26 ਅਪ੍ਰੈਲ 2022 ਨੂੰ ਪੰਜਾਬ ਦੇ ਮੁੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਨਵੀਂ ਦਿੱਲੀ ਵਿੱਚ ਇੱਕ ‘ਨਾਲੇਜ ਸ਼ੇਅਰਿੰਗ ਸਮਝੌਤੇ ’ਤੇ ਦਸਤਖਤ ਕੀਤੇ ਗਏ ਹਨ। ਇਸ ਸਮਝੌਤੇ ਬਾਰੇ ਪੰਜਾਬ ਦੇ ਮੁੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਤਾਂ ਇਸ ਨੂੰ ਇੱਕ “ਇਤਿਹਾਸਕ ਸਮਝੌਤਾ” ਕਰਾਰ ਦਿੱਤਾ ਹੈ। ਖ਼ਬਰਾਂ ਅਨੁਸਾਰ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਅਨੁਸਾਰ ਇਸ ਸਮਝੌਤੇ ਰਾਹੀਂ ਪੰਜਾਬ ਅਤੇ ਦਿੱਲੀ ਦੀਆਂ ਸਰਕਾਰਾਂ ਸਿੱਖਿਆ ਅਤੇ ਸਿਹਤ ਦੇ ਮੁੱਦਿਆਂ ਤੇ ਮਿਲ ਕੇ ਕੰਮ ਕਰਨਗੀਆਂ । ਪਰ ਇਸ ਸਮਝੌਤੇ ਤੋਂ ਬਾਅਦ ਵਿਰੋਧੀ ਪਾਰਟੀਆਂ, ਜਿੰਨਾ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸ੍ਰ ਪ੍ਰਤਾਪ ਸਿੰਘ ਬਾਜਵਾ, ਪੰਜਾਬ ਕਾਂਗਰਸ ਦੇ ਪ੍ਰਧਾਨ ਸ਼੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ, ਅਕਾਲੀ ਦਲ 1920 ਦੇ ਪ੍ਰਧਾਨ ਸ਼੍ਰੀ ਰਵੀਇੰਦਰ ਸਿੰਘ ਸਾਬਕਾ ਸਪੀਕਰ ਅਤੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ਼੍ਰੀ ਸੁਖਬੀਰ ਸਿੰਘ ਬਾਦਲ ਸ਼ਾਮਲ ਹਨ, ਨੇ 26 ਅਪ੍ਰੈਲ 2022 ਨੂੰ ਪੰਜਾਬ ਦੇ ਮੁੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਰਮਿਆਨ ਨਵੀਂ ਦਿੱਲੀ ਵਿੱਚ ਹੋਏ ਇੱਕ “ਨਾਲੇਜ ਸ਼ੇਅਰਿੰਗ ਸਮਝੌਤੇ” ਬਾਰੇ ਸਖ਼ਤ ਇਤਰਾਜ਼ ਕੀਤਾ ਹੈ।
ਇਹਨਾਂ ਇਤਰਾਜ਼ਾਂ ਦਾ ਜਵਾਬ ਦੇਣ ਲਈ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਦੱਸਿਆ ਹੈ ਕਿ ਇਹ “ਸਮਝੌਤਾ” ਸਿਰਫ਼ ਇਕ ਸਫ਼ੇ ਦੀ ਦਸਤਾਵੇਜ਼ ਹੈ ਅਤੇ ਜੋ ਕਾਪੀ ਸੋਸ਼ਲ ਮੀਡੀਆ ਵਿਚ ਘੁੰਮ ਰਹੀ ਹੈ, ਉਹ ਫਰਜ਼ੀ ਹੈ। ਬੁਲਾਰੇ ਨੇ ਦਿੱਲੀ ਤੇ ਪੰਜਾਬ ਸਰਕਾਰ ਵਿਚਾਲੇ ਹੋਏ “ਨਾਲੇਜ ਸ਼ੇਅਰਿੰਗ ਐਗਰੀਮੈਂਟ” ਦੀ ਕਾਪੀ ਅਧਿਕਾਰਤ ਤੌਰ ’ਤੇ ਵੀ ਜਾਰੀ ਕਰ ਦਿੱਤੀ ਹੈ। ਉਸ ਨੇ ਇਹ ਵੀ ਦੱਸਿਆ ਹੈ ਕਿ ਇਸ ਸਮਝੌਤੇ ਦੀ ਬਦੌਲਤ ਦੋਵੇਂ ਸਰਕਾਰਾਂ ਆਪਣੇ ਅਧਿਕਾਰੀ, ਮੰਤਰੀ ਤੇ ਹੋਰ ਅਮਲਾ ਇਕ ਦੂਜੇ ਕੋਲ ਭੇਜ ਸਕਦੇ ਹਨ, ਤਾਂ ਜੋ ਉਹ ਜਾਣਕਾਰੀ, ਤਜ਼ਰਬਾ ਅਤੇ ਮੁਹਾਰਤ ਹਾਸਲ ਕਰ ਸਕਣ, ਜੋ ਲੋਕਾਂ ਦੀ ਭਲਾਈ ਵਾਸਤੇ ਲੋੜੀਂਦੀ ਹੈ। ਮੈਂ ਦਿੱਲੀ ਤੇ ਪੰਜਾਬ ਸਰਕਾਰ ਵਿਚਾਲੇ ਹੋਏ “ਨਾਲੇਜ ਸ਼ੇਅਰਿੰਗ ਐਗਰੀਮੈਂਟ” ਦੀ ਅਧਿਕਾਰਤ ਤੌਰ ’ਤੇ ਜਾਰੀ ਕਾਪੀ ਨੂੰ ਬਹੁਤ ਧਿਆਨ ਨਾਲ ਵੇਖਿਆ ਹੈ। ਮੈਨੂੰ ਇਸ ਅਧਿਕਾਰਤ ਤੌਰ ’ਤੇ ਜਾਰੀ ਕਾਪੀ ਨੂੰ ਵੇਖ ਕੇ ਪੰਜਾਬ ਦੇ ਮੁੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਇਸ ਸਮਝੌਤੇ ਨੂੰ ਇੱਕ “ਇਤਿਹਾਸਕ ਸਮਝੌਤਾ” ਕਰਾਰ ਦੇਣ ਵਾਲੀ ਕੋਈ ਗੱਲ ਨਹੀਂ ਲੱਗਦੀ। ਹਾਂ, ਪੰਜਾਬ ਦੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ, ਜਿਹਨਾਂ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸ੍ਰ ਪ੍ਰਤਾਪ ਸਿੰਘ ਬਾਜਵਾ, ਪੰਜਾਬ ਕਾਂਗਰਸ ਦੇ ਪ੍ਰਧਾਨ ਸ਼੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ, ਅਕਾਲੀ ਦਲ 1920 ਦੇ ਪ੍ਰਧਾਨ ਸ਼੍ਰੀ ਰਵੀਇੰਦਰ ਸਿੰਘ ਸਾਬਕਾ ਸਪੀਕਰ ਅਤੇ ਸਾਬਕਾ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ਼੍ਰੀ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਸਮਝੌਤੇ ਦੀ ਆਲੋਚਨਾ ਕਰਨ ਨਾਲ, ਆਮ ਆਦਮੀ ਪਾਰਟੀ ਵਾਸਤੇ ਪੰਜਾਬ ਦੇ ਲੋਕਾਂ ਅੰਦਰ ਇਸ ਸਮਝੌਤੇ ਨੂੰ ਸਹੀ ਠਹਿਰਾਉਣ ਲਈ ਕਾਫ਼ੀ ਬੇਲੋੜੀਆਂ ਦਲੀਲਾਂ ਮਿਲ ਜਾਣੀਆਂ ਹਨ। ਅਜਿਹਾ ਇਸ ਕਰਕੇ ਹੋਵੇਗਾ, ਕਿਉਂਕਿ ਇਹਨਾਂ ਸਾਰੀਆਂ ਪਾਰਟੀਆਂ ਦੇ ਸ਼ਾਸਨ ਕਾਲ ਦੀਆਂ ਘਾਟਾਂ ਕਾਰਨ ਹੀ ਤਾਂ, ਪੰਜਾਬ ਦੇ ਵੋਟਰਾਂ ਨੇ 2022 ਵਿੱਚ “ਮਰਦੀ ਨੇ ਅੱਕ ਚੱਬਿਆ” ਕਹਾਵਤ ਅਨੁਸਾਰ, ਆਮ ਆਦਮੀ ਪਾਰਟੀ ਨੂੰ 92 ਸੀਟਾਂ ਜਿਤਾਈਆਂ ਸਨ। ਹੋਰ ਸਿਵਾਏ ਦਿੱਲੀ ਸਰਕਾਰ ਦੀਆਂ ਤਰੀਫਾਂ ਕਰਨ ਤੋਂ ਬਿਨਾਂ, ਆਮ ਆਦਮੀ ਪਾਰਟੀ ਦੀ ਪੰਜਾਬ ਅੰਦਰ ਕਿਹੜੀ ਨਿੱਗਰ ਕਾਰਗੁਜ਼ਾਰੀ ਹੈ? ਮੈਂ ਇਹ ਇਸ ਕਰਕੇ ਲਿਖ ਰਿਹਾ ਹਾਂ ਕਿ ਮੈਂ ਇਹਨਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਹੀ ਆਸਟ੍ਰੇਲੀਆ ਆਇਆ ਸਾਂ। ਮੈਂ ਪਹਿਲਾਂ ਵੀ ਲਿਖਿਆ ਸੀ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਉੱਪਰ 2014 ਤੋਂ ਵੱਖ ਵੱਖ ਸਮਿਆਂ ‘ਤੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਵੱਲੋਂ ਦੋਸ਼ ਲੱਗਦੇ ਰਹੇ ਹਨ ਕਿ ਕੇਜਰੀਵਾਲ ਜੀ ਹਮੇਸ਼ਾਂ ਆਪਣੇ/ਆਪਣੀ ਪਾਰਟੀ ਦੇ ਹਿੱਤਾਂ ਲਈ “ਪੰਜਾਬ” ਦੇ ਹਿੱਤਾਂ ਦੀ ਹਮੇਸ਼ਾਂ ਕੁਰਬਾਨੀ ਕੀਤੀ ਹੈ ਅਤੇ ਜਿਹੜੇ ਵੀ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ, ਸ੍ਰੀ ਕੇਜਰੀਵਾਲ ਉੱਪਰ ਕਦੇ ਵੀ ਦੋਸ਼ ਲਗਾਏ ਜਾਂ ਲਗਾਉਂਦੇ ਰਹੇ ਹਨ, ਉਹਨਾਂ ਸਾਰਿਆਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾਇਆ ਜਾਂਦਾ ਰਿਹਾ ਹੈ। ਮੈਂ ਇੱਥੇ ਇਹ ਮੁੜ ਯਾਦ ਕਰਾਉਣਾ ਚਾਹੁੰਦਾ ਹਾਂ ਕਿ ਪੰਜਾਬ ਅੰਦਰ “ਆਮ ਆਦਮੀ ਪਾਰਟੀ” ਨੂੰ ਮਿਲੀਆਂ 92 ਸੀਟਾਂ, ਕੋਈ ਪੰਜਾਬ ਅੰਦਰ “ਆਮ ਆਦਮੀ ਪਾਰਟੀ” ਦੀ ਮਿਹਨਤ ਦਾ ਸਿੱਟਾ ਨਹੀਂ, ਬਲਕਿ “ਇਹ ਪੰਜਾਬੀਆਂ ਵੱਲੋਂ ਅਕਾਲੀ, ਭਾਜਪਾ ਅਤੇ ਕਾਂਗਰਸ ਪਾਰਟੀ ਨੂੰ ਕਰਾਰਾ ਸਬਕ ਸਿਖਾਉਣ ਦਾ ਇਕ ਯਤਨ ਦਾ ਨਤੀਜਾ ਹੈ।” ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀਆਂ 5 ਰਾਜ ਸਭਾ ਸੀਟਾਂ ਲਈ ਆਮ ਆਦਮੀ ਪਾਰਟੀ ਦੇ ਸਾਰੇ ਨਾਵਾਂ ਦੇ ਐਲਾਨ ਨੇ ਇਕ ਵਾਰ ਫਿਰ ਆਪਣੇ/ਆਪਣੀ ਪਾਰਟੀ ਦੇ ਹਿੱਤਾਂ ਲਈ “ਪੰਜਾਬ” ਦੇ ਹਿੱਤਾਂ ਦੀ ਕੁਰਬਾਨੀ ਹੀ ਕਹਿ ਸਕਦਾ ਹਾਂ।
ਹੁਣ, ਇਸ 26 ਅਪ੍ਰੈਲ 2022 ਵਾਲੇ ਸਮਝੌਤੇ ਨੂੰ ਵੀ, ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਅੰਦਰ ਪੰਜਾਬ ਦੀ ਨੁਮਾਇੰਦਗੀ ਕਰਨ ਲਈ “5 ਮੈਂਬਰਾਂ” ਦੇ ਸੰਦਰਭ ਵਿੱਚ ਵੇਖਿਆ ਜਾਣਾ ਚਾਹੀਦਾ ਹੈ। ਹੁਣ ਇਸ ਤੋਂ ਪਹਿਲਾਂ ਕਿ “ਇਸ ਇਕ ਸਫ਼ੇ ਦੀ ਦਸਤਾਵੇਜ਼” ਬਾਰੇ ਵਿਸਥਾਰ ਨਾਲ ਗੱਲ ਕਰੀਏ, ਆਉ! ਸਭ ਤੋਂ ਪਹਿਲਾਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੇ ਬੁਲਾਰੇ ਵੱਲੋਂ ਇਸ “ਨਾਲੇਜ ਸ਼ੇਅਰਿੰਗ ਐਗਰੀਮੈਂਟ” ਦੀ ਅਧਿਕਾਰਤ ਤੌਰ ’ਤੇ ਜਾਰੀ ਕਾਪੀ ਦੀ ਹੀ ਗੱਲ ਕਰੀਏ, ਤਾਂ “ਇਹ ਇਕ ਸਫ਼ੇ ਦੀ ਦਸਤਾਵੇਜ਼” ਵੀ ਅੰਗਰੇਜ਼ੀ ਭਾਸ਼ਾ ਵਿੱਚ ਜਾਰੀ ਕੀਤੀ ਗਈ ਹੈ, ਜੋ ਪੰਜਾਬ ਰਾਜ ਭਾਸ਼ਾ ਐਕਟ ਦੀ ਉਲੰਘਣਾ ਹੈ। ਪੰਜਾਬ ਦੇ ਮਾਣਯੋਗ ਮੁੱਖ ਮੰਤਰੀ, ਸ੍ਰ ਭਗਵੰਤ ਸਿੰਘ ਮਾਨ ਇਕ ਬੜੇ ਵਧੀਆ ਬੁਲਾਰੇ ਹਨ ਅਤੇ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਤੋਂ ਬਹੁਤ ਵੱਡੀਆਂ ਆਸਾਂ ਹਨ। ਵੈਸੇ ਸ੍ਰ ਭਗਵੰਤ ਸਿੰਘ ਮਾਨ ਜੀ ਨੇ ਇਸ ਸਮਝੌਤੇ ਬਾਰੇ “ਵਿਰੋਧੀ ਨੇਤਾਵਾਂ ਨੂੰ ਸਬਰ ਰੱਖਣ ਲਈ ਕਿਹਾ ਹੈ, ਕਿਉਂ ਜੋ ਤੁਹਾਡੇ 44 ਵਰ੍ਹਿਆਂ ਦੇ ਸ਼ਾਸਨਕਾਲ ਦੇ ਮੁਕਾਬਲੇ ‘ਆਪ’ ਸਰਕਾਰ ਨੇ ਅਜੇ 44 ਦਿਨ ਵੀ ਪੂਰੇ ਨਹੀਂ ਕੀਤੇ।” ਮਾਨ ਸਾਹਿਬ! “44 ਦਿਨ” ਵੀ ਘੱਟ ਨਹੀਂ ਹੁੰਦੇ, ਕਿਉਂਕਿ ਇਹਨਾਂ 44 ਦਿਨਾਂ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ ਦੇ 92 ਐਮ ਐਲ ਏਜ ਵੱਲੋਂ ਰਾਜ ਸਭਾ ਅੰਦਰ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੇ 5 ਰਾਜ ਸਭਾ ਮੈਂਬਰਾਂ ਦੀ ਚੋਣ ਕਰਨ ਵਾਲਾ ਦਿਨ ਵੀ ਸ਼ਾਮਲ ਹੈ। ਮੈਨੂੰ ਇਸ ਗੱਲ ਦਾ ਬਹੁਤ ਵੱਡਾ ਡਰ ਹੈ ਕਿ ਕਿਧਰੇ ਪੰਜਾਬ ਦੇ ਲੋਕ ਇਹ ਨਾ ਕਹਿਣਾ ਸ਼ੁਰੂ ਕਰ ਦੇਣ “ਮਾਂ ਵੀ ਅੰਨ੍ਹੀ, ਧੀ ਵੀ ਅੰਨ੍ਹੀ, ਪੁੱਤ ਵੀ ਅੰਨ੍ਹਾ, ਅੰਨ੍ਹਾ ਏ ਜਵਾਈ। ਰੱਬ ਨੇ ਸਾਨੂੰ ਭਾਗ ਲਾਇਆ, ਅੱਗੋਂ ਨੂੰਹ ਵੀ ਅੰਨ੍ਹੀ ਆਈ।”
ਮੈਂ ਫਿਰ ਇਹ ਦੁਹਰਾਉਣਾ ਚਾਹੁੰਦਾ ਹਾਂ ਕਿ “ਇਹ ਇਕ ਸਫ਼ੇ ਦੀ ਦਸਤਾਵੇਜ਼” ਕੋਈ ਇਤਿਹਾਸਕ ਦਸਤਾਵੇਜ਼ ਨਹੀਂ, ਸਗੋਂ ਇਸ ਸਮਝੌਤੇ ਨਾਲ ਪੰਜਾਬ ਰਾਜ ਦੇ ਰੁਤਬੇ ਨੂੰ “ਨੈਸ਼ਨਲ ਕੈਪੀਟਲ ਟੈਰੀਟਰੀ” ਦੇ ਬਰਾਬਰ ਲਿਆਉਣ ਨਾਲ, ਪੰਜਾਬ ਦਾ ਰੁਤਬਾ ਘਟਿਆ ਮਹਿਸੂਸ ਹੋਇਆ ਹੈ। ਕਿਧਰੇ “ਮੁੱਖ ਮੰਤਰੀ ਦਾ ਕੁਰਸੀ ਮੋਹ” ਤੁਹਾਡੀ ਕੰਮਜ਼ੋਰੀ ਤਾਂ ਨਹੀਂ ਬਣ ਗਿਆ? ਇਹ “ਨਾਲੇਜ ਸ਼ੇਅਰਿੰਗ ਸਮਝੌਤਾ” ਕੀ ਹੈ? ਅਤੇ ਇਹ ਕਿਵੇਂ ਇਸ ਸਮਝੌਤੇ ਨਾਲ ਪੰਜਾਬ ਰਾਜ ਦੇ ਰੁਤਬੇ ਨੂੰ “ਨੈਸ਼ਨਲ ਕੈਪੀਟਲ ਟੈਰੀਟਰੀ” ਦੇ ਬਰਾਬਰ ਲਿਆਉਣ ਨਾਲ, ਪੰਜਾਬ ਦਾ ਰੁਤਬਾ ਕਿਵੇਂ ਘਟਿਆ ਮਹਿਸੂਸ ਹੋਇਆ ਹੈ, ਇਸ ਦਾ ਜ਼ਿਕਰ ਮੈਂ ਅਗਲੇ ਭਾਗ-2 ਵਿੱਚ ਕਰਾਂਗਾ।
ਵੱਲੋਂ:
ਪ੍ਰੋ ਸੁਖਵੰਤ ਸਿੰਘ ਗਿੱਲ
ਸੰਪਰਕ 94172-34744
ਮਿਤੀ 27-4-2022
Author: Gurbhej Singh Anandpuri
ਮੁੱਖ ਸੰਪਾਦਕ