ਸਾਡੇ ਵਰਗੇ ਸੈਂਕੜੇ ਨੌਜਵਾਨਾਂ ਨੂੰ ਗੁਰਮਤਿ ਪ੍ਰਚਾਰ ਦੇ ਖੇਤਰ ਚ ਪਾਇਆ, ਲਗਾਤਾਰ ਆਖ਼ਰੀ ਸਾਹ ਤੱਕ ਸਿੱਖ ਰਹਿਤ ਮਰਿਯਾਦਾ, ਗੁਰਮਤਿ ਸਿਧਾਂਤਾਂ ਤੇ ਖੁਦ ਆਪ ਪਹਿਰਾ ਦਿੱਤਾ, ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਆਨੰਦਪੁਰ ਸਾਹਿਬ ਵਾਲੇ ਇਕ ਓਹ ਮਹਾਨ ਨੇਕ ਦਿਲ ਇਨਸਾਨ ਸਹੀ ਅਰਥਾਂ ਵਿਚ ਪੰਥ ਦਰਦੀ ਆਗੂ ਸਨ । ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਕ ਸੱਚੇ ਸੇਵਕ ਸ਼ਰਧਾਲੂ ਤੇ ਗੁਰੂ ਖਾਲਸਾ ਪੰਥ ਦੇ ਅਡੋਲ ਸਿਪਾਹੀ ਪਹਿਰੇਦਾਰ ਸਨ। ਜਿੰਨ੍ਹਾਂ ਨੇ ਭਾਵੇਂ ਆਪਣੀ ਪੂਰੀ ਜ਼ਿੰਦਗੀ ਅੰਦਰ ਬਹੁਤ ਆਰਥਿਕ ਤੰਗੀਆਂ ਮੁਸ਼ਕਲਾਂ ਦਾ ਸਾਹਮਣਾ ਤਾਂ ਕਰ ਲਿਆ।ਪਰ ਸਬਰ ਸੰਤੋਖ ਇੰਨਾ ਕਿ ਜਿੰਨਾਂ ਨੇ ਵੀ ਨੇੜਿਓਂ ਹੋ ਕੇ ਦੇਖਿਆ ਕਿ ਕਈ ਸਾਲ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਚਲਦੇ ਸਿੱਖ ਮਿਸ਼ਨਰੀ ਕਾਲਜ ਦੀ ਮਾਇਆ ਜੋ ਵੀ ਸੰਗਤਾਂ ਵੱਲੋਂ ਆਉਂਦੀ ਸੀ।ਇਕ ਇਕ ਪੈਸਾ ਆਪ ਖੁਦ ਬਕਾਇਦਾ ਰਸੀਦ ਕਟਵਾ ਕਿ ਜਮਾਂ ਕਰਵਾਉਂਦੇ ਸਨ। ਕਿਉਂਕਿ ਭਾਈ ਸਾਹਿਬ ਮੁੱਖ ਪ੍ਰਬੰਧਕਾਂ ਦੀ ਟੀਮ ਵਿਚੋਂ ਸਨ। ਤੇ ਅਕਸਰ ਉਹਨਾਂ ਦੇ ਬੋਲ ਹੁੰਦੇ ਸਨ ਕਿ ਸਿੱਖ ਵਿਚਾਰ, ਵਿਵਹਾਰ, ਕਿਰਦਾਰ ਤਿੰਨਾਂ ਦਾ ਪੱਕਾ ਹੋਣਾ ਚਾਹੀਦਾ ਹੈ। ਇੰਨੀਂ ਈਮਾਨਦਾਰੀ ਸੀ ਪ੍ਰਿੰਸੀਪਲ ਸਾਹਿਬ ਜੀ ਦੇ ਖੁਦ ਆਪਣੇ ਜੀਵਨ ਵਿੱਚ। ਕਿ ਪੂਰੀ ਉਮਰ ਕਾਲਜ ਵੱਲੋਂ ਮਿਲਦੀ ਤਨਖਾਹ ਤੇ ਹੀ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਲਿਆ ਪਰ ਮਜ਼ਾਲ ਹੈ ਕਿਤੇ ਕਿ ਕੌਮ ਦਾ ਇਕ ਪੈਸਾ ਰੁਪਈਆ ਵੀ ਕਦੀ ਇੱਧਰੋਂ ਉੱਧਰ ਕੀਤਾ ਹੋਵੇ।ਨਿਰਮਾਣਤਾ ਇੰਨੀ ਜ਼ਿਆਦਾ ਸੀ ਕਿ ਜੇਕਰ ਅਸੀਂ ਕਿਤੇ ਬਦੋਬਦੀ ਵੀ ਇਹਨਾਂ ਬਾਰੇ ਕੁੱਝ ਦੋ ਚਾਰ ਸ਼ਬਦ ਕਹਿ ਵੀ ਦੇਣੇ ਤਾਂ ਵਿਚੋਂ ਰੋਕ ਕਿ ਕਹਿ ਦੇਂਦੇ ਸਨ ਕਿ ਨਾ ਭਾਈ ਨਾ ਮੈਂ ਸੁਰਿੰਦਰ ਸਿੰਘ ਕੀ ਹੈ ਇਕ ਨਾਚੀਜ਼ ਨਿਮਾਣਾ ਗੁਰੂ ਦਰ ਦਾ ਕੂਕਰ ਹੈ। ਜੇਕਰ ਵਡਿਆਈ ਹੀ ਕਰਨੀ ਹੈ ਤਾਂ ਸੱਚੇ ਪਾਤਸ਼ਾਹ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਅਤੇ ਓਹਨਾਂ ਦੇ ਚਾਰੇ ਸਾਹਿਬਜ਼ਾਦਿਆਂ ਦੀ ਕਰੋ।ਮੇਰਾ ਕੀ ਹੈ। ਗੁਰਬਾਣੀ ਵਾਕ ਕਹਿ ਦੇਂਦੇ ਹੁੰਦੇ ਸਨ….
ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ।। ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ।।੨੦੩।।
ਅਸੂਲਾਂ ਤੇ ਨਿਯਮਾਂ ਦੇ ਇਹਨੇ ਪੱਕੇ ਧਾਰਨੀ ਸਨ ਕਿ ਗੁਰਮਤਿ ਗੁਰਬਾਣੀ ਵੱਲੋਂ ਸਵੇਰੇ ਸ਼ਾਮ ਪੱਕੇ ਨਿਤਨੇਮੀ, ਰੋਜ਼ਾਨਾ ਸਹਿਜ ਪਾਠ ਕਰਨਾ, ਇਸਤੋਂ ਬਾਅਦ ਜਦੋਂ ਵੀ ਸਮਾਂ ਮਿਲੇ ਵੱਧ ਤੋਂ ਵੱਧ ਇਤਿਹਾਸ ਬਾਰੇ ਵੱਖ ਵੱਖ ਵਿਦਵਾਨਾਂ ਦੀਆਂ ਲਿਖਤਾਂ ਕੋਈ ਨਾ ਕੋਈ ਕਿਤਾਬ ਉਹਨਾਂ ਦੇ ਅਕਸਰ ਕੋਲ ਦਿਖਾਈ ਦੇਂਦੀ ਸੀ ਜੋ ਲਗਾਤਾਰ ਪੜਦੇ ਅਧਿਐਨ ਕਰਦੇ ਰਹਿੰਦੇ ਸਨ ਤੇ ਨਾਲ ਇਹ ਵੀ ਕਹਿੰਦੇ ਹੁੰਦੇ ਸਨ ਕਿ ਇਕ ਕੌਮ ਦੇ ਪ੍ਰਚਾਰਕ ਨੂੰ ਬਹੁਤ ਜ਼ਿਆਦਾ ਪੜ੍ਹਨਾ ਚਾਹੀਦਾ ਹੈ।
ਜ਼ਿੰਮੇਵਾਰੀ ਇੰਨੀ ਤਨਦੇਹੀ ਨਾਲ ਨਿਭਾਉਂਦੇ ਸਨ ਕਿ ਕਦੀਂ ਹੈ ਕਿਤੇ ਲੇਟ ਹੋਣ ਜੇਕਰ ਸਮਾਂ ਕਾਲਜ ਦਫ਼ਤਰ ਦਾ ਸਮਾਂ 8:30 ਜਾਂ 9:00 ਹੋਵੇ ਪੂਰੇ ਸਮੇਂ ਤੇ ਆਣ ਹਾਜ਼ਰ ਹੁੰਦੇ ਸਨ।
ਪ੍ਰੇਰਨਾਦਾਇਕ ਘਟਨਾ:-
(ਕਿਤਾਬ ਹਉ ਸਦਕੇ ਤਿਨ੍ਹਾਂ ਗੁਰਸਿਖਾਂ. .. ਜੀਵਨੀ ਪ੍ਰਿੰਸੀਪਲ ਸੁਰਿੰਦਰ ਸਿੰਘ…. ਲੇਖਕ :-ਹਰਦੀਪ ਸਿੰਘ ਰਾਮਦੀਵਾਲੀ) ਪੰਨਾ ਨੰਬਰ 26- 27 ਤੇ ਦਰਜ ਹੈ।
(ਪ੍ਰਿੰ) ਸੁਰਿੰਦਰ ਸਿੰਘ ਜੀ ਦੇ 6ਵੀਂ_7ਵੀਂ ਕਲਾਸ ਵਿੱਚ ਪੜਦਿਆਂ ਦੌਰਾਨ ਪਰਿਵਾਰ ਵਿੱਚ ਇੱਕ ਹੋਰ ਘਟਨਾ ਵਾਪਰੀ। ਪਿਤਾ ਸ:ਅਜੀਤ ਸਿੰਘ ਜੀ ਸਖ਼ਤ ਬੀਮਾਰ ਹੋ ਗਏ ਤੇ ਇਹ ਬੀਮਾਰੀ 3_4 ਸਾਲ ਤੱਕ ਚਲਦੀ ਰਹੀ। ਘਰ ਵਿੱਚ ਇੱਕੋ ਸ਼ਖਸ ਸੀ ਕਮਾਉਣ ਵਾਲਾ ਤੇ ਉਹ ਵੀ ਮੰਜੇ ਤੇ ਪੈ ਗਿਆ। ਆਰਥਿਕ ਪੱਖੋਂ ਘਰ ਦੇ ਹਾਲਾਤ ਡਾਵਾਂਡੋਲ ਹੋ ਗਏ। ਦਿਨ ਵੇਲੇ ਦੀ ਹੱਡ ਭੰਨਵੀ ਮਜ਼ਦੂਰੀ ਤਾਂ ਬਿਲਕੁਲ ਹੀ ਛੁੱਟ ਗਈ ਸੀ।ਕਈ ਵਾਰ ਰਾਤ ਦੇ ਚੌਕੀਦਾਰੇ ਲਈ ਜਾਣ ਦਾ ਯਤਨ ਕਰਨਾ,ਪਰ ਇਸ ਨਾਲ ਬੀਮਾਰੀ ਫਿਰ ਵੱਧ ਜਾਂਦੀ ਸੀ। ਅਖੀਰ ਛੋਟੇ ਤਿੰਨ ਭਰਾਵਾਂ ਨੇ ਫੈਸਲਾ ਕੀਤਾ ਕਿ ਰਾਤ ਦਾ ਚੌਕੀਦਾਰਾ ਰਲ ਕੇ ਸੰਭਾਲ ਲਈਏ।ਪਹਿਲੀ ਅੱਧੀ ਰਾਤ ਦੋਵੇਂ ਛੋਟੇ ਭਰਾ ਤੇ ਮਗਰਲੀ ਅੱਧੀ ਰਾਤ ਪ੍ਰਿੰ: ਜੀ ਜਾਣ ਲੱਗ ਪਏ।ਇੰਝ ਆਪ ਜੀ ਨੇ ਚੌਕੀਦਾਰੇ ਵਾਲੀ ਡਾਂਗ ਫ਼ੜ ਕੇ ਜ਼ਿੰਦਗੀ ਚ ਪਹਿਲੀ ਨੌਕਰੀ ਦੀ ਸ਼ੁਰੂਆਤ ਕਰ ਲਈ। ਕਰਣੀ ਕਰਤਾਰ ਦੀ ਕਿ ਇਸ ਚੌਕੀਦਾਰੇ ਨੇ ਵੀ ਅਜੀਬ ਮੌਕਾ ਪੈਦਾ ਕਰ ਦਿੱਤਾ ਆਨੰਦਪੁਰ ਸਾਹਿਬ ਹੀ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਜੀ ਦੇ ਲਾਗੇ ਹੀ ਦੁਕਾਨਾਂ ਤੇ ਮੁਹੱਲੇ ਵਿਚ ਚੌਕੀਦਾਰਾ ਕਰਨਾ ਹੁੰਦਾ ਸੀ।ਉਸ ਸਮੇਂ ਘਰੋ ਘਰੀ ਬਿਜਲੀ ਦੀ ਸਹੂਲਤ ਪ੍ਰਾਪਤ ਨਹੀਂ ਸੀ।ਪਰ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਦੇ ਲਾਗਲੇ ਚੌਂਕ ਵਿੱਚ ਰਾਠੌਰ ਮੈਡੀਕਲ ਸਟੋਰ ਦੇ ਲਾਗੇ ਇਕ ਸਟਰੀਟ ਲਾਈਟ ਲੱਗੀ ਹੁੰਦੀ ਸੀ।ਚੌਕੀਦਾਰੇ ਦੌਰਾਨ ਇਹ ਸਟਰੀਟ ਲਾਈਟ ਇਕ ਨਿਆਮਤ ਵਾਂਗ ਲਗਾਤਾਰ ਤਿੰਨ ਸਾਲ ਸਾਥ ਨਿਭਾਉਂਦੀ ਰਹੀ, ਕਿਉਂਕਿ ਇਸਦੀ ਰੌਸ਼ਨੀ ਵਿਚ ਬਹਿਕੇ ਪ੍ਰਿੰਸੀਪਲ ਸਾਬ ਆਪਣੀਆਂ ਕਿਤਾਬਾਂ ਪੜਦੇ ਰਹਿੰਦੇ ਸਨ।
ਅਸੀਂ ਅਕਸਰ ਭਾਰਤੀ ਲੋਕਾਂ ਨੇ ਅਮਰੀਕੀ ਰਾਸ਼ਟਰਪਤੀ ਇਬਰਾਹੀਮ ਲਿੰਕਨ ਦੁਆਰਾ ਸਟਰੀਟ ਲਾਈਟ ਦੀ ਰੌਸ਼ਨੀ ਵਿਚ ਬਹਿਕੇ ਪੜ੍ਹਾਈ ਕਰਨ ਦੀਆਂ ਬਹੁਤ ਸਾਰੀਆਂ ਗੱਲਾਂ ਸੁਣੀਆਂ ਹਨ। ਆਪਣੇ ਬੱਚਿਆਂ ਨੂੰ ਮਿਹਨਤ ਕਰਨ ਦੀ ਪ੍ਰੇਰਨਾ ਦੇਣ ਲਈ ਅਸੀਂ ਇਸ ਮਹਾਨ ਵਿਅਕਤੀ ਦਾ ਵੇਰਵਾ ਸਮਝਾਉਂਦੇ ਹਾਂ।ਪਰ ਸਾਡੀ ਕੌਮ ਦੇ ਵਿਹੜੇ ਵਿਚ ਵੀ ਇਕ ਐਸੇ ਵਿਦਵਾਨ (ਪ੍ਰਿੰਸੀਪਲ) ਸੁਰਿੰਦਰ ਸਿੰਘ ਦੇ ਰੂਪ ਵਿੱਚ ਮੌਜੂਦ ਹਨ, ਜਿੰਨ੍ਹਾਂ ਨੇ ਆਪਣੇ ਪਿਤਾ ਜੀ ਦੀ ਬੀਮਾਰੀ ਦੌਰਾਨ ਨਾ ਕੇਵਲ ਚੌਕੀਦਾਰੇ ਦੀ ਕਿਰਤ ਹੀ ਕੀਤੀ। ਬਲਕਿ ਇਸ ਸਮੇਂ ਦੌਰਾਨ ਐਨੀਆਂ ਕੁਝ ਕਿਤਾਬਾਂ ਪੜ੍ਹ ਲਈਆਂ ਕਿ ਘਰ ਪਿਆ ਹੋਇਆ ਕਿਤਾਬਾਂ ਦਾ ਖਜ਼ਾਨਾ ਹੁਣ ਘਟ ਲੱਗਣ ਲੱਗ ਪਿਆ।
(ਦਿਲਬਾਗ ਸਿੰਘ ਬਲੇਰ ਕਥਾਵਾਚਕ) 99053 00031
ਚੱਲਦਾ….
Author: Gurbhej Singh Anandpuri
ਮੁੱਖ ਸੰਪਾਦਕ