Home » ਕਰੀਅਰ » ਸਿੱਖਿਆ » ਜਿੰਦਗੀ ਇੱਕ ਐਸਾ ਇਮਤਿਹਾਨ ਹੈ…?

ਜਿੰਦਗੀ ਇੱਕ ਐਸਾ ਇਮਤਿਹਾਨ ਹੈ…?

69 Views

ਅਮਰੀਕਾ ਗਏ ਇੱਕ ਬੇਹੱਦ ਹੋਸ਼ਿਆਰ ਭਾਰਤੀ ਇੰਜੀਨੀਅਰ ਨੇ ਜਦੋਂ ਇੱਕ ਦਿਨ ਸਣੇ ਪਰਿਵਾਰ ਖ਼ੁਦਕੁਸ਼ੀ ਕਰ ਲਈ ਤਾਂ ਹਰ ਕੋਈ ਸੋਚਣ ਤੇ ਮਜਬੂਰ ਹੋ ਗਿਆ ਕੇ ਅਸਲ ਵਿਚ ਕਹਾਣੀ ਬਣੀ ਕੀ?
ਉਸਦੇ ਲਿਖੇ ਸੁਸਾਈਡ ਨੋਟ ਤੇ ਖੋਜ ਕੀਤੀ ਤਾਂ ਪਾਇਆ ਕੇ ਹਮੇਸ਼ਾਂ ਹੀ ਅਵਲ ਰਹਿਣ ਵਾਲੇ ਇਸ ਇਨਸਾਨ ਨੂੰ ਕਿਸੇ ਨੇ ਵੀ ਹਾਰ ਬਰਦਾਸ਼ਤ ਕਰਨੀ ਨਹੀਂ ਸੀ ਸਿਖਾਈ..
ਬਸ ਏਹੀ ਸਿਖਾਇਆ ਕੇ ਜਿੰਦਗੀ ਵਿਚ ਹਮੇਸ਼ਾਂ ਹਰ ਕੀਮਤ ਤੇ ਅਵਵਲ ਹੀ ਆਉਣਾ ਏ..!

2008 ਦੀ ਆਰਥਿਕ ਮੰਦੀ ਵਿਚ ਨੌਕਰੀ ਚਲੀ ਗਈ..ਘਰ ਦੀਆਂ ਕਿਸ਼ਤਾਂ ਟੁੱਟ ਗਈਆਂ ਤੇ ਜਦੋਂ ਰੋਟੀ ਦੇ ਵੀ ਲਾਲੇ ਤੱਕ ਪੈ ਗਏ ਤਾਂ ਇਸਨੇ ਬਕਾਇਦਾ ਸਲਾਹ ਕਰਕੇ ਮਰਨ ਦਾ ਰਾਹ ਚੁਣਿਆ!

ਮੁੰਬਈ ਵਿਚ ਇੱਕ ਵੀਹ ਸਾਲ ਦੀ ਖੂਬਸੂਰਤ ਮਾਡਲ ਨੇ ਫਲੈਟ ਦੀ ਦਸਵੀਂ ਮੰਜਿਲ ਤੋਂ ਕੁੱਦ ਕੇ ਖ਼ੁਦਕੁਸ਼ੀ ਕਰ ਲਈ..ਕਾਰਨ ਇੱਕ ਕਮਰਸ਼ੀਅਲ ਵਿਚ ਉਸਦੀ ਜਗਾ ਇੱਕ ਹੋਰ ਖੂਬਸੂਰਤ ਕੁੜੀ ਨੂੰ ਲੈ ਲਿਆ ਗਿਆ ਸੀ..

ਪੰਝੀ ਕੂ ਸਾਲ ਪਹਿਲਾਂ ਬਟਾਲੇ ਇੱਕ ਜਾਣਕਾਰ ਦੀ ਨੌਜੁਆਨ ਕੁੜੀ ਨੇ ਗੱਡੀ ਹੇਠ ਸਿਰ ਦੇ ਦਿਤਾ…ਕਾਰਨ ਸੀ ਕੇ ਉਸਦੇ ਮਾਪੇ ਚੋਵੀ ਘੰਟੇ ਬੱਸ ਇੱਕੋ ਗੱਲ ਉਸਦੇ ਕੰਨ ਵਿਚ ਪਾਉਂਦੇ ਰਹਿੰਦੇ ਸਨ ਕੇ ਧੀਏ ਤੂੰ ਬੱਸ ਡਾਕਟਰ ਬਣਨਾ ਏ..ਫੇਰ ਅਗਲੀ ਦਾ ਜਦੋ ਪੀ.ਐਮ.ਟੀ (Pre Medical Test) ਵਿਚ ਨਾਮ ਨਹੀਂ ਆਇਆ ਤਾਂ ਚੁੱਪ ਚੁਪੀਤੇ ਇਹ ਕਦਮ ਚੁੱਕ ਲਿਆ..!

ਦੋਸਤੋ ਜਿੰਦਗੀ ਦੇ ਪੈਂਡੇ ਬੜੇ ਸਖਤ ਅਤੇ ਬੇਰਹਿਮ ਹੁੰਦੇ ਨੇ..ਸਕੂਲਾਂ ਵਿਚ ਕਿੰਨੇ ਨੰਬਰ ਲਏ..ਕਿੰਨੀਆਂ ਮੈਰਿਟ ਲਿਸਟਾਂ ਵਿਚ ਤੁਹਾਡਾ ਨਾਮ ਆਇਆ..ਕਿਹੜੇ ਮਜ਼ਮੂਨਾਂ ਵਿਚ ਤੁਹਾਡੀ ਫਸਟ ਡਿਵੀਜਨ ਆਈ..ਅਸਲ ਜਿੰਦਗੀ ਵਿਚ ਇਸ ਸਭ ਦਾ ਕੋਈ ਜਿਆਦਾ ਮਹੱਤਵ ਨਹੀਂ ਹੁੰਦਾ..

ਜਿੰਦਗੀ ਜਦੋਂ ਇਮਤਿਹਾਨ ਲੈਂਦੀ ਹੈ ਤਾਂ ਸਾਰੇ ਸੁਆਲ ਇਸਨੇ ਆਪ ਹੀ ਸੈੱਟ ਕੀਤੇ ਹੁੰਦੇ ਨੇ…ਸੁਆਲ ਵੀ ਆਉਟ-ਆਫ-ਸਿਲੇਬਸ ਹੀ ਹੁੰਦੇ ਨੇ..ਕੋਈ ਡੇਟ ਸ਼ੀਟ ਵੀ ਨਹੀਂ ਹੁੰਦੀ ਅਤੇ ਗ੍ਰੇਸ ਮਾਰਕਸ ਦੇਣ ਦਾ ਰਿਵਾਜ ਵੀ ਨਹੀਂ ਹੁੰਦਾ!

ਦੁਨੀਆ ਰੂਪੀ ਖਤਰਨਾਕ ਜੰਗਲ ਵਿਚ ਤਰਾਂ ਤਰਾਂ ਦੇ ਖੂੰਖਾਰ ਜਾਨਵਰਾਂ ਨਾਲ ਵਾਹ ਪੈਂਦਾ ਹੀ ਰਹਿੰਦਾ ਏ…ਇਥੇ ਇੱਕ ਜਿੱਤਦਾ ਹੈ ਅਤੇ ਅਨੇਕਾਂ ਹਾਰਦੇ ਵੀ ਨੇ..ਲਾਟਰੀ ਲੱਖਾਂ ਪਾਉਂਦੇ ਪਰ ਨਿੱਕਲਦੀ ਸਿਰਫ ਇੱਕ ਦੀ ਹੀ ਹੈ…

ਦੋਸਤੋ ਜੇ ਸਿਖਾ ਸਕਦੇ ਹੋ ਤਾਂ ਜੁਆਕਾਂ ਨੂੰ ਕਾਮਯਾਬ ਹੋਣ ਦੇ ਨਾਲ ਨਾਲ ਹਾਰ ਬਰਦਾਸ਼ਤ ਕਰਨੀ ਵੀ ਸਿਖਾਓ…ਢੇਰੀ ਢਾਹ ਦੇਣ ਨਾਲੋਂ ਹਾਰ ਤੋਂ ਸਬਕ ਸਿੱਖਣਾ ਸਿਖਾਓ…
ਘੱਟ ਨੰਬਰਾਂ ਵਾਲਾ ਰਿਪੋਰਟ ਕਾਰਡ ਲੈ ਕੇ ਜਦੋਂ ਤੁਹਾਡਾ ਧੀ ਪੁੱਤ ਤੁਹਾਡੇ ਕੋਲ ਆਉਂਦਾ ਹੈ ਤਾਂ ਉਹ ਬਾਹਰੀ ਦੁਨੀਆਂ ਦੀ ਤਾਹਨੇ ਮੇਹਣਿਆਂ ਤੋਂ ਬੁਰੀ ਤਰਾਂ ਅੱਕਿਆ ਤੇ ਟੁੱਟਿਆ ਹੋਇਆ ਹੁੰਦਾ ਏ…
ਉਸਦੀਆਂ ਅੱਖਾਂ ਵਿਚ ਤੁਹਾਡੀ ਸੁਪੋਰਟ ਅਤੇ ਹੱਲਾਸ਼ੇਰੀ ਲਈ ਇੱਕ ਤਰਲਾ ਜਿਹਾ ਹੁੰਦਾ ਏ…ਉਹ ਆਸ ਕਰਦਾ ਏ ਕੇ ਉਸਦਾ ਬਾਪ ਉਸਨੂੰ ਆਪਣੀ ਬੁੱਕਲ ਵਿਚ ਲੈ ਕੇ ਆਖੇ ਕੇ ਪੁੱਤਰਾ ਫੇਰ ਕੀ ਹੋਇਆ ਨੰਬਰ ਘੱਟ ਆਏ ਨੇ ਤਾਂ..ਅਗਲਾ ਦਿਨ ਵੀ ਤਾਂ ਚੜਣਾ ਏ..ਫੇਰ ਜ਼ੋਰ ਲਾ ਲਵੀਂ..ਮੈਂ ਤੇਰੇ ਨਾਲ ਹਾਂ…

ਉਹ ਓਦੋਂ ਅੰਦਰੋਂ ਬੁਰੀ ਤਰਾਂ ਟੁੱਟ ਭੱਜ ਜਾਂਦਾ ਹੈ ਜਦੋਂ ਉਸਦਾ ਮੁਕਾਬਲਾ ਸ਼ਰੇਆਮ ਕਿਸੇ ਹੋਰ ਹੋਸ਼ਿਆਰ ਬੱਚੇ ਨਾਲ ਕੀਤਾ ਜਾਂਦਾ ਏ ਤੇ ਉਸਦੇ ਸਵੈ-ਮਾਣ ਦੀਆਂ ਧੱਜੀਆਂ ਉਡਾ ਦਿੱਤੀਆਂ ਜਾਂਦੀਆਂ…!

ਸੋ ਦੋਸਤੋ ਮੁੱਕਦੀ ਗੱਲ..ਜਿੰਦਗੀ ਇੱਕ ਐਸਾ ਇਮਤਿਹਾਨ ਹੈ ਜਿਸ ਵਿਚੋਂ ਬਹੁਤੇ ਸਾਰੇ ਸ਼ਾਇਦ ਇਸ ਕਰਕੇ ਫੇਲ ਹੋ ਜਾਂਦੇ ਨੇ ਕਿਓੰਕੇ ਦੂਸਰਿਆਂ ਦੀ ਉੱਤਰ ਬੁੱਕ ਚੋਂ ਨਕਲ ਮਾਰਦਿਆਂ ਉਹ ਇਹ ਗੱਲ ਪੂਰੀ ਤਰਾਂ ਭੁੱਲ ਜਾਂਦੇ ਨੇ ਕੇ ਪਰਚਾ ਪਾਉਣ ਵਾਲੇ ਨੇ ਹਰੇਕ ਨੂੰ ਸੁਆਲ ਵੀ ਅੱਡੋ ਅੱਡ ਪਾਏ ਹੁੰਦੇ ਨੇ..!

ਹਰਪ੍ਰੀਤ ਸਿੰਘ ਜਵੰਦਾ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?