ਭਾਈ ਤਾਰਾ ਸਿੰਘ ਵਾਂ ਵਰਗੇ ਘਰ-ਬਾਰੀ ਸਿੱਖ ਦੀ ਸ਼ਹਾਦਤ ਤੋਂ ਬਾਅਦ ਦੀਵਾਨ ਦਰਬਾਰਾ ਸਿੰਘ ਦੀ ਅਗਵਾਈ ਥੱਲੇ ਅੰਮ੍ਰਿਤਸਰ ਵਿਚ ਵੱਡਾ ‘ਕੱਠ ਹੋਇਆ, ਜਿਸ ਵਿਚ ਇਹ ਗੁਰਮਤਾ ਸੋਧਿਆ ਗਿਆ ਕਿ :-
#ਹਕੂਮਤ ਨੂੰ ਕੰਮਜ਼ੋਰ ਕਰਨ ਲਈ ਸਰਕਾਰੀ ਖਜ਼ਾਨੇ ਲਈ ਆਉਣ ਵਾਲਾ ਸਾਰੇ ਇਲਾਕਿਆਂ ਦਾ ਮਾਲੀਆ, ਲਾਹੌਰ ਪਹੁੰਚਣ ਹੀ ਨ ਦਿੱਤਾ ਜਾਵੇ, ਸਗੋਂ ਆਪਣੇ ਕਬਜ਼ੇ ਵਿਚ ਕਰ ਲਿਆ ਜਾਵੇ।
#ਸ਼ਾਹੀ_ਹਥਿਆਰਾਂ_ਤੇ_ਘੋੜਿਆਂ_ਨੂੰ_ਖੋਹਿਆ_ਜਾਵੇ ।
#ਹਕੂਮਤ_ਦੇ_ਪਿੱਠੂਆਂ_ਦੀ_ਸੁਧਾਈ_ਕੀਤੀ_ਜਾਵੇ।
ਇਸ ਵਕਤ ਸਿੱਖਾਂ ਕੋਲ ਭਾਂਵੇ ਬਾਹਰੀ ਜ਼ਰੂਰਤ ਦੀਆਂ ਵਸਤਾਂ ਥੋੜੀਆਂ ਸਨ, ਪਰ ਉਨ੍ਹਾਂ ਦਾ ਮਨੋਬਲ ਚੜ੍ਹਦੀਕਲਾ ਵਿਚ ਸੀ, ਗਿਆਨੀ ਗਿਆਨ ਸਿੰਘ ਜੀ ਹੁਣਾ ਲਿਖਿਆ ਹੈ :-
ਫਿਡਾ ਜੈਸਾ ਟਟੂਆ ਜੁਲੜੂ ਕਾ ਕਾਠੀ ਪਾਇ,
ਰਸੜੂ ਲਗਾਮ ਤੇ ਰਸੜੂ ਰਕਾਬ ਜੂ।
ਪਾਟਿਆ ਸਾ ਕਛੜੂ ਤੇ ਨੀਲ ਸਾ ਚਾਦਰੂ,
ਡੂਚੋਂ ਜੈਸਾ ਪਗੜੂ ਬਣਾਇਆ ਸਿਰਤਾਜ ਜੂ।
ਟੁਟਿਆ ਜੈਸਾ ਤੋਗੜੂ ਤੇ ਲੀਹੜੂ ਮਿਆਨ ਜਾ ਕੋ,
ਗਰ ਸਰ ਗਾਤਰਾ ਬਣਾਇਆ ਸਭ ਸਾਜ ਜੂ।
ਨਾਮ ਤੇ ਅਕਾਲੜੂ ਸੋ ਫਿਰੈ ਬੁਰੇ ਹਾਲੜੂ ਸੋ,
ਲੂਟ ਕੂਟ ਖਾਵਣੇ ਕੋ ਡਾਢੇ ਉਸਤਾਦ ਜੂ।”
ਸਿੰਘਾਂ ਨੇ ਸਰਕਾਰ ਦੇ ਨਾਸੀਂ ਧੂਆਂ ਲਿਆਂਦਾ ਪਿਆ ਸੀ, ੧੭੨੭ ਈਸਵੀ ਵਿਚ ਦੀਵਾਨ ਦਰਬਾਰਾ ਸਿੰਘ, ਨਵਾਬ ਕਪੂਰ ਸਿੰਘ ਤੇ ਹਰੀ ਸਿੰਘ ਹਜ਼ੂਰੀਆ ਆਪਣੇ ਜੱਥਿਆਂ ਸਮੇਤ ਸ੍ਰੀ ਹਰਗੋਬਿੰਦ ਪੁਰ ਦੇ ਲਾਗੇ ਸਨ,ਕਿ ਇਨ੍ਹਾਂ ਦਿਨ੍ਹਾਂ ਵਿਚ ਹੀ ਸਿਆਲਕੋਟੀਆ ਵਯਾਪਾਰੀ ਪ੍ਰਤਾਪ ਚੰਦ ਜਿਸਦਾ ਵਪਾਰ ਹਿੰਦ ਦੇਸ਼ ਵਿਚ ਦੂਰ ਦੂਰ ਤਕ ਫੈਲਿਆ ਸੀ ਆਪਣੇ ਟਾਂਡੇ (ਵਪਾਰਕ ਕਾਫਲੇ) ਸਮੇਤ ਖੁੱਲੇ ਮੈਦਾਨ ਵਿਚ ਉਤਰਿਆ ਹੋਇਆ ਸੀ।
ਸਿੰਘਾਂ ਪਾਸ ਇਹ ਕੰਨਸੋਅ ਪਹੁੰਚ ਗੲੀ ਕਿ ਦੋ ਕੋਹਾਂ ਦੀ ਵਿਥ ਤੇ ਇਕ ਟਾਂਡਾ ਰੁਕਿਆ ਹੈ ਜੋ ਸ਼ਾਹੀ ਸਮਾਨ ਲਿਜਾ ਰਿਹਾ ਹੈ। ਸ਼ਾਹੀ ਘਰਾਣੇ ਦਾ ਨਾਮ ਸੁਣਦਿਆਂ ਖਾਲਸੇ ਨੇ ਰਾਤ ਉਤਰਦਿਆਂ ਹੀ ਇਹ ਟਾਂਡਾ ਜਾ ਦਬੋਚਿਆ । ਟਾਂਡੇ ਵਾਲਿਆਂ ਨੂੰ ਜਿੱਧਰ ਰਾਹ ਮਿਲਿਆ ਉਧਰ ਹੀ ਭੱਜ ਲਏ ਤੇ ਸਮਾਨ ਖਲਾਸੇ ਹਥ ਆਇਆ । ਪ੍ਰਤਾਪ ਚੰਦ ਵੀ ਜਖਮੀ ਹੋ ਗਿਆ । ਖਾਲਸੇ ਨੇ ਉਸਦੇ ਵੇਗਾਰੀ ਵੀ ਕੁਝ ਦਬੋਚ ਲਏ ਤੇ ਉਨ੍ਹਾਂ ਦੁਆਰਾ ਇਹ ਸਾਰਾ ਸਮਾਨ ਆਪਣੇ ਡੇਰੇ ਤੇ ਲੈ ਕੇ ਆਏ।ਜਦ ਗੰਢਾਂ ਖੋਲੀਆਂ ਗਈਆਂ ਤਾਂ ਉਸ ਵਿਚ ਬਹੁਮੁਲੀਆਂ ਸ਼ਾਲਾਂ ਤੇ ਗਰਮ ਲੀੜੇ ਸਨ। ਟਾਂਡਾ ਦੇ ਪਸ਼ੂਆਂ ਨੂੰ ਹੱਕਣ ਵਾਲੇ ਵਿਗਾਰੀਆਂ ਤੋਂ ਸਿੰਘਾਂ ਨੂੰ ਪਤਾ ਲੱਗਾ ਕਿ ਇਹ ਸਮਾਨ ਸ਼ਾਹੀ ਘਰਾਣੇ ਪਾਸ ਵਿਕਣ ਲਈ ਜਾ ਰਿਹਾ ਨ ਕਿ ਸ਼ਾਹੀ ਘਰਾਣੇ ਦਾ ਹੈ। ਇਸ ਦਾ ਮਾਲਕ ਤੇ ਪ੍ਰਤਾਪ ਚੰਦ ਹੈ।
ਦੀਵਾਨ ਦਰਬਾਰਾ ਸਿੰਘ ਜੀ ਨੇ ਓਸੇ ਵਕਤ ਕਿਹਾ ਕਿ ਖਾਲਸਾ ਜੀ, ਸਾਨੂੰ ਭੁਲੇਖਾ ਲੱਗਾ ਹੈ, ਇਹ ਸਾਰਾ ਮਾਲ ਸਾਡੇ ਇਕ ਪੰਜਾਬੀ ਭਰਾ ਦਾ ਹੈ ਜੋ ਵਾਪਾਰ ਕਰਨ ਲੲੀ ਜਾ ਰਿਹਾ ਹੈ, ਅਸੀਂ ਸ਼ਾਹੀ ਮਾਲ ਅਸਬਾਬ ਲੁਟਨਾ ਹੈ ਨ ਕਿ ਆਪਣੇ ਭਾਈਆਂ ਦਾ, ਸੋ ਸਾਰਾ ਸਮਾਨ ਗੰਢਾਂ ਵਿਚ ਬੰਨ ਕੇ ਇਸਦੇ ਮਾਲਕ ਤਕ ਪਹੁੰਚਾ ਦਿੱਤਾ ਜਾਵੇ। ਇੰਝ ਹੀ ਕੀਤਾ ਗਿਆ ।
ਇਸ ਵਕਤ ਠੰਡ ਉਤਰਨ ਵਾਲੀ ਸੀ, ਸਿੰਘਾਂ ਵਿਚੋਂ ਬਹੁਤਿਆਂ ਕੋਲ ਤਨ ਢੱਕਣ ਲਈ ਲੀੜੇ ਵੀ ਨਹੀ ਸਨ,ਕੇਵਲ ਤੇੜ ਕਛਹਿਰੇ ਹੀ ਸਨ। ਹੈਰਾਨੀ ਦੀ ਗੱਲ ਹੈ ਕਿ ਇਹੋ ਜਿਹੇ ਵਕਤ ਵਿਚ ਇਨ੍ਹਾਂ ਵਿਚੋਂ ਕਿਸੇ ਨੇ ਵੀ ਪ੍ਰਤਾਪ ਚੰਦ ਦੇ ਬਸਤਰਾਂ ਦੀਆਂ ਗੰਢਾਂ ਵਿਚੋਂ ਇਕ ਵੀ ਲੀੜਾ ਆਪਣੇ ਲਈ ਨ ਕੱਢਿਆ । ਇਹ ਇਖਲਾਕ ਸੀ ਖਾਲਸੇ ਦਾ।
ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਖਾਲਸੇ ਦੀਆਂ ਮਾਰਾਂ, ਧੰਨ ਪਦਾਰਥ ਦਾ ਲੁਟਣਾ, ਆਪਣੇ ਆਪ ਨੂੰ ਅਮੀਰ ਬਣਾਉਣ ਲਈ ਨਹੀ ਸੀ ਹੁੰਦਾ ਸਗੋਂ ਜ਼ਾਲਮ ਹਕੂਮਤ ਦਾ, ਲੋਕਾਂ ਦੇ ਮਨਾਂ ਵਿਚੋਂ ਡਰ ਦੂਰ ਕਰਨਾ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਅਤਿਆਚਾਰਾਂ ਦੀ ਸਜ਼ਾ ਦੇਣ ਲਈ ਸੀ। ਖਾਲਸਾ ਸੰਤੋਖੀ ਹੈ, ਇਹੋ ਜਿਹੀਆਂ ਮਿਸਾਲਾਂ ਦੁਨੀਆਂ ਵਿਚ ਹੋਰ ਕਿਤੇ ਨਹੀ ਮਿਲਣੀਆਂ ।।
ਬਲਦੀਪ_ਸਿੰਘ_ਰਾਮੂੰਵਾਲੀਆ
Author: Gurbhej Singh Anandpuri
ਮੁੱਖ ਸੰਪਾਦਕ