ਕੀ ਬਾਣੀ ਪੜ੍ਹਨੀ ਤੇ ਨਸ਼ੇ ਛੁਡਵਾਉਣੇ ਵੀ ਹਿੰਦੂ ਰਾਜ ‘ਚ ਜੁਰਮ ਹੈ ? – ਰਣਜੀਤ ਸਿੰਘ ਦਮਦਮੀ ਟਕਸਾਲ
ਅੰਮ੍ਰਿਤਸਰ, 30 ਸਤੰਬਰ ( ਹਰਮੇਲ ਸਿੰਘ ਹੁੰਦਲ ) ਰੋਪੜ ਜੇਲ੍ਹ ‘ਚ ਨਜ਼ਰਬੰਦ ਸਿੱਖ ਪ੍ਰਚਾਰਕ , ਪੰਥਕ ਆਗੂ ਅਤੇ ਦਮਦਮੀ ਟਕਸਾਲ ਜਥਾ ਰਾਜਪੁਰਾ ਦੇ ਮੁੱਖ ਸੇਵਾਦਾਰ ਭਾਈ ਬਲਜਿੰਦਰ ਸਿੰਘ ਪਰਵਾਨਾ ਨਾਲ ਜੇਲ੍ਹ ਸੁਪਰਡੈਂਟ ਵੱਲੋਂ ਕੀਤੇ ਜਾ ਰਹੇ ਮਾੜੇ ਵਤੀਰੇ ਦੀ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਨੇ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ । ਪਿਛਲੇ ਦਿਨੀਂ ਭਾਈ ਬਲਜਿੰਦਰ ਸਿੰਘ ਪਰਵਾਨਾ ਦੀ ਸਿੰਘਣੀ ਉਹਨਾਂ ਨਾਲ ਜੇਲ੍ਹ ‘ਚ ਮੁਲਾਕਾਤ ਕਰਕੇ ਆਏ ਹਨ, ਜਿਨ੍ਹਾਂ ਨੇ ਦੱਸਿਆ ਕਿ ਜੇਲ੍ਹ ਸੁਪਰਡੈਂਟ ਦੇ ਘਟੀਆ ਵਰਤਾਓ ਕਾਰਨ ਭਾਈ ਪਰਵਾਨਾ ਮਾਨਸਿਕ ਪੱਖੋਂ ਕਾਫ਼ੀ ਪ੍ਰੇਸ਼ਾਨ ਹਨ ਤੇ ਉਹਨਾਂ ਨੇ ਪਿਛਲੇ ਪੰਜ ਦਿਨਾਂ ਤੋਂ ਰੋਸ ਵਜੋਂ ਭੁੱਖ ਹੜਤਾਲ ਵੀ ਰੱਖੀ ਹੋਈ ਹੈ ਜਿਸ ਕਾਰਨ ਉਹਨਾਂ ਦੀ ਸਿਹਤ ਦਾ ਨੁਕਸਾਨ ਹੋ ਸਕਦਾ ਹੈ । ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਕਿਹਾ ਕਿ ਭਾਈ ਬਲਜਿੰਦਰ ਸਿੰਘ ਪਰਵਾਨਾ ਨੂੰ ਸਰਕਾਰ ਨੇ 29 ਅਪ੍ਰੈਲ ਨੂੰ ਪਟਿਆਲਾ ‘ਚ ਵਾਪਰੀ ਘਟਨਾ ਕਾਰਨ ਗ੍ਰਿਫਤਾਰ ਕਰਕੇ ਜੇਲ੍ਹ ‘ਚ ਡੱਕਿਆ ਹੋਇਆ ਹੈ ਜਦ ਕਿ ਉਸ ਘਟਨਾ ਦੀ ਦੋਸ਼ੀ ਸ਼ਿਵ ਸੈਨਾ ਤੇ ਫਿਰਕੂ ਹਿੰਦੂਤਵੀਏ ਸਨ ਪਰ ਉਲਟਾ ਨਿਸ਼ਾਨਾ ਸਿੱਖ ਨੌਜਵਾਨਾਂ ਨੂੰ ਬਣਾਇਆ ਗਿਆ । ਉਹਨਾਂ ਕਿਹਾ ਕਿ ਜੇਲ੍ਹ ‘ਚ ਬਣੇ ਗੁਰਦੁਆਰਾ ਸਾਹਿਬ ‘ਚ ਭਾਈ ਬਲਜਿੰਦਰ ਸਿੰਘ ਪਰਵਾਨਾ ਨੂੰ ਬੈਠਣ ਨਾ ਦੇਣਾ , ਨਿਤਨੇਮ ਨਾ ਕਰਨ ਦੇਣਾ , ਸਹਿਜ ਪਾਠ ਨਾ ਕਰਨ ਦੇਣਾ ਬਰਦਾਸ਼ਤਯੋਗ ਨਹੀਂ ਹੈ । ਭਾਈ ਪਰਵਾਨਾ ਨੇ ਜੇਲ੍ਹ ‘ਚ ਵੀ ਸਿੱਖੀ ਦਾ ਪ੍ਰਚਾਰ ਕਰਦਿਆਂ ਅਨੇਕਾਂ ਨੌਜਵਾਨਾਂ ਨੂੰ ਨਸ਼ੇ ਛੁਡਾਏ ਹਨ, ਕੇਸ ਰਖਵਾਏ ਹਨ ਤੇ ਹੁਣ ਉਹਨਾਂ ਨੌਜਵਾਨਾਂ ਲਈ ਪਰਿਵਾਰ ਵੱਲੋਂ ਭੇਜੀਆਂ ਦਸਤਾਰਾਂ ਵੀ ਜੇਲ੍ਹ ਅਧਿਕਾਰੀਆਂ ਵੱਲੋੰ ਅੱਗੇ ਨਹੀੰ ਪਹੁੰਚਾਈਆਂ ਜਾ ਰਹੀਆਂ । ਉਹਨਾਂ ਸਵਾਲ ਕਰਦਿਆਂ ਕਿਹਾ ਕਿ ਕੀ ਨਸ਼ੇ ਛੁਡਵਾਉਣੇ, ਕੇਸ ਰਖਵਾਉਣੇ, ਬਾਣੀ ਪੜ੍ਹਨੀ ਵੀ ਹਿੰਦੂ ਰਾਜ ‘ਚ ਕਾਨੂੰਨੀ ਜੁਰਮ ਹੈ ? ਸੁਪਰਡੈਂਟ ਕੁਲਵੰਤ ਸਿੰਘ ਸਿੱਖੀ ਦਾ ਦੁਸ਼ਮਣ ਬਣਨ ਦਾ ਯਤਨ ਨਾ ਕਰੇ, ਨਹੀਂ ਤਾਂ ਉਸ ਵਿਰੁੱਧ ਸਿੱਖ ਜਥੇਬੰਦੀਆਂ ਸਖ਼ਤ ਐਕਸ਼ਨ ਲੈਣਗੀਆਂ । ਉਹਨਾਂ ਕਿਹਾ ਕਿ ਭਾਈ ਪਰਵਾਨਾ ਨੂੰ ਸਿਹਤ ਸਹੂਲਤਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ, ਉਹਨਾਂ ਦੀ ਲੱਕ ‘ਚ ਦਰਦ ਹੈ , ਪੋਥੀਆਂ ਪ੍ਰਕਾਸ਼ ਕਰਨ ਲਈ ਇੱਕ ਉੱਚੀ ਫੱਟੀ ਤੱਕ ਨਹੀਂ ਲਗਾਉਣ ਦਿੱਤੀ ਜਾ ਰਹੀ ਜਿਸ ਕਾਰਨ ਹੁਣ ਐਨਕ ਦਾ ਨੰਬਰ ਵੀ ਵੱਧ ਚੁੱਕਾ ਹੈ । ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਕਿਹਾ ਕਿ ਜੇਲ੍ਹ ਅਧਿਕਾਰੀਆਂ ਦੇ ਮਾੜੇ ਵਰਤਾਓ ਕਾਰਨ ਪਹਿਲਾਂ ਵੀ ਜੇਲ੍ਹਾਂ ‘ਚ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਮੁਖੀ ਜਰਨੈਲ ਭਾਈ ਹਰਮਿੰਦਰ ਸਿੰਘ ਮਿੰਟੂ ਨਿਹੰਗ, ਭਾਈ ਮਲਕੀਤ ਸਿੰਘ ਉਰਫ ਸ਼ੇਰ ਸਿੰਘ, ਭਾਈ ਕੁਲਵੰਤ ਸਿੰਘ ਵਰਪਾਲ, ਭਾਈ ਸੋਹਣ ਸਿੰਘ ਸ਼ਹਾਦਤਾਂ ਪਾ ਚੁੱਕੇ ਹਨ ਅਤੇ ਨਾਭਾ, ਪਟਿਆਲਾ ਤੇ ਅੰਮ੍ਰਿਤਸਰ ਜੇਲ੍ਹ ‘ਚ ਵੀ ਅਕਸਰ ਹੀ ਸਿੰਘਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ । ਉਹਨਾਂ ਕਿਹਾ ਕਿ ਹਿੰਦ ਸਰਕਾਰ ਅਣਖੀਲੀ ਸਿੱਖ ਨੌਜਵਾਨੀ ਨੂੰ ਜੇਲ੍ਹਾਂ ‘ਚ ਜਲੀਲ ਕਰਕੇ ਉਹਨਾਂ ਦੀ ਅਣਖ਼ ਮਾਰਨਾ ਚਾਹੁੰਦੀ ਹੈ , ਮਨੋਬਲ ਤੋੜਨਾ ਚਾਹੁੰਦੀ ਹੈ ਤੇ ਨੀਂਵਾਂ ਵਿਖਾਉਣੀ ਚਾਹੁੰਦੀ ਹੈ ਜਿਸ ਨੂੰ ਸਿੱਖ ਕਦੇ ਵੀ ਮਨਜ਼ੂਰ ਨਹੀਂ ਕਰਨਗੇ । ਫ਼ੈਡਰੇਸ਼ਨ ਪ੍ਰਧਾਨ ਨੇ ਕਿਹਾ ਕਿ ਜੇ ਭਾਈ ਬਲਜਿੰਦਰ ਸਿੰਘ ਪਰਵਾਨਾ ਦੀ ਸਿਹਤ ਦਾ ਰੱਤਾ ਜਿੰਨਾ ਵੀ ਨੁਕਸਾਨ ਹੋਇਆ ਤਾਂ ਇਸ ਦਾ ਜ਼ਿੰਮੇਵਾਰ ਜੇਲ੍ਹ ਸੁਪਰਡੈਂਟ ਹੋਵੇਗਾ ਤੇ ਪੰਥ ਉਸ ਨੂੰ ਬਖ਼ਸ਼ੇਗਾ ਨਹੀਂ, ਇਸ ਲਈ ਸਮਾਂ ਰਹਿੰਦਿਆਂ ਭਾਈ ਬਲਜਿੰਦਰ ਸਿੰਘ ਪਰਵਾਨਾ ਨਾਲ ਸਹੀ ਵਰਤਾਓ ਕੀਤਾ ਜਾਵੇ । ਭਾਈ ਬਲਜਿੰਦਰ ਸਿੰਘ ਪਰਵਾਨਾ ਦੀ ਸਿੰਘਣੀ ਨੇ ਦੱਸਿਆ ਕਿ ਅੱਜ ਪਰਿਵਾਰ ਅਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਭਾਈ ਪਰਵਾਨਾ ਨਾਲ ਮੁਲਾਕਾਤ ਕੀਤੀ ਜਾਵੇਗੀ ਤੇ ਉਹਨਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਖਿਲਾਫ਼ ਆਵਾਜ਼ ਬੁਲੰਦ ਕੀਤੀ ਜਾਵੇਗੀ, ਉਹਨਾਂ ਸਮੂਹ ਜਥੇਬੰਦੀਆਂ ਨੂੰ 11 ਵਜੇ ਰੋਪੜ ਜੇਲ੍ਹ ਅੱਗੇ ਪੁੱਜਣ ਦੀ ਅਪੀਲ ਕੀਤੀ ਹੈ ।
Author: Gurbhej Singh Anandpuri
ਮੁੱਖ ਸੰਪਾਦਕ