ਇਟਲੀ 20 ਜੂਨ ( ਨਜ਼ਰਾਨਾ ਨਿਊਜ਼ ਨੈੱਟਵਰਕ ) ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸੰਨ ਯਾਕਮੋ ( ਬਰੇਸ਼ੀਆ) ਇਟਲੀ ਵਿਖੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਅਤੇ ਭਗਤ ਕਬੀਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ । ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਉਪਰੰਤ ਧਾਰਮਕ ਦੀਵਾਨ ਸਜਾਏ ਗਏ । ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਹਜ਼ੂਰੀ ਰਾਗੀ ਭਾਈ ਇੰਦਰਜੀਤ ਸਿੰਘ ਜੀ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕੀਤਾ । ਉਪਰੰਤ ਗਿਆਨੀ ਗੁਰਭੇਜ ਸਿੰਘ ਆਨੰਦਪੁਰੀ ਨੇ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕੀਤਾ । ਆਪਣੇ ਸੰਬੋਧਨ ਵਿਚ ਗਿਆਨੀ ਗੁਰਭੇਜ ਸਿੰਘ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦੇ ਸਮੇਂ ਦੇ ਹਾਲਾਤਾਂ , ਉਨ੍ਹਾਂ ਦੇ ਬਚਪਨ ਦਾ ਇਤਿਹਾਸ ਸੰਗਤ ਨੂੰ ਸੁਣਾਉਂਦਿਆਂ ਹੋਇਆ ਕਿਹਾ ਕਿ ਗੁਰੂ ਸਾਹਿਬ ਜੀ ਦਾ ਇਤਿਹਾਸ ਪੜ੍ਹ ਸੁਣ ਕੇ ਸਾਨੂੰ ਆਪਣੇ ਧਾਰਮਕ ਅਤੇ ਸਮਾਜਿਕ ਜੀਵਨ ਦੇ ਵਿੱਚ ਅਗਵਾਈ ਮਿਲਦੀ ਹੈ ।
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿੱਖ ਭਾਈ ਤਿਲਕਾ ਜੀ ਦਾ ਜ਼ਿਕਰ ਕਰਦਿਆਂ ਹੋਇਆਂ ਗਿਆਨੀ ਗੁਰਭੇਜ ਸਿੰਘ ਜੀ ਨੇ ਕਿਹਾ ਇਹ ਭਾਵੇਂ ਦੁਨੀਆਂ ਸਾਰੀ ਇੱਕ ਪਾਸੇ ਹੋ ਜਾਵੇ ਪਰ ਸਿੱਖ ਗੁਰੂ ਦਾ ਦਰ ਛੱਡਕੇ ਕਿਸੇ ਦੇਹਧਾਰੀ ਪਾਖੰਡੀ ਦੇ ਦਰ ਤੇ ਨਹੀਂ ਜਾਂਦਾ ਅਤੇ ਪਾਖੰਡੀਆਂ ਦੀ ਭੀੜ ਦਾ ਹਿੱਸਾ ਨਹੀਂ ਬਣਦਾ । ਇਸ ਤੋਂ ਇਲਾਵਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਵਿੱਚ ਆਏ ਪੰਡਿਤ ਨਿੱਤਿਆ ਨੰਦ ਦੀ ਸਾਖੀ ਸੁਣਾ ਕੇ ਉਨ੍ਹਾਂ ਨੇ ਕਿਹਾ ਕਿ ਸਿੱਖ ਨੂੰ ਬ੍ਰਾਹਮਣੀ ਕਰਮ ਕਾਂਡ ਤਿਆਗ ਕੇ ਗੁਰਮਤਿ ਮਰਿਆਦਾ ਅਨੁਸਾਰ ਜੀਵਨ ਜਿਉਣਾ ਚਾਹੀਦਾ ਹੈ ।
ਉਪਰੰਤ ਗੁਰਦੁਆਰਾ ਸਾਹਿਬ ਦੇ ਸੈਕਟਰੀ ਸਰਦਾਰ ਕੁਲਬੀਰ ਸਿੰਘ ਨੇ ਆਏ ਹੋਏ ਵਿਦਵਾਨਾਂ ਅਤੇ ਸੰਗਤ ਦਾ ਧੰਨਵਾਦ ਕੀਤਾ ਅਤੇ ਅਗਲੇ ਹਫ਼ਤੇ ਦੇ ਪ੍ਰੋਗਰਾਮ ਤੋਂ ਸੰਗਤ ਨੂੰ ਜਾਣੂ ਕਰਵਾਇਆ । ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਨਿਰਮਲ ਸਿੰਘ , ਮੀਤ ਪ੍ਰਧਾਨ ਸਰਦਾਰ ਗੁਰਮੁਖ ਸਿੰਘ , ਖ਼ਜ਼ਾਨਚੀ ਸਰਦਾਰ ਸੁਲੱਖਣ ਸਿੰਘ ਸਰਦਾਰ ਕੁਲਦੀਪ ਸਿੰਘ ਅਤੇ ਹੋਰ ਪਤਵੰਤੇ ਸੱਜਣਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ । ਅਖੀਰ ਵਿੱਚ ਗੁਰੂ ਕਾ ਲੰਗਰ ਅਤੁੱਟ ਵਰਤਿਆ ।