Home » ਅੰਤਰਰਾਸ਼ਟਰੀ » ਸਿਡਨੀ ਲਾਇਨਜ਼ ਹਾਕੀ ਕਲੱਬ ਵੱਲੋਂ ਇਕ ਸ਼ਾਮ ਪਦਮ ਸ਼੍ਰੀ ਪ੍ਰਗਟ ਸਿੰਘ ਦੇ ਨਾਮ

ਸਿਡਨੀ ਲਾਇਨਜ਼ ਹਾਕੀ ਕਲੱਬ ਵੱਲੋਂ ਇਕ ਸ਼ਾਮ ਪਦਮ ਸ਼੍ਰੀ ਪ੍ਰਗਟ ਸਿੰਘ ਦੇ ਨਾਮ

105


ਆਸਟਰੇਲੀਆ 30 ਸਤੰਬਰ ( ਭੁਪਿੰਦਰ ਸਿੰਘ ਬਟਾਲਾ ) ਸਿਡਨੀ ਲਾਇਨਜ਼ ਹਾਕੀ ਕਲੱਬ ਵੱਲੋਂ ਮਿਤੀ 28 ਸਤੰਬਰ 2022 ਨੂੰ ਸਥਾਨਕ ਮੈਡੀਸਨ ਫੰਕਸ਼ਨ ਸੈਂਟਰ ਡਿਊਰਲ ਵਿਖੇ “ਇਕ ਸ਼ਾਮ ਪਦਮ ਸ਼੍ਰੀ ਪ੍ਰਗਟ ਸਿੰਘ ਦੇ ਨਾਮ” ਮਨਾਈ ਗਈ । ਸਿਡਨੀ ਲਾਇਨਜ਼ ਹਾਕੀ ਕਲੱਬ , ਭਾਰਤ ਤੋਂ ਆਸਟ੍ਰੇਲੀਆ ਵਿੱਚ ਆਣ ਵੱਸੇ , ਉਹਨਾਂ ਅਨੇਕਾਂ ਅੰਤਰਰਾਸ਼ਟਰੀ ਹਾਕੀ ਖਿਡਾਰੀਆਂ , ਅੰਪਾਇਰਾਂ ਅਤੇ ਪ੍ਰੇਮੀਆਂ ਦਾ ਆਸਟ੍ਰੇਲੀਆ ਅੰਦਰ ਹਾਕੀ ਦੀ ਖੇਡ ਨੂੰ ਪ੍ਰਫੁੱਲਿਤ ਕਰਨ ਵਿੱਚ ਆਪਣਾ ਯੋਗਦਾਨ ਪਾਉਣ ਵਾਲਾ ਇਕ ਨਿਰਮਲ ਤੇ ਸੁਹਿਰਦ ਸੁਪਨਾ ਹੈ । ਇਸ ਸੁਪਨੇ ਨੂੰ ਸਾਕਾਰ ਕਰਨ ਦੀ ਲੜੀ ਵਿੱਚ ਹੀ ਸ੍ਰ ਹਰਕੀਰਤ ਸਿੰਘ ਸੰਧਰ , ਸ੍ਰ ਇਕਬਾਲ ਸਿੰਘ ਸੰਧੂ , ਸ੍ਰ ਨਵਤੇਜ ਸਿੰਘ ਬਸਰਾ ਅਤੇ ਸ੍ਰ ਕੰਵਲਜੀਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਭਾਰਤੀ ਹਾਕੀ ਟੀਮ ਦੇ 1992 ਬਾਰਸੀਲੋਨਾ ਅਤੇ 1996 ਐਟਲਾਂਟਾ ਉਲੰਪਿਕ ਵਿੱਚ ਕਪਤਾਨ , ਹਾਕੀ ਦੇ ਬੈਸਟ ਫੁੱਲਬੈਕ , 1989 ਦੇ ਅਰਜਨ ਐਵਾਰਡੀ ਅਤੇ 1998 ਵਿੱਚ ਪਦਮ ਸ਼੍ਰੀ ਖਿਤਾਬ ਨਾਲ ਸਨਮਾਨਿਤ ਸ੍ਰ ਪ੍ਰਗਟ ਸਿੰਘ ਦੇ ਨਾਲ ਇਕ ਸ਼ਾਮ ਮਨਾਈ ਗਈ । ਇਸ “ਸ਼ਾਮ” ਦਾ ਸੰਚਾਲਨ ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਅੰਦਰ “ਰਾਣੀ ਮੱਖੀ” ਨਾਲ ਜਾਣੇ ਜਾਂਦੇ ਹਰਗੁਣ ਇਨਸਾਨ ਸ੍ਰ ਰਣਜੀਤ ਸਿੰਘ ਖੈੜਾ ਨੇ ਬਾਖੂਬੀ ਨਿਭਾਇਆ । ਉਹਨਾਂ ਨੇ 5 ਮਾਰਚ 1965 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਮਿੱਠਾ ਪੁਰ ਵਿੱਚ ਜਨਮੇ ਸ੍ਰ ਪਰਗਟ ਸਿੰਘ ਸਾਬਕਾ ਕੈਬਨਿਟ ਮੰਤਰੀ ਪੰਜਾਬ ਦੀ ਹਾਕੀ ਖੇਡ ਬਾਰੇ ਦੱਸਿਆ ਕਿ 1985 ਪਰਥ ਅੰਦਰ ਚੈਂਪੀਅਨਜ਼ ਟਰਾਫ਼ੀ ਮੈਚਾਂ ਦੌਰਾਨ
ਇੰਡੀਆ ਅਤੇ ਜਰਮਨੀ ਦਰਮਿਆਨ ਹਾਕੀ ਮੈਚ ਵਿੱਚ ਜਰਮਨੀ 5-1 ਗੋਲਾਂ ਨਾਲ ਅੱਗੇ ਸੀ । ਪਰ ਸ੍ਰ ਪਰਗਟ ਸਿੰਘ ਨੇ ਮੈਚ ਦੇ ਆਖਰੀ 6 ਮਿੰਟਾਂ ਵਿੱਚ 4 ਗੋਲ ਕਰਕੇ ਇੰਡੀਆ ਨੂੰ ਬਰਾਬਰੀ ਉੱਪਰ ਲੈ ਆਂਦਾ ਸੀ । ਉਹਨਾਂ ਇਹ ਵੀ ਦੱਸਿਆ ਕਿ ਸ੍ਰ ਪਰਗਟ ਸਿੰਘ ਜੀ 2012 ਤੋਂ ਜਲੰਧਰ ਛਾਉਣੀ ਵਿਧਾਨ ਸਭਾ ਹਲਕੇ ਦੀ ਪ੍ਰਤੀਨਿਧਤਾ ਕਰ ਰਹੇ ਹਨ ਅਤੇ 26 ਸਤੰਬਰ 2021 ਤੋਂ 11 ਮਾਰਚ 2022 ਤੱਕ ਪੰਜਾਬ ਦੇ ਖੇਡਾਂ ਅਤੇ ਯੁਵਕ ਮਾਮਲੇ , ਐਨ ਆਰ ਆਈ ਮਾਮਲੇ, ਉੱਚੇਰੀ ਅਤੇ ਸਕੂਲੀ ਸਿੱਖਿਆ ਦੇ ਕੈਬਨਿਟ ਮੰਤਰੀ ਰਹੇ ਹਨ ।

ਇਸ ਮੌਕੇ ਬੋਲਦਿਆਂ ਸ੍ਰ ਪਰਗਟ ਸਿੰਘ ਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ “ਅਸੀਂ ਪੰਜਾਬੀ ਬਾਤ ਚੀਤ ਵਿੱਚ ਤਾਂ ਖੇਡਾਂ ਦੀ ਮਹੱਤਤਾ ਬਾਰੇ ਬਹੁਤ ਤੇਜ਼ ਤਰਾਰ ਹੋਏ ਹਾਂ , ਪਰ ਸਿਆਣਪ ਵਿੱਚ ਨਹੀਂ । ” ਉਹਨਾਂ ਦੱਸਿਆ ਕਿ ਇਕ ਖੇਡ ਮੇਲੇ ਵਿੱਚ ਤਾਂ ਅਸੀਂ 20 , 25 ਲੱਖ ਰੁਪਏ ਤਿੰਨ ਦਿਨਾਂ ਅੰਦਰ ਖਰਚ ਕਰ ਦੇਂਦੇ ਹਾਂ , ਪਰ ਖੇਡ ਅਕੈਡਮੀਆਂ ਸ਼ੁਰੂ ਕਰਨ ਲਈ ਉੱਦਮ ਨਹੀਂ ਕਰਦੇ । ਉਹਨਾਂ ਆਪਣੇ ਪਿੰਡ ਵਿੱਚ ਸ਼ੁਰੂ ਕੀਤੀ ਖੇਡ ਅਕੈਡਮੀ ਦੀ ਮਿਸਾਲ ਦੇ ਕੇ ਦੱਸਿਆ ਕਿ ਇਸ ਖੇਡ ਅਕੈਡਮੀ ਦਾ ਸਾਲਾਨਾ ਖਰਚ 6 ਲੱਖ ਰੁਪਏ ਹੈ । ਪਰ ਇਸ ਅਕੈਡਮੀ ਨੇ ਇੰਡੀਅਨ ਹਾਕੀ ਟੀਮ ਨੂੰ ਅਨੇਕਾਂ ਹਾਕੀ ਖਿਡਾਰੀ ਦਿੱਤੇ ਹਨ , ਜਿਹਨਾਂ ਵਿੱਚੋ ਮਨਪ੍ਰੀਤ ਸਿੰਘ ਭਾਰਤੀ ਹਾਕੀ ਟੀਮ ਦੀ ਕਪਤਾਨੀ ਵੀ ਕਰ ਚੁੱਕਾ ਹੈ । ਉਹਨਾਂ ਦੱਸਿਆ ਕਿ ਮੈਂ 2000 ਵਿੱਚ ਹੋਈਆਂ ਓਲੰਪਿਕ ਖੇਡਾਂ ਮੌਕੇ ਸਿਡਨੀ ਆਇਆ ਸੀ ਅਤੇ ਅੱਜ 22 ਸਾਲ ਬਾਅਦ ਮੁੜ ਆਸਟ੍ਰੇਲੀਆ ਆਇਆ ਹਾਂ । ਉਹਨਾਂ ਇੱਥੇ ਹੋ ਰਹੀਆਂ ਲੋਕਲ ਖੇਡਾਂ ਦੀ ਪ੍ਰਸੰਸਾ ਕੀਤੀ। ਉਹਨਾਂ ਮਨੁੱਖੀ ਵਰਤਾਰੇ ਅਤੇ ਸਭਿਆਚਾਰ ਬਾਰੇ ਬੋਲਦਿਆਂ ਕਿਹਾ ਕਿ ਆਪਣੀ ਗੱਲ ਨੂੰ ਸ਼ਿੱਦਤ ਨਾਲ ਵਿਚਾਰੋ ਅਤੇ ਉਸ ‘ਤੇ ਅਮਲ ਵੀ ਕਰੋ । ਉਹਨਾਂ ਕਿਹਾ ਕਿ ਸਿੱਖ ਮੱਤ ਨਵਾਂ ਹੈ ਅਤੇ ਇਸ ਉੱਪਰ ਪੂਰੀਆਂ ਆਸਾਂ ਹਨ , ਪਰ ਜਾਤਾਂ ਦੇ ਆਧਾਰ ‘ਤੇ ਗੁਰੂ ਘਰ ਨਹੀਂ ਬਣਨੇ ਚਾਹੀਦੇ । ਇਸ ਮੌਕੇ ਹਰਮਨ ਫਾਊਂਡੇਸ਼ਨ ਵੱਲੋਂ ਸ਼੍ਰੀਮਤੀ ਹਰਿੰਦਰ ਕੌਰ ਅਤੇ ਸ੍ਰ ਮਨਿੰਦਰ ਸਿੰਘ , ਡਿਪਟੀ ਮੇਅਰ ਗੁਰਦੀਪ ਸਿੰਘ , ਕੇਅਰ ਵਨ ਕੇਅਰ ਆਲ ਨਾਮਕ ਸਮਾਜ ਸੇਵੀ ਸੰਸਥਾ ਦੇ ਰੂਹੇ ਰਵਾਂ ਡਾ ਪਰਮਜੀਤ ਸਿੰਘ , ਸ੍ਰ ਜਗਦੀਸ਼ ਸਿੰਘ ਤੂਰ , ਉਹਨਾਂ ਦੀ ਬੇਟੀ ਡਾਕਟਰ ਲਵਦੀਸ਼ ਕੌਰ ਡੈਟਲ ਸਰਜਨ , ਡਾ ਕੁਲਜੀਤ ਸਿੰਘ ਗੋਸਲ , ਸ੍ਰ ਦੇਵਿੰਦਰ ਧਾਰੀਆ , ਡਾ ਪਵਿੱਤਰ ਸਿੰਘ ਸੁੰਨੜ ਵਰਗੇ ਸੂਝਵਾਨ ਵਿਅਕਤੀਆਂ ਨੇ ਇਸ ਸ਼ਾਮ ਦੇ ਮੁੱਖ ਮਹਿਮਾਨ ਦਾ ਪੁਰਜ਼ੋਰ ਸਵਾਗਤ ਕੀਤਾ । ਪ੍ਰਸਿੱਧ ਲੋਕ ਗਾਇਕ ਸ੍ਰ ਦੇਵਿੰਦਰ ਧਾਰੀਆ ਅਤੇ ਸ੍ਰ ਜਸਕੀਰਤ ਸਿੰਘ ਨੇ ਪਰਵਾਸੀ ਬਿਰਹਾ ਵਾਲੇ ਗੀਤਾਂ ਨਾਲ ਆਪਣੀ ਹਾਜ਼ਰੀ ਲਗਵਾਈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ ਅਵਤਾਰ ਸਿੰਘ ਸੰਘਾ , ਸ੍ਰ ਹਰਮੋਹਨ ਸਿੰਘ ਵਾਲੀਆ , ਸ੍ਰ ਸਤਨਾਮ ਸਿੰਘ ਬਾਜਵਾ , ਬਾਜਵਾ ਸਾਹਿਬ , ਸ੍ਰ ਗੁਰਦੀਪ ਸਿੰਘ ਸਿੱਧੂ ਅਤੇ ਲਹਿੰਦੇ ਪੰਜਾਬ ਦੇ ਕਈ ਨਾਮਵਰ ਅੰਤਰਰਾਸ਼ਟਰੀ ਹਾਕੀ ਖਿਡਾਰੀ ਵੀ ਹਾਜ਼ਰ ਸਨ । ਸ੍ਰ ਹਰਕੀਰਤ ਸਿੰਘ ਸੰਧਰ ਨੇ ਪਦਮ ਸ਼੍ਰੀ ਪਰਗਟ ਸਿੰਘ ਜੀ ਦਾ ਆਸਟ੍ਰੇਲੀਆ ਵਿੱਚ ਆਉਣ ਲਈ ਧੰਨਵਾਦ ਕੀਤਾ । ਸਮੁੱਚੇ ਤੌਰ ਤੇ ਇਹ ਇੱਕ ਯਾਦਗਾਰੀ ਸ਼ਾਮ ਹੋ ਨਿਬੜੀ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?