ਦੁੱਧ ਚੁੰਘਾ ਕੇ ਮਾਂ ਬੱਚੇ ਨੂੰ “ਮੋਢੇ” ਲਾਉਂਦੀ ਹੈ।
ਮਾਂ ਦੇ “ਮੋਢੇ” ‘ਤੇ ਬੱਚੇ ਨੂੰ ਨੀਂਦਰ ਆਉਂਦੀ ਹੈ।
ਸੱਚ ਪੁੱਛੋਂ ਤਾਂ ਇਹੀ ਉਮਰ ਸੁਹਾਨੀ ਬੰਦੇ ਦੀ—–
ਪਾਪਾ ਮੈਨੂੰ ਚੁੱਕ “ਮੋਢੇ” ਫਿਰ ਬੱਚਾ ਕਹਿੰਦਾ ਹੈ।
ਫਿਰ ਡੈਡੀ ਦੇ “ਮੋਢਿਆਂ” ਉੱਤੇ ਝੂਟੇ ਲੈਂਦਾ ਹੈ।
ਮੰਨੋ ਹਰ ਇੱਕ ਗੱਲ ਜਾਂਦੀ ਪ੍ਰਵਾਨੀ ਬੰਦੇ ਦੀ —-
ਫਿਰ ਹੁੰਦਾ ਹੁਸ਼ਿਆਰ ਤੇ ਹਾਂ ਹੂੰ ਕਹਿ ਕੇ ਸਾਰ ਦਵੇ।
ਕੰਮ ਨੂੰ ਕਹਿੰਦੇ ਮਾਪੇ ਮੁੰਡਾ “ਮੋਢਾ” ਮਾਰ ਦਵੇ।
ਚੜ੍ਹਦੀ ਜਾਂਦੀ ਸੋਚ ਹੈ ਫਿਰ ਅਸਮਾਨੀ ਬੰਦੇ ਦੀ—-
ਆਈ ਜਵਾਨੀ ਫਿਰ ਬੰਦਾ “ਮੋਢਿਆਂ” ਤੋਂ ਥੁੱਕਦਾ ਹੈ।
ਬਿਨ ਗੱਲੋਂ ਗਲ਼ ਪੈਂਦਾ ਨਹੀਂ ਰੋਕਿਆਂ ਰੁੱਕਦਾ ਹੈ।
ਇਓਂ “ਮੋਢਿਆਂ” ਤੋਂ ਥੁੱਕਦੀ ਫਿਰੇ ਜਵਾਨੀ ਬੰਦੇ ਦੀ—-
“ਮੋਢੇ” ਜੋੜ ਜੋੜ ਕੇ ਤੁਰਨਾ ਕੰਮ ਜਵਾਨੀ ਦਾ।
ਨਹੀਂ ਕਿਸੇ ਨੂੰ ਗਿਣਦਾ ਮਨ ਚੰਦਰੇ ਅਭਿਮਾਨੀ ਦਾ
“ਮੋਢੇ” ਖਹਿਣ ਕਸੂਤੀ ਕਰਦੇ ਹਾਨੀ ਬੰਦੇ ਦੀ——
ਸਿਰ ਤੋਂ “ਮੋਢਿਆਂ” ਤੱਕ ਫਿਰ ਗ੍ਰਹਿਸਤ ਪੰਜਾਲੀ ਪਾਉਂਦੀ ਹੈ।
“ਮੋਢੇ” ਦਾ ਲੜ੍ਹ ਫੜ੍ਹਕੇ ਫਿਰ ਘਰਵਾਲੀ ਆਉਂਦੀ ਹੈ।
ਅੱਧ ਦੀ ਮਾਲਕ ਬਣਦੀ ਫੇਰ ਜਨਾਨੀ ਬੰਦੇ ਦੀ —–
ਫਿਰ ਬੱਚੇ ਬੱਚੀਆਂ ਦਾ “ਮੋਢਿਆਂ” ਉੱਤੇ ਭਾਰ ਪਵੇ।
“ਮੋਢੇ” ਲਿੱਫ਼ਦੇ ਜਾਂਦੇ ਜਦ ਦੁੱਖਾਂ ਦੀ ਮਾਰ ਪਵੇ।
ਢਹਿਣ ਲੱਗ ਪਵੇ ਅੰਦਰਲੀ ਭਲਵਾਨੀ ਬੰਦੇ ਦੀ—–
ਬੁੱਢਾ ਹੋ ਕੇ ਭਾਲੇ ਫੇਰ ਸਹਾਰਾ “ਮੋਢੇ” ਦਾ।
ਬੰਦਾ ਫੇਰ ਮੁਥਾਜੀ ਬਣੇ ਦੁਬਾਰਾ “ਮੋਢੇ” ਦਾ।
ਜਾਪੇ ਹੁਣ ਨਹੀਂ ਕੀਮਤ ਰਹੀ ਦੁਆਨੀ ਬੰਦੇ ਦੀ —-
ਇਓਂ ਬੰਦੇ ਨੇ “ਮੋਢਿਆਂ” ਵਾਲਾ ਸਫ਼ਰ ਮੁਕਾਣਾ ਹੈ।
ਚੌਂਹ ਬੰਦਿਆਂ ਦੇ “ਮੋਢੇ” ਚੜ੍ਹ ਮੜੀਆਂ ਵਿੱਚ ਜਾਣਾ ਹੈ।
ਅਰਥੀ ਫੇਰ “ਭਮੱਦੀ” ਚੁੱਕਦੇ ਕਾਨ੍ਹੀ ਬੰਦੇ ਦੀ —-
ਮੋਢਿਆਂ ਤੋਂ ਮੋਢਿਆਂ ਤੱਕ ਹੈ ਜ਼ਿਦਗਾਨੀ ਬੰਦੇ ਦੀ।
ਤਰਲੋਚਨ ਸਿੰਘ ਭਮੱਦੀ ( ਢਾਡੀ)
ਫੋਨ ਤੇ ਵਟਸਅੱਪ ਨੰਬਰ +919814700348
03 ਜੁਲਾਈ 2022
Author: Gurbhej Singh Anandpuri
ਮੁੱਖ ਸੰਪਾਦਕ