“ਸ਼ਹੀਦਾਂ ਦੀ ਕੰਧ”

47

ਫਰਿਜਨੋ ਪਾਰਕ ਦੀ ਕੰਧ ਤੇ ਲੱਗੀਆਂ ਤਸਵੀਰਾਂ ਹੇਠ ਮੋਟੇ ਅੱਖਰਾਂ ਵਿਚ ਲਿਖੀ ਹੋਈ ਇੱਕ “ਤਿੰਨ ਸਬਦੀ ਦਾਸਤਾਨ”

ਭਾਈ ਖਾਲੜਾ ਜੀ ਤੋਂ ਇਲਾਵਾ ਕਿਸੇ ਹੋਰ ਦੇ ਕੋਈ ਪਛਾਣ ਨਹੀਂ..ਪਰ ਏਨਾ ਪਤਾ ਕੇ ਵੱਖੋ ਵੱਖ ਧਰਮਾਂ ਨਸਲਾਂ ਜਾਤਾਂ ਨਾਲ ਸਬੰਧਿਤ ਇਹ ਸਾਰੇ ਦੇਵ ਪੁਰਸ਼ ਤੁਰੇ ਜਰੂਰ ਇੱਕੋ ਜਿਹੇ ਰਾਹਾਂ ਤੇ ਹੀ ਹੋਣਗੇ!
ਡਰਾਵੇ..ਧਮਕੀਆਂ..ਲਾਲਚ..ਅਤੇ ਹੋਰ ਵੀ ਕਿੰਨਾ ਕੁਝ..ਖੁਦ ਦਾ ਅਖੀਰੀ ਅੰਜਾਮ ਵੀ ਜਾਣਦੇ ਹੋਣੇ ਤਾਂ ਵੀ ਖ਼ੌਫ਼ ਨੂੰ ਨੇੜੇ ਤੱਕ ਵੀ ਨਹੀਂ ਲੱਗਣ ਦਿੱਤਾ..!

ਕੰਧ ਦਾ ਸ਼ਿੰਗਾਰ ਬਣੇ ਇਹ ਸਾਰੇ ਸ਼ਾਇਦ ਅੱਧੀ ਰਾਤ ਨੂੰ ਇੱਕ ਦੂਜੇ ਨਾਲ ਗੱਲਾਂ ਵੀ ਕਰਦੇ ਹੋਣਗੇ..ਜਾਬਰਾਂ ਦੀ ਫੌਜ ਬਾਬਤ..!

ਪੰਜ ਸਤੰਬਰ ਪਚਨਵੇਂ ਵਾਲੇ ਜਿਸ ਦਿਨ ਭਾਈ ਸਾਬ ਨੂੰ ਅੰਮ੍ਰਿਤਸਰੋਂ ਚੁੱਕਿਆ ਦਾਸ ਓਸੇ ਸ਼ਹਿਰ ਇੱਕ ਹੋਟਲ ਵਿਚ ਨੌਕਰੀ ਤੇ ਸੀ..ਉਸ ਸ਼ਾਮ ਕਿੰਨੇ ਸਾਰੇ ਅਫਸਰ ਦੇਰ ਰਾਤ ਤੱਕ ਓਸੇ ਹੋਟਲ ਵਿਚ ਸ਼ਰਾਬ ਪੀਂਦੇ ਰਹੇ ਸਨ..ਇੰਝ ਲੱਗ ਰਿਹਾ ਸੀ ਜਿੱਦਾਂ ਕੋਈ ਜਸ਼ਨ ਮੰਨ ਰਿਹਾ ਹੋਵੇ..!

ਹਰ ਪੈਗ ਨਾਲ ਸੋਚ ਰਹੇ ਸਨ “ਦੀਵਾ” ਤਾਂ ਕਾਬੂ ਕਰ ਲਿਆ ਹੁਣ ਸਿਰਫ ਫੂਕ ਮਾਰਨੀ ਹੀ ਬਾਕੀ ਏ..!
ਜਾਣਕਾਰ ਦੱਸਦੇ ਖਾਲੜਾ ਸਾਬ ਇੱਕ ਦਿਨ ਘਰੋਂ ਤੁਰੇ ਜਾਂਦੇ ਵਾਪਿਸ ਪਰਤ ਆਏ..ਫੇਰ ਨਾਲਦੀ ਨੂੰ ਪੁੱਛਣ ਲੱਗੇ..”ਕੱਲੀ ਬੱਚੇ ਪਾਲ ਲਵੇਂਗੀ..”

ਅੱਗਿਓਂ ਆਖਿਆ ਤੁਸੀਂ ਹੈ ਤੇ ਓ..ਫੇਰ ਮੈਨੂੰ ਕਾਹਦਾ ਫਿਕਰ..ਨਾਲੇ ਅਗੇ ਵੀ ਤੇ ਅਕਾਲਪੁਰਖ ਆਸਰੇ ਹੀ ਪਲਦੇ ਪਏ ਨੇ..!
ਏਨੀ ਗੱਲ ਸੁਣ ਬੇਫਿਕਰ ਹੋ ਗਏ..ਫੇਰ ਮਾਨਾਂਵਾਲੇ ਵਾਲੇ ਫਾਰਮ ਤੇ ਉਹ ਕੱਲੇ ਤੇ ਬਾਕੀ ਕਿੰਨੇ ਸਾਰੇ..ਜਦੋਂ ਕਲਬੂਤ ਅੰਦਰ ਕੁਝ ਵੀ ਬਾਕੀ ਨਾ ਰਹਿ ਗਿਆ ਤਾਂ ਜਿਪਸੀ ਹਰੀਕੇ ਵਾਲੇ ਰਾਹ ਤੇ ਪੈ ਗਈ..ਅੱਧਮੋਏ ਹੋ ਗਏ ਨੂੰ ਆਖਣ ਲੱਗੇ ਜੇ ਗੱਲ ਮੰਨ ਲਈ ਹੁੰਦੀ ਤਾਂ ਆਪ ਵੀ ਸੌਖਾ ਰਹਿੰਦਾ ਤੇ ਅਸੀਂ ਵੀ ਆਹ ਕੁਝ ਕਰਨ ਲਈ ਮਜਬੂਰ ਨਾ ਹੁੰਦੇ..!

ਅੱਗੋਂ ਬਚੇ ਖੁਚੇ ਸਾਹ ਸੱਤ ਇਕੱਠੇ ਕੀਤੇ ਤੇ ਆਖਿਆ “ਜੋ ਕੁਝ ਹੋ ਰਿਹਾ ਸਭ ਉਸ ਵਾਹਿਗੁਰੂ ਦੇ ਭਾਣੇ ਵਿਚ ਹੋ ਰਿਹਾ..”
ਕਿੰਨੀ ਵੱਡੀ ਸੱਚਾਈ ਏ ਇਸ ਗੁਰੂ ਦੇ ਭਾਣੇ ਵਾਲੀ..ਜਿਸ ਨੂੰ ਮੰਨਣਾ ਆ ਜਾਵੇ ਉਸਨੂੰ ਅੱਗਿਓਂ ਆਉਂਦੀ ਗੋਲੀ ਦੀ ਵਾਛੜ ਵੀ ਫੁੱਲਾਂ ਦੀ ਵਰਖਾ ਹੀ ਲੱਗਦੀ ਏ..!

ਛੇ ਜੂਨ ਨੂੰ ਸੁਵਰੇ ਜਦੋਂ ਸ਼ਸ਼ਤਰਾਂ ਵਾਲੀ ਪਾਲਕੀ ਉਡਾ ਦਿੱਤੀ ਗਈ ਤਾਂ ਉਹ ਇੱਕ ਦਮ ਉੱਠ ਪਿਆ..ਅਰਦਾਸ ਕੀਤੀ ਅਤੇ ਫੇਰ ਸਭ ਤੋਂ ਅੱਗੇ ਲੱਗ ਬਾਹਰ ਨਿੱਕਲ ਸਿੱਧਾ ਓਧਰ ਨੂੰ ਹੋ ਤੁਰਿਆ ਜਿਧਰੋਂ ਮੋਟੀ ਨਾਲੀ ਵਾਲੇ ਲੋਹੇ ਦੇ ਕਿੰਨੇ ਸਾਰੇ ਪਹਾੜ ਅੱਗ ਉੱਗਲ ਰਹੇ ਸਨ..!
ਸਕਿੰਟਾਂ ਵਿਚ ਹੀ ਖੇਡ ਵਰਤ ਗਈ ਤੇ ਸਭ ਕੁਝ ਸ਼ਾਂਤ ਹੋ ਗਿਆ..ਉਸ ਵਰਤ ਗਈ ਖੇਡ ਨੇ ਫੇਰ ਜੋ ਇਤਿਹਾਸ ਰਚਿਆ ਅੱਜ ਬੱਚੇ ਬੱਚੇ ਦੀ ਜੁਬਾਨ ਤੇ ਹੈ..!

ਦਸ ਜੂਨ ਨੂੰ ਗੰਗਾਨਗਰ ਤੋਂ ਭਗੌੜੇ ਹੋਏ ਅਮ੍ਰਿਤਸਰ ਵੱਲ ਨੂੰ ਆਉਂਦੇ ਜਦੋਂ ਅਬੋਹਰ ਅੱਪੜੇ ਤਾਂ ਰੋਕਾਂ ਲਾ ਕੇ ਡੱਕ ਲਿਆ..ਫੇਰ ਬਿਨਾ ਕਿਸੇ ਭੜਕਾਹਟ ਦੇ ਗੋਲੀਆਂ ਦਾ ਮੀਂਹ ਵਰਾ ਦਿੱਤਾ..ਦੋ ਸਕੇ ਭਰਾ ਸਨ ਇੱਕ ਦਾ ਜਬਾੜਾ ਉੱਡ ਗਿਆ..ਉਹ ਰੁੱਖ ਦੀ ਓਟ ਲੈ ਬੈਠ ਗਿਆ..!
ਅੱਜ ਵੀ ਜਿਉਂਦਾ ਏ..ਦੱਸਦਾ ਏ ਕੇ ਅਚਾਨਕ ਹੀ ਇੰਝ ਲੱਗਾ ਦਸਮ ਪਿਤਾ ਘੋੜੇ ਤੇ ਚੜੇ ਕੋਲ ਆਏ ਤੇ ਆਖਣ ਲੱਗੇ ਸਿੰਘਾਂ ਘਬਰਾਵੀਂ ਨਾ..ਇੰਝ ਹੁੰਦਾ ਹੀ ਆਇਆ..ਫੇਰ ਇੱਕਦਮ ਹੀ ਪੀੜ ਹਟ ਗਈ ਤੇ ਜ਼ਿਹਨ ਤੇ ਇੱਕ ਜ਼ਰੂਰ ਜਿਹਾ ਚੜ ਗਿਆ..ਏਨੀ ਗੱਲ ਸੁਣਨ ਵਾਲੇ ਹੱਸੇ..ਭਲਾ ਗੋਲੀ ਦਾ ਵੀ ਕੋਈ ਸਰੂਰ ਹੁੰਦਾ..ਇਹ ਤਾਂ ਪਹਿਲੀ ਵੇਰ ਸੁਣਿਆ..!
ਅੱਗੋਂ ਆਖਿਆ ਜਦੋਂ ਉਸ ਦੀ ਮੇਹਰ ਹੋ ਜਾਵੇ ਤਾਂ ਇੱਕ ਨਹੀਂ ਕਈ ਸਰੂਰ ਚੜਦੇ..!

ਭਾਈ ਅਨੋਖ ਸਿੰਘ..ਮਾਝੇ ਦੇ ਇੱਕ ਤਸੀਹਾ ਕੇਂਦਰ ਵਿਚ ਅੱਖਾਂ ਕੱਢ ਦਿੱਤੀਆਂ ਗਈਆਂ..ਤਾਂ ਵੀ ਆਥਣੇ ਅੰਦਾਜੇ ਜਿਹੇ ਨਾਲ ਕੋਲ ਖਲੋਤੇ ਸਿਪਾਹੀ ਨੂੰ ਪੁੱਛਣ ਲੱਗਾ ਭਾਈ ਟਾਈਮ ਦੱਸੀਂ ਮੈਂ ਰਹਿਰਾਸ ਸਾਬ ਦਾ ਜਾਪੁ ਕਰਨਾ..!
ਸਰਵਾਲੀ ਦਾ ਕੰਵਲਜੀਤ ਸਿੰਘ ਵਾਹਿਗੁਰੂ..ਜਿਨ੍ਹਾਂ ਜਿਆਦਾ ਤਸ਼ੱਦਤ ਓਨੀ ਹੀ ਉੱਚੀ ਵਾਹਿਗੁਰੂ..ਫੇਰ ਅਖੀਰ ਵਾਹਿਗੁਰੂ ਦਾ ਜਾਪੁ ਕਰਦਿਆਂ ਹੀ ਸ਼ਹਾਦਤ ਹੋਈ..ਕਿੰਨੀ ਵੱਡੀ ਸੇਵਾ ਸੀ..ਰਹਿੰਦੀ ਦੁਨੀਆਂ ਤੱਕ ਵਾਹੇਗੁਰੁ ਨਾਮ ਦੇ ਨਾਲ ਜੁੜ ਗਿਆ ਹੋਵੇ..!

ਸ਼ਹੀਦਾਂ ਦੀ ਕੰਧ ਵਾਲਾ ਭਾਈ ਖਾਲੜਾ ਇੱਕ ਵੇਰ ਕਨੇਡਾ ਆਇਆ..ਐੱਮ.ਪੀ ਆਖਣ ਲੱਗੇ ਹੁਣ ਇਸਨੂੰ ਵਾਪਿਸ ਪਰਤਣ ਤੋਂ ਰੋਕ ਲਵੋ..ਨਹੀਂ ਤਾਂ ਮੁਕਾ ਦੇਣਾ..ਅੱਗਿਓਂ ਆਖਣ ਲੱਗੇ ਜੇ ਮੈਂ ਇੰਝ ਕੀਤਾ ਤਾਂ ਜਿਹੜੇ ਮਾਝੇ ਦੀ ਧਰਤੀ ਤੇ ਮੇਰੇ ਨਾਲ ਤੁਰੇ ਸਨ ਉਹ ਕੀ ਆਖਣਗੇ..!

ਸ਼ਹੀਦਾਂ ਦੀ ਗੱਲ ਤੁਰੀ ਏ ਤਾਂ ਮਾਵਾਂ ਦੀ ਗੱਲ ਕਰਨੀ ਵੀ ਬਣਦੀ..ਇਕ ਪੰਥਕ ਸੇਵਾ ਲਈ ਤੁਰਨ ਲੱਗੇ ਨੂੰ ਮਾਂ ਆਖਣ ਲੱਗੀ ਪੁੱਤ ਤੈਨੂੰ ਜਾਣੋ ਤੇ ਨੀ ਡੱਕਦੀ ਪਰ ਦੋ ਗੱਲਾਂ ਹਮੇਸ਼ ਚੇਤੇ ਰੱਖੀਂ..ਅਸ੍ਲਾ ਵਧੀਆ ਰੱਖੀਂ ਤੇ ਰਖੀਂ ਵੀ ਹਮੇਸ਼ ਆਪਣੇ ਨਾਲ..ਕਦੀ ਵਿਸਾਹੁ ਨਾ ਖਾਵੀਂ..ਮੈਨੂੰ ਪਤਾ ਤੈਥੋਂ ਕੁੱਟ ਨਹੀਂ ਖਾਦੀ ਜਾਣੀ..ਨਿੱਕੇ ਹੁੰਦੇ ਦਾ ਟੀਕੇ ਦੀ ਸੂਈ ਵੇਖ ਮੂਤ ਨਿੱਕਲ ਜਾਂਦਾ ਸੀ..!
ਦੱਸਦੇ ਫੇਰ ਜਦੋਂ ਉਹ ਮੁੱਕਿਆ ਤਾਂ ਵਧੀਆ ਅਸਲਾ ਰੱਖਣ ਵਾਲੀ ਸਲਾਹ ਦੇਣ ਵਾਲੀ ਦਾ ਪਹਿਲਾ ਸਵਾਲ ਸੀ..ਫੜ ਕੇ ਜਾਂ ਲੜ ਕੇ?

ਅਗਿਓਂ ਆਖਣ ਲਗੇ ਮਾਤਾ ਉਸ ਲੜਾਈ ਵਿਚ ਸ਼ਹੀਦ ਹੋਇਆ ਜਿਸ ਵਿਚ ਜੀਤ ਸਿੰਘ ਸੰਧੂ ਨਾਮ ਦੇ ਅਫਸਰ ਦਾ ਖੜੇ ਖਲੋਤੇ ਦਾ ਮੂਤ ਨਿੱਕਲ ਗਿਆ ਸੀ!

ਇਹ ਕੋਈ ਮਿਥਿਹਾਸਿਕ ਕਿੱਸੇ ਨਹੀਂ ਸਗੋਂ ਸਾਮਣੇ ਵਾਪਰੇ ਕੱਲ ਦੇ ਸੱਚੇ ਵਰਤਾਰੇ ਨੇ..!

ਦੋਸਤੋ ਸ਼ਹੀਦ ਨਾ ਤੇ ਕਿਸੇ ਗੋਲੀ ਨਾਲ ਮੁੱਕੇ ਤੇ ਨਾ ਹੀ ਕਿਸੇ ਟਾਊਟ ਦੀ ਮੁਖਬਰੀ ਨਾਲ..ਇਹ ਅਸਲ ਵਿਚ ਓਦੋਂ ਮੁੱਕਦੇ ਨੇ ਜਦੋਂ ਕੌਮੀਂ ਸੱਥਾਂ ਵਿਚ ਇਹਨਾਂ ਬਾਰੇ ਗੱਲਾਂ ਹੋਣੀਆਂ ਬੰਦ ਹੋ ਜਾਵਣ..ਸੋ ਗਾਹੇ ਬਗਾਹੇ ਗੱਲਾਂ ਅਤੇ ਜਿਕਰ ਕਰਦੇ ਰਹਿਣਾ ਚਾਹੀਦਾ ਜਦੋ ਵੀ ਇਹਨਾਂ ਦੀਆਂ ਤਸਵੀਰਾਂ ਸਾਮਣੇ ਆਉਣ..ਕੰਧਾਂ ਤੇ ਜਾ ਫੇਰ ਟਰੱਕਾਂ ਟਰਾਲੀਆਂ ਦੇ ਡਾਲਿਆਂ ਤੇ..!
ਪੈਨਸ਼ਨਾਂ,ਤਨਖਾਹਾਂ,ਕੁਰਸੀਆਂ ਵਕਤੀ ਤਖਤੋ ਤਾਜ ਅਤੇ ਸੁਖ ਸਹੂਲਤਾਂ ਖੁੱਸ ਜਾਣ ਦੇ ਡਰੋਂ ਸੁਰ ਨਹੀਂ ਦੱਬਣੀ ਚਾਹੀਦੀ..!

ਸਰਹਿੰਦ ਦੀ ਕਚਹਿਰੀ..ਆਲੀ ਸਿੰਘ ਨਾਮ ਦਾ ਅਰਜੀ ਨਵੀਸ..ਲਿਖਾਈ ਬਹੁਤ ਸੁੰਦਰ..ਕੇਰਾਂ ਤੁਰਿਆ ਜਾਂਦਾ ਸੂਬਾ ਖਲੋ ਗਿਆ..ਅਖ਼ੇ ਆਲੀ ਸਿਹਾਂ ਬੰਦੇ ਨੂੰ ਇੱਕ ਚਿੱਠੀ ਤੇ ਲਿਖ ਕੇ ਸਰਹਿੰਦ ਵਲ ਕਦੋਂ ਆਉਣਾ?
ਆਲੀ ਸਿੰਘ ਆਖਣ ਲੱਗਾ ਜੇ ਉਹ ਵਾਕਿਆ ਹੀ ਬਹਾਦੁਰ ਹੋਇਆ ਤਾਂ ਬਿਨਾ ਸੱਦਾ ਪੱਤਰ ਦੇ ਹੀ ਆ ਜਾਊ..ਚਿੱਠੀ ਦੀ ਕੀ ਲੋੜ ਏ..!
ਸੂਬਾ ਗੁੱਸਾ ਕਰ ਗਿਆ..ਆਲੀ ਸਿੰਘ ਨੂੰ ਮਹੀਨੇ ਲਈ ਜੇਲ ਵਿਚ ਸੁੱਟ ਦਿੱਤਾ..ਆਲੀ ਸਿੰਘ ਮਹੀਨੇ ਬਾਅਦ ਜਦੋਂ ਜੇਲੋਂ ਬਾਹਰ ਆਇਆ ਤਾਂ ਮੁੜ ਕਚੈਰੀ ਨਹੀਂ ਗਿਆ ਸਗੋਂ ਸਿੱਧਾ ਕੈਥਲ ਜਾ ਬੰਦਾ ਸਿੰਘ ਬਹਾਦੁਰ ਦੀ ਫੌਜ ਵਿਚ ਰਲ ਗਿਆ..ਫੇਰ ਚਾਪੜ ਝਿੜੀ ਦੀ ਜੰਗ ਵਿਚ ਸੂਬੇ ਖਿਲਾਫ ਜਿਹੜੀ ਰਣਨੀਤੀ ਅਪਣਾਈ ਗਈ ਸੀ ਉਸ ਵਿਚ ਸਭ ਤੋਂ ਵੱਡਾ ਰੋਲ ਬਾਬੇ ਆਲੀ ਸਿੰਘ ਜੀ ਦਾ ਹੀ ਸੀ!

ਹਰਪ੍ਰੀਤ ਸਿੰਘ ਜਵੰਦਾ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?