ਅੰਮ੍ਰਿਤਸਰ, 7 ਅਗਸਤ ( ਹਰਮੇਲ ਸਿੰਘ ਹੁੰਦਲ ) ਅੱਜ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਜਥੇਬੰਦੀ ਦੀ ਸੋਲ੍ਹਵੀਂ ਵਰ੍ਹੇਗੰਢ ‘ਤੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਸਿੱਖ ਨੌਜਵਾਨਾਂ ਦੇ ਨਾਮ ਜਾਰੀ ਸੰਦੇਸ਼ ‘ਚ ਕਿਹਾ ਕਿ ਹਿੰਦ ਹਕੂਮਤ ਵੱਲੋਂ ਸਿੱਖ ਕੌਮ ਉੱਤੇ ਲਗਾਤਾਰ ਸਰੀਰਕ, ਮਾਨਿਸਕ, ਸਿਧਾਂਤਕ ਤੇ ਲੁਕਵੇਂ ਹਮਲੇ ਕੀਤੇ ਜਾ ਰਹੇ ਹਨ ਜਿਸ ਨੂੰ ਠੱਲ੍ਹਣ ਲਈ ਹਰੇਕ ਨੌਜਵਾਨ ਨੂੰ ਆਪਣੇ ਕੌਮੀ ਫ਼ਰਜ ਪਹਿਚਾਨਣ ਦੀ ਲੋੜ ਹੈ। ਸਿੱਖ ਨੌਜਵਾਨ ਆਰਾਮ-ਪ੍ਰਸਤੀ, ਅੱਯਾਸ਼-ਪ੍ਰਸਤੀ ਅਤੇ ਨਸ਼ਿਆਂ ਤੇ ਪਤਿਤਪੁਣੇ ਨੂੰ ਤਿਆਗ ਕੇ ਅਤੇ ‘ਮੈਨੂੰ ਕੀ’ ਵਾਲ਼ੀ ਬਿਰਤੀ ਨੂੰ ਠੋਕਰ ਮਾਰ ਕੇ ਖੰਡੇ-ਬਾਟੇ ਦਾ ਅੰਮ੍ਰਿਤ ਛਕਣ, ਸ਼ਸਤਰਧਾਰੀ ਹੋਣ ਅਤੇ ਗੁਰਮਤਿ ਸਿਧਾਂਤਾਂ ਦੇ ਪਹਿਰੇਦਾਰ ਬਣ ਕੇ ਸੰਘਰਸ਼ ਕਰਨ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ 7 ਅਗਸਤ 2006 ਤੋਂ 7 ਅਗਸਤ 2022 ਤੱਕ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਜਥੇਬੰਦੀ ਅੱਜ ਆਪਣੀ ਹੋਂਦ ਦੇ 16 ਵਰ੍ਹੇ ਪੂਰੇ ਕਰਦਿਆਂ 17ਵੇਂ ਸਾਲ ‘ਚ ਪ੍ਰਵੇਸ਼ ਹੋ ਚੁੱਕੀ ਹੈ, ਅਸੀਂ ਸਰਬੱਤ ਸੰਗਤਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਇਸ ਔਖੇ, ਲੰਮੇ ਤੇ ਬਿਖੜੇ ਸਫ਼ਰ ਵਿੱਚ ਹਰ ਤਰ੍ਹਾਂ ਨਾਲ ਸਾਡਾ ਸਾਥ ਦਿੱਤਾ। ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਖ਼ਾਲਿਸਤਾਨੀ ਚਿੰਤਕ ਭਾਈ ਸਰਬਜੀਤ ਸਿੰਘ ਘੁਮਾਣ ਦੀ ਜੋ ਫ਼ੈਡਰੇਸ਼ਨ ਨੂੰ ਦੇਣ ਹੈ ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕੌਮੀ ਘਰ ਖ਼ਾਲਿਸਤਾਨ ਦੇ ਨਿਸ਼ਾਨੇ ਪ੍ਰਤੀ ਇੱਕ ਵਾਰ ਫਿਰ ਦ੍ਰਿੜਤਾ ਪ੍ਰਗਟਾਉਂਦਿਆਂ ਸਪੱਸ਼ਟ ਕੀਤਾ ਕਿ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਅਤੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਵੱਲੋਂ ਅਰੰਭੇ ਸਿੱਖ ਸੰਘਰਸ਼ ਨੂੰ ਜਾਰੀ ਰੱਖਣ ਲਈ ਫ਼ੈਡਰੇਸ਼ਨ ਪੂਰੀ ਤਰ੍ਹਾਂ ਦ੍ਰਿੜ ਹੈ, ਤੇ ਕੌਮ ਦਾ ਰਾਜਸੀ ਨਿਸ਼ਾਨਾ ਖ਼ਾਲਿਸਤਾਨ ਹੀ ਫ਼ੈਡਰੇਸ਼ਨ ਦਾ ਮੁੱਖ ਨਿਸ਼ਾਨਾ ਹੈ ਜਿਸ ਨੂੰ ਸਰ ਕਰਨ ਲਈ ਫ਼ੈਡਰੇਸ਼ਨ ਨੇ ਥੋੜੇ ਸਮੇਂ ‘ਚ ਹੀ ਸਿੱਖ ਨੌਜਵਾਨਾਂ ‘ਚ ਵੱਡੀ ਜਾਗ੍ਰਿਤੀ ਲਿਆਂਦੀ ਹੈ। ਉਹਨਾਂ ਕਿਹਾ ਕਿ ਖ਼ਾਲਸਈ ਕਦਰਾਂ-ਕੀਮਤਾਂ, ਰਵਾਇਤਾਂ, ਪ੍ਰੰਪਰਾਵਾਂ ਅਤੇ ਸਿਧਾਂਤਾਂ ਦੀ ਰਾਖੀ ਲਈ ਫ਼ੈਡਰੇਸ਼ਨ ਨਿਧੜਕ ਹੋ ਕੇ ਹਰ ਮੁਹਾਜ਼ ‘ਤੇ ਡਟੀ ਹੋਈ ਹੈ। ਫ਼ੈਡਰੇਸ਼ਨ ਦਾ ਮਕਸਦ ਹੈ ਕਿ ਸਿੱਖ ਨੌਜਵਾਨਾਂ ਦੀ ਸੋਚ ਨੂੰ ਇਸ ਕਦਰ ਸੇਧ ਦਿੱਤੀ ਜਾਵੇ ਕਿ ਉਹ ਕੌਮ ਨੂੰ ਭਵਿੱਖ ਵਿੱਚ ਧਾਰਮਿਕ, ਰਾਜਨੀਤਿਕ, ਵਿੱਦਿਅਕ, ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਖੇਤਰਾਂ ‘ਚ ਯੋਗ ਅਗਵਾਈ ਦੇ ਸਕੇ। ਉਹਨਾਂ ਕਿਹਾ ਕਿ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ ਇੱਕ ਸੁਤੰਤਰ ਜਥੇਬੰਦੀ ਹੈ, ਇਸ ਦਾ ਇਤਿਹਾਸ ਬਹੁਤ ਸ਼ਾਨਾਮੱਤਾ ਹੈ, ਹਕੂਮਤ ਨਾਲ ਟਕਰਾਉਂਦਿਆਂ ਫ਼ੈਡਰੇਸ਼ਨ ਆਗੂਆਂ ਨੇ ਜੇਲ੍ਹਾਂ ਕੱਟੀਆਂ ਹਨ, ਇਹ ਜਥੇਬੰਦੀ ਸਿੱਖ ਕੌਮ ਦੇ ਜਵਾਨ ਖ਼ੂਨ ਦੀ ਤਰਜ਼ਮਾਨੀ ਕਰਦੀ ਹੈ ਤੇ ਇਸਦੀਆਂ ਰਗਾਂ ‘ਚ ਵਹਿੰਦਾ ਖ਼ੂਨ ਕੌਮ ਦੇ ਰਾਜ-ਭਾਗ ਦੀ ਇੱਛਾ ਰੱਖਦਾ ਹੈ ਤੇ ਖ਼ਾਲਿਸਤਾਨ ਲਈ ਸ਼ਹੀਦ ਹੋਏ ਸਿੰਘਾਂ ਦਾ ਇਤਿਹਾਸ ਸਾਂਭਣ ਲਈ ਫ਼ੈਡਰੇਸ਼ਨ ਯਤਨਸ਼ੀਲ ਹੈ ਤੇ ਇਸ ਸਬੰਧੀ ਕਿਤਾਬਾਂ ਵੀ ਕੌਮ ਦੀ ਝੋਲ਼ੀ ‘ਚ ਪਾ ਚੁੱਕੀ ਹੈ। ਉਹਨਾਂ ਕਿਹਾ ਕਿ ਜਿਵੇਂ ਸ਼ਹੀਦ ਭਾਈ ਅਮਰੀਕ ਸਿੰਘ ਜੀ ਨੇ ਫ਼ੈਡਰੇਸ਼ਨ ਨੂੰ ਬੁਲੰਦੀਆਂ ‘ਤੇ ਪਹੁੰਚਾਇਆ ਤੇ ਸਿੱਖ ਨੌਜਵਾਨਾਂ ‘ਚ ਕੌਮੀ ਅਜ਼ਾਦੀ ਦੀ ਚਿਣਗ ਜਗਾ ਕੇ ਸੰਕਲਪ ਤੇ ਜੂਝਣ ਦਾ ਚਾਅ ਪੈਦਾ ਕੀਤਾ ਤੇ ਆਪਣਾ ਪਵਿੱਤਰ ਲਹੂ ਡੋਲ੍ਹ ਕੇ ਕੌਮ ਦੀਆਂ ਜੜ੍ਹਾਂ ਮਜ਼ਬੂਤ ਕੀਤੀਆਂ ਤੇ ਖ਼ਾਲਸਈ ਨਿਸ਼ਾਨਾਂ ਨੂੰ ਸਦਾ ਝੂਲਦੇ ਰੱਖਿਆ। ਇਸੇ ਤਰ੍ਹਾਂ ਫ਼ੈਡਰੇਸ਼ਨ ਆਪਣੇ ਕੌਮੀ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ‘ਤੇ ਪਹਿਰਾ ਦਿੰਦੀ ਹੋਈ ਪੰਥਕ ਸਫ਼ਾਂ ‘ਚ ਨਿਰੰਤਰ ਸੰਘਰਸ਼ਸ਼ੀਲ ਹੈ।