ਕਿਵੇਂ ਕੀਤਾ ਸਾਨੂੰ ਪੰਜਾਬੀ ਮਾਂ ਬੋਲੀ ਤੋਂ ਦੂਰ…

14

ਕਿਸੇ ਸਮੇਂ ਦੇ ਸਭ ਤੋਂ ਤਾਕਤਵਰ ਸਾਮਰਾਜ ਬਿ੍ਟੇਨ, ਜਿਸ ਬਾਰੇ ਕਿਹਾ ਜਾਂਦਾ ਸੀ ਕਿ ਉਹਨਾਂ ਦੇ ਰਾਜ ਵਿੱਚ ਸੂਰਜ ਨਹੀਂ ਡੁੱਬਦਾ, ਉਹਨਾਂ ਦੇ ਆਪਣੇ ਦੇਸ਼ ਵਿੱਚ ਪ੍ਰਾਇਮਰੀ ਸਿੱਖਿਆ ਐਕਟ 1870 ਵਿੱਚ ਬਣਿਆ ਅਤੇ 1880 ਵਿੱਚ ਹਰ ਕਿਸੇ ਲਈ ਪੜਾਈ ਲਾਜ਼ਮੀ ਕੀਤੀ ਗਈ। ਅੱਜ ਦੇ ਸਮੇਂ ‘ਚ ਸਭ ਤੋਂ ਤਾਕਤਵਰ ਦੇਸ਼ ਯੂਨਾਈਟਡ ਸਟੇਟਸ ਆਫ਼ ਅਮਰੀਕਾ ਦੀ ਸਟੇਟ ਮੈਸਾਚੂਸਟਸ ‘ਚ ਸਭ ਤੋਂ ਪਹਿਲਾ 1852 ‘ਚ ਸਿੱਖਿਆ ਲਾਜ਼ਮੀ ਕੀਤੀ ਗਈ ਅਤੇ ਹੌਲੀ ਹੌਲੀ 1918 ਤੱਕ ਸਭ ਤੋਂ ਅਖ਼ੀਰ ਵਿੱਚ ਮਿਸੀਸਿਪੀ ‘ਚ ਪ੍ਰਾਇਮਰੀ ਸਿੱਖਿਆ ਲਾਜ਼ਮੀ ਕੀਤੀ ਗਈ। ਪਰ ਸਿੱਖ ਰਾਜ ਪੰਜਾਬ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ 1799 ‘ਚ ਗੁਜਜਰਾਂਵਾਲਾ ਨੂੰ ਛੱਡ ਕੇ ਲਾਹੌਰ ਨੂੰ ਰਾਜਧਾਨੀ ਬਣਾਇਆ ਤਾਂ ਉਹਨਾਂ ਨੇ ਆਪਣੇ ਫੈਸਲਿਆਂ ਵਿੱਚ ਸ਼ੁਰੂ ਦੇ ਹੀ ਸਾਲਾਂ ‘ਚ ਹਰ ਕਿਸੇ ਲਈ ਸਿੱਖਿਆ ਲਾਜ਼ਮੀ ਕਰਨ ਦਾ ਹੁਕਮ ਸੁਣਾ ਦਿੱਤਾ।

ਮਹਾਰਾਜਾ ਨੇ ਇੱਕ ਕਾਇਦਾ ਜਾਰੀ ਕੀਤਾ, ਜਿਸ ਨੂੰ ਪੜ੍ਹ ਕੇ ਗੁਰਮੁਖੀ ਅਤੇ ਫ਼ਾਰਸੀ ਨੂੰ ਆਸਾਨੀ ਨਾਲ 3 ਮਹੀਨੇ ‘ਚ ਸਿੱਖਿਆ ਜਾ ਸਕਦਾ ਸੀ ਅਤੇ ਇਸ ਵਿੱਚ ਗਣਿਤ ਦਾ ਮੁੱਢਲਾ ਗਿਆਨ ਵੀ ਦਿੱਤਾ ਗਿਆ ਸੀ ਤਾਂ ਹਰ ਕੋਈ ਹਿਸਾਬ-ਕਿਤਾਬ ਦਾ ਕੰਮ ਵੀ ਆਪਣੇ ਆਪ ਕਰ ਸਕੇ। ਮਹਾਰਾਜਾ ਰਣਜੀਤ ਸਿੰਘ ਨੇ ਇਹ ਕਾਇਦੇ ਪਿੰਡਾਂ ‘ਚ ਤਹਿਸੀਲਦਾਰ ਰਾਹੀਂ ਭੇਜੇ ਅਤੇ ਉਹਨਾਂ ਨੂੰ ਹਰ ਪਿੰਡ ‘ਚ ਇਹ ਕਾਇਦਾ ਵੰਡਣ ਦੇ ਹੁਕਮ ਦਿੱਤੇ।

ਮਹਾਰਾਜਾ ਨੇ ਇਸ ਨਾਲ ਇਹ ਹੁਕਮ ਵੀ ਜਾਰੀ ਕੀਤਾ ਕਿ 3 ਮਹੀਨੇ ਵਿੱਚ ਇਹ ਕਾਇਦਾ ਆਪ ਸਿੱਖਣ ਤੋਂ ਬਾਅਦ ਹਰ ਕਿਸੇ ਨੇ ਇਸ ਤਰਾਂ ਦੇ 5 ਕਾਇਦੇ ਤਿਆਰ ਕਰਕੇ ਪੰਜ ਲੋਕਾਂ ਨੂੰ ਹੋਰ ਪੜ੍ਹਾਉਣਾ ਅਤੇ ਚਿੱਠੀ ਲਿਖ ਕੇ ਮਹਾਰਾਜ ਦੇ ਦਰਬਾਰ ਨੂੰ ਇਸ ਬਾਰੇ ਜਾਣਕਾਰੀ ਦੇਣੀ ਹੈ। ਇਸ ਤਰਾਂ ਥੋੜੇ ਸਾਲਾਂ ਵਿੱਚ ਹੀ ਪੰਜਾਬ ਦੇ ਬਹੁਤ ਸਾਰੇ ਲੋਕ ਚਿੱਠੀ ਪੜਨ ਲਿਖਣ ਅਤੇ ਹਿਸਾਬ-ਕਿਤਾਬ ਕਰਨ ਦੇ ਯੋਗ ਹੋ ਗਏ।

ਅੰਗਰੇਜ਼ ਪ੍ਰੋ ਲਿਟਨਰ ਨੇ ਇਹ ਖੁਲਾਸਾ ਕੀਤਾ ਸੀ ਜਦੋਂ 1849 ‘ਚ ਪੰਜਾਬ ਅੰਗਰੇਜ਼ਾਂ ਦੇ ਕਬਜ਼ੇ ਹੇਠ ਆਇਆ ਤਾਂ ਪੰਜਾਬ’ਚ ਸਿੱਖਿਆ ਪ੍ਰਬੰਧ ਬਾ-ਕਮਾਲ ਸਨ, ਉਸ ਸਮੇਂ ਇੱਕਲੇ ਲਾਹੌਰ ਸ਼ਹਿਰ ‘ਚ 14 ਲੜਕਿਆਂ ਦੇ ਸਕੂਲ ਸਨ ਅਤੇ 12 ਲੜਕੀਆਂ ਦੇ ਸਕੂਲ ਸਨ। ਇਸ ਤੋਂ ਇਲਾਵਾ ਲਾਹੌਰ ‘ਚ ਕਲਾ, ਦਸਤਕਾਰੀ ਅਤੇ ਹੁਨਰ ਨੂੰ ਤਰਾਸ਼ਣ ਲਈ ਵਿਸ਼ੇਸ਼ ਅਦਾਰੇ ਕਾਇਮ ਕੀਤੀ ਗਏ ਸਨ, ਜਿਥੇ ਸਿੱਖਿਆ ਪ੍ਰਾਪਤ ਕਰਕੇ ਪੰਜਾਬ ਦੇ ਲੋਕ ਆਪਣੇ ਕਾਰੋਬਾਰ ਸਥਾਪਤ ਕਰਦੇ ਸਨ।

ਉਸ ਸਮੇਂ ਪੰਜਾਬ ‘ਚ ਪੜ੍ਹੇ ਲਿਖੇ ਲੋਕਾਂ ਦੀ ਦਰ ‘ਚ ਬਿ੍ਟਿਸ਼ ਇੰਡੀਆ ਨਾਲੋਂ ਵੱਡਾ ਫ਼ਰਕ ਸੀ (ਜਿੱਥੇ ਅੰਗਰੇਜ਼ ਲਗਭਗ ਪਿਛਲੇ 100 ਸਾਲਾਂ ਤੋਂ ਵੱਧ ਸਮੇਂ ਤੋਂ ਆਪਣਾ ਰਾਜ ਕਰ ਰਹੇ ਸਨ)। ਫਿਰ ਜਦੋਂ 1849 ਵਿੱਚ ਅੰਗਰੇਜ਼ਾਂ ਨੇ ਜਨ-ਗਣਤਾ ਕਰਵਾਈ ਤਾਂ ਡਾਕਟਰ ਲੋਗਨ ਵੱਲੋਂ ਤਿਆਰ ਕਰਵਾਈ ਇਸ ਰਿਪੋਰਟ ‘ਚ ਪਤਾ ਲੱਗਾ ਕਿ ਸਿੱਖ ਰਾਜ ਦੀ ਰਾਜਧਾਨੀ ਲਾਹੌਰ ਦੇ 87% ਲੋਕ ਪੜ੍ਹੇ ਲਿਖੇ ਸਨ ਅਤੇ ਕੁਲ ਪੰਜਾਬ ‘ਚ 78% ਲੋਕ ਪੜ੍ਹੇ ਲਿਖੇ ਸਨ, ਜਿਸ ਵਿੱਚ ਔਰਤਾਂ ਦੀ ਪ੍ਰਤੀਸ਼ਤ ਮਰਦਾਂ ਨਾਲੋਂ ਵਧੇਰੇ ਸੀ।
ਇਸ ਤਰਾਂ ਸਿੱਖ ਰਾਜ ਪੰਜਾਬ ਆਪਣੇ ਆਪ ਨੂੰ ਗਿਆਨਵਾਨ ਅਤੇ ਰੌਸ਼ਨ ਖਿਆਲ (enlightened) ਅਖਵਾਉਣ ਵਾਲੇ ਯੂਰਪ ਤੋਂ ਕਾਫ਼ੀ ਅੱਗੇ ਸੀ। ਸਿੱਖਾਂ ਦੇ ਵਿੱਚ ਵੱਡੇ ਵਿਦਵਾਨ ਵਰਗ ਨੂੰ ਦੇਖਦੇ ਹੋਏ ਚਾਰਲਸ ਨੇਪੀਅਰ ਨੇ 1849 ਵਿੱਚ ਆਖਿਆ, ਹਾਲੇ (ਅਸੀਂ) ਪੰਜਾਬ ‘ਤੇ ਸਿਰਫ਼ ਕਬਜ਼ਾ ਕੀਤੈ ਪਰ ਇਹ ਅਜੇ ਜਿੱਤਿਆ ਨਹੀਂ। ਪੰਜਾਬੀਆਂ ਤੇ ਉਨਾਂ ਦੀ ਭਾਸ਼ਾ ਨੂੰ ਫ਼ਤਿਹ ਕਰਨਾ ਅਜੇ ਬਾਕੀ ਹੈ… ਹਾਲੇ ਸਿਰਫ਼ ਪੰਜਾਬੀਆਂ ਦੇ ਸਰੀਰਾਂ ਨੂੰ ਗ਼ੁਲਾਮੀ ਦੀਆਂ ਜੰਜ਼ੀਰਾਂ ਵਿੱਚ ਜਕੜਿਆ ਜਾ ਸਕਿਆ ਹੈ। ਉਹਨਾਂ ਦੇ ਦਿਲਾਂ, ਦਿਮਾਗਾਂ ਅਤੇ ਰੂਹਾਂ ਨੂੰ ਹਾਲੇ ਗ਼ੁਲਾਮ ਬਣਾਉਣਾ ਬਾਕੀ ਹੈ।

ਇਸ ਤੋਂ ਪਿੱਛੋ ਲਾਹੌਰ ਦਰਬਾਰ ਵੱਲੋਂ ਜਾਰੀ ਕੀਤੇ ਕਾਇਦੇ ਉੱਪਰ ਪਾਬੰਦੀ ਲਗਾ ਕੇ ਉਸ ਨੂੰ ਫੂਕਣ ਦਾ ਕੰਮ ਸ਼ੁਰੂ ਕੀਤਾ ਗਿਆ। ਪੰਜਾਬੀ ਕਾਇਦੇ ਉੱਤੇ ਸਰਕਾਰੀ ਧਾਵੇ ਦਾ ਖੁਲਾਸਾ ਕਰਦਿਆਂ ਲਹਿੰਦੇ ਪੰਜਾਬ ਦੇ ਲੇਖਕ ਮੁਹੰਮਦ ਜ਼ਕਰੀਆ ਆਫਤਾਬ ਨੇ ਲਿਖਿਆ ਹੈ ਕਿ ਅੰਗਰੇਜ਼ਾਂ ਵੱਲੋਂ ਸਰਕਾਰੀ ਇਸ਼ਤਿਹਾਰਾਂ ਵਿੱਚ ਹੋਕਾ ਦਿੰਦਿਆ ਕਿਹਾ ਗਿਆ ਕਿ ਜਿਹੜਾ ਬੰਦਾ ਅੰਗਰੇਜ਼ ਸਰਕਾਰ ਕੋਲ ਆਪਣੀ ਰਜ਼ਾਮੰਦੀ ਨਾਲ ਤਲਵਾਰ ਆਦਿ ਹਥਿਆਰ ਜਮ੍ਹਾ ਕਰਵਾਏਗਾ, ਉਸ ਨੂੰ ਦੋ ਆਨੇ ਇਨਾਮ ਦਿੱਤਾ ਜਾਵੇਗਾ, ਜਦਕਿ ਜਿਹੜਾ ਪੰਜਾਬੀ ਕਾਇਦਾ ਜਮ੍ਹਾ ਕਰਵਾਏਗਾ, ਉਸ ਨੂੰ ਇਸ ਤੋਂ ਤਿੰਨ ਗੁਣਾਂ ਰਕਮ ਭੇਟ ਕੀਤੀ ਜਾਵੇਗੀ, ਯਾਨੀ ਕਿ ਛੇ ਆਨੇ ਦਿੱਤੇ ਜਾਣਗੇ, ਜਿਹੜੀ ਉਸ ਜ਼ਮਾਨੇ ਵਿੱਚ ਚੰਗੀ ਭਲੀ ਰਕਮ ਸੀ।

ਇਸ ਦੇ ਨਾਲ ਅੰਗਰੇਜ਼ਾਂ ਨੇ ਪੰਜਾਬੀ ਨੂੰ ਜੜ੍ਹੋਂ ਪੁੱਟਣ ਲਈ ਅਤੇ ਇਸ ਦਾ ਤਲਾ ਮੁਲਾ ਹੂੰਝਣ ਲਈ ਅਤੇ ਇਸ ਦੀ ਥਾਂ ਉਰਦੂ ਦਾ ਬੂਟਾ ਲਾਉਣ ਲਈ ਜੰਗੀ ਪੱਧਰ ‘ਤੇ ਕੰਮ ਸ਼ੁਰੂ ਕੀਤਾ। ਸਰ ਡੋਨਲਡ ਨੇ ਪੰਜਾਬ ਦਾ ਲੈਫ਼ਟੀਨੈਂਟ ਗਵਰਨਰ ਬਣਨ ਮਗਰੋਂ ਇਹ ਹੁਕਮ ਜਾਰੀ ਕੀਤਾ, “ਪਹਿਲੇ ਮਰਹਲੇ ਵਿੱਚ ਪੰਜਾਬ ਦੇ ਪੜ੍ਹੇ ਲਿਖੇ ਲੋਕਾਂ ਨੂੰ ਉਰਦੂ ਸਿਖਾਈ ਜਾਵੇ, ਫਿਰ ਇਸ ਟੋਲੇ ਰਾਹੀਂ ਪੂਰੇ ਪੰਜਾਬ ਦੀ ਜੂਨ ਬਦਲੀ ਜਾਵੇ।”

ਪੰਜਾਬੀ ਨੂੰ ਖਤਮ ਕਰਨ ਲਈ ਉਸ ਸਮੇਂ ਸਰਕਾਰੀ ਬੁੱਕ ਡੀਪੂ ਕਾਇਮ ਕੀਤੇ ਅਤੇ ਲੱਖਾਂ ਰੁਪਏ ਖਰਚ ਕੇ ਉਰਦੂ ਦੀਆਂ ਕਿਤਾਬਾਂ ਛਾਪੀਆਂ ਅਤੇ ਵੰਡੀਆਂ ਗਈਆਂ। ਜਿਹੜਾ ਰਵੱਈਆ ਅੰਗਰੇਜ਼ਾਂ ਵੱਲੋਂ ਪੰਜਾਬੀ ਭਾਸ਼ਾ ਅਤੇ ਸਿੱਖਾਂ ਲਈ ਅਪਣਾਇਆ ਗਿਆ, ਬਿਲਕੁਲ ਉਹੀ ਰਵੱਈਆ ਅੰਗਰੇਜ਼ਾਂ ਦੇ ਜਾਣ ਤੋਂ ਪਿੱਛੋਂ ਭਾਰਤ ਦੇ ਹਿੰਦੂ ਹੁਕਮਰਾਨਾਂ ਵੱਲੋਂ ਅਪਣਾਇਆ ਗਿਆ। ਪੰਜਾਬੀਆਂ/ਸਿੱਖਾਂ ਨੂੰ ਗੁਲਾਮ ਬਣਾ ਕੇ ਰੱਖਣ ਲਈ ਉਹਨਾਂ ਦੀ ਮਾਂ ਬੋਲੀ ਤੋਂ ਉਹਨਾਂ ਨੂੰ ਦੂਰ ਕਰਨਾ ਅੱਜ ਭਾਰਤ ਦੀ ਉਸ ਤਰਾਂ ਲੋੜ ਹੈ, ਜੋ ਕਿ ਪਹਿਲਾਂ ਅੰਗਰੇਜ਼ਾਂ ਦੀ ਲੋੜ ਸੀ।

ਅੱਜ ਪੰਜਾਬੀਆਂ ਤੇ ਰਾਸ਼ਟਰਵਾਦ ਦੀ ਪਾਣ ਚਾੜਨ ਲਈ ਪੰਜਾਬ ‘ਚ ਹਿੰਦੀ ਦਾ ਪ੍ਰਚਾਰ ਪਸਾਰ ਕੀਤਾ ਜਾ ਰਿਹਾ ਹੈ। ਉਦਾਹਰਣ ਵਜੋਂ ਅੱਜ ਪੰਜਾਬ ‘ਚ ਦਰਜਣ ਤੋਂ ਵੱਧ ਰੋਜ਼ਾਨਾ ਹਿੰਦੀ ਅਖ਼ਬਾਰ ਛਪ ਰਹੇ ਹਨ ਅਤੇ ਪੰਜਾਬੀ ਹਿੰਦੂ ਅਤੇ ਸ਼ਹਿਰੀ ਸਿੱਖ ਇਸ ਬੇਗਾਨੀ ਬੋਲੀ ਨੂੰ ਬਿਨਾਂ ਸੋਚੇ ਸਮਝੇ ਆਪਣੇ ਘਰਾਂ ‘ਚ ਵਾੜ ਰਹੇ ਹਨ। ਅਫ਼ਸੋਸ ਦੀ ਗੱਲ ਇਹ ਅੱਜ ਆਪਣਾ ਰਾਜ ਖੁੱਸਣ ਤੋਂ ਡੇਢ ਸਦੀ ਤੋਂ ਵੀ ਵੱਧ ਸਮੇਂ ਬਾਅਦ ਅਸੀਂ ਬੁਰੀ ਤਰਾਂ ਪੱਛੜ ਚੁੱਕੇ ਹਾਂ। ਸਿੱਖ ਰਾਜ ਵੇਲੇ ਦੀ ਸਿੱਖਿਆ ਪ੍ਰਣਾਲੀ ਦਾ ਅੱਜ ਖੁਰਾ ਖੋਜ ਮਿਟ ਚੁੱਕਾ ਹੈ ਅਤੇ ਪੰਜਾਬੀ ਅਵੇਸਲੇ ਬੈਠੇ ਹਨ।

ਸਤਵੰਤ ਸਿੰਘ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?
Verified by MonsterInsights