ਬੁੱਧ ਵਿਵੇਕ ਵਾਲੇ ਗੁਰ ਸਿੱਖ ਨੌਜਵਾਨਾਂ ਵੱਲੋਂ ਗੁਰੂ ਸਾਹਿਬ ਦੇ ਮਹਾਂਨ ਫਲਸਫੇ ਦੇ ਸੰਦਰਭ ਵਿੱਚ ਮਾਛੂਵਾੜੇ (ਮਾਛੀਵਾੜਾ) ਦੇ ਰਾਹ ਤੁਰਨ ਦਾ ਜਿਕਰ ਕੀਤਾ ਜਾ ਰਿਹਾ ਹੈ,ਜਿਹੜਾ ਸਾਇਦ ਹਰ ਇੱਕ ਸਿੱਖ ਨੌਜਵਾਂਨ ਦੇ ਸਮਝ ਵਿੱਚ ਇਸ ਕਰਕੇ ਨਹੀ ਆ ਰਿਹਾ, ਕਿਉਂਕਿ ਸਿੱਖ ਜਵਾਨੀ ਨੂੰ ਸਿੱਖੀ ਤੋ ਦੂਰ ਕਰਨ ਲਈ ਵੱਡੇ ਪੱਧਰ ਤੇ ਕੋਸ਼ਿਸ਼ਾਂ ਹੋ ਰਹੀਆਂ ਹਨ। ਸਕੂਲਾਂ ਕਾਲਜਾਂ ਚ ਸਿੱਖ ਗੁਰੂ ਸਹਿਬਾਨਾਂ ਅਤੇ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਸਫਲ ਯਤਨ ਹੋ ਰਹੇ ਹਨ।ਸਿੱਖ ਨੌਜਵਾਨੀ ਨੂੰ ਸਿੱਖੀ ਤੋ ਦੂਰ ਕਰਨ ਲਈ ਖਤਰਨਾਕ ਸਾਜਿਸ਼ਾਂ ਦਰਪੇਸ ਹਨ।ਪਿਛਲੇ ਕਈ ਦਹਾਕਿਆਂ ਤੋ ਨਸ਼ਿਆਂ ਦਾ ਪਰਚਾਰ ਅਤੇ ਲੱਚਰਤਾ ਪਰੋਸਦੀ ਗਾਇਕੀ ਦਾ ਅਸਰ ਸਿੱਖ ਨੌਜਵਾਨੀ ਚ ਸਪੱਸਟ ਦੇਖਿਆ ਜਾ ਸਕਦਾ ਹੈ,ਬਲਕਿ ਪੰਜਾਬ ਦੇ ਹਰ ਪਿੰਡ ਚ ਨੌਜਵਾਨਾਂ ਦੇ ਨਸ਼ਿਆਂ ਚ ਗਲਤਾਨ ਹੋ ਕੇ ਜਾਨਾਂ ਗਵਾ ਲੈਣ ਕਾਰਨ ਬਲਦੇ ਸਿਵੇ ਇਸ ਤਰਾਸਦੀ ਦੀ ਗਵਾਹੀ ਭਰਦੇ ਹਨ।ਨਸ਼ਿਆਂ ਦੇ ਰਾਹ ਪੈ ਕੇ ਜਾਨਾਂ ਗਵਾਉਣ ਤੁਰੀ ਜਵਾਨੀ ਮਾਛੂਵਾੜੇ ਦੇ ਰਾਹ ਤੁਰਨ ਦਾ ਮਹਾਂਨ ਫਲਸਫਾ ਭਲਾ ਕਿਵੇਂ ਸਮਝ ਸਕਦੀ ਹੈ। ਸਿੱਖ ਜਵਾਨੀ ਨੂੰ ਇਤਿਹਾਸ ਦੇ ਉਹਨਾਂ ਪੰਨਿਆਂ ਵੱਲ ਲੈ ਕੇ ਜਾਣਾ ਜਰੂਰੀ ਹੈ,ਜਿੰਨਾਂ ਨੂੰ ਤੋੜਨ ਮਰੋੜਨ ਦੇ ਕੋਝੇ ਯਤਨ ਲਗਾਤਾਰ ਜਾਰੀ ਹਨ। ਗੁਰੂ ਨਾਨਕ ਸਾਹਿਬ ਵੱਲੋਂ ਪਾਧੇ ਨੂੰ ਜਿਨਿਊ ਪਾਉਣ ਤੋ ਜਵਾਬ ਦੇ ਕੇ ਵਿਪਰਵਾਦ ਅਤੇ ਪਖੰਡਵਾਦ ਦੇ ਖਿਲਾਫ ਸੂਰੂ ਕੀਤੀ ਲੜਾਈ ਨੂੰ ਨਵੀਂ ਦੁਨੀਆਂ ਸਿਰਜਣ ਤੱਕ ਡੰਕੇ ਦੀ ਚੋਟ ਤੇ ਲੜਦੇ ਰਹਿਣ ਦਾ ਆਹਿਦ ਕਿਸੇ ਵੱਡੇ ਇਨਕਲਾਬ ਤੋ ਘੱਟ ਨਹੀ, ਜਿਸ ਨੇ ਪਾਧੇ ਮੁਲਾਣਿਆਂ ਦੇ ਸ਼ੋਸ਼ਣਵਾਦ ਨੂੰ ਵੱਡੀ ਸੱਟ ਮਾਰੀ ਅਤੇ ਧਾਰਮਿਕ,ਆਰਥਿਕ,ਸਮਾਜਿਕ ਅਤੇ ਸਰੀਰਕ ਸ਼ੋਸ਼ਣ ਕਰਨ ਵਾਲੇ ਧਾਰਮਿਕ ਠੇਕੇਦਾਰਾਂ ਨੂੰ ਵੰਗਾਰਿਆ।ਗੁਰੂ ਸਾਹਿਬ ਦੀ ਇਸ ਵੰਗਾਰ ਨੇ ਧਾਰਮਿਕ ਠੇਕੇਦਾਰੀ ਦੀ ਬੁਨਿਆਦ ਤੇ ਖੜੀ ਰਾਜਨੀਤਕ ਤਾਕਤ ਨੂੰ ਬੁਰੀ ਤਰਾਂ ਹਿਲਾ ਕੇ ਰੱਖ ਦਿੱਤਾ।ਲਿਹਾਜ਼ਾ ਗੁਰੂ ਨਾਨਕ ਸਾਹਿਬ ਨੂੰ ਸਮੇ ਦੀ ਹਕੂਮਤ ਦੇ ਜਬਰ ਦਾ ਸਾਹਮਣਾ ਕਰਨਾ ਪਿਆ।ਬਾਬਰ ਨੂੰ “ਪਾਪ ਕੀ ਜੰਝ ਲੈ ਕਾਬਲਹੁ ਧਾਇਆ” ਕਹਿਣਾ ਅੱਜ ਦੀ ਹਕੂਮਤ ਖਿਲਾਫ ਕਿਸੇ ਵੱਡੀ ਬਗਾਬਤ ਵਰਗਾ ਅਲੌਕਿਕ ਵਰਤਾਰਾ ਸੀ,ਜਿਸ ਵਰਤਾਰੇ ਦੀ ਨਿਰੰਤਰਤਾ ਨੂੰ ਨਾ ਹੀ ਜੇਲ੍ਹ ਦੀ ਚੱਕੀਆਂ ਮੱਠਾ ਕਰ ਸਕੀਆਂ ਅਤੇ ਨਾਂ ਹੀ ਤੱਤੀਆਂ ਤਬੀਆਂ ਦਾ ਸੇਕ ਸੱਚੀ ਨਿਰੰਤਰਤਾ ਨੂੰ ਡੱਕ ਸਕਿਆ,ਬਲਕਿ ਗੁਰੂ ਨਾਨਕ ਸਾਹਿਬ ਦੇ ਰਾਹ ਦੇ ਸੱਚ ਦਾ ਕਾਫਲਾ ਹੋਰ ਪਰਚੰਡ ਰੂਪ ਚ ਸਾਬਤ ਕਦਮੀ ਅੱਗੇ ਵੱਧਦਾ ਗਿਆ। ਸਿੱਖ ਗੁਰੂ ਸਹਿਬਾਨਾਂ ਦੀ ਦੂਰਅੰਦੇਸ ਫਿਲੌਸਫੀ ਕਿਸੇ ਵੀ ਇਤਿਹਾਸਿਕ ਕਰਬਟ ਨੂੰ ਐਨ ਸਹੀ ਸਮੇ ਤੇ ਅੰਜਾਮ ਦੇ ਕੇ ਹਰ ਵਾਰ ਨਵੇਂ ਇਨਕਲਾਬ ਨੂੰ ਸਫਲਤਾ ਬਖਸ਼ਦੀ ਰਹੀ ਹੈ। ਗੁਰੂ ਨਾਨਕ ਸਾਹਿਬ ਦੀ ਨਵੀ ਦੁਨੀਆਂ ਸਿਰਜਣ ਵਾਲੀ ਸੱਚੀ ਸੁੱਚੀ ਸੋਚ ਨੂੰ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ੳਸ ਸਮੇ ਅੰਜਾਮ ਤੱਕ ਪਹੁੰਚਾਇਆ,ਜਦੋਂ ਉਹਨਾਂ ਨੇ ਦੁਨਿਆਵੀ ਹਕੂਮਤਾਂ ਨੂੰ ਜੁੱਤੀ ਦੀ ਨੋਕ ਨਾਲ ਦੁਰਕਾਰਦਿਆਂ ਅਕਾਲ ਦੇ ਤਖਤ ਦੀ ਸਿਰਜਣਾ ਕਰਕੇ ਧਰਮ ਦੇ ਕੁੰਡੇ ਵਾਲੀ ਅਜਾਦ ਪ੍ਰਭੂਸੱਤਾ ਸਥਾਪਤ ਕੀਤੀ ਅਤੇ ਦੁਨੀਆਂ ਦਾ ਪਹਿਲਾ ਰਾਜਸ਼ੀ ਇਨਕਲਾਬ ਲੈ ਕੇ ਆਉਣ ਦਾ ਮਾਣ ਹਾਸਲ ਕੀਤਾ। ਗੁਰੂ ਸਹਿਬਾਨਾਂ ਦੀ ਵਰੋਸਾਈ ਸੋਚ ਆਪਣੇ ਰਾਸਤੇ ਖੁਦ ਬਣਾਉਂਦੀ ਸ਼ਿਵਾਲਕ ਦੀਆਂ ਉਹਨਾਂ ਪਹਾੜੀਆਂ ਤੇ ਆ ਕੇ ਟਿਕ ਗਈ,ਜਿਸ ਭਾਗਾਂ ਵਾਲੀ ਧਰਤੀ ਨੂੰ ਨੌਂਵੇ ਨਾਨਕ ਨੇ ਅਨੰਦਾਂ ਦੀ ਪੁਰੀ ਹੋਣ ਦਾ ਮਾਣ ਦਿੱਤਾ ਸੀ। ਇਹ ਸਾਰਾ ਵਰਤਾਰਾ ਕੋਈ ਅਚਨਚੇਤ ਵਾਪਰਿਆ ਵਰਤਾਰਾ ਨਹੀ ਹੈ,ਬਲਕਿ ਅਕਾਲ ਪੁਰਖ ਦੀ ਰਜਾ ਮੁਤਾਬਿਕ ਇਕ ਨਿਆਰੀ ਨਿਰਾਲੀ ਕੌਂਮ ਦੀ ਸੰਪੂਰਨਤਾ ਦਾ ਅਲੌਕਿਕ ਵਰਤਾਰਾ ਹੈ,ਜਿਸ ਨੂੰ ਪਹਿਲੇ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ ਅਤੇ ਦਸਵੇਂ ਨਾਨਕ ਨੇ ਸੰਪੂਰਨ ਕੀਤਾ। ਸਿੱਖ ਕੌਂਮ ਦਾ ਨਿਆਰੀ ਅਤੇ ਨਿਰਾਲੀ ਹੋਣਾ ਕੋਈ ਮਹਿਜ ਦਿਖਾਵੇ ਜਾਂ ਮਿਥਿਹਾਸ ਨਹੀ,ਬਲਕਿ ਸਿੱਖ ਕੌਂਮ ਦੁਨੀਆਂ ਦੀ ਇੱਕੋ ਇੱਕ ਅਜਿਹੀ ਕੌਂਮ ਹੈ,ਜਿਹੜੀ ਗੁਰੂ ਸਾਹਿਬ ਦੀ ਲਹੂ ਲਿਬੜੀ ਕਿਰਪਾਨ ਚੋ ਪੈਦਾ ਹੋਈ ਹੈ। ਦਸਵੇਂ ਪਾਤਸ਼ਾਹ ਨੇ 1699 ਦੀ ਵਿਸਾਖੀ ਵਾਲੇ ਦਿਨ ਆਪਣੇ ਪਿਤਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਵਸਾਈ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਇੱਕ ਵੱਡਾ ਇਕੱਠ ਕਰਕੇ ਪੰਜ ਸਿਰਾਂ ਦੀ ਪਰਖ ਆਪਣੀ ਕਿਰਪਾਨ ਨਾਲ ਕੀਤੀ। ਉਹ ਪਰਖੇ ਹੋਏ ਸਿਰ ਸੰਪੂਰਨ ਹੋ ਕੇ ਗੁਰੂ ਅਤੇ ਖਾਲਸਾ ਪੰਥ ਦੇ ਪੰਜ ਪਿਆਰੇ ਹੋ ਨਿਬੜੇ।ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਇਆ ਇਹ ਅਲੌਕਿਕ ਵਰਤਾਰਾ ਸਮੁੱਚੀ ਦੁਨੀਆਂ ਲਈ ਨਵੇ ਸਿਧਾਂਤ ਲੈ ਕੇ ਆਇਆ,ਨਵੀ ਸੋਚ ਲੈ ਕੇ ਆਇਆ ਅਤੇ ਸਰਬਤ ਦੇ ਭਲੇ ਵਾਲੀ ਮੁਕੰਮਲ ਸਿੱਖ ਵਿਚਾਰਧਾਰਾ ਲੈ ਕੇ ਆਇਆ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨੇ ਪਹਿਲੀ ਵਾਰ ਦੁਨੀਆਂ ਨੂੰ ਪੰਚ ਪ੍ਰਧਾਨੀ ਪ੍ਰਥਾ ਦਾ ਸਿਧਾਂਤ ਦੇ ਕੇ ਲੋਕ ਤੰਤਰ ਪਰਨਾਲੀ ਦੀ ਨੀਂਹ ਰੱਖੀ। ਅਨੰਦਪੁਰ ਸਾਹਿਬ ਦੇ ਇਸ ਇਤਿਹਾਸਿਕ ਇਕੱਠ ਵਿੱਚ ਹੀ ਗੁਰੂ ਸਾਹਿਬ ਨੇ ਮੰਨੂਵਾਦੀ ਜਾਤ ਪਾਤ ਅਤੇ ਊਚ ਨੀਚ ਦੇ ਭੇਦ ਭਾਵ ਨੂੰ ਪੂਰੀ ਤਰਾਂ ਰੱਦ ਹੀ ਨਹੀ ਕੀਤਾ, ਬਲਕਿ ਸਦੀਆਂ ਦੇ ਨਪੀੜੇ ਲਿਤਾੜੇ,ਦੁਰਕਾਰੇ ਅਤੇ ਤ੍ਰਿਸਕਾਰੇ ਲੋਕਾਂ ਨੂੰ ਇੱਕੋ ਨਿਸਾਨ ਸਾਹਿਬ ਹੇਠ ਇਕੱਤਰ ਕਰਕੇ ਸਿਰਦਾਰੀਆਂ ਦੀ ਬਖਸ਼ਿਸ਼ ਕੀਤੀ। ਊਚ ਨੀਚ ਵਾਲੀ ਦਵੈਤ ਭਾਵਨਾ ਤੋ ਰਹਿਤ ਇੱਕ ਵੱਖਰੀ ਅਤੇ ਬਹਾਦਰ ਕੌਂਮ ਦੁਨੀਆਂ ਦੇ ਨਕਸ਼ੇ ਤੇ ਸੁਸ਼ੋਭਤ ਕੀਤੀ, ਜਿਸ ਦਾ ਸਿਰਨਾਵਾਂ ਸ੍ਰੀ ਅਨੰਦਪੁਰ ਸਾਹਿਬ ਹੋ ਨਿਬੜਿਆ,ਭਾਵ ਖਾਲਸੇ ਦਾ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ,ਮਾਤਾ ਸਾਹਿਬ ਕੌਰ ਅਤੇ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਮੁਕੰਮਲ ਸਿੱਖ ਵਿਚਾਰਧਾਰਾ ਅਤੇ ਨਵੇਂ ਸਿੱਖ ਸਿਧਾਂਤ ਘੜਨ ਦਾ ਮਾਣ ਵੀ ਹਾਸਲ ਹੋਇਆ ਹੈ। ਇਹ ਸ੍ਰੀ ਅਨੰਦਪੁਰ ਸਾਹਿਬ ਦੇ ਅਲੌਕਿਕ ਵਰਤਾਰੇ ਦਾ ਹੀ ਕ੍ਰਿਸ਼ਮਾ ਹੈ ਕਿ ਗੁਰੂ ਚੇਲੇ ਦਾ ਭੇਦ ਹੀ ਖਤਮ ਹੋ ਗਿਆ।ਪੰਜਾਂ ਨੂੰ ਅਜਿਹੀ ਤਾਕਤ ਦਿੱਤੀ ਕਿ ਗੁਰੂ ਨੂੰ ਵੀ ਪੰਜ ਸਿੰਘਾਂ ਦਾ ਹੁਕਮ ਟਾਲਣ ਦੀ ਆਗਿਆ ਨਹੀ।ਏਸੇ ਕਰਕੇ ਹੀ ਗੁਰੂ ਨੂੰ ਪੰਜ ਸਿੱਖਾਂ ਦੇ ਹੁਕਮ ਅੱਗੇ ਸਿਰ ਝੁਕਾਉਂਦਿਆ ਕੱਚੀ ਗੜੀ ਚੋ ਨਿਕਲਣ ਸਮੇ ਪੁੱਤਰਾਂ ਦੀਆਂ ਲਾਸਾਂ ਤੋ ਦੀ ਉਲੰਘ ਕੇ ਜਾਣਾ ਪਿਆ ਸੀ।ਇਹ ਪੰਜਾਂ ਦੇ ਹੁਕਮਾਂ ਦੀ ਬਰਕਤ ਅਤੇ ਵਿਚਾਰਧਾਰਾ ਦੀ ਪਰਪੱਕਤਾ ਦਾ ਖਿਆਲ ਹੀ ਗੁਰੂ ਸਾਹਿਬ ਨੂੰ ਨੰਗੇ ਪੈਰੀਂ ਮਾਛੂਵਾੜੇ ਦੇ ਜੰਗਲਾਂ ਵੱਲ ਲੈ ਤੁਰਿਆ। ਸੂਲ਼ਾਂ ਦੀ ਸੇਜ ‘ਤੇ ਸੌਣਾ ਅਤੇ ਕੰਡਿਆਂ ਤੇ ਤੁਰਨਾ ਕੋਈ ਸ਼ੌਕ ਨਹੀ ਸੀ ਅਤੇ ਨਾ ਹੀ ਮਜਬੂਰੀ,ਬਲਕਿ ਇਹ ਅਕਾਲ ਪੁਰਖ ਦੀ ਮੌਜ ਵਿੱਚ ਪਰਗਟੀ ਗੁਰੂ ਕੀ ਫੌਜ ਲਈ ਭਵਿਖੀ ਔਕੜਾਂ,ਔਖਿਆਈਆਂ ਤੋ ਨਾ ਘਬਰਾਉਣ ਦਾ ਇੱਕ ਅਹਿਮ ਸੰਦੇਸ਼ ਹੈ,ਜਿਹੜਾ ਕੌਂਮੀ ਜਜ਼ਬੇ ਪ੍ਰਤੀ ਪਰਪੱਕਤਾ,ਅਡੋਲਤਾ ਅਤੇ ਦ੍ਰਿੜਤਾ ਦਾ ਪਰਤੀਕ ਹੈ।ਇਹ ਮਾਛੂਵਾੜੇ ਦੇ ਵਿਖੜੇ ਪੈਂਡਿਆਂ ਨੇ ਹੀ ਕੌਂਮ ਦਾ ਭਵਿੱਖ ਤਹਿ ਕਰਨਾ ਸੀ,ਕਿਉਂਕਿ ਜੇ ਗੁਰੂ ਸਾਹਿਬ ਔਕੜਾਂ ਨਾ ਝੱਲ ਸਕਦੇ ਤਾਂ ਮੁੜ ਖਾਲਸਾ ਵੀ ਕਦੇ ਪੈਰਾਂ ਸਿਰ ਨਹੀ ਸੀ ਹੋ ਸਕਦਾ ਅਤੇ ਇੱਕ ਮੁਕੰਮਲ ਕੌਂਮ ਮੁੜ ਔਝੜ ਰਾਹਾਂ ਚ ਗਰਕ ਕੇ ਖਤਮ ਹੋ ਚੁੱਕੀ ਹੁੰਦੀ,ਪ੍ਰੰਤੂ ਪੂਰੇ ਸੂਰੇ ਗੁਰੂ ਨੇ ਨਾ ਸਿਰਫ ਔਕੜਾਂ ਝੱਲੀਆਂ ਬਲਕਿ ਸਾਰਾ ਪਰਿਵਾਰ ਪੰਥ ਤੋ ਵਾਰ ਕੇ ਜਦੋ ਔਝੜ ਰਾਹਾਂ ਨੂੰ ਚੀਰਦੇ ਹੋਏ ਗੁਰੂ ਪਾਤਸ਼ਾਹ ਤਲਵੰਡੀ ਸਾਬੋ ਵਿਖੇ ਪਹੁੰਚ ਜਾਂਦੇ ਹਨ,ਤਾਂ ਉਹ ਚਾਰ ਪੁੱਤਰਾਂ ਦੇ ਕੁਰਬਾਨ ਹੋਣ ਤੇ ਨਿਰਾਸ਼ ਨਹੀ ਹੁੰਦੇ, ਬਲਕਿ ਮਾਣ ਅਤੇ ਹੌਸਲੇ ਨਾਲ ਭਰੇ ਦਿਵਾਂਨ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ ਹਨ ਕਿ “ਇਨ ਪੁਤਰਨ ਕੇ ਸ਼ੀਸ ਪਰ ਵਾਰ ਦੀਏ ਸੁਤ ਚਾਰ”……।ਸੋ ਇਹ ਸਾਰਾ ਵਰਤਾਰਾ ਹੀ ਇੱਕ ਰੁਹਾਨੀ ਫਲਸਫਾ ਹੈ। ਉਹ ਫਲਸਫਾ ਹੈ, ਜਿਸ ਦੀ ਬਦੌਲਤ ਬਾਬਾ ਬੰਦਾ ਸਿੰਘ ਬਹਾਦਰ ਨੇ ਜਾਲਮ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਖਾਲਸੇ ਦਾ ਪਹਿਲਾ ਹਲੇਮੀ ਰਾਜ ਸਥਾਪਤ ਕੀਤਾ,ਨੀਵਿਆਂ ਨੂੰ ਤਾਕਤਾਂ ਦਿੱਤੀਆਂ ਅਤੇ ਉੱਚ ਜਾਤੀਏ ਚੌਧਰੀਆਂ ਨੂੰ ਗੁਰੂ ਦੀ ਬਖਸ਼ਿਸ਼ ਨਾਲ ਸਿੱਖ ਸਿਰਦਾਰ ਬਣੇ ਲੋਕਾਂ ਦੇ ਸੇਵਾਦਾਰ ਬਣਾਇਆ।ਇਹ ਰੁਹਾਨੀ ਫਲਸਫੇ ਦਾ ਹੀ ਕੌਤਕ ਹੈ ਕਿ ਮਹਾਰਾਜਾ ਰਣਜੀਤ ਸਿੰਘ ਵਿਸ਼ਾਲ ਖਾਲਸਾ ਰਾਜ ਸਥਾਪਤ ਕਰ ਸਕਿਆ ਅਤੇ ਲਗਾਤਾਰ 50 ਸਾਲ ਖਾਲਸੇ ਦਾ ਹਲੇਮੀ ਰਾਜ ਭਾਗ ਦੁਨੀਆਂ ਦਾ ਧਿਆਨ ਆਪਣੇ ਵੱਲ ਖਿੱਚਦਾ ਰਿਹਾ।ਏਥੇ ਹੀ ਬੱਸ ਨਹੀ, ਜੂਨ 1984 ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਆਪਣੇ ਮੁੱਠੀ ਭਰ ਸਿੰਘਾਂ ਨਾਲ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੀਆਂ ਲੱਖਾਂ ਭਾਰਤੀ ਫੌਜਾਂ ਨੂੰ ਟੱਕਰ ਦੇ ਕੇ ਕੱਚੀ ਗੜ੍ਹੀ ਦੇ ਇਤਿਹਾਸ ਨੂੰ ਦੁਹਰਾਉਣ ਪਿੱਛੇ ਵੀ ਮਾਛੂਵਾੜੇ ਦੇ ਜੰਗਲਾਂ ਵਿੱਚ ਕੰਡਿਆਂ ਤੇ ਸੌਣ ਵਾਲੇ ਦਰਵੇਸ ਦਾਰਸ਼ਨਿਕ ਅਤੇ ਮਹਾਂਨ ਯੋਧੇ ਗੁਰੂ ਗੋਬਿੰਦ ਸਿੰਘ ਦੀ ਪਰੇਰਨਾ ਹੀ ਤਾਂ ਹੈ।ਇਹ ਹੀ ਪਰੇਰਨਾ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੀ ਵੀਹਵੀਂ ਸਦੀ ਦੀ ਹਾਕਮ ਨੂੰ ਕੀਤੇ ਦੀ ਸਜ਼ਾ ਦੇਣ ਲਈ ਸਿੱਖ ਗੈਰਤ ਨੂੰ ਝੰਜੋੜ ਸੁੱਟਦੀ ਹੈ।ਸੋ ਅੱਜ ਦੇ ਸੰਦਰਭ ਵਿੱਚ ਇਹ ਜਰੂਰੀ ਹੋ ਜਾਂਦਾ ਹੈ ਕਿ ਸਿੱਖ ਜਵਾਨੀ ਆਪਣੇ ਵਿਰਸੇ ਨੂੰ ਸਮਝੇ,ਇਤਿਹਾਸ ਨੂੰ ਗਹੁ ਨਾਲ ਵਾਚੇ ਤਾਂ ਯਕੀਨਣ ਸ੍ਰੀ ਅਨੰਦਪੁਰ ਸਾਹਿਬ ਅਤੇ ਮਾਛੂਵਾੜੇ(ਮਾਛੀਵਾੜਾ) ਦੇ ਰਾਹ ਦਾ ਫਲਸਫਾ ਸਮਝ ਆ ਜਾਵੇਗਾ।
ਬਘੇਲ ਸਿੰਘ ਧਾਲੀਵਾਲ
99142-58142