੱਚੇ ਖ਼ਾਲਸਾ ਪੰਥ ਅਤੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਖ਼ਾਲਿਸਤਾਨ ਦੀ ਅਜ਼ਾਦੀ ਲਈ ਸੰਘਰਸ਼ਸ਼ੀਲ ਹੋਣ, ਕਿਉਂਕਿ ਸਿੱਖਾਂ ਦਾ ਆਪਣਾ ਕੌਮੀ ਘਰ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ।