ਅੰਮ੍ਰਿਤਸਰ 4 ਜੁਲਾਈ ( ਹਰਮੇਲ ਸਿੰਘ ਹੁੰਦਲ ) ਅੱਜ ਦੇ ਦਿਨ 4 ਜੁਲਾਈ 1955 ਨੂੰ ਸ਼੍ਰੀ ਦਰਬਾਰ ਸਹਿਬ ਜੀ ‘ਤੇ ਭਾਰਤੀ ਹਕੂਮਤ ਵਲੋਂ ਕੀਤੇ ਪਹਿਲੇ ਹਮਲੇ ਦੀ 67ਵੀਂ ਵਰ੍ਹੇਗੰਢ ‘ਤੇ ਆਵਾਜ਼-ਏ-ਕੌਮ ਦੇ ਸੱਦੇ ‘ਤੇ ਸਿੱਖ ਜਥੇਬੰਦੀਆਂ ਦਾ ਭਾਰੀ ਇਕੱਠ ਗੁਰਦੁਆਰਾ ਸ਼੍ਰੀ ਸੰਤੋਖਸਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ। ਜਿਸ ਵਿੱਚ ਅਕਾਲ ਯੂਥ, ਵਾਰਿਸ ਪੰਜਾਬ ਦੇ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਜਥਾ ਸਿਰਲੱਥ ਖ਼ਾਲਸਾ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀਆਂ ਦੇ ਆਗੂਆਂ ਨੇ ਸ਼ਿਰਕਤ ਕੀਤੀ।
ਗੁਰਦੁਆਰਾ ਸ਼੍ਰੀ ਸੰਤੋਖਸਰ ਸਾਹਿਬ ਜੀ ਤੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੱਕ ਸਾਰੀਆਂ ਜਥੇਬੰਦੀਆਂ ਵੱਲੋਂ ਮਾਰਚ ਕੀਤਾ ਗਿਆ। ਇਸ ਮਾਰਚ ਵਿੱਚ ਨੌਜਵਾਨਾਂ ਨੇ ਭਾਰਤੀ ਹਕੂਮਤ ਵਲੋਂ 4 ਜੁਲਾਈ 1955 ਨੂੰ ਸ਼੍ਰੀ ਦਰਬਾਰ ਸਹਿਬ ਜੀ ‘ਤੇ ਕੀਤੇ ਪਹਿਲੇ ਹਮਲੇ ਦੇ ਦੁਖਾਂਤ ਦੀਆਂ ਤਸਵੀਰਾਂ ਹੱਥਾਂ ਵਿਚ ਫੜ੍ਹੀਆਂ ਹੋਈਆਂ ਸਨ ਅਤੇ “ਭਾਰਤੀ ਹਕੂਮਤ ਮੁਰਦਾਬਾਦ”, “ਰਾਜ ਕਰੇਗਾ ਖ਼ਾਲਸਾ’ ਦੇ ਨਾਅਰੇ ਲਗਾਏ ਗਏ।
ਆਵਾਜ਼ ਏ ਕੌਮ ਜਥੇਬੰਦੀ ਦੇ ਮੁੱਖ ਸੇਵਾਦਾਰ ਮਨਜੀਤ ਸਿੰਘ ਕਰਤਾਰਪੁਰ ਨੇ ਕਿਹਾ ਕਿ ਸਿੱਖ ਕੌਮ ਇਸ ਆਸ ਨਾਲ ਭਾਰਤੀ ਰਾਜ ਵਿੱਚ ਸ਼ਾਮਲ ਹੋਈ ਸੀ ਕਿ ਉਨ੍ਹਾਂ ਨੂੰ ਇਸ ਰਾਜ ਵਿੱਚ ਬਰਾਬਰੀ ਦਾ ਹੱਕ ਦਿੱਤਾ ਜਾਵੇਗਾ। ਭਾਰਤੀ ਰਾਜ ਨੇ ਵੀ ਸਿੱਖਾਂ ਨੂੰ ਇਹ ਸੁਪਨਾ ਦਿਖਾਇਆ ਸੀ ਕਿ ਭਾਰਤ ਦੇ ਉੱਤਰ-ਪੱਛਮ ਵਿਚ ਉਨ੍ਹਾਂ ਨੂੰ ਅਜਿਹਾ ਰਾਜ ਦਿੱਤਾ ਜਾਵੇਗਾ, ਜਿੱਥੇ ਉਹ ਆਜ਼ਾਦੀ ਦਾ ਨਿੱਘ ਮਾਣ ਸਕਣਗੇ। ਪਰ ਇਹ ਸੁਪਨਾ ਅਖੌਤੀ ਆਜ਼ਾਦੀ ਤੋਂ ਚੰਦ ਦਿਨਾਂ ਬਾਅਦ ਹੀ ਚੂਰ-ਚੂਰ ਹੋ ਗਿਆ। ਇਸ ਲਈ ਇਸ ਵੱਡੇ ਧੋਖੇ ਤੋਂ ਬਾਅਦ ਸਿੱਖਾਂ ਨੇ “ਪੰਜਾਬੀ ਸੂਬਾ ਮੋਰਚਾ” ਲਾਉਣ ਦਾ ਫੈਸਲਾ ਕੀਤਾ ਪਰ ਭਾਰਤੀ ਹਕੂਮਤ ਸੱਤਾ ਵਿੱਚ ਸਿੱਖਾਂ ਨੂੰ ਤਿਲ ਮਾਤਰ ਵੀ ਤਾਕਤ ਦੇਣ ਲਈ ਤਿਆਰ ਨਹੀਂ ਸੀ। ਭਾਰਤੀ ਹਕੂਮਤ ਨੇ ਸਿੱਖਾਂ ਨੂੰ “ਪੰਜਾਬੀ ਸੂਬਾ” ਤਾਂ ਕੀ ਦੇਣਾ ਸੀ, ਉਲਟਾ ਉਨ੍ਹਾਂ ਨੇ ਤਾਂ “ਪੰਜਾਬੀ ਸੂਬਾ ਜ਼ਿੰਦਾਬਾਦ” ਦੇ ਨਾਅਰੇ ‘ਤੇ ਵੀ ਪਾਬੰਦੀ ਲਾ ਦਿੱਤੀ ਸੀ। ਇਸ ਪਾਬੰਦੀ ਨੂੰ ਹਟਾਉਣ ਲਈ ਸਿੱਖਾਂ ਵੱਲੋਂ ਸ਼੍ਰੀ ਦਰਬਾਰ ਸਾਹਿਬ ਤੋਂ ਮੋਰਚਾ ਲਾਇਆ ਗਿਆ ਸੀ।
ਭਾਰਤ ਸਰਕਾਰ ਉਸ ਸਮੇਂ “ਪੰਜਾਬੀ ਸੂਬਾ ਮੋਰਚੇ” ਨੂੰ ਉੱਕਾ ਹੀ ਸਹਿਣ ਕਰਕੇ ਰਾਜ਼ੀ ਨਹੀਂ ਸੀ, ਇਸ ਲਈ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਭੀਮ ਸੈਨ ਸੱਚਰ ਵਲੋਂ ਇਸ ਮੋਰਚੇ ਖਿਲਾਫ ਸਖਤ ਰਵੱਈਆ ਅਖਤਿਆਰ ਕੀਤਾ ਗਿਆ ਸੀ। ਉਸ ਦੇ ਹੁਕਮਾਂ ਨਾਲ ਹੀ ਪੰਜਾਬ ਪੁਲਿਸ ਦੇ ਡੀ.ਆਈ.ਜੀ ਮਹਾਸ਼ਾ ਅਸ਼ਵਨੀ ਕੁਮਾਰ ਵਲੋਂ 4 ਜੁਲਾਈ 1955 ਨੂੰ ਸ਼੍ਰੀ ਦਰਬਾਰ ਸਾਹਿਬ ਜੀ ‘ਤੇ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿੱਚ ਸਿੱਖ ਸੰਗਤਾਂ ‘ਤੇ ਅੰਨ੍ਹੇਵਾਹ ਲਾਠੀਚਾਰਜ ਕੀਤਾ ਗਿਆ, ਗੋਲ਼ੀਆਂ ਚਲਾਈਆਂ ਗਈਆਂ ਅਤੇ ਹੰਝੂ ਗੈਸ ਦੇ ਗੋਲੇ ਛੱਡੇ ਗਏ। ਜਿਸ ਦੌਰਾਨ ਸੈਂਕੜਿਆਂ ਦੀ ਗਿਣਤੀ ਵਿਚ ਸਿੱਖ ਜ਼ਖਮੀ ਹੋਏ ਅਤੇ ਦੋ ਸਿੰਘ ਸ਼ਹੀਦ ਹੋ ਗਏ।
ਆਵਾਜ਼ ਏ ਕੌਮ ਦੇ ਆਗੂ ਨੋਬਲਜੀਤ ਸਿੰਘ ਬੁੱਲ੍ਹੋਵਾਲ ਨੇ ਬੋਲਦਿਆਂ ਕਿਹਾ ਕਿ ਅੱਜ ਅਕਾਲੀ ਦਲ ਦੀ ਮੁੱਖ ਵਿਚਾਰਧਾਰਾ ‘ਤੇ ਬਾਦਲਕਿਆਂ ਦੀ ਸਿੱਖ ਵਿਰੋਧੀ ਸੋਚ ਦਾ ਕਬਜ਼ਾ ਹੋ ਚੁੱਕਾ ਹੈ। ਇਸ ਕਰਕੇ ਬਾਦਲਕਿਆਂ ਨੇ ਸਿੱਖ ਹਿਤਾਂ ਦੀ ਸਿਆਸੀ ਪੂਰਤੀ ਤਾਂ ਕੀ ਕਰਨੀ ਸੀ, ਉਹ ਤਾਂ ਪੰਜਾਬ ਦੇ ਬਣਦੇ ਹੱਕ ਵੀ ਦਿੱਲੀ ਤੋਂ ਬਹਾਲ ਨਹੀਂ ਕਰਵਾ ਸਕੇ। ਅੱਜ ਤੱਕ ਪੰਜਾਬ ਵਿੱਚ ਜਿੰਨੀਆਂ ਵੀ ਸਰਕਾਰਾਂ ਬਣੀਆਂ, ਉਹ ਪੰਜਾਬ ਦੀਆਂ ਹੱਕੀ ਮੰਗਾਂ ‘ਤੇ ਦਿੱਲੀ ਨਾਲ ਸਮਝੌਤੇਵਾਦੀ ਪਹੁੰਚ ਹੀ ਅਪਣਾਉਂਦੀਆਂ ਰਹੀਆਂ। ਪੰਜਾਬ ਨੂੰ ਨਾ ਹੀ ਰਾਜਧਾਨੀ ਚੰਡੀਗੜ੍ਹ ਮਿਲਿਆ, ਨਾ ਹੀ ਪੰਜਾਬੀ ਬੋਲਦੇ ਇਲਾਕੇ ਮਿਲੇ, ਨਾ ਹੀ ਪਾਣੀਆਂ ਦਾ ਹੱਕ ਮਿਲਿਆ, ਭਾਖੜੇ ਡੈਮ ਤੋਂ ਬਣਦੀ ਬਿਜਲੀ ਦੇ ਹੱਕ ਵੀ ਖੋਹ ਲਏ ਗਏ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੂੰ ਵੀ ਸਾਡੇ ਤੋਂ ਖੋਹਿਆ ਜਾ ਰਿਹਾ ਹੈ। ਉਨ੍ਹਾਂ ਵਲੋਂ ਆਖਰ ਵਿੱਚ ਕਿਹਾ ਗਿਆ ਕਿ ਸਿੱਖਾਂ ਦਾ ਕੌਮੀ ਘਰ ਹੀ ਸਾਰੇ ਮਸਲਿਆਂ ਦ ਹੱਲ ਹੈ।
ਅਕਾਲ ਯੂਥ ਦੇ ਮੁੱਖ ਆਗੂ ਭਾਈ ਜਸਵਿੰਦਰ ਸਿੰਘ ਰਾਜਪੁਰਾ ਨੇ ਕਿਹਾ ਕਿ ਸਿੱਖ ਪਹਿਲਾਂ ਅੰਗਰੇਜ਼ਾਂ ਖ਼ਿਲਾਫ਼ ਲੜੇ, 1947 ਤੋਂ ਬਾਅਦ ਬਦਲੇ ਹਾਲਾਤਾਂ ਵਿੱਚ ਸਿੱਖਾਂ ਨੇ ਪੰਜਾਬੀ ਸੂਬੇ ਲਈ ਲੜਾਈ ਲੜੀ। ਫਿਰ ਸ਼੍ਰੀ ਆਨੰਦਪੁਰ ਸਾਹਿਬ ਜੀ ਦੇ ਮਤੇ ਦੁਆਰਾ ਵੱਧ ਅਧਿਕਾਰਾਂ ਦੀ ਲੜਾਈ ਲੜੀ ਗਈ। ਜਦੋਂ ਭਾਰਤੀ ਸੱਤਾ ਵਿੱਚ ਰਹਿੰਦੇ ਹੋਏ ਸਿੱਖਾਂ ਨੂੰ ਕੁਝ ਵੀ ਪ੍ਰਾਪਤ ਨਹੀਂ ਹੋਇਆ, ਫਿਰ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵਲੋਂ ਕੌਮੀ ਆਜ਼ਾਦੀ ਦੀ ਲੜਾਈ ਦਾ ਮੁੱਢ ਵੱਜਾ।
ਇਸ ਸਮੇਂ ਪੰਥਕ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਆਪਣੇ ਕੌਮੀ ਹਿਤਾਂ ਲਈ ਸੰਘਰਸ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਅਤੇ ਸਾਨੂੰ ਸਿਆਸੀ ਤੌਰ ‘ਤੇ ਕੌਮੀ ਹਿਤਾਂ ਲਈ ਸੰਘਰਸ਼ਸ਼ੀਲ ਰਹਿਣਾ ਚਾਹੀਦਾ ਹੈ।
ਇਸ ਮੌਕੇ ਹਰਜਿੰਦਰ ਸਿੰਘ ਜਲੰਧਰ, ਬਸੰਤ ਸਿੰਘ ਦੌਲਤਪੁਰਾ ( ਵਾਰਿਸ ਪੰਜਾਬ ਦੇ ), ਰਣਵੀਰ ਸਿੰਘ ਬੈਂਸਤਾਨੀ, ਸੁਖਮਨ ਸਿੰਘ ਧਾਲੀਵਾਲ, ਭੁਪਿੰਦਰ ਸਿੰਘ ਛੇ ਜੂਨ, ਸੰਦੀਪ ਸਿੰਘ ਟਾਂਡਾ, ਕਰਨੈਲ ਸਿੰਘ ਘੋੜੇਬਾਹਾ, ਫਤਿਹ ਸਿੰਘ ਨਸਰਾਲਾ, ਰਵਿੰਦਰ ਸਿੰਘ ਖੱਬਲਾਂ, ਰਣਜੀਤ ਸਿੰਘ ਝਾਵਾਂ, ਰਾਜਵੀਰ ਸਿੰਘ ਪੱਖੋਵਾਲ, ਲਖਵਿੰਦਰ ਸਿੰਘ ਵਿਲੋਂਗੀ, ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ