*ਮਾਮਲਾ ਸ਼ਹੀਦ ਭਗਤ ਸਿੰਘ ਦੇ ਮਾਣ- ਅਪਮਾਨ ਦਾ ।*
ਦੇਸ਼ ਕੌਮ ਲਈ ਕੁਰਬਾਨੀਆਂ ਕਰਨ ਵਾਲੇ ਸ਼ਹੀਦਾਂ ਖ਼ਿਲਾਫ਼ ਸ: ਮਾਨ ਦੀ ਬਿਆਨਬਾਜ਼ੀ ਪਿੱਛੇ ਪਰਿਵਾਰਕ ਸੋਚ ਭਾਰੂ।
ਸ: ਮਾਨ ਨੇ ਸ਼ਹੀਦ ਭਗਤ ਸਿੰਘ ਦਾ ਵਿਵਾਦ ਛੇੜ ਕੇ ਸਿੱਖ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚਾਈ ਅਤੇ ਕੌਮ ਨੂੰ ਪਾਟੋਧਾੜ ਦੀ ਵੀ ਕੀਤੀ ਕੋਸ਼ਿਸ਼।
ਲੰਡਨ 30 ਜੁਲਾਈ ( ਨਜ਼ਰਾਨਾ ਨਿਊਜ਼ ਨੈੱਟਵਰਕ ) ਸ਼ਹੀਦ ਭਗਤ ਸਿੰਘ ਬਾਰੇ ਮੈਂਬਰ ਪਾਰਲੀਮੈਂਟ ਸ: ਸਿਮਰਨਜੀਤ ਸਿੰਘ ਮਾਨ ਵੱਲੋਂ ਖੜੇ ਕੀਤੇ ਗਏ ਬੇਲੋੜਾ ਵਿਵਾਦ ਦਾ ਨਾ ਕੇਵਲ ਪੰਜਾਬ ਅਤੇ ਭਾਰਤ ਸਗੋਂ ਵਿਦੇਸ਼ਾਂ ਵਿਚ ਵੀ ਸਖ਼ਤ ਵਿਰੋਧ ਹੋ ਰਿਹਾ ਹੈ। ਬਰਤਾਨੀਆ ਦੀਆਂ ਗੁਰਦੁਆਰਾ ਕਮੇਟੀਆਂ ਨੇ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦ ਭਗਤ ਸਿੰਘ ਬਾਰੇ ਕੀਤੀਆਂ ਗਈਆਂ ਅਪਮਾਨਜਨਕ ਟਿੱਪਣੀਆਂ ਅਤੇ ਈਮਾਨ ਸਿੰਘ ਮਾਨ ਵੱਲੋਂ ਕੇਂਦਰੀ ਸਿੱਖ ਅਜਾਇਬਘਰ ਤੋਂ ਭਗਤ ਸਿੰਘ ਦੀ ਤਸਵੀਰ ਹਟਾਉਣ ਪ੍ਰਤੀ ਸ਼੍ਰੋਮਣੀ ਕਮੇਟੀ ਨੂੰ ਕੀਤੀ ਗਈ ਮੰਗ ’ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਮਾਨ ਪਿਓ ਪੁੱਤਰ ਨੂੰ ਆਪਣੇ ਬਿਆਨ ਤੁਰੰਤ ਲਿਖਤੀ ਤੌਰ ’ਤੇ ਵਾਪਸ ਲੈਂਣ ਅਤੇ ਸਿੱਖ ਕੈਮ ਤੋਂ ਮੁਆਫ਼ੀ ਮੰਗਣ ਲਈ ਕਿਹਾ ਹੈ।
ਇਸ ਬਾਰੇ ਪਰਮਜੀਤ ਸਿੰਘ ਢਾਡੀ ਗੁਰੂ ਨਾਨਕ ਗੁਰਦੁਆਰਾ ਵੈਨਸਫੀਲਡ ਵਲੋਂ ਦਿਤੀ ਜਾਣਕਾਰੀ ’ਚ ਬਰਮਿੰਘਮ ਦੇ ਗੁਰੂ ਹਰਿਰਾਏ ਸਾਹਿਬ ਗੁਰਦੁਆਰਾ ਵੈਸਟਬਰਮਵਿਚ ਵਿਖੇ ਬਰਮਿੰਘਮ, ਵੁਲਵਰਹੈਂਪਟਨ ਅਤੇ ਸੈਡਵਿਲ ਦੇ ਗੁਰਦੁਆਰਾ ਕਮੇਟੀਆਂ ਦੇ ਆਗੂ ਸਾਹਿਬਾਨ ਦੀ ਇਕੱਤਰਤਾ ਦੌਰਾਨ ਬੁਲਾਰਿਆਂ ਨੇ ਮਾਨ ਪਿਓ ਪੁੱਤਰ ਦੀਆਂ ਸਿੱਖ ਹਿਰਦਿਆਂ ਨੂੰ ਵਲੂੰਧਰਨ ਦੀਆਂ ਕਾਰਵਾਈਆਂ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਉਹ ਪੰਜਾਬ ਦੇ ਮੁੱਦਿਆਂ ਨੂੰ ਛੱਡ ਕੇ ਲੋਕਾਂ ਦੀਆਂ ਭਾਵਨਾਵਾਂ ਨਾ ਖਿਲਵਾੜ ਕਰਨ ’ਤੇ ਤੁਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸੇ ਦੇ ਕਹਿਣ ਨਾਲ ਕਿਸੇ ਵੀ ਸ਼ਹੀਦ ਦਾ ਰੁਤਬਾ ਘਟ ਨਹੀਂ ਹੋਣ ਲਗਾ। ਉਨ੍ਹਾਂ ਕਿਹਾ ਸ: ਮਾਨ ਦੇ ਬਿਆਨ ਨੂੰ ਕੇਵਲ ਭਗਤ ਸਿੰਘ ਤਕ ਹੀ ਸੀਮਤ ਨਹੀਂ ਰੱਖਿਆ ਜਾਣਾ ਚਾਹੀਦਾ ਸਗੋਂ ਇਸ ਪਿੱਛੇ ਹਕੂਮਤਾਂ ਖ਼ਿਲਾਫ਼ ਸਮੇਂ ਸਮੇਂ ਆਵਾਜ਼ ਉਠਾਉਣ ਵਾਲੇ ਉਨ੍ਹਾਂ ਅਨੇਕਾਂ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਛੁਟਿਆਉਣ ਦੀ ਡੂੰਘੀ ਸਾਜ਼ਿਸ਼ ਦਾ ਹਿੱਸਾ ਹੋਣ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਕਿਉਂਕਿ ਸ: ਮਾਨ ਕਈ ਵਾਰ ਜੂਨ ’84 ਦੌਰਾਨ ਸ੍ਰੀ ਦਰਬਾਰ ਸਾਹਿਬ ’ਤੇ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਕੀਤੇ ਗਏ ਹਮਲੇ ਦੌਰਾਨ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ’ਚ ਜੂਝਣ ਵਾਲਿਆਂ ਦੀ ਸ਼ਹੀਦੀ ਯਾਦਗਾਰ ਢਾਹੁਣ ਬਾਰੇ ਬਿਆਨਬਾਜ਼ੀ ਕਰ ਚੁੱਕੇ ਹਨ। ਆਗੂਆਂ ਨੇ ਕਿਹਾ ਕਿ ਭਗਤ ਸਿੰਘ ਬਾਰੇ ਕੀਤੀ ਗਈ ਬਿਆਨਬਾਜ਼ੀ ਪਿੱਛੇ ਸਿਮਰਨਜੀਤ ਸਿੰਘ ਮਾਨ ’ਤੇ ਪਰਿਵਾਰਕ ਸੋਚ ਭਾਰੂ ਹੈ, ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਗ਼ਦਰੀ ਬਾਬਿਆਂ ਵੱਲੋਂ ਦੇਸ਼ ਦੀ ਅਜ਼ਾਦੀ ਲਈ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਉਹ ਲੋਕ ਕਦੀ ਵੀ ਨਹੀਂ ਸਮਝ ਸਕਣਗੇ ਜਿਨ੍ਹਾਂ ਦੇ ਬਜ਼ੁਰਗਾਂ ਅਤੇ ਪਰਿਵਾਰਾਂ ਨੇ ਅੰਗਰੇਜ਼ਾਂ ਦੇ ਸਮੇਂ ਵਿਚ ਆਪ ਰਾਜ ਕੀਤਾ ਹੋਵੇ ਅਤੇ ਅਜ਼ਾਦੀ ਮਿਲਣ ਨਾਲ ਜਿਨ੍ਹਾਂ ਦਾ ਰਾਜ ਖੁੱਸ ਗਿਆ ਹੋਵੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਅਜ਼ਾਦੀ ਲਈ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਉਨ੍ਹਾਂ ਪ੍ਰਤੀ ਦੇਸ਼ ਕੌਮ ਦਾ ਸਤਿਕਾਰ ਹਮੇਸ਼ਾਂ ਬਣਿਆ ਰਹੇਗਾ। ਇਨ੍ਹਾਂ ਜੋਧਿਆਂ ਦੀ ਕਦਰ ਉਹ ਲੋਕ ਜਾਣਦੇ ਹਨ ਜਿਨ੍ਹਾਂ ਦੇ ਬਜ਼ੁਰਗਾਂ ਨੇ ਦੇਸ਼ ਲਈ ਜੇਲ੍ਹਾਂ ਕੱਟੀਆਂ, ਕਾਲੇ ਪਾਣੀਆਂ ਨੂੰ ਹੰਢਾਇਆ ਅਤੇ ਅਨੇਕਾਂ ਕੁਰਬਾਨੀਆਂ ਕੀਤੀਆਂ ਸਨ। ਆਸਤਿਕ ਨਾਸਤਿਕ ਵੱਖਰੇ ਵਿਸ਼ੇ ਹਨ। ਆਗੂਆਂ ਨੇ ਕਿਹਾ ਕਿ ਸ਼ਹੀਦ ਸਾਡੀ ਕੌਮ ਦਾ ਸਰਮਾਇਆ ਹੈ ਪਰ ਦੁੱਖ ਦੀ ਗਲ ਹੈ ਕਿ ਜਿਨ੍ਹਾਂ ਨੂੰ ਅਸੀਂ ਲੀਡਰ ਸਮਝਦੇ ਹਾਂ ਉਹ ਸ਼ਹੀਦੀ ਵਿਰਸੇ ਤੋਂ ਹੀ ਮੁਨਕਰ ਹੋ ਰਹੇ ਹਨ। ਉਨ੍ਹਾਂ ਸੰਗਤ ਵੱਲੋਂ ਸ: ਮਾਨ ਨੂੰ ਗ਼ਲਤ ਬਿਆਨੀ ਤੋਂ ਸੰਕੋਚ ਕਰਨ ਦਾ ਸੁਨੇਹਾ ਦਿੱਤਾ ਅਤੇ ਕਿਹਾ ਕਿ ਕੇਂਦਰੀ ਸਿੱਖ ਅਜਾਇਬਘਰ ’ਚ ਪੰਥ ਦੀ ਪਰਵਾਨਗੀ ਨਾਲ ਤਸਵੀਰਾਂ ਲਗਾਈਆਂ ਜਾਂਦੀਆਂ ਹਨ। ਸ: ਮਾਨ ਨੂੰ ਲੋਕਾਂ ਨੇ ਮਾਣ ਦਿੱਤਾ ਹੈ ਤਾਂ ਉਸ ਨੂੰ ਕਾਇਮ ਰੱਖਣਾ ਵੀ ਸ: ਮਾਨ ਦਾ ਫਰਜ ਬਣਦਾ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਯੂ. ਕੇ ਦੇ ਆਗੂ ਸਰਬਜੀਤ ਸਿੰਘ ਵੱਲੋਂ ਸ. ਮਾਨ ‘ਤੇ ਸ਼ਹੀਦ ਭਗਤ ਸਿੰਘ ਸਬੰਧੀ ਲਾਏ ਗਏ ਦੋਸ਼ ਨੂੰ ਮੀਡੀਆ ਦੀ ਗਿਣੀ- ਮਿੱਥੀ ਸਾਜ਼ਿਸ਼ ਦਾ ਹਿੱਸਾ ਕਹਿਣ ’ਤੇ ਮੀਟਿੰਗ ਵਿੱਚ ਹਾਜ਼ਰ ਸਾਰੀਆਂ ਪੰਥਕ ਸ਼ਖ਼ਸੀਅਤਾਂ ਅਤੇ ਸਿੱਖ ਆਗੂਆਂ ਨੇ ਵਿਰੋਧ ਕੀਤਾ । ਮੀਟਿੰਗ ਦੌਰਾਨ ਸ. ਮਾਨ ਦੇ ਲੜਕੇ ਈਮਾਨ ਸਿੰਘ ਮਾਨ ਦੇ ਬਿਆਨ ਦਾ ਵੀ ਸਖ਼ਤ ਵਿਰੋਧ ਕੀਤਾ ਗਿਆ ਅਤੇ ਆਗੂਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਸਬੰਧੀ ਅਜਿਹੇ ਬੋਲ ਬੋਲਣੇ ਮਾਨ ਪਿਓ ਪੁੱਤਰ ਨੂੰ ਸ਼ੋਭਾ ਨਹੀਂ ਦਿੰਦਾ । ਆਗੂਆਂ ਨੇ ਕਿਹਾ ਕਿ ਸ. ਭਗਤ ਸਿੰਘ ਵੱਲੋਂ ਕੀਤੀ ਕੁਰਬਾਨੀ ਲਈ ਤਾਂ ਪਾਕਿਸਤਾਨ ਵਿੱਚ ਚੌਂਕ ਬਣਾਏ ਜਾ ਰਹੇ ਹਨ ਅਤੇ ਉਨ੍ਹਾਂ ਦੀਆਂ ਯਾਦਗਾਰਾਂ ਨੂੰ ਸੁੰਦਰ ਰੂਪ ਦਿੱਤਾ ਜਾ ਰਿਹਾ ਹੈ ਜਦਕਿ ਸਾਡੇ ਆਗੂਆਂ ਵੱਲੋਂ ਉਨ੍ਹਾਂ ਦੀਆਂ ਤਸਵੀਰਾਂ ਤੱਕ ਨੂੰ ਉਤਾਰਨ ਲਈ ਭੜਕਾਊ ਬਿਆਨ ਦਿੱਤੇ ਜਾ ਰਹੇ ਹਨ। ਅਜਿਹੇ ਬੇਤੁਕੇ ਤੇ ਬੋਲੋੜੇ ਬਿਆਨਾਂ ਨਾਲ ਸਿੱਖ ਪੰਥ ਵਿੱਚ ਭੁਲੇਖੇ ਪੈਦਾ ਹੁੰਦੇ ਹਨ, ਜੋ ਕਿ ਨਹੀਂ ਹੋਣੇ ਚਾਹੀਦੇ। ਇਸ ਲਈ ਸ. ਮਾਨ ਅਤੇ ਉਨ੍ਹਾਂ ਦੇ ਬੇਟੇ ਨੂੰ ਦੇ ਨੂੰ ਜਲਦੀ ਤੋਂ ਜਲਦੀ ਲਿਖਤੀ ਮੁਆਫ਼ੀ ਮੰਗ ਕੇ ਇਸ ਮਾਮਲੇ ਨੂੰ ਠੰਡਾ ਕੀਤਾ ਜਾਣਾ ਚਾਹੀਦਾ ਹੈ। ਪਰਮਜੀਤ ਸਿੰਘ ਢਾਡੀ ਗੁਰੂ ਨਾਨਕ ਗੁਰਦੁਆਰਾ ਵੈਨਸਫੀਲਡ ਅਨੁਸਾਰ ਇਸ ਮੀਟਿੰਗ ’ਚ ਪਾਸ ਹੋਏ ਵਿਚਾਰਾਂ ਨਾਲ ਬਰਤਾਨੀਆ ਦੇ ਸਮੂਹ ਗੁਰਦੁਆਰ ਕਮੇਟੀਆਂ , ਜੋ ਮੀਟਿੰਗ ’ਚ ਸ਼ਾਮਿਲ ਨਹੀਂ ਹੋ ਸਕੀਆਂ ਨੇ ਵੀ ਫੋਨ ਰਾਹੀਂ ਸਹਿਮਤੀ ਜਤਾਈ ਹੈ। ਇਸ ਮੌਕੇ ਸਟੇਜ ਦੀ ਸੇਵਾ ਭਾਈ ਕੈਪਟਾਨ ਸਿੰਘ ਮੀਤ ਪ੍ਰਧਾਨ ਪੰਥਕ ਦਲ ਨੇ ਨਿਭਾਈ।
ਇਸ ਮੌਕੇ ਸ. ਲੱਖਾ ਸਿੰਘ, ਦਵਿੰਦਰ ਸਿੰਘ ਢੇਸੀ ਗੁਰੂ ਨਾਨਕ ਸਿੱਖ ਗੁਰਦੁਆਰਾ ਸੈਜਲੀ ਸਟਰੀਟ ਵਲਵਰਹੈਂਪਟਨ, ਅਮਰੀਕ ਸਿੰਘ ਦੇਵਗਨ, ਸੁਰਜੀਤ ਸਿੰਘ ਚਿੱਟੀ ਗੁਰਦੁਆਰਾ ਗੁਰੂ ਕਾ ਨਿਵਾਸ ਬਰਮਿੰਘਮ ਨਿਊ ਰੋਡ ਵੁਲਵਰਹੈਂਪਟਨ, ਡਾ: ਸਾਧੂ ਸਿੰਘ ਗੁਰਦੁਆਰਾ ਨਾਨਕਸਰ ਠਾਠ ਵੁਲਵਰਹੈਂਪਟਨ, ਬਲਰਾਜ ਸਿੰਘ ਅਟਵਾਲ, ਗੁਰਮੀਤ ਸਿੰਘ ਸਿੱਧੂ ਗੁਰੂ ਨਾਨਕ ਗੁਰਦੁਆਰਾ ਕੈਨਕ ਰੋਡ ਵੁਲਵਰਹੈਂਪਟਨ, ਸਰਬਜੀਤ ਸਿੰਘ ਸ਼ਰੋਮਣੀ ਅਕਾਲੀ ਦੱਲ ਅੰਮ੍ਰਿਤਸਰ, ਬਾਬਾ ਚਰਨ ਸਿੰਘ, ਬਲਵਿੰਦਰ ਸਿੰਘ ਚਹੇੜੂ ਗੁਰੂ ਹਰਗੋਬਿੰਦ ਸਾਹਿਬ ਗੁਰਦੁਆਰਾ ਟਿਵੀਡੇਲ, ਜਸਵਿੰਦਰ ਸਿੰਘ ਗੁਰਦੁਆਰਾ ਬਾਬੇ ਕੇ ਬਰਮਿੰਘਮ, ਪਰਮਜੀਤ ਸਿੰਘ ਢਾਡੀ ਗੁਰੂ ਨਾਨਕ ਗੁਰਦੁਆਰਾ ਵੈਨਸਫੀਲਡ, ਦਇਆ ਸਿੰਘ ਗੁਰੂ ਹਰਿਰਾਏ ਸਾਹਿਬ ਗੁਰਦੁਆਰਾ ਵੈਸਟਵਿਚ, ਮੋਹਣ ਸਿੰਘ ਸੁਖਵਿੰਦਰ ਸਿੰਘ ਰਾਣਾ ਗੁਰੂ ਨਾਨਕ ਗੁਰਦੁਆਰਾ ਬਿਲਸਟਨ, ਅਪਿੰਦਰਪਾਲ ਸਿੰਘ ਹੈਪੀ, ਭਾਈ ਨਿਰਮਲ ਸਿੰਘ ਗੁਰਦੁਆਰਾ ਬਾਬਾ ਸੰਗ ਜੀ ਸਮੈਦਿਕ, ਦਇਆ ਸਿੰਘ ਪ੍ਰਧਾਨ, ਰਣਧੀਰ ਸਿੰਘ, ਖ਼ਾਲਸਾ ਸਿੰਘ, ਗੁਰਦੇਵ ਸਿੰਘ ਵੱਲੋਂ ਵੀ ਆਪਣੇ ਵਿਚਾਰ ਰੱਖੇ ਗਏ। ਮੀਟਿੰਗ ਦੌਰਾਨ ਮੌਜੂਦ ਬਰਤਾਨੀਆ ਦੇ ਗੁਰਦੁਆਰਾ ਕਮੇਟੀਆਂ ਦੇ ਆਗੂ ਸਾਹਿਬਾਨ।
Author: Gurbhej Singh Anandpuri
ਮੁੱਖ ਸੰਪਾਦਕ