ਪ੍ਰਿੰਸੀਪਲ ਹਰਿਭਜਨ ਸਿੰਘ ਸਿੱਖ ਪੰਥ ਦੀ ਜਾਣੀ -ਪਹਿਚਾਣੀ ਅਤੇ ਸਤਿਕਾਰਿਤ ਸ਼ਖਸੀਅਤ ਸਨ । ਆਪ ਸਿੱਖ ਮਿਸ਼ਨਰੀ ਲਹਿਰ ਦੇ ਪ੍ਰਮੁੱਖ ਅੰਗ ‘ਸਿੱਖ ਮਿਸ਼ਨਰੀ ਕਾਲਜ” ਦੇ ਚੇਅਰਮੈਨ ਸਨ । ਸੰਨ 1980 ਤੋਂ ਆਪ ਨੇ ਇਸ ਅਹੁਦੇ ਤੋਂ ਸੇਵਾ ਨਿਭਾਈ । ਇਹ ਅਹੁਦਾ ਉਨ੍ਹਾਂ ਨੂੰ ਕੌਮ ਪ੍ਰਤੀ ਪੂਰੀ ਸਮਰਪਣ ਦੀ ਭਾਵਨਾ, ਮਿਹਨਤ ਕਰਨ, ਦ੍ਰਿੜ੍ਹਤਾ ਅਤੇ ਨਿੱਜੀ ਪ੍ਰਸਿੱਧੀ ਤੋਂ ਦੂਰ, ਚੁਪ-ਚਾਪ ਰਹਿ ਕੇ ਸੇਵਾ ਕਰਨ ਦੀ ਭਾਵਨਾ ਕਰਕੇ ਮਿਲਿਆ ਸੀ ਦੇ ਨਾਲ-ਨਾਲ ਆਪ ਇੱਕ ਕੁਸ਼ਲ ਪ੍ਰਬੰਧਕ, ਰੌਸ਼ਨ ਦਿਮਾਗ ਵਿਦਵਾਨ ਅਤੇ ਪ੍ਰਭਾਵਸ਼ਾਲੀ ਵਕਤਾ ਸਨ ।
ਪ੍ਰਿੰਸੀਪਲ ਹਰਿਭਜਨ ਸਿੰਘ ਦਾ ਜਨਮ 22 ਅਪ੍ਰੈਲ, 1947 ਨੂੰ ਉਕਾੜਾ, ਜਿਲ੍ਹਾ ਮਿੰਟਰ ਮਰੀ (ਪਾਕਿਸਤਾਨ) ਵਿਖੇ, ਭਾਈ ਪਿਆਰਾ ਸਿੰਘ ਦੇ ਗ੍ਰਹਿ ਵਿਖੇ ਹੋਇਆ ਸੀ । ਭਾਈ ਪਿਆਰਾ ਸਿੰਘ ਭਗਤੀ-ਭਾਵਨਾ ਵਾਲੇ, ਗੁਰੂ ਚਰਨਾਂ ਨਾਲ ਜੁੜੇ ਹੋਏ ਵਿਅਕਤੀ ਸਨ । ਉਨ੍ਹਾਂ ਦੀ ਧਾਰਮਿਕ ਅਤੇ ਅਧਿਆਤਮਿਕ ਸ਼ਖਸੀਅਤ ਦਾ ਪ੍ਰਭਾਵ ਬਾਲਕ ਹਰਿਭਜਨ ਸਿੰਘ ਦੇ ਮਨ ‘ਤੇ ਸਹਿਜੇ ਹੀ ਪੈ ਗਿਆ ।
1947 ਵਿੱਚ ਹੀ ਦੇਸ਼ ਦੀ ਵੰਡ ਹੋ ਗਈ । ਅਜੇ ਆਪ 2-3 ਮਹੀਨਿਆਂ ਦੇ ਹੀ ਸਨ ਕਿ ਗੜਬੜੀ ਦੀ ਹਾਲਤ ਵਿੱਚ ਆਪ ਦੇ ਮਾਤਾ-ਪਿਤਾ ਲੁਧਿਆਣੇ ਵਿੱਚ ਆ ਗਏ । ਬਦਲੇ ਹਾਲਾਤ ਨੇ ਪਰਿਵਾਰ ਨੂੰ ਅਰਸ਼ੋਂ ਫਰਸ਼ ‘ਤੇ ਲੈ ਆਂਦਾ । ਅੱਤ ਦੀ ਗਰੀਬੀ ਕਾਰਨ ਆਪ ਨੂੰ ਸਕੂਲੀ ਪੜ੍ਹਾਈ ਦੇ ਦਿਨਾਂ ਵਿੱਚ ਡਬਲ ਰੋਟੀਆਂ ਵੇਚਣ ਦਾ ਕੰਮ ਕਰਨਾ ਪਿਆ । ਪਤਾ ਲੱਗਣ ‘ਤੇ ਆਪ ਦੇ ਅਧਿਆਪਕ ਨੇ ਆਪ ਨੂੰ ਤਿੰਨ ਟਿਊਸ਼ਨਾਂ ਦੇ ਦਿੱਤੀਆਂ । ਆਪ ਇੰਨੀ ਤੀਖਣ ਬੁੱਧੀ ਵਾਲੇ ਸਨ ਕਿ ਸਤਵੀਂ ਵਿੱਚ ਪੜਦੇ ਹੋਏ ਅੱਠਵੀਂ ਦੇ ਵਿਦਿਆਰਥੀ ਨੂੰ ਸਾਇੰਸ ਤੇ ਅੰਗ੍ਰੇਜ਼ੀ ਦੀ ਪੜ੍ਹਾਈ ਕਰਵਾਈ । ਇਸ ਤੋਂ ਪਹਿਲਾਂ 10 ਸਾਲ ਦੀ ਉਮਰ ਵਿੱਚ ਹੀ ਅੰਮ੍ਰਿਤਪਾਨ ਕਰ ਲਿਆ ਸੀ ।
ਸੰਨ 1961 ਵਿੱਚ ਕਰਨਾਲ ਵਿਖੇ ਪੰਜਾਬੀ ਸੂਬੇ ਮੋਰਚੇ ਦੌਰਾਨ ਪੁਲੀਸ ਨੇ ਕਾਕਾ ਇੰਦਰਜੀਤ ਸਿੰਘ ਨੂੰ ਖੂਹ ਵਿੱਚ ਸੁੱਟ ਦਿੱਤਾ ਸੀ । ਉਸ ਦੀ ਮੌਤ ਹੋ ਗਈ । ਪੰਜਾਬ ਭਰ ਵਿੱਚ ਰੋਸ ਮੁਜ਼ਾਹਰੇ ਹੋਏ । ਸ: ਹਰਿਭਜਨ ਸਿੰਘ ਆਪਣੇ ਪਿਤਾ ਜੀ ਦੇ ਨਾਲ ਲੁਧਿਆਣੇ ਰੋਸ-ਮੁਜ਼ਾਹਰੇ ਵਿੱਚ ਸ਼ਾਮਲ ਹੋਏ ਅਤੇ ਮਹੀਨੇ ਲਈ ਜੇਲ੍ਹ ਵਿੱਚ ਰਹੇ ।
ਦਸਵੀਂ ਆਪ ਨੇ 1963 ਵਿੱਚ ਖਾਲਸਾ ਨੈਸ਼ਨਲ ਹਾਇਰ ਸੈਕੰਡਰੀ ਸਕੂਲ ਤੋਂ ਕੀਤੀ, ਪ੍ਰੀ-ਇੰਜੀਨੀਅਰਿੰਗ ਗੋਰਮਿੰਟ ਕਾਲਜ ਤੋਂ ਅਤੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਤੋਂ 1969 ਵਿੱਚ ਮਕੈਨੀਕਲ ਇੰਜੀਨੀਅਰਿੰਗ ਵਿੱਚ ਬੀ.ਐਸ.ਸੀ. ਕੀਤੀ ਤੇ ਗੋਲਡ ਮੈਡਲ ਪ੍ਰਾਪਤ ਕੀਤਾ । ਆਪ ਹਾਕੀ ਦੇ ਪਲੇਅਰ ਵੀ ਰਹੇ।
ਪੜ੍ਹਾਈ ਦੇ ਨਾਲ-ਨਾਲ ਗੁਰਮਤਿ ਦਾ ਗਿਆਨ ਵੀ ਪ੍ਰਾਪਤ ਕਰਦੇ ਰਹੇ । ਸੰਨ 1960, 62 ਅਤੇ 64
ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰਵਾਈ ਜਾਂਦੀ ਧਾਰਮਿਕ ਪ੍ਰੀਖਿਆ ਦੀ ਪਹਿਲੇ, ਦੂਜੇ ਅਤੇ ਤੀਜੇ ਦਰਜੇ ਦੀ ਪ੍ਰੀਖਿਆ ਪੰਜਾਬ ਵਿੱਚੋਂ ਪਹਿਲੀ ਦੂਜੀ ਪੁਜ਼ੀਸ਼ਨ ਵਿੱਚ ਪਾਸ ਕੀਤੀ ।
ਜਿੱਥੇ ਤੱਕ ਧਾਰਮਿਕ ਸਰਗਰਮੀਆਂ ਦਾ ਸੰਬੰਧ ਹੈ, ਸੰਨ 1968-69 ਵਿੱਚ ‘ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ” ਨਾਲ ਜੁੜੇ ਰਹੇ, 1969 ਵਿੱਚ ‘ਗੁਰਮਤਿ ਸਿਖਲਾਈ ਕੇਂਦਰ ਅਰੰਭ ਕੀਤਾ ਜਿਸ ਦੁਆਰਾ ਬੱਚਿਆਂ ਨੂੰ ਗੁਰਬਾਣੀ ਦੇ ਸ਼ੁੱਧ ਪਾਠ ਅਤੇ ਕੀਰਤਨ ਦੀ ਸਿਖਲਾਈ ਦਿੱਤੀ । ਪਿੰਡਾਂ ਵਿੱਚ ਵੀ ਧਾਰਮਿਕ ਪ੍ਰੋਗਰਾਮਾਂ ਵਿੱਚ ਬੱਚਿਆਂ ਨੂੰ ਸ਼ਾਮਿਲ ਕਰਦੇ ਰਹੇ । ਸੰਨ 1970 ਵਿੱਚ “ਗੁਰਮਤਿ ਪ੍ਰਚਾਰ ਸੁਸਾਇਟੀ’ ਨਾਲ ਜੁੜੇ ਅਤੇ ‘ਗੁਰਮਤਿ ਸੇਧਾਂ ਨਾਮ ਦੇ ਪਰਚੇ ਦੀ ਸੰਪਾਦਨਾ ਕਰਦੇ ਰਹੇ । ਸੰਨ 1975-76 ਵਿੱਚ ਗੁਰਮਤਿ ਮਿਸ਼ਨਰੀ ਕਾਲਜ, ਦਿੱਲੀ ਦੇ ਮੈਂਬਰ ਬਣ ਕੇ ਪ੍ਰਚਾਰ ਕਰਨ ਲੱਗੇ । ਕੁਝ ਹੀ ਸਮੇਂ ਵਿੱਚ ਆਪ ਜੀ ਨੂੰ ਸਮੁੱਚੇ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਇਲਾਕੇ ਦਾ ਇੰਚਾਰਜ ਬਣਾ ਦਿੱਤਾ ਗਿਆ ।
1969 ਵਿੱਚ ਆਪ ਨੇ ਸੈਂਟਰਲ ਬੈਂਕ ਆਫ ਇੰਡੀਆ ਵਿੱਚ ਸਰਵਿਸ ਅਰੰਭ ਕਰ ਦਿੱਤੀ ਸੀ । ਆਪ ਨੂੰ ਪ੍ਰਮੋਸ਼ਨ ਦੇ ਕੇ, ਟੈਕਨੀਕਲ ਆਫੀਸਰ ਬਣਾ ਕੇ ਅੰਮ੍ਰਿਤਸਰ ਭੇਜ ਦਿੱਤਾ ਗਿਆ । ਧਰਮ-ਪ੍ਰਚਾਰ ਦੀਆਂ ਗਤੀਵਿਧੀਆਂ ਆਪ ਨੇ ਲੁਧਿਆਣੇ ਤੋਂ ਹੀ ਜਾਰੀ ਰੱਖੀਆਂ । ਇਸ ਲਈ ਰੋਜ਼ ਹੀ ਅੰਮ੍ਰਿਤਸਰ ਜਾਂਦੇ ਰਹੇ । ਸੰਸਥਾ ਵੱਲੋਂ ਪੰਜ ਭਾਗਾਂ ਵਿੱਚ ਛਾਪੀ ਗਈ ਪੁਸਤਕ “ਸਿੱਖ ਧਰਮ ਫਿਲਾਸਫੀ” ਆਪ ਨੇ ਅੰਮ੍ਰਿਤਸਰ ਦੇ ਸਫਰ ਦੌਰਾਨ ਗੱਡੀ ਵਿੱਚ ਹੀ ਲਿਖ ਲਈ । ਜਦੋਂ ਉੱਥੇ ਬੈਂਕ ਵਿੱਚ ਵਧੀਆ ਕੰਮ ਕੀਤਾ ਤਾਂ ਬੈਂਕ ਵਾਲੇ ਸ੍ਰੀਨਗਰ ਭੇਜਣ ਦੀ ਤਿਆਰੀ ਕਰਨ ਲੱਗੇ । ਇਸ ਕਰਕੇ ਸੰਸਥਾ ਦੇ ਕੰਮ ਨੂੰ ਬਹੁਤ ਢਾਹ-ਲੱਗਣੀ ਸੀ । ਆਪ ਨੇ ਆਪਣੇ ਭਵਿੱਖ ਅਤੇ ਆਰਥਕ ਨੁਕਸਾਨ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਰੀਵਰਸ਼ਨ ਲੈ ਲਈ ਅਤੇ ਮੁੜ ਕੇ ਲੁਧਿਆਣੇ ਆ ਗਏ । ਇਸ ਸਮੇਂ ਆਪ ਸੰਗਠਨ ਦੀ ਸਮੁੱਚੀ ਦੇਖ-ਰੇਖ ਤੋਂ ਇਲਾਵਾ ਸਾਹਿਤ ਰਚਨਾ, ਮਾਸਿਕ ਪੱਤਰ “ਸਿੱਖ ਫੁਲਵਾੜੀ” ਦੀ ਸੰਪਾਦਨਾ ਵੀ ਕਰਦੇ ਰਹੇ । ਛਪਵਾ ਅਤੇ ਮਾਸਕ ਪੱਤਰ ਸਿੱਖ ਫੁਲਵਾੜੀ ਦੀ ਸੰਪਾਦਨਾ ਵੀ ਕਰਦੇ ਰਹੇ।
ਦਿੱਲੀ ਵਾਲੀ ਸੰਸਥਾ ਵਿੱਚ ਮਤ-ਭੇਦ ਪੈਦਾ ਹੋਣ ਕਰਕੇ ਸੰਨ 1980 ਵਿੱਚ ਲੁਧਿਆਣੇ ਤੋਂ “ਸਿੱਖ ਮਿਸ਼ਨਰੀ ਕਾਲਜ” ਨਾਮ ਦੀ ਸੰਸਥਾ ਅਰੰਭ ਕੀਤੀ ਗਈ । ਇਸ ਸੰਸਥਾ ਦੇ ਫਾਊਂਡਰ ਮੈਂਬਰਾਂ ਨੇ ਸ. ਹਰਿਭਜਨ ਸਿੰਘ ਨੂੰ ਮੁੱਖੀ ਚੁਣਿਆ । ਸੰਸਥਾ ਦੇ ਮਾਸਿਕ ਪੱਤਰ ਦੇ ਮੁੱਖ ਸੰਪਾਦਕ ਵੀ ਬਣੇ । ਲਿਟਰੇਚਰ ਦੀ ਛਪਾਈ ਦਾ ਭਾਰ ਵੀ ਇਨ੍ਹਾਂ ਦੇ ਮੋਢਿਆਂ ‘ਤੇ ਆ ਪਿਆ । ਸਮੁੱਚੇ ਪੰਜਾਬ ਤੋਂ ਸਿਵਾ ਦਿੱਲੀ, ਹਰਿਆਣਾ, ਜੰਮੂ-ਕਸ਼ਮੀਰ, ਹਿਮਾਚਲ ਉੱਤਰ ਪ੍ਰਦੇਸ਼ ਅਤੇ ਦੇਸ਼ ਦੇ ਹੋਰ ਪ੍ਰਾਂਤਾਂ ਵਿੱਚ ਸੰਸਥਾ ਦੀਆਂ ਸਰਗਰਮੀਆਂ ਤੇਜ਼ ਕੀਤੀਆਂ ਗਈਆਂ ਆਪ ਰੋਜ਼ 14-14 ਘੰਟਿਆਂ ਤੋਂ ਵੱਧ ਸਮਾਂ ਸੰਸਥਾ ਦੇ ਸੰਗਠਨ ਅਤੇ ਪ੍ਰਚਾਰਕ-ਸਰਗਰਮੀਆਂ ਵਿੱਚ ਲਗਾਉਂਦੇ ਰਹੇ । ਨਵੀਂ ਸੰਸਥਾ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਇਨ੍ਹਾਂ ਨੇ ਸਭ ਤੋਂ ਪਹਿਲਾਂ ਨਿਤਨੇਮ ਅਤੇ ਸੁਖਮਨੀ ਸਾਹਿਬ ਦੇ ਸ਼ੁੱਧ ਉਚਾਰਨ ਵਾਲੇ ਗੁਟਕੇ ਤਿਆਰ ਕੀਤੇ ਜਿਨ੍ਹਾਂ ਦੇ ਲਫਜ਼ਾਂ ਵਿੱਚ ਉਚਾਰਨ ਅਨੁਸਾਰ ਥਾਂ ਛੱਡੀ ਗਈ । ਇਹ ਗੁਟਕੇ ਸੰਗਤਾਂ ਨੇ ਬਹੁਤ ਪਸੰਦ ਕੀਤੇ ।
ਸੰਨ 1982 ਦੀ ਵਿਸਾਖੀ ਦੇ ਸਮੇਂ ਆਪ ਅੰਮ੍ਰਿਤਸਰ ਵਿਖੇ ਪਰਿਵਾਰ ਸਮੇਤ ਗਏ । ਉੱਥੇ ਸੰਸਥਾ ਦੀਆਂ ਪੁਸਤਕਾਂ ਦਾ ਸਟਾਲ ਵੱਡੀ ਪੱਧਰ ‘ਤੇ ਲਾਇਆ ਗਿਆ ਸੀ । ਵਾਪਸੀ ‘ਤੇ ਲੁਧਿਆਣੇ ਵਿੱਚ ਸਥਾਨਕ ਬੱਸ ਸਟੈਂਡ ਦੇ ਨੇੜੇ ਇੱਕ ਐਕਸੀਡੈਂਟ ਵਿੱਚ ਇੰਨ੍ਹਾਂ ਦੇ 10 ਸਾਲਾਂ ਦੇ ਇੱਕਲੌਤੇ ਪੁੱਤਰ ਕਾਕਾ ਪ੍ਰਭਜੋਤ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ ਆਪ ਨੇ ਉਸ ਸਮੇਂ ਸੜਕ ਉੱਤੇ ਬਹਿ ਕੇ ਆਪਣੇ ਪੁੱਤਰ ਦੇ ਚਿਹਰੇ ਨੂੰ ਰੁਮਾਲ ਨਾਲ ਢੱਕਿਆ ਅਤੇ ਜਪੁਜੀ ਸਾਹਿਬ ਆਰੰਭ ਕਰ ਦਿੱਤਾ । ਘਰ ਆਉਣ ਮਗਰੋਂ ਆਪ ਜੀ ਨੇ ਸਭ ਨੂੰ ਚੜ੍ਹਦੀ ਕਾਲ ਵਿੱਚ ਰਹਿਣ ਲਈ ਪ੍ਰੇਰਦਿਆਂ ਕਿਹਾ ਕਿ ਜਾਂ ਤਾਂ ਸਭ ਬਾਣੀ ਪੜਣਗੇ ਜਾਂ ਮੈਗਜ਼ੀਨ ਦੇ ਲਿਫਾਫੇ ਚੜਾਉਣ ਦੀ ਸੇਵਾ ਕਰਨਗੇ । ਇਸ ਅਸਹਿ ਸਦਮੇ ਨੂੰ ਵੀ ਆਪ ਨੇ ਸਹਿਜ ਵਿੱਚ ਰਹਿ ਕੇ ਸਹਾਰ ਲਿਆ ਅਤੇ ਪ੍ਰਚਾਰਕ ਗਤੀਵਿਧੀਆਂ ਵਿੱਚ ਕੋਈ ਢਿੱਲ ਨਾ ਆਉਣ ਦਿੱਤੀ ।
ਮਗਰੋਂ ਜਾ ਕੇ ਆਪ ਕੁਝ ਅਸਾਧਾਰਨ ਪਰਿਵਾਰਿਕ ਮੁਸ਼ਕਿਲਾਂ ਵਿੱਚ ਘਿਰੇ ਰਹੇ । ਜ਼ਿਆਦਾ ਕੰਮ ਦਾ ਸਿਹਤ ‘ਤੇ ਵੀ ਮਾੜਾ ਅਸਰ ਪਿਆ, ਦੋ ਵਾਰ ਦਿਲ ਦਾ ਆਪ੍ਰੇਸ਼ਨ ਹੋਇਆ । ਜ਼ਿਆਦਾ ਦੌੜ-ਭੱਜ ਕਾਰਨ ਤਿੰਨ-ਚਾਰ ਵਾਰ ਐਕਸੀਡੈਂਟ ਵੀ ਹੋਇਆ । ਦੋ ਵਾਰ ਲੱਤ ਫਰੈਕਚਰ ਹੋ ਗਈ । ਸਭ ਕੁਝ ਦੇ ਬਾਵਜੂਦ ਆਪ ਨੇ ਸੇਵਾ ਨਿਰੰਤਰ ਜਾਰੀ ਰੱਖੀ ਅਤੇ ਪੂਰੀ ਤਨ ਦੇਹੀ ਨਾਲ ਲੱਗੇ ਰਹੇ । ਸੰਨ 2001 ਵਿੱਚ ਬੈਂਕ ਤੋਂ ਅਗਾਊਂ ਸੇਵਾ-ਮੁਕਤੀ ਲੈ ਕੇ ਸੰਸਥਾ ਨੂੰ ਪਹਿਲਾਂ ਦੀ ਤਰ੍ਹਾਂ ਨਿਸ਼ਕਾਮ ਭਾਵਨਾ ਨਾਲ ਚਲਾਉਂਦੇ ਰਹੇ । ਹੁਣ ਆਪ ਪਿਛਲੇ ਸਮੇਂ ਤੋਂ ਸਰੀਰਕ ਤੌਰ ਤੇ ਢਿੱਲੇ ਚੱਲ ਰਹੇ ਸਨ ਪਰ ਆਪ ਅਖੀਰਲੇ ਸੁਆਸਾਂ ਤੱਕ ਸਿੱਖ ਮਿਸ਼ਨਰੀ ਕਾਲਜ ਦੀ ਸੇਵਾ ਪੂਰੀ ਤਨ ਦੇਹੀ ਨਾਲ ਕਰਦੇ ਰਹੇ । ਆਪ ਜੀ ਨੇ ਕੁੱਝ ਸਮਾਂ ਪਹਿਲਾਂ ਹੀ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁੱਧ ਉਚਾਰਨ ਅਤੇ ਸੰਥਿਆ ਵਾਸਤੇ ਲਫਜ਼ਾਂ ਵਿੱਚ ਉਚਾਰਨ ਅਨੁਸਾਰ ਥਾਂ ਛੱਡ ਕੇ ਸੈਂਚੀਆਂ ਤਿਆਰ ਕੀਤੀਆਂ ਜੋ ਅਜੇ ਛਪਾਈ ਲਈ ਵਿਚਾਰ ਅਧੀਨ ਸਨ।
ਕੁੱਝ ਦਿਨਾਂ ਦੀ ਬੀਮਾਰੀ ਤੋਂ ਬਾਅਦ ਆਪ 7 ਮਈ, 2021 ਦਿਨ ਸ਼ੁੱਕਰਵਾਰ ਨੂੰ ਅਕਾਲ ਚਲਾਣਾ ਕਰ ਗਏ । ਉਹਨਾਂ ਦੇ ਜਾਣ ਨਾਲ ਉਨਾਂ ਦੇ ਪਰਿਵਾਰ, ਰਿਸ਼ਤੇਦਾਰਾਂ ਅਤੇ ਕਾਲਜ ਨੂੰ ਬਹੁਤ ਘਾਟਾ ਪਿਆ ਜੋ ਕਿ ਕਦੇ ਨਾ ਪੂਰਾ ਹੋਣ ਵਾਲਾ ਹੈ । ਸਮੂੰਹ ਸਿੱਖ ਜਗਤ ਆਉਣ ਵਾਲੇ ਸਮੇਂ ਵਿੱਚ ਆਪ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਂਦਾ ਰਹੇਗਾ ।
Author: Gurbhej Singh Anandpuri
ਮੁੱਖ ਸੰਪਾਦਕ