ਮੈਂ ਕਰਜ਼ਦਾਰ ਹਾਂ ਆਪ ਦਾ,
ਤੇ ਰਹਾਂਗਾ ਆਖ਼ਰੀ ਸਾਹ ਤੱਕ ਵੀ।
ਪਰ ਨਹੀਂ,
ਆਖ਼ਰੀ ਸਾਹ ਤੱਕ ਹੀ ਭਲਾ ਕਿਉਂ?
ਆਖ਼ਰੀ ਸਾਹ ਦੇ ਮੁੱਕ ਜਾਣ ਤੇ ਵੀ,
ਜੋ ਚੰਦ ਲੋਕ, ਚੰਦ ਵਰ੍ਹੇ ਮੈਨੂੰ ਯਾਦ ਕਰਨਗੇ,
ਉਹ ਵੀ ਤਾਂ ਆਪ ਦੀ ਹੀ ਮਿਹਰਬਾਨੀ ਹੋਵੇਗੀ।
ਮੈਂ ਕਰਜ਼ਦਾਰ ਹਾਂ
ਕੋਲ ਬਿਠਾ ਮੈਨੂੰ ਪੜ੍ਹਾਉਣ ਵਾਲ਼ਿਆਂ ਦਾ,
ਬਾਲ ਵਰੇਸੇ,ਗਿਆਨ ਨਾਲ਼ ਰੁਸ਼ਨਾਉਣ ਵਾਲ਼ਿਆਂ ਦਾ
ਸਬਕ ਅਕਲ ਦੇ ਪੜ੍ਹਾਉਣ ਵਾਲ਼ਿਆਂ ਦਾ,
ਮੇਰੀ ਗਿਆਨ ਪਤੰਗ ਤੁਣਕਾਉਣ ਵਾਲ਼ਿਆਂ ਦਾ,
ਮਾਰ ਝਿੜਕਾਂ ਰਾਹੇ ਪਾਉਣ ਵਾਲ਼ਿਆਂ ਦਾ,
ਨਿੱਤ ਮੰਜ਼ਿਲ ਨਵੀਂ ਦਿਖਾਉਣ ਵਾਲ਼ਿਆਂ ਦਾ,
ਨਾਲ ਚਲਕੇ ਮੈਨੂੰ ਚਲਾਉਣ ਵਾਲ਼ਿਆਂ ਦਾ,
ਰਾਹਾਂ ‘ਤੇ ਚਲਦੇ ਦਾ ਮੋਢਾ ਥਪਥਪਾਉਣ ਵਾਲ਼ਿਆਂ ਦਾ
‘ ਕੁੱਝ ‘ ਠੋਕਰਾਂ ਮਾਰ ਠੁਕਰਾਉਣ ਵਾਲ਼ਿਆਂ ਦਾ,
ਮਾਰ ਠੁੱਡੇ ਮੰਜ਼ਿਲ ਪੁਚਾਉਣ ਵਾਲ਼ਿਆਂ ਦਾ,
ਕਿਸਮਤ ਦੇ ਪਾਠ ਝੁਠਲਾਉਣ ਵਾਲ਼ਿਆਂ ਦਾ
ਮਰਤਬੇ ਉੱਚੇ ਪਵਾਉਣ ਵਾਲ਼ਿਆਂ ਦਾ।
ਮੈਨੂੰ ਅਧਿਆਪਕ ਬਣਾਉਣ ਵਾਲ਼ਿਆਂ ਦਾ,
ਅਧਿਆਪਨ ਦੇ ਗੁਰ ਸਿਖਾਉਣ ਵਾਲ਼ਿਆਂ ਦਾ,
ਜਿਉਂਦੇ ਜੀਅ ਸਵਰਗ ਦਿਖਾਉਣ ਵਾਲ਼ਿਆਂ ਦਾ।
ਮੈਂ ਕਰਜ਼ਦਾਰ ਹਾਂ, ਮੈਂ ਕਰਜ਼ਦਾਰ ਹਾਂ।
ਹਰਦੀਪ ਸਿੰਘ ਰਾਮਦੀਵਾਲੀ
(9815302999)