ਅੰਮ੍ਰਿਤਸਰ 3 ਜੁਲਾਈ ( ਹਰਮੇਲ ਸਿੰਘ ਹੁੰਦਲ ) ਭਾਰਤ ਦੀ ਆਜ਼ਾਦੀ ਤੋਂ 8 ਸਾਲ ਬਾਅਦ ਹੀ ਹਕੂਮਤ ਵੱਲੋਂ ਸ੍ਰੀ ਦਰਬਾਰ ਸਾਹਿਬ ਤੇ ਕੀਤੇ ਹਮਲੇ ਦੀ ਯਾਦ ਸਿੱਖ ਜਥੇਬੰਦੀਆਂ ਵੱਲੋਂ ਮਨਾਈ ਜਾਵੇਗੀ। ਇਸ ਹਮਲੇ ਨੂੰ ਯਾਦ ਕਰਦਿਆਂ 4 ਜੁਲਾਈ 2022 ਨੂੰ ਗੁਰਦੁਆਰਾ ਸੰਤੋਖਸਰ ਸਾਹਿਬ ਤੋਂ ਸ੍ਰੀ ਅਕਾਲ ਸਾਹਿਬ ਤੱਕ ਮਾਰਚ ਕਰਨ ਉਪਰੰਤ ਅਰਦਾਸ ਕੀਤੀ ਜਾਵੇਗੀ ਤਾਂ ਕਿ ਸਿੱਖਾਂ ਦੀ ਸਮੂਹਿਕ ਯਾਦ ਅੰਦਰ ਇਹ ਗੱਲ ਤਾਜ਼ਾ ਕੀਤੀ ਜਾਵੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਵਾਜ਼ ਏ ਕੌਮ ਜਥੇਬੰਦੀ ਦੇ ਸਰਪ੍ਰਸਤ ਭਾਈ ਨੋਬਲਜੀਤ ਸਿੰਘ ਬੁੱਲੋਵਾਲ, ਪ੍ਰਧਾਨ ਭਾਈ ਮਨਜੀਤ ਸਿੰਘ ਕਰਤਾਰਪੁਰ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਭੁਪਿੰਦਰ ਸਿੰਘ ਛੇ ਜੂਨ ਅਤੇ ਨੀਲੀਆਂ ਫ਼ੌਜਾਂ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਨੀਲੀਆਂ ਫੌਜਾਂ ਨੇ ਕਿਹਾ ਭਾਰਤੀ ਰਾਜ ਨੇ 1984 ਤੋਂ ਲੈ ਕੇ ਹੁਣ ਤੱਕ ਸਿੱਖ ਦੇਹ ਅਤੇ ਰੂਹ ਨੂੰ ਕਈ ਜਖ਼ਮ ਦਿੱਤੇ ਹਨ। 1984 ਵਿੱਚ ਭਾਰਤੀ ਹਕੂਮਤ ਵੱਲੋਂ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਗਿਆ, ਜਿਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਟੈਂਕਾਂ-ਤੋਪਾਂ ਨਾਲ ਢਹਿ-ਢੇਰੀ ਕੀਤਾ ਗਿਆ ਅਤੇ ਅਨੇਕਾਂ ਸਿੱਖ ਸ਼ਰਧਾਲੂਆਂ ਨੂੰ ਸ਼ਹੀਦ ਕੀਤਾ ਗਿਆ। ਪਰ ਭਾਰਤੀ ਹਕੂਮਤ ਵੱਲੋਂ ਸ਼੍ਰੀ ਦਰਬਾਰ ਸਾਹਿਬ ‘ਤੇ ਕੀਤਾ ਗਿਆ ਇਹ ਪਹਿਲਾ ਹਮਲਾ ਨਹੀਂ ਸੀ, ਇਸ ਤੋਂ ਪਹਿਲਾਂ 4 ਜੁਲਾਈ 1955 ਨੂੰ ਪੰਜਾਬ ਪੁਲਿਸ ਵੱਲੋਂ ਸ੍ਰੀ ਦਰਬਾਰ ਸਾਹਿਬ ‘ਤੇ ਪਹਿਲਾ ਹਮਲਾ ਕੀਤਾ ਗਿਆ ਸੀ। ਆਗੂਆਂ ਨੇ ਕਿਹਾ ਕਿ ਇਸ ਗੱਲ ਤੋਂ ਚਾਹੇ ਸਿੱਖ ਸਮਾਜ ਦਾ ਵੱਡਾ ਹਿੱਸਾ ਭਾਵੇਂ ਅਣਜਾਣ ਹੈ ਪਰ ਇਹ ਹਮਲਾ ਵੀ ਘੱਟ ਕਹਿਰਵਾਨ ਨਹੀਂ ਸੀ, ਇਸ ਹਮਲੇ ਚ ਨਿਹੱਥੇ ਸਿੱਖ ਸ਼ਰਧਾਲੂਆਂ ਤੇ ਅੰਨ੍ਹੇਵਾਹ ਲਾਠੀਚਾਰਜ ਕੀਤਾ ਗਿਆ, ਗੋਲੀਆਂ ਚਲਾਈਆਂ ਗਈਆਂ, ਅੱਥਰੂ ਗੈਸ ਦੇ ਗੋਲ਼ੇ ਸ੍ਰੀ ਦਰਬਾਰ ਸਾਹਿਬ ਜੀ ਵੱਲ ਤਾਬੜ-ਤੋੜ ਸੁੱਟੇ ਗਏ। ਇਸ ਹਮਲੇ ਚ ਕਈ ਸ਼ਰਧਾਲੂ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਅਤੇ ਦੋ ਸਿੰਘ ਸ਼ਹੀਦ ਹੋਏ। ਉਹਨਾਂ ਕਿਹਾ ਉਸ ਵੇਲੇ ਪੰਜਾਬੀ ਸੂਬਾ ਮੋਰਚਾ ਚੱਲ ਰਿਹਾ ਸੀ ਤੇ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਅਰੇ ਤੇ ਸਰਕਾਰ ਵਲੋਂ ਪਾਬੰਦੀ ਲਾਈ ਗਈ ਸੀ ਤੇ ਇਸ ਪਾਬੰਦੀ ਨੂੰ ਹਟਾਉਣ ਲਈ ਦਰਬਾਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਵਿਚ ਸੰਗਤ ਇਕੱਠੀ ਹੋਈ ਸੀ ਤੇ ਉਨ੍ਹਾਂ ਨੇ ਗ੍ਰਿਫਤਾਰੀਆਂ ਵੀ ਦਿੱਤੀਆਂ ਸਨ। ਇਸ ਹਮਲੇ ਨੇ ਭਾਰਤੀ ਹਕੂਮਤ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਕਿ ਇੱਥੇ ਜ਼ਮਹੂਰੀਅਤ ਨਾਂਅ ਦੀ ਸ਼ਹਿ ਕੋਈ ਹੋਂਦ ਨਹੀਂ ਰੱਖਦੀ। ਇਸ ਮੌਕੇ ਰਣਵੀਰ ਸਿੰਘ ਬੈਂਸਤਾਨੀ, ਕਮਲਜੀਤ ਸਿੰਘ ਨਸਰਾਲਾ, ਕਰਨੈਲ ਸਿੰਘ ਘੋੜੇਬਾਹਾ, ਸੁਖਮਨ ਸਿੰਘ ਧਾਲੀਵਾਲ, ਸ਼ਰਨਜੀਤ ਸਿੰਘ ਚੌਲਾਂਗ, ਸਨਮ ਸਿੰਘ ਟਾਂਡਾ, ਸੰਦੀਪ ਸਿੰਘ ਟਾਂਡਾ, ਰਵਿੰਦਰ ਸਿੰਘ ਖੱਬਲਾਂ, ਰਾਜਵੀਰ ਸਿੰਘ ਪੱਖੋਵਾਲ, ਜਤਿੰਦਰ ਸਿੰਘ ਹਿਆਲਾ, ਸਤਵੀਰ ਸਿੰਘ ਸਾਂਧਰਾ, ਰਵਿੰਦਰ ਸਿੰਘ ਸਾਦਾਰਾਈਆਂ, ਗੁਰਪ੍ਰੀਤ ਸਿੰਘ ਲਾਂਬੜਾ, ਸਤਵੰਤ ਸਿੰਘ ਰੰਧਾਵਾ ਬਰੌਟਾ, ਫਤਿਹ ਸਿੰਘ ਨਸਰਾਲਾ, ਰਾਜਾ ਸਿੰਘ ਮੁਕੀਮਪੁਰ, ਸਾਂਈ ਕੰਗ, ਅਜੇ ਸਿੰਘ ਨਾਰਾ-ਡਾਡਾ, ਸੁਖਵਿੰਦਰ ਸਿੰਘ ਹੁਸ਼ਿਆਰਪੁਰ, ਮਨੀਤ ਸਿੰਘ ਅਸਲਾਮਾਬਾਦ , ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ