ਅਮਰੀਕਾ ਦੇ ਟੈਕਸਾਸ ਸੂਬੇ ਦੇ ਸੈਨ ਐਂਟੋਨੀਓ ‘ਚ ਇਕ ਟਰੈਕਟਰ-ਟ੍ਰੇਲਰ ਵਿਚੋਂ ਘੱਟੋ-ਘੱਟ 46 ਗੈਰ-ਕਾਨੂੰਨੀ ਪ੍ਰਵਾਸੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਟਰੱਕ ‘ਚ ਸਵਾਰ ਵਿਅਕਤੀ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸੀ। ਟਰੱਕ ਵਿੱਚ 100 ਤੋਂ ਵੱਧ ਲੋਕ ਸਵਾਰ ਸੀ। ਇਹਨਾਂ ‘ਚੋਂ 16 ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ‘ਚੋਂ 4 ਬੱਚੇ ਵੀ ਹਨ। ਜਦੋਂ ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਉਨ੍ਹਾਂ ਨੂੰ ਬਾਹਰ ਕੱਢਿਆ ਤਾਂ ਉਨ੍ਹਾਂ ਦੀ ਚਮੜੀ ਗਰਮ ਸੀ।
ਜਾਣਕਾਰੀ ਮੁਤਾਬਕ ਗਰਮੀ ਕਾਰਨ ਕੰਟੇਨਰ ‘ਚ ਤਾਪਮਾਨ ਵਧਣ ਕਰਕੇ ਹੀਟ ਸਟ੍ਰੋਕ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਗਈ। ਇਹ 18 ਪਹੀਆਂ ਵਾਲਾ ਟਰੱਕ ਟੈਕਸਾਸ ਦੇ ਸੈਨ ਐਂਟੋਨੀਓ ਸ਼ਹਿਰ ਤੋਂ ਮਿਲਿਆ ਹੈ। ਇਸ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕੀਤੀ ਜਾ ਰਹੀ ਸੀ। ਸੈਨ ਐਂਟੋਨੀਓ ਸ਼ਹਿਰ ਟੈਕਸਾਸ-ਮੈਕਸੀਕੋ ਸਰਹੱਦ ਤੋਂ ਲਗਭਗ 250 ਕਿਲੋਮੀਟਰ ਦੂਰ ਹੈ। ਸੈਨ ਐਂਟੋਨੀਓ ਪੁਲਿਸ ਵਿਭਾਗ ਦੇ ਮੁਖੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ 3 ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਇਸ ਦੇ ਨਾਲ ਹੀ ਟੈਕਸਾਸ ਦੇ ਗਵਰਨਰ ਨੇ ਇਸ ਸਭ ਲਈ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੂੰ ਜਿੰਮੇਵਾਰ ਠਹਿਰਾਇਆ ਹੈ।