ਕੌਮੀ ਯੋਧੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਨੇ ਅਜੋਕੀ ਸਿੱਖ ਜਵਾਨੀ ਨੂੰ ਜਗਾਇਆ ਹੈ ਕਿ ਆਪਣੇ ਹੱਕਾਂ-ਹਿੱਤਾਂ ਦੀ ਪਹਿਰੇਦਾਰੀ ਕਰੋ। ਕੌਮ ਅੰਦਰ ਨਵੀਂ ਚੇਤਨਾ ਜਵਾਨ ਹੋ ਰਹੀ ਹੈ। ਸਿੱਖ ਚਿੰਤਕ ਸਿਰਦਾਰ ਕਪੂਰ ਸਿੰਘ ਕਹਿੰਦੇ ਹੁੰਦੇ ਸੀ, “ਆਉਣ ਵਾਲ਼ੇ ਸਮਿਆਂ ਵਿੱਚ ਸਿੱਖੀ ਉੱਤੇ ਅਨੇਕਾਂ ਮਾਰੂ ਹਮਲੇ ਹੋਣਗੇ। ਕਿਸੇ ਵੇਲ਼ੇ ਸਭ ਕੁਝ ਰੁੜ੍ਹ ਗਿਆ ਜਾਪੇਗਾ। ਅਸੁਰੀ ਸ਼ਕਤੀਆਂ ਸਭ ਕੁਝ ਨਿਗ਼ਲ ਜਾਣਗੀਆਂ। ਓਸ ਵੇਲ਼ੇ ਵਿਚਲਿਤ ਨਹੀਂ ਹੋਣਾ। ਗੁਰੂ ਭਰੋਸੇ ਚੰਗੇ ਦਿਨਾਂ ਦੀ ਆਮਦ ਦੀ ਆਸ ਟੁੱਟਣ ਨਹੀਂ ਦੇਣੀ। ਅਸਲ ਸਿੱਖੀ ਦੇ ਬੀਅ ਨੂੰ ਘੁੱਟ ਕੇ ਗਲ਼ ਨਾਲ਼ ਲਾਈ ਰੱਖਣਾ। ਬੀਅ ਵਿੱਚ ਬੜੀ ਸ਼ਕਤੀ ਹੈ। ਮਿਸਰ ਦੀਆਂ ਪਿਰਾਮਿਡਾਂ ਵਿੱਚੋਂ ਬੀਅ ਮਿਲ਼ੇ ਹਨ ਜੋ ਬੀਜਦਿਆਂ ਸਾਰ ਹੀ ਪੌਦੇ-ਪੇੜ ਬਣ ਗਏ। ਦਰਿਆ ਦੇ ਕਹਿਰ ਤੋਂ ਬਾਅਦ ਧਰਤੀ ਹੋਰ ਉਪਜਾਊ ਹੋ ਜਾਵੇਗੀ। ਸੂਰਜ ਨਵਾਂ ਜੀਵਨ ਲੈ ਕੇ ਰੌਸ਼ਨੀ ਬਿਖੇਰੇਗਾ, ਓਸ ਬੀਅ ਨੂੰ ਦੁਬਾਰੇ ਬੀਜ ਦੇਣਾ। ਉਹ ਸਿੱਖੀ ਦੀ ਨਵੀਂ ਫ਼ਸਲ ਪੈਦਾ ਕਰੇਗਾ। ਛੋਟੇ-ਛੋਟੇ ਬੀਆਂ ਤੋਂ ਹੀਂ ਵੱਡੇ-ਵੱਡੇ ਦਰੱਖ਼ਤ ਬਣਦੇ ਹਨ, ਜੋ ਪਸ਼ੂ-ਪੰਖੀਆਂ ਦਾ ਆਸਰਾ ਅਤੇ ਮਨੁੱਖ ਨੂੰ ਛਾਂ ਪ੍ਰਦਾਨ ਕਰਨ ਦੇ ਕਾਬਲ ਹੁੰਦੇ ਹਨ। ਏਸ ਲਈ ਸੰਕਟ ਸਮੇਂ ਸਭ ਤੋਂ ਵੱਧ ਸਾਂਭਣ ਵਾਲੀ ਵਸਤੂ ਬੀਅ ਹੀ ਹੁੰਦਾ ਹੈ।”
ਅੱਜ ਸਾਡੇ ਸਾਮ੍ਹਣੇ ਦੋ ਧਿਰਾਂ ਨੇ। ਇੱਕ ਸਿੱਖ ਧਰਮ ਦੀ ਚੜ੍ਹਦੀ ਕਲਾ ਲੋਚਣ ਵਾਲ਼ਿਆਂ ਦੀ ਧਿਰ ਆ ਜਿਹੜੇ ਭਾਰਤੀ ਹਕੂਮਤੀ ਤੰਤਰ ਤੋਂ ਸਿੱਖੀ ਤੇ ਸਿੱਖਾਂ ਨੂੰ ਬਚਾਉਣ ਲਈ ਤਤਪਰ ਨੇ। ਇਹ ਲੋਕ ਸਪਸ਼ਟ ਨੇ ਕਿ ਜੇ ਇਹ ਸਭ ਕੁਝ ਇਵੇਂ ਈ ਚੱਲਦਾ ਰਿਹਾ, ਰੋਕਿਆ ਨਾ ਗਿਆ ਤਾਂ ਸਿੱਖੀ ਲਈ ਬੇਹੱਦ ਖ਼ਤਰਨਾਕ ਸਾਬਤ ਹੋਵੇਗਾ। ਇਹ ਧਿਰ ਸਿੱਖੀ ਨੂੰ ਬਚਾਉਣ ਲਈ ਹਰ ਹੱਦ ਪਾਰ ਕਰਨ ਨੂੰ ਤਿਆਰ ਬਰ ਤਿਆਰ ਰਹਿੰਦੀ ਹੈ। ਇਸ ਧਿਰ ਦੀ ਗਿਣਤੀ ਬੇਸ਼ੱਕ ਥੋੜ੍ਹੀ ਹੋਵੇ, ਇਸ ਧਿਰ ਨੂੰ ਭਾਰਤੀ ਮੀਡੀਆ ਵਿੱਚ ਵੀ ਰੱਦ ਕੀਤਾ ਜਾਂਦਾ ਹੈ ਤੇ ‘ਸਮਾਜ ਵਿਰੋਧੀ ਤੱਤ’ ਕਹਿ ਕੇ ਬਦਨਾਮ ਕੀਤਾ ਜਾਂਦਾ ਹੈ, ਥਾਂ ਨਹੀਂ ਦਿੱਤੀ ਜਾਂਦੀ ਪਰ ਇਹ ਧਿਰ ਦੂਜੀ ਧਿਰ ਲਈ ਹਰ ਵੇਲ਼ੇ ਬਿਪਤਾ ਬਣੀ ਰਹਿੰਦੀ ਹੈ। ਇਸ ਧਿਰ ਦਾ ਸੱਚ ਐਨਾ ਬਲਵਾਨ ਹੈ ਕਿ ਹਕੂਮਤ ਤੇ ਦੂਜੀ ਧਿਰ ਕਦੇ ਕੁਝ ਨਹੀਂ ਵਿਗਾੜ ਸਕੇ। ਇਸ ਧਿਰ ਦੇ ਮੋਢੀਆਂ ਨੂੰ ਕਤਲ ਕਰ ਕੇ, ਬਦਨਾਮ ਕਰ ਕੇ, ਖੂੰਝੇ ਲਾ ਕੇ ਹਰ ਹਰਬਾ ਵਰਤਣ ਮਗਰੋਂ ਵੀ ਦੁਸ਼ਮਣ ਜਿੱਤ ਨਹੀਂ ਸਕੇ। ਇਹ ਧਿਰ ਅਡੋਲ ਤੇ ਅਜੇਤੂ ਹੈ। ਦੀਪ ਸਿੱਧੂ ਦਾ ਨਾਂ ਇਸ ਧਿਰ ਵਿੱਚ ਹੈ।
ਦੂਜੀ ਧਿਰ ਵੀ ਪੂਰਾ ਜ਼ੋਰ ਲਾ ਕੇ ਇਹ ਭਰਮ ਪਾਉਂਦੀ ਹੈ ਕਿ ਅਸੀਂ ਵੀ ਸਿੱਖੀ ਦੀ ਚੜ੍ਹਦੀ ਕਲਾ ਲੋਚਦੇ ਹਾਂ, ਅਸੀਂ ਵੀ ਸਿੱਖ ਧਰਮ ਲਈ ਖ਼ਤਰੇ ਖ਼ਿਲਾਫ਼ ਲੜ ਰਹੇ ਹਾਂ, ਅਸੀਂ ਵੀ ਸਿੱਖੀ ਅਤੇ ਸਿੱਖਾਂ ਉੱਤੇ ਹੋ ਰਹੇ ਹਮਲਿਆਂ ਤੋਂ ਚਿੰਤਤ ਹਾਂ ਪਰ ਹਕੀਕਤ ਵਿੱਚ ਇਹ ਧਿਰ ਓਸ ਹਕੂਮਤੀ-ਤੰਤਰ ਦਾ ਹੀ ਇੱਕ ਅੰਗ ਹੈ ਜੀਹਦਾ ਨਿਸ਼ਾਨਾ ਸਿੱਖ ਧਰਮ ਦਾ ਬੀਜ ਨਾਸ਼ ਕਰਨਾ ਹੈ ਜਾਂ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣਾ ਹੈ। ਇਹ ਧਿਰ ਹਕੂਮਤ ਤੋਂ ਲਾਹੇ ਲੈ ਕੇ, ਅਹੁਦੇ ਮਾਨਣ, ਕਾਰਾਂ ਕੋਠੀਆਂ, ਕਾਰੋਬਾਰ ਤੇ ਮਾਇਆ ਇਕੱਠੀ ਕਰਨ ਨੂੰ ਹੀ ਮਕਸਦ ਸਮਝਦੀ ਹੈ। ਸਿੱਖ ਧਰਮ, ਬੋਲੀ, ਸੱਭਿਆਚਾਰ ਨੂੰ ਮਲੀਆਮੇਟ ਕਰਨ ਵਾਲ਼ਿਆਂ ਨਾਲ਼ ਘਿਓ-ਖਿੱਚੜੀ ਰਹਿਣਾ, ਇਸ ਹਮਲੇ ਖ਼ਿਲਾਫ਼ ਉੱਠੇ ਰੋਹ ਨੂੰ ਸ਼ਾਂਤ ਕਰਨ ਲਈ ਪ੍ਰੈਸ਼ਰ-ਕੂਕਰ ਦੀ ਸੀਟੀ ਵਾਲ਼ਾ ਕੰਮ ਕਰਨਾ ਤੇ ਸਹਿਜੇ-ਸਹਿਜੇ ਸਿੱਖੀ ਦਾ ਬ੍ਰਾਹਮਣੀਕਰਨ ਹੋਣ ਦੇਣਾ ਇਸ ਬਾਦਲੀ ਧਿਰ ਦੇ ਗੁਣ ਹਨ।
ਸਿੱਖ ਹੱਕਾਂ ਤੇ ਸਿੱਖ ਹਿੱਤਾਂ ਲਈ ਲੜਨ ਵਾਲ਼ਿਆਂ ਨੂੰ ਬਦਨਾਮ ਕਰਨ-ਕਰਾਉਣ ਤੇ ਕਤਲ ਤਕ ਕਰਵਾਉਣਾ ਇਹ ਆਪਣਾ ਫ਼ਰਜ਼ ਸਮਝਦੇ ਨੇ। ਜਦ ਸ. ਸੁਖਬੀਰ ਸਿੰਘ ਬਾਦਲ ਸਿੱਖ ਰਹਿਤ ਮਰਯਾਦਾ ਦੀਆਂ ਧੱਜੀਆਂ ਉਡਾਵੇ, ਮੰਦਰਾਂ ਵਿੱਚ ਜਾ ਕੇ ਕਰਮ-ਕਾਂਡ ਕਰੇ ਤਾਂ ਇਸ ਪਾਪ ਦਾ ਵਿਰੋਧ ਕਰਨ ਵਾਲ਼ਿਆਂ ਸਿੱਖਾਂ ਨੂੰ ਇਹ ਦੂਜੀ ਧਿਰ ਗੰਦੀਆਂ ਗਾਲ਼ਾਂ ਕੱਢਦੀ ਹੈ। ਜੇ ਸਿੱਖਾਂ ਦੇ ਇਸ਼ਟ ਦੀ ਬੇਅਦਬੀ ਕਰਨ ਵਾਲ਼ਿਆਂ ਨੂੰ ਸਿੱਖ ਨਿਸ਼ਾਨਾ ਬਣਾਉਣ ਤਾਂ ਦੂਜੀ ਧਿਰ ਕਹਿੰਦੀ ਹੈ ਕਿ ਇਹ ਕਾਂਗਰਸ ਦੇ ਏਜੰਟ ਨੇ। ਜੇ ਪੰਥ ਤੇ ਪੰਜਾਬ ਦੀ ਬਰਬਾਦੀ ਲਈ ਮੋਢੀ ਬਾਦਲ ਪਰਿਵਾਰ ਤੇ ਹੋਰ ਦੋਸ਼ੀਆਂ ਖ਼ਿਲਾਫ਼ ਸਿੱਖ ਲਿਖਣ-ਬੋਲਣ ਤਾਂ ਦੂਜੀ ਧਿਰ ਡਟ ਕੇ ਸਿੱਖਾਂ ਦੇ ਖ਼ਿਲਾਫ਼ ਡਟ ਜਾਂਦੀ ਹੈ। ਦੁਸ਼ਮਣ ਦੇ ਕੁਹਾੜੇ ਦਾ ਦਸਤਾ ਬਣ ਕੇ ਸਿੱਖੀ ਤੇ ਸਿੱਖਾਂ ਦਾ ਘਾਣ ਕਰਨ ਵਾਲ਼ਿਆਂ ਦੇ ਹੱਕ ਵਿੱਚ ਭੁਗਤਣ ਨੂੰ ਸਿੱਖੀ ਦੀ ਸੇਵਾ ਦੱਸਣ ਵਾਲ਼ੇ ਦੂਜੀ ਧਿਰ ਨੂੰ ਬੜਾ ਹੰਕਾਰ ਹੈ ਕਿ ਸਾਡੇ ਕੋਲ਼ ਵੱਡੇ ਅਹੁਦੇ, ਵੱਡੀਆਂ ਜਥੇਬੰਦੀਆਂ ਨੇ ਤੇ ਸਾਨੂੰ ਮੀਡੀਆ ਵਿੱਚ ਪ੍ਰਮੁੱਖਤਾ ਹਾਸਲ ਹੈ ਪਰ ਉਹਨਾਂ ਨੂੰ ਹਰ ਮੌਕੇ ਇਹੋ ਫਿਕਰ ਪਿਆ ਰਹਿੰਦਾ ਹੈ ਕਿ ਇਤਿਹਾਸ ਵਿੱਚ ਸਾਨੂੰ ਕਿਵੇਂ ਲਿਖਿਆ ਜਾਊ ? ਇਤਿਹਾਸ ਵਿੱਚ ਤਾਂ ਇਹ ਲੋਕ ਸਿੱਖੀ ਦੇ ਵੈਰੀਆਂ ਦੇ ਸੰਗੀ-ਸਾਥੀ ਹੀ ਲਿਖੇ ਜਾਣਗੇ। ਪਹਿਲੀ ਧਿਰ ਚਾਹੇ ਜਿੰਨੀ ਮਰਜੀ ਬਦਨਾਮ ਕੀਤੀ ਜਾਵੇ, ਰੱਦ ਕੀਤੀ ਜਾਵੇ ਪਰ ਇਤਿਹਾਸ ਇਸ ਧਿਰ ਨੂੰ ਹੀ ‘ਗੁਰੂ ਦੀ ਧਿਰ’ ਲਿਖੇਗਾ।
ਦੀਪ ਸਿੱਧੂ ਵਰਤਾਰਾ ਸਿੱਖ ਜਵਾਨੀ ਨੂੰ ਸਮਝਾ ਰਿਹਾ ਹੈ ਕਿ “ਜਿਸ ਕੌਮ/ਨਸਲ ਨੂੰ ਖ਼ਤਮ ਕਰਨ ਹੋਵੇ, ਉਸ ਦੀ ਬੋਲੀ, ਵਿਰਸਾ, ਚਿੰਨ੍ਹ ਹੌਲ਼ੀ-ਹੌਲ਼ੀ ਖ਼ਤਮ ਕੀਤੇ ਜਾਂਦੇ ਹਨ। ਇਸ ਲਈ ਹਿੰਸਕ ਧੱਕਾ ਵੀ ਕੀਤਾ ਜਾਂਦਾ ਤੇ ਸਹਿਜ ਨਾਲ਼ ਵੀ ਇਹ ਨਸਲਕੁਸ਼ੀ ਸਿੱਖਿਆ ਸਾਧਨਾਂ, ਪ੍ਰਚਾਰ ਸਾਧਨਾਂ, ਬਿਰਤਾਂਤ ਸਿਰਜਣਾ ਆਦਿ ਰਾਹੀਂ ਨਿਰੰਤਰ ਚਲਦੀ ਰਹਿੰਦੀ ਹੈ। ਇਹ ਕਦੇ ਖ਼ੂਨੀ ਹੁੰਦੀ ਹੈ ਤੇ ਕਦੇ ਰਾਜਨੀਤਕ ਜਾਂ ਕੂਟਨੀਤਕ। ਸ਼ਾਮ-ਦਾਮ-ਦੰਡ-ਭੇਡ ਦੀ ਨੀਤੀ ਵਰਤੀ ਜਾਂਦੀ ਹੈ।”
ਦੀਪ ਸਿੱਧੂ ਵਰਤਾਰੇ ਨੇ ਜਵਾਨੀ ਨੂੰ ਦੱਸਿਆ ਕਿ “ਇਹੋ ਕੁਝ ਸਾਡੇ ਨਾਲ਼ ਵਾਪਰ ਰਿਹਾ ਹੈ। ਸਾਡੇ ਧਰਮ, ਬੋਲੀ ਸੱਭਿਆਚਾਰ, ਸਾਡੇ ਇਤਿਹਾਸ, ਸੰਸਥਾਵਾਂ, ਵਿਰਾਸਤ ਨੂੰ ਮਲੀਆਮੇਟ ਕੀਤਾ ਜਾ ਰਿਹਾ ਹੈ। ਇਸ ਵੰਗਾਰ ਨੂੰ ਕਬੂਲ ਕਰਨਾ ਪੈਣਾ ਹੈ। ਹੋਂਦ ਦੀ ਲੜਾਈ ਨੂੰ ਚੁਣੌਤੀ ਵਾਂਗ ਲਵੋ, ਭਵਿੱਖ ਸਾਡਾ ਹੈ।”
ਨਸਲਕੁਸ਼ੀ ਤੋਂ ਬਚਣ ਵਾਲ਼ਿਆਂ ਯਹੂਦੀਆਂ ਨੂੰ ਜਦ ਪੁੱਛਿਆ ਗਿਆ ਕਿ ਤੁਹਾਡੇ ਕਤਲੇਆਮ ਦੀ ਦਾਸਤਾਨ ਇੱਕ ਦਿਨ ਵਿੱਚ ਤਾਂ ਪੂਰੀ ਨਹੀਂ ਹੋਈ, ਕਿੰਨੇ ਸਾਲ ਲੱਗੇ ਨੇ। ਜਦ ਤੁਹਾਡੇ ਘਾਣ ਦੀਆਂ ਤਿਆਰੀਆਂ ਹੋ ਰਹੀਆਂ ਸੀ, ਜਦ ਤੁਹਾਡੇ ਖ਼ਿਲਾਫ਼ ਮਹੌਲ ਬਣਾਇਆ ਜਾ ਰਿਹਾ ਸੀ ਤਾਂ ਤੁਸੀਂ ਆਪਣੇ ਬਚਾਅ ਲਈ ਕੋਈ ਇੰਤਜ਼ਾਮ ਕਿਉਂ ਨਾ ਕੀਤੇ ਤਾਂ ਯਹੂਦੀਆਂ ਦਾ ਜਵਾਬ ਸੀ ਕਿ “ਜਦ ਵੀ ਸਾਡੇ ਲੋਕਾਂ ਵਿੱਚ ਇਹ ਚਰਚਾ ਛਿੜਦੀ ਸੀ ਕਿ ਖ਼ਤਰੇ ਤੋਂ ਬਚਣ ਲਈ ਆਪਾਂ ਕੁਝ ਸੋਚੀਏ ਤਾਂ ਸਾਡੀ ਕੌਮ ਦੇ ਲੋਕਾਂ ਨੇ ਦੋਹਾਈ ਪਾ ਦੇਣੀ ਕਿ ਕੁਝ ਨਹੀਂ ਹੁੰਦਾ, ਬੇਫ਼ਿਕਰ ਰਹੋ, ਐਵੇਂ ਨਾ ਡਰੀ ਜਾਓ। ਉਹ ਲੋਕ ਯਹੂਦੀਆਂ ਨੂੰ ਬਚਾਉਣ ਜੋਗੇ ਤਾਂ ਹੈ ਈ ਨਹੀਂ ਸੀ ਪਰ ਇਹਨਾਂ ਨੇ ਲੜਨ ਮਰਨ ਵਾਲ਼ਿਆਂ ਨੂੰ ਵੀ ਨਿੱਸਲ ਕਰੀ ਰੱਖਿਆ, ਉਹਨਾਂ ਦਾ ਵਿਰੋਧ ਕੀਤਾ ਤੇ ਲੋਕਾਂ ਨੂੰ ਉਹਨਾਂ ਸੂਰਮਿਆਂ ਦੇ ਖ਼ਿਲਾਫ਼ ਖੜ੍ਹਾ ਕਰ ਦਿੱਤਾ। ਜੇ ਕਿਤੇ ਅਸੀਂ ਉਹਨਾਂ ਦੀ ਨਾ ਸੁਣੀ ਹੁੰਦੀ ਤਾਂ ਅਸੀਂ ਵੀ ਲੜਦੇ ਤੇ ਸ਼ਾਇਦ ਐਨਾ ਨੁਕਸਾਨ ਨਾ ਹੁੰਦਾ ਪਰ ਜਦ ਸਾਡੇ ਦੁਸ਼ਮਣ ਨੂੰ ਇਹ ਯਕੀਨ ਸੀ ਕਿ ਵਿਰੋਧ ਹੋਣਾ ਈ ਨਹੀਂ ਤਾਂ ਉਹਨਾਂ ਦੇ ਹੌਂਸਲੇ ਬੁਲੰਦ ਸੀ ਤੇ ਸਾਡੇ ਯਹੂਦੀਆਂ ਦੇ ਹੋਸ਼ ਉੱਡੇ ਪਏ ਸੀ। ਇਸ ਕਰਕੇ ਸਾਡੀ ਨਸਲਕੁਸ਼ੀ ਹੋਈ।”
ਸਾਡੇ ਵਿੱਚ ਜਿਹੜੇ ਲੋਕ ਸਿਰ ’ਤੇ ਚੜ੍ਹੇ ਖ਼ਤਰੇ ਨੂੰ ਸਮਝਣ ਤੇ ਬਚਣ ਦਾ ਰਾਹ ਲੱਭਣ ਦੀ ਥਾਂ ਫੁਕਰੀਆਂ ਮਾਰਦੇ ਨੇ ਕਿ ਕੱਖ ਨਹੀਂ ਹੁੰਦਾ, ਪ੍ਰਵਾਹ ਨਾ ਕਰੋ, ਇਹ ਲੋਕ ਖ਼ੁਦ ਤਾਂ ਲੜਨ-ਮਰਨ ਤੇ ਪੰਜਾਬ ਨੂੰ ਬਚਾਉਣ ਜੋਗੇ ਹੈ ਹੀ ਨਹੀਂ ਪਰ ਜਿਹੜੀ ਕੌਮੀ ਸ਼ਕਤੀ ਲੜਨ ਦੇ ਯੋਗ ਹੈ ਓਹਦਾ ਰਾਹ ਡੱਕੀ ਖੜ੍ਹੇ ਨੇ।
ਮੰਨ ਲਵੋ ਕਿ ਹਿੰਦੂ ਖ਼ਤਰੇ ਨੂੰ ਮੁੱਖ ਰੱਖ ਕੇ ਕਿਤੇ ਸਿੱਖ ਗਤਕਾ ਸਿੱਖਣ ਵੀ ਲੱਗ ਪੈਣ ਤਾਂ ਇਹਨਾਂ ਨੇ ਪਿੱਟਣ ਬਹਿ ਜਾਣਾ ਕਿ ਹਿੰਦੂ ਸਿੱਖ ਏਕਤਾ ਖ਼ਰਾਬ ਹੋ ਜਾਊ। ਇਹ ਲੋਕ ਸਿੱਖ ਕੌਮ ਨੂੰ ਹੱਥ-ਪੈਰ ਬੰਨ੍ਹ ਕੇ ਦੁਸ਼ਮਣ ਦੇ ਪੈਰਾਂ ਵਿੱਚ ਰੱਖਣ ਵਾਲੀ ਨੀਤੀ ’ਤੇ ਚੱਲ ਰਹੇ ਨੇ।
ਦੀਪ ਸਿੱਧੂ ਨੂੰ ਪਤਾ ਸੀ ਕਿ ਮੇਰੇੇ ਵਰਗੇ ਦੀਆਂ ਸੱਚੀਆਂ, ਸਪਸ਼ਟ ਤੇ ਠੋਸ ਗੱਲਾਂ ਨਾਲ਼ੋਂ ਇਹਨਾਂ ਭਾਰਤੀ ਸਟੇਟ ਦੀ ਹਰ ਮੌਕੇ ਅੰਨ੍ਹੀ ਹਮਾਇਤ ਕਰਨ ਵਾਲ਼ਿਆਂ ਨੂੰ ਸਿੱਖ ਜਗਤ ਵਿੱਚ ਜ਼ਿਆਦਾ ਮਾਨਤਾ ਹੈ। ਉਸ ਨੂੰ ਪਤਾ ਸੀ ਕਿ ਭਾਰਤੀ ਸਟੇਟ ਦੀ ਹਰ ਮੌਕੇ ਅੰਨ੍ਹੀ ਹਮਾਇਤ ਕਰਨ ਵਿੱਚ ਇਹ ਲੋਕ ‘ਸ਼ਾਂਤੀ ਦੂਤ’ ਮੰਨੇ ਜਾਂਦੇ ਨੇ ਤੇ ਸਾਡੇੇ ਵਰਗੇ ਸ਼ਰਾਰਤੀ ਅਨਸਰ। ਪਰ ਉਸ ਨੂੰ ਵਿਸਵਾਸ਼ ਸੀ ਕਿ ਜਦ ਦੁਸ਼ਮਣ ਸਿਰ ’ਤੇ ਚੜ੍ਹਿਆ ਖੜ੍ਹਾ ਹੋਊ, ਓਦੋਂ ਸਿੱਖਾਂ ਨੂੰ ਸਾਡੇੇ ਵਰਗੇ ਹੀ ਚੇਤੇ ਆਉਣਗੇ। ਨਸਲਕੁਸ਼ੀ ਦਾ ਸ਼ਿਕਾਰ ਹੋਣ ਵਾਲ਼ੇ ਬੇਸ਼ੁਮਾਰ ਸਿੱਖ ਹੋਣਗੇ ਜਿਹੜੇ ਮਰਨ ਤੋਂ ਪਹਿਲਾਂ ਲਾਜ਼ਮੀ ਸੋਚਣਗੇ ਤੇ ਕਹਿਣਗੇ ਕਿ ਕਾਸ਼ ਅਸੀਂ ਭਾਰਤੀ ਸਟੇਟ ਦੇ ਹਮਾਇਤੀਆਂ ਦੀਆਂ ਸਿਆਣਪਾਂ ਤੇ ਵਿਦਵਤਾ ਭਰਪੂਰ ਗੱਲਾਂ ਦੀ ਥਾਂ ਦੀਪ ਸਿੱਧੂ ਵਰਗਿਆਂ ਦੀ ਗੱਲ ਮੰਨੀ ਹੁੰਦੀ ਤਾਂ ਅੱਜ ਐਂ ਨਾ ਮਰਦੇ।
ਦੀਪ ਸਿੱਧੂ ਵਰਤਾਰਾ ਸਿੱਖ ਚੇਤਨਾ ਨੂੰ ਲਕੀਰ ਕੱਢ ਕੇ ਕੌਮ ਦੇ ਹੱਕ ਜਾਂ ਕੌਮ ਦੇ ਖ਼ਿਲਾਫ਼ ਹੋਣ ਲਈ ਵੰਗਾਰਦਾ ਹੈ। ਸਾਨੂੰ ਖਿਆਲ ਰੱਖਣਾ ਚਾਹੀਦਾ ਹੈ ਕਿ ਸਾਡੇ ਕੀ ਫ਼ਰਜ਼ ਹਨ ? ਸਿੱਖੀ ਬਚਾਉਣੀ ਆ ਕਿ ਮਰਵਾਉਣੀ ? ਜੇ ਮਰਵਾਉਣੀ ਆ ਤਾਂ ਜਿਹੜੇ ਬੰਦੇ ਭਾਰਤੀ ਸਟੇਟ ਦੇ ਹਰ ਫ਼ੈਸਲੇ ਦੀ ਅੰਨ੍ਹੀ ਹਮਾਇਤ ਕਰਦੇ ਨੇ ਉਹਨਾਂ ਦਾ ਡਟ ਕੇ ਸਾਥ ਦਿਓ, ਜਿਹੜੇ ਬੰਦੇ ਹਕੂਮਤੀ ਨਿਜ਼ਾਮ ਦੇ ਹਮਲਿਆਂ ਦਾ ਵਿਰੋਧ ਕਰਨ ਵਾਲ਼ੇ ਪੰਥਕ ਸੋਚ ਦੇ ਧਾਰਨੀਆਂ ਨੂੰ ਭੰਡਦੇ ਤੇ ਬਦਨਾਮ ਕਰਦੇ ਨੇ, ਉਹਨਾਂ ਦਾ ਸਾਥ ਦਿਓ।
ਜਦ ਤਕ ਪੰਥਕ ਸੋਚ ਦੇ ਪਹਿਰੇਦਾਰ ਘਰਾਂ ਵਿੱਚ ਨਹੀਂ ਦੜ ਜਾਂਦੇ ਕਿ ਕਿਹੜਾ ਇਹਨਾਂ ਹੱਥੋਂ ਜ਼ਲੀਲ ਹੋਵੇ, ਓਦੋਂ ਤਕ ਪੂਰਾ ਹਿੱਕ ਠੋਕ ਕੇ ਭਾਰਤੀ ਸਟੇਟ ਦੇ ਹਰ ਫ਼ੈਸਲੇ ਦੀ ਹਮਾਇਤ ਕਰਦੇ ਰਹੋ। ਖ਼ਾਸ ਕਰਕੇ ਜਿਹੜੇ ਕਹਿੰਦੇ ਨੇ ਕਿ “ਕੁਝ ਨਹੀਂ ਹੁੰਦਾ, ਐਵੇਂ ਨਾ ਡਰਿਆ ਕਰੋ, ਸਿੱਖੀ ਬੜੀ ਮਹਾਨ ਹੈ, ਐਵੇਂ ਕਿਵੇਂ ਕੋਈ ਸਿੱਖੀ ਹੜੱਪ ਜਾਊ, ਇਹ ਗਰਮਖਿਆਲੀ ਐਵੇਂ ਕਲਪਦੇ ਨੇ, ਹਿੰਦੂ ਸਿੱਖ ਏਕਤਾ ਨਹੀਂ ਹੋਣ ਦਿੰਦੇ।” ਇਹੋ ਜਿਹੇ ਲਾਲ ਬੁੱਝਕੜਾਂ ਦੀ ਲਿਸਟ ਬਣਾਓ ਤੇ ਥਾਂ-ਥਾਂ ਸਨਮਾਨਿਤ ਕਰੋ। ਮਤਲਬ ਭਾਰਤੀ ਸਟੇਟ ਦਾ ਪੱਖ ਪੂਰਨ ਵਾਲ਼ਿਆਂ ਨੂੰ ਸਨਮਾਨਿਤ ਕਰੋ ਤੇ ਭਾਰਤੀ ਸਟੇਟ ਦਾ ਵਿਰੋਧ ਕਰਨ ਵਾਲ਼ਿਆਂ ਨੂੰ ਅਪਮਾਨਿਤ ਕਰੋ। ਇਉਂ ਹੋ ਸਕਦਾ ਕਿ ਤੁਹਾਡਾ ਸਿੱਖੀ ਨੂੰ ਮਲੀਆਮੇਟ ਕਰਨ ਦਾ ਸੁਪਨਾ ਪੂਰਾ ਹੋ ਜਾਵੇ।
ਹੈਰਾਨੀ ਹੈ ਕਿ ਭਾਰਤੀ ਸਟੇਟ ਦੇ ਹਰ ਸਿੱਖ ਧਰਮ ਵਿਰੋਧੀ ਫ਼ੈਸਲੇ ਨੂੰ ਜਾਇਜ਼ ਤੇ ਸਹੀ ਦਰਸਾਉਣ ਵਾਲ਼ੇ ਕਿੱਥੋਂ ਇਹ ਦਲੀਲਾਂ ਲੈ ਆਉਂਦੇ ਨੇ। ਕੋਈ ਇਹਨਾਂ ਨੂੰ ਹਿੰਦੂ ਵੱਲੋਂ ਹੜੱਪੀਆਂ ਬੋਲੀਆਂ, ਧਰਮ, ਸੱਭਿਆਚਾਰਾਂ ਬਾਰੇ ਪੁੱਛ ਲਵੇ ਤਾਂ ਜਾਣਕਾਰੀ ਸਿਫਰ ਆ। ਇਹਨਾਂ ਨੂੰ ਵੇਖ ਕੇ ਬੋਧੀਆਂ ਵਿਚਲੇ ਓਹ ਲੋਕ ਚੇਤੇ ਆ ਜਾਂਦੇ ਨੇ ਜਿਹੜੇ ਓਸ ਵੇਲ਼ੇ ਸ਼ੰਕਰਾਚਾਰੀਆ ਦੇ ਹਰ ਫ਼ੈਸਲੇ ਦੀ ਹਮਾਇਤ ਵਿੱਚ ਇਹਨਾਂ ਵਰਗੀਆਂ ਹੀ ਦਲੀਲਾਂ ਦਿੰਦੇ ਹੁੰਦੇ ਸੀ। ਪਰ ਜਦ ਨਾਗਰੁਜਨਾ ਕੌਂਡਾ ਦੀ ਕਮਾਂਡ ਹੇਠ ਬੋਧੀਆਂ ਦਾ ਕਤਲੇਆਮ ਹੋਇਆ ਤਾਂ ਸਭ ਤੋਂ ਪਹਿਲਾਂ ਓਹੀ ਬੋਧੀ ਮਰੇ ਸੀ। ਬ੍ਰਾਹਮਣਵਾਦੀਆਂ ਦੇ ਸਦਾ ਵਿਰੋਧ ਵਿੱਚ ਡਟੇ ਰਹੇ ਬੋਧੀਆਂ ਨੂੰ ਮਰਨ ਮੌਕੇ ਵੀ ਕੋਈ ਅਫਸੋਸ ਨਹੀਂ ਸੀ ਪਰ ਬ੍ਰਾਹਮਣਵਾਦੀਆਂ ਦੀ ਬੋਲੀ ਬੋਲਦੇ ਰਹੇ ਬੋਧੀਆਂ ਦਾ ਬੁਰਾ ਹਾਲ ਸੀ। ਇਹੋ ਕੁਝ ਨਵੰਬਰ 1984 ਮੌਕੇ ਉਹਨਾਂ ਸਿੱਖਾਂ ਨਾਲ਼ ਹੋਇਆ ਜਿਹੜੇ ਆਪਣੇ ਆਪ ਨੂੰ ਭਾਰਤ ਮਾਤਾ ਦੇ ਸੇਵਾਦਾਰ ਸਮਝਦੇ ਨੇ। ਜਿਨ੍ਹਾਂ ਨੂੰ ਬੜਾ ਮਾਣ ਸੀ ਕਿ ਅਸੀਂ ਇਸ ਮੁਲਕ ਲਈ ਐਡੀ ਘਾਲਣਾ ਘਾਲੀ ਆ, ਸਾਨੂੰ ਨਹੀਂ ਕੁਝ ਕਹਿਣਾ, ਪਰ ਅਗਲਿਆਂ ਨੇ ਔਕਾਤ ਦਿਖਾ ਦਿੱਤੀ।
ਹੁਣ ਭਾਰਤੀ ਸਟੇਟ ਦੀ ਬੋਲੀ ਬੋਲਣ ਵਾਲ਼ੇ ਤੋਤਿਆਂ ਨਾਲ਼ ਵੀ ਆਹੀ ਕੁਝ ਹੋਣਾ। ਸਾਡੇ ਵਰਗੇ ਮਰਨ ਮੌਕੇ ਸ਼ਾਂਤ ਹੋਣਗੇ ਕਿ ਜਿੰਦਗੀ ਭਰ ਪੰਥ ਦੀ ਸੇਵਾ ਕੀਤੀ ਤੇ ਪੰਥ ਦੇ ਵੈਰੀਆਂ ਖ਼ਿਲਾਫ਼ ਡਟੇ ਰਹੇ ਹਾਂ। ਪਰ ਭਾਰਤੀ ਸਟੇਟ ਦੀ ਹਮਾਇਤ ਕਰਨ ਵਾਲ਼ਿਆਂ ਨੂੰ ਬਿਪਤਾ ਪੈ ਜਾਣੀ ਆ ਕਿ ਅਸੀਂ ਤਾਂ ਸਾਰੀ ਉਮਰ ਪੰਥ ਦੇ ਖ਼ਿਲਾਫ਼ ਭਾਰਤੀ ਸਟੇਟ ਦਾ ਸਾਥ ਦਿੱਤਾ ਇਹ ਸਾਡਾ ਘਾਣ ਕਿਉਂ ਕਰੀ ਜਾਂਦੇ ਨੇ।
ਹਕੀਕਤ ਇਹ ਹੈ ਕਿ ਦੀਪ ਸਿੱਧੂ ਦੇ ਜਿਊਂਦੇ-ਜੀ ਉਹਦੇ ਬੋਲਾਂ ਨੂੰ ਸਧਾਰਨ ਸਮਝਣ ਵਾਲ਼ੇ ਹੁਣ ਉਹਦੇ ਬੋਲਾਂ ਦੀ ਗੰਭੀਰਤਾ ਤੇ ਗਹਿਰਾਈ ਨੂੰ ਸਮਝਣ ਲੱਗ ਪਏ ਹਨ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)
ਮੋ : 88722-93883.
—–
Author: Gurbhej Singh Anandpuri
ਮੁੱਖ ਸੰਪਾਦਕ