ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਜ਼ਬਰਦਸਤ ਝਟਕਾ ਦਿੱਤਾ ਗਿਆ। ਦੱਸ ਦਈਏ ਕਿ ਭਾਜਪਾ ਦੇ ਸੂਬਾ ਅਤੇ ਜ਼ਿਲ੍ਹਾ ਪੱਧਰੀ ਅਹੁਦੇਦਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ‘ਆਪ’ ਵਿੱਚ ਸ਼ਾਮਲ ਹੋ ਗਏ।
ਅੱਜ ਭਾਜਪਾ ਦੇ ਪੰਜਾਬ ਵਪਾਰ ਸੈਲ ਦੇ ਸੂਬਾ ਕੋਆਰਡੀਨੇਟ ਅਤੇ ਵਪਾਰ ਮੰਡਲ ਧੂਰੀ ਦੇ ਪ੍ਰਧਾਨ ਵਿਕਾਸ ਜੈਨ, ਭਾਜਪਾ ਯੂਵਾ ਮੋਰਚਾ ਸੰਗਰੂਰ ਦੇ ਉਪ ਪ੍ਰਧਾਨ ਸੰਦੀਪ ਗਰਗ, ਵਪਾਰ ਮੰਡਲ ਧੂਰੀ ਦੇ ਉਪ ਪ੍ਰਧਾਨ ਸੁਮੀਤ ਗੋਇਲ, ਅਗਰਵਾਲ ਸਭਾ ਧੂਰੀ ਦੇ ਪ੍ਰਧਾਨ ਅਮਨ ਗਰਗ, ਹਾਰਡਵੇਅਰ ਅਤੇ ਪੇਂਟ ਐਸੋਸੀਏਸ਼ਨ ਧੂਰੀ ਦੇ ਪ੍ਰਧਾਨ ਸੰਦੀਪ ਗੋਇਲ ਅਤੇ ਹਨੂੰਮਾਨ ਮੰਦਰ ਧੂਰੀ ਦੇ ਉਪ ਪ੍ਰਧਾਨ ਰਜਨੀਸ਼ ਗਰਗ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਏ ਹਨ, ਜਿਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ ‘ਤੇ ਪਾਰਟੀ ‘ਚ ਸ਼ਾਮਲ ਕੀਤਾ ਅਤੇ ਸਨਮਾਨਿਤ ਵੀ ਕੀਤਾ।
ਮੁੱਖ ਮੰਤਰੀ ਮਾਨ ਨੇ ਭਾਜਪਾ ਅਤੇ ਕਾਰੋਬਾਰੀ ਜਥੇਬੰਦੀਆਂ ਦੇ ਆਗੂਆਂ ਨੂੰ ਰਸਮੀ ਤੌਰ ‘ਤੇ ‘ਆਪ’ ਵਿੱਚ ਸ਼ਾਮਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਸਾਰੇ ਇਮਾਨਦਾਰ ਅਤੇ ਦੇਸ਼ ਨੂੰ ਸਮਰਪਿਤ ਲੋਕਾਂ ਦੀ ਪਾਰਟੀ ਹੈ। ਪੰਜਾਬ ਅਤੇ ਦਿੱਲੀ ਵਿਚਲੀਆਂ ‘ਆਪ’ ਦੀਆਂ ਸਰਕਾਰਾਂ ਨੇ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਵਿਧਾਇਕ, ਸੰਸਦ ਮੈਂਬਰ, ਮੰਤਰੀ ਅਤੇ ਮੁੱਖ ਮੰਤਰੀ ਬਣਾਇਆ ਹੈ ਅਤੇ ਆਮ ਲੋਕਾਂ ਨੂੰ ਸਹੂਲਤਾਂ ਦੇਣ ਦੇ ਨਾਲ ਨਾਲ ਭਿ੍ਸ਼ਟਾਚਾਰ ਮੁਕਤ ਪ੍ਰਸ਼ਾਸਨ ਦੀ ਵਿਵਸਥਾ ਕੀਤੀ ਹੈ। ਇਸ ਲਈ ਸਮਾਜ ਦੇ ਹਰੇਕ ਵਰਗ ਦੇ ਲੋਕ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਰਹੇ ਹਨ।
Author: Gurbhej Singh Anandpuri
ਮੁੱਖ ਸੰਪਾਦਕ