ਸੁ ਕਹੁ ਟਲ ਗੁਰੁ ਸੇਵੀਐ… ਜਾਂ ਸੁ ਕਹੁ ਕਲ ਗੁਰੁ ਸੇਵੀਐ..

11

ਸਰਵਜੀਤ ਸਿੰਘ ਸੈਕਰਾਮੈਂਟੋ

ਗੁਰੂ ਅਰਜਨ ਸਾਹਿਬ ਜੀ ਵੱਲੋਂ, ਮਨੁੱਖਤਾ ਦੀ ਸਦੀਵ-ਕਾਲ ਅਗਵਾਈ ਲਈ ਪੋਥੀ ਸਾਹਿਬ ਤਿਆਰ ਕੀਤੀ ਗਈ। ਜਿਸ ਵਿੱਚ ਆਪਣੇ ਤੋਂ ਪਹਿਲੇ ਗੁਰੂ ਸਾਹਿਬਾਨ ਜੀ ਵੱਲੋਂ ਉਚਾਰੀ ਗਈ ਧੁਰ ਕੀ ਬਾਣੀ ਸਮੇਤ ਆਪਣੀ ਬਾਣੀ ਦਰਜ ਕਰਨ ਦੇ ਨਾਲ ਨਾਲ ਹਿੰਦੋਸਤਾਨ ‘ਚ ਭਗਤੀ ਲਹਿਰ ਨਾਲ ਸਬੰਧਿਤ ਮਹਾਂਪੁਰਖਾਂ ਦੀ ਉਹ ਰਚਨਾ ਜੋ ਗੁਰੂ ਜੀ ਦੇ ਸਿਧਾਂਤ ਨਾਲ ਮੇਲ ਖਾਂਦੀ ਸੀ, ਵੀ ਦਰਜ ਕੀਤੀ ਗਈ। ਭੱਟ ਸਾਹਿਬਾਨ ਦੀ ਰਚਨਾ ਵੀ ਗੁਰਬਾਣੀ ਦਾ ਬਹੁਤ ਹੀ ਅਹਿਮ ਅੰਗ ਹੈ। ਗੁਰੂ ਸਾਹਿਬ ਵੱਲੋਂ ਪੋਥੀ ਸਾਹਿਬ ਵਿੱਚ 11 ਭੱਟਾਂ ਦੀ ਰਚਨਾ ਵੀ ਦਰਜ ਕੀਤੀ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪੰਜ ਸਿਰਲੇਖਾਂ ਹੇਠ ਕੁਲ 123 ਸਵੱਈਏ ਦਰਜ ਹਨ। ਭੱਟ ਕਲਸਹਾਰ ਜੀ ਦੇ 54, ਜਲਾਪ ਜੀ ਦੇ 5, ਕਿਰਤ ਜੀ ਦੇ 8, ਭਿੱਖਾ ਜੀ ਦੇ 2, ਸਲ੍ਹ ਜੀ ਦੇ 3, ਭਲ੍ਹ ਜੀ ਦਾ 1, ਨਲ੍ਹ ਜੀ ਦੇ 16, ਗਯੰਦ ਜੀ ਦੇ 13, ਮਰਥਾ ਜੀ ਦੇ 14, ਬਲ੍ਹ ਜੀ ਦੇ 5 ਅਤੇ ਭੱਟ ਹਰਿਬੰਸ ਜੀ ਦੇ 2 (ਕੁਲ 123) ਸਵੱਈਏ ਦਰਜ ਹਨ। (ਗੁਰਬਾਣੀ ਸੰਪਾਦਨ ਨਿਰਣੇ, ਪੰਨਾ 62)
ਮਹਾਨ ਕੋਸ਼ ਮੁਤਾਬਕ ਭੱਟ: ਉਸਤਤਿ ਕਰਨ ਵਾਲਾ ਕਵਿ। ਰਾਜ ਦਰਬਾਰ ਵਿੱਚ ਰਾਜਾ ਅਤੇ ਯੋਧਿਆਂ ਦਾ ਯਸ਼ ਕਹਿਣ ਵਾਲਾ। ਵੇਦਗਯਤਾ ਪੰਡਿਤ। ਪੰਜਾਂ ਸਤਿਗੁਰਾਂ ਦੀ ਮਹਿਮਾ ਕਰਨ ਵਾਲੇ ਭੱਟ, ਜਿਨ੍ਹਾਂ ਦੀ ਬਾਣੀ ਭੱਟਾ ਦੇ ਸਵੈਯੇ ਨਾਮ ਤੋਂ ਪ੍ਰਸਿੱਧ ਹੈ। ਸੂਰਜ ਪ੍ਰਕਾਸ਼ ਵਿੱਚ ਇਨ੍ਹਾਂ ਨੂੰ ਵੇਦਾਂ ਦਾ ਅਵਤਾਰ ਲਿਖਿਆ ਹੈ, ਯਥਾ-
ਇਕ ਇਕ ਵੇਦ ਚੁਤਰ ਬਪੁ ਧਾਰੇ ਪ੍ਰਗਟ ਨਾਮ ਤਿਨ ਕਹੋਂ ਅਸੰਸ।
ਪੂਰਬ ਸ਼ਯਾਮ ਬੇਦ ਕੇ ਇਹ ਭੇ ਮਥੁਰਾ, ਜਾਲਪ, ਬੱਲ, ਹਰਬੰਸ।
ਪੁਨ ਰਿਗਬੇਦ ਕੱਲਯ ਜੱਲ ਨੱਲ ਤ੍ਰੈ ਕਲਸਹਾਰ ਚੌਥੇ ਗਿਨਿ ਅੰਸ।
ਭਏ ਜੁਜਰ ਕੇ ਟੱਲਯ ਸੱਲਯ ਪੁਨ ਜੱਲਣ, ਭੱਲਯ ਉਪਜੇ ਦਿਜ ਬੰਸ।
ਬਹੁਰ ਅਥਰਵਣ ਦਾਸ ਰੁ ਕੀਰਤਿ ਗਿਨਿ ਗਇੰਦ ਸਦਰੰਗ ਸੁ ਚਾਰ।
ਕਮਲਾਸਨ ਕੋ ਭਿੱਖਾ ਨਾਮ ਸੁ ਇਨ ਸਭਿ ਤੇ ਅਧਿਕ ਉਦਰ। (ਗੁ ਪ੍ਰ ਸੂ ਰਾਸਿ ੩ ਸ: ੪੮-)
‘ਗੁਰ ਬਿਲਾਸ ਪਾਤਸ਼ਾਹੀ ੬’ ‘ਗੁਰ ਪ੍ਰਤਾਪ ਸੂਰਜ’ ਤੋਂ ਲਗ-ਭਗ ਸਵਾ ਸੌ ਸਾਲ ਪਹਿਲਾ ਲਿਖੀ ਗਈ ਸੀ। ਬੇਦਾਂ ਵੱਲੋਂ ਭੱਟਾ ਦਾ ਰੂਪ ਧਾਰ ਕੇ ਗੁਰੂ ਜੀ ਦੇ ਦਰਬਾਰ ‘ਚ ਹਾਜ਼ਰ ਹੋਣ ਵਾਲੀ ਉਪ੍ਰੋਕਤ ਕਹਾਣੀ ਵੀ ‘ਗੁਰ ਬਿਲਾਸ ਪਾਤਸ਼ਾਹੀ ੬’ (ਪੰਨਾ 113) ਦੀ ਦੇਣ ਹੈ। ਹੋ ਸਕਦਾ ਹੈ ਕਿ ਕਵੀ ਸੰਤੋਖ ਸਿੰਘ ਜੀ ਨੇ ਇਹ ਵਾਰਤਾ ‘ਗੁਰ ਬਿਲਾਸ ਪਾਤਸ਼ਾਹੀ ੬’ ‘ਚ ਹੀ ਨਕਲ ਕੀਤੀ ਹੋਵੇ। ਸਭ ਤੋਂ ਦਿਲਚਸਪ ਕਹਾਣੀ ਦਮਦਮੀ ਟਕਸਾਲ ਦੀ ਵੱਡ ਅਕਾਰੀ ਪੁਸਤਕ ‘ਗੁਰਬਾਣੀ ਪਾਠ ਦਰਪਣ’ ‘ਚ ਦਰਜ ਹੈ, “ਬ੍ਰਹਮਾ ਤੇ ਬੇਦਾਂ ਨੂੰ ਮਾਣ ਹੋ ਗਿਆ ਕਿ ਸਾਥੋਂ ਬਗੈਰ ਸੰਸਾਰ ਵਿਚ ਕੋਈ ਮਰਯਾਦਾ ਨਹੀਂ ਚਲਾ ਸਕਦਾ ਤਾਂ ਕਰਤਾ ਪੁਰਖ ਨੇ ਇਹਨਾਂ ਦਾ ਗਰਬ ਮੇਟਣ ਵਾਸਤੇ ਬਚਨ ਕੀਤਾ ਕਿ ਤੁਹਾਡੀ ਸਰਬੱਗਤਾ ਨਾਸ ਹੋ ਜਾਵੇ। ਮਾਤ ਲੋਕ ਵਿਚ ਜਾ ਕੇ ਜਨਮ ਧਾਰੋ। ਬ੍ਰਹਮਾ ਤੇ ਬੇਦ ਰਚਿਤ ਰਿਖੀ ਬੇਦ ਸੰਗਿਆ ਵਾਲੇ ਸਨ, ਇਹਨਾਂ ਨੇ ਕਿਹਾ ਕਿ ਮਹਾਰਾਜ! ਸਾਡੇ ਸਰਾਪ ਦਾ ਅੰਤ ਕਦੋਂ ਹੋਵੇਗਾ? ਮਹਾਰਾਜ ਨੇ ਕਿਹਾ ਏਕੰਕਾਰ ਦਾ ਅਵਤਾਰ ਸਤਿਗੁਰੂ ਨਾਨਕ ਦੇਵ ਜੀ ਪੰਜਵੇਂ ਸਰੂਪ ਕਲਜੁਗ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਸਰੂਪ ਧਾਰ ਕੇ ਬਾਣੀ ਦੀ ਬੀੜ ਰਚਨਗੇ, ਉਹਨਾਂ ਦਾ ਦਰਸ਼ਨ ਕਰ ਕੇ ਤੁਸੀਂ ਫੇਰ ਆਪਣੀ ਪਦਵੀ ਨੂੰ ਪ੍ਰਾਪਤ ਹੋਵੋਗੇ। ਉਹਨਾਂ ਦੇ ਨਾਮ ਇਹ ਹਨ- ਸਿਆਮ ਬੇਦ ਦੇ- ਮਥਰਾ, ਜਾਲਪ, ਹਰਬੰਸ, ਬਲ। ਰਿਗ ਬੇਦ ਦੇ- ਕਲ੍ਹ, ਸਦਰੰਗ, ਸੇਵਕ, ਨਲ੍ਹ, ਕਲ-ਸਹਾਰ। ਜੁਜਰ ਬੇਦ ਦੇ- ਟਲ, ਸਲ੍ਹ, ਭਲ, ਜਲ੍ਹਣ। ਅਥਰਬਣ ਬੇਦ ਦੇ- ਦਾਸ, ਕੀਰਤ, ਗਿਯੰਦ, ਗੰਗਾ ਤੇ ਸਤਾਹਰਵਾਂ ਭਿਖਾ ਬ੍ਰਹਮਾ। (ਪੰਨਾ 634)
ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਉਹ ਕਿਤਾਬ ‘ਗੁਰ ਪ੍ਰਤਾਪ ਸੂਰਜ’ ਜਿਸ ਨੂੰ ਅਸੀਂ ਬੜੇ ਮਾਣ ਨਾਲ ਆਪਣਾ ਇਤਿਹਾਸਕ ਵਸੀਲਾ ਆਖਦੇ ਹਾ, ਪੰਥ ਰਤਨ ਵਿੱਦਿਆ ਮਾਰਤੰਡ ਦੀ ਕਿਰਤ ‘ਗੁਰਬਾਣੀ ਪਾਠ ਦਰਪਣ’ ਅਤੇ ‘ਗੁਰ ਬਿਲਾਸ ਪਾਤਸ਼ਾਹੀ ੬’ ਇਹ ਤਿੰਨੇ ਗ੍ਰੰਥਾਂ ‘ਚ ਇਹ ਸਾਬਤ ਕਰਨ ਲਈ ਕਿ ਚਾਰੇ ਬੇਦ ਭੱਟਾਂ ਦਾ ਰੂਪ ਧਾਰ ਕੇ ਗੁਰੂ ਜੀ ਦੇ ਦਰਬਾਰ ਵਿਚ ਹਾਜ਼ਰ ਹੋਏ ਸਨ, ਕਈ-ਕਈ ਸਫ਼ੇ ਕਾਲੇ ਕੀਤੇ ਹੋਏ ਹਨ। ਉਸ ਤੋਂ ਵੀ ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਤਿੰਨਾਂ ਹੀ ਲਿਖਤਾਂ ‘ਚ ਵੇਰਵਾ ਵੱਖ-ਵੱਖ ਹੈ। ਸਾਮ ਬੇਦ ਅਤੇ ਜੁਜਰ ਬੇਦ ਨੇ ਜਿਨ੍ਹਾਂ ਭੱਟਾਂ ਦਾ ਰੂਪ ਧਾਰਨ ਕੀਤਾ ਸੀ ਉਸ ਵਿਚ ਤਾਂ ਸਮਾਨਤਾ ਹੈ ਪਰ ਰਿਗਬੇਦ ਅਤੇ ਅਥਰਵਣ ਬੇਦ ਦੇ ਭੱਟਾਂ ਦਾ ਵੇਰਵਾ ਵੱਖ ਵੱਖ ਹੈ।
ਰਿਗਬੇਦ – ਕੱਲਯ, ਜੱਲ, ਨੱਲ , ਕਲਸਹਾਰ
ਅਥਰਵਣ ਬੇਦ- ਦਾਸ, ਕੀਰਤਿ, ਗਇੰਦ, ਸਦਰੰਗ (ਗੁਰ ਪ੍ਰਤਾਪ ਸੂਰਜ)
ਰਿਗ ਬੇਦ- ਕਲ੍ਹ, ਸਦਰੰਗ, ਸੇਵਕ, ਨਲ੍ਹ, ਕਲ-ਸਹਾਰ।
ਅਥਰਬਣ ਬੇਦ – ਦਾਸ, ਕੀਰਤ, ਗਿਯੰਦ, ਗੰਗਾ (ਗੁਰਬਾਣੀ ਪਾਠ ਦਰਪਣ)
ਰਿਗ ਬੇਦ- ਕਲ੍ਹ, ਸਹਾਰ, ਜਲ੍ਹਣ, ਨਲ੍ਹ।
ਅਥਰਬਣ ਬੇਦ – ਕੀਰਤ, ਗੋਇੰਦ, ਦਾਸ, ਸਦਰੰਗ (ਗੁਰ ਬਿਲਾਸ ਪਾਤਸ਼ਾਹੀ ੬)
ਇਸ ਵਿਚ ਕੋਈ ਸ਼ੱਕ ਨਹੀ ਕਿ ਭੱਟ ਵਿਦਵਾਨ ਸਨ। ਜਿਥੇ ਭੱਟਾਂ ਦੇ ਸਵੱਈਏ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ ਉਥੇ ਹੀ ਭੱਟ ਵਹੀਆਂ ਵੀ ਸਾਡੇ ਇਤਿਹਾਸ ਦਾ ਇਕ ਬਹੁਤ ਹੀ ਅਹਿਮ ਵਸੀਲਾ ਮੰਨੀਆਂ ਜਾਂਦੀਆਂ ਹਨ। ਭੱਟ ਵਹੀਆਂ ਨੇ ਸਾਡੇ ਇਤਿਹਾਸ ਦੀਆਂ ਬਹੁਤ ਸਾਰੀਆਂ ਕੜੀਆਂ ਮੇਲੀਆਂ ਹਨ। ਗੁਰ ਦਰਬਾਰ ਵਿਚ ਹਾਜ਼ਰ ਹੋਵੇ ਭੱਟ ਸ਼ਾਹੀ ਖ਼ਾਨਦਾਨਾਂ ਦੇ ਵੇਰਵੇ ਦਰਜ ਕਰਨ ਵਾਲੇ ਨਹੀ ਸਨ ਸਗੋਂ ਰੱਬ ਦੇ ਖੋਜੀ ਸਨ। ਗੁਰੂ ਜੀ ਨੇ ਇਨ੍ਹਾਂ ਦੀ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਕੇ ਬਹੁਤ ਹੀ ਉੱਤਮ ਦਰਜਾ ਦਿੱਤਾ ਹੈ। ਪੀਲੂ, ਕਾਨ੍ਹਾਂ ਆਦਿ ਕਵੀ, ਜੋ ਆਪਣੇ ਆਪ ਨੂੰ ਬਹੁਤ ਹੀ ਉਚ ਪਾਏ ਦੇ ਕਵੀ ਸਮਝਦੇ ਸਨ ਤੇ ਉਨ੍ਹਾਂ ਨੂੰ ਆਪਣੀ ਰਚਨਾ ਤੇ ਵੀ ਬਹੁਤ ਮਾਣ ਸੀ ਪਰ ਗੁਰੂ ਜੀ ਨੇ ਉਨ੍ਹਾਂ ਦੀ ਰਚਨਾ, ਗੁਰ ਸਿਧਾਂਤ ਅਨੁਸਾਰ ਨਾ ਹੋਣ ਕਰਕੇ ਰੱਦ ਕਰ ਦਿੱਤੀ ਸੀ। ਉਥੇ ਹੀ ਭੱਟ ਬਹੁਤ ਹੀ ਨਿਮਰਤਾ ਸਹਿਤ ਦਰਬਾਰ ‘ਚ ਹਾਜ਼ਰ ਹੋਏ ਸਨ। ਗੁਰੂ ਦਰਬਾਰ ਦੇ ਦਰਸ਼ਨ ਕਰਕੇ ਉਨ੍ਹਾਂ ਜੋ ਮਹਿਸੂਸ ਕੀਤਾ ਉਸ ਨੂੰ ਇਵੇਂ ਬਿਆਨ ਕੀਤਾ।
ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ ॥ ਸੰਨਿਆਸੀ ਤਪਸੀਅਹ ਮੁਖਹੁ ਏ ਪੰਡਿਤ ਮਿਠੇ ॥ ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ ॥ ਕਹਤਿਅਹ ਕਹਤੀ ਸੁਣੀ ਰਹਤ ਕੋ ਖੁਸੀ ਨ ਆਯਉ ॥ ਹਰਿ ਨਾਮੁ ਛੋਡਿ ਦੂਜੈ ਲਗੇ ਤਿਨ੍ਹ੍ਹ ਕੇ ਗੁਣ ਹਉ ਕਿਆ ਕਹਉ ॥ ਗੁਰੁ ਦਯਿ ਮਿਲਾਯਉ ਭਿਖਿਆ ਜਿਵ ਤੂ ਰਖਹਿ ਤਿਵ ਰਹਉ ॥੨॥੨੦॥ {ਪੰਨਾ 1396}
ਗੁਰੂ ਗ੍ਰੰਥ ਸਾਹਿਬ ਦਾ ਹੁਕਮ ਸਰਵਣ ਕਰਵਾਉਣ ਵੇਲੇ ਹੁਕਮਨਾਮਾ ਲੈਣ ਤੋਂ ਠੀਕ ਪਹਿਲਾ ਗ੍ਰੰਥੀ ਸਿੰਘਾਂ ਵੱਲੋਂ ਬਾਣੀ ਦੀਆਂ ਕੁਝ ਪੰਗਤੀਆਂ ਦਾ ਉਚਾਰਣ ਕੀਤਾ ਜਾਂਦਾ ਹੈ। ਉਨ੍ਹਾਂ ‘ਚ ਸਭ ਤੋਂ ਵੱਧ ਉਚਾਰ ਕੀਤੀ ਜਾਣ ਵਾਲੀ ਪੰਗਤੀ; “ਸੁ ਕਹੁ ਟਲ ਗੁਰੁ ਸੇਵੀਐ ਅਹਿਨਿਸਿ ਸਹਜਿ ਸੁਭਾਇ ਦਰਸਨਿ ਪਰਸਿਐ ਗੁਰੂ ਕੈ ਜਨਮ ਮਰਣ ਦੁਖੁ ਜਾਇ”, ਵੀ ਭੱਟਾਂ ਦੇ ਸਵੱਈਆਂ ‘ਚ ਹੀ ਦਰਜ ਹੈ। ਕਈ ਸੱਜਣ ਤਾਂ ਇਸ ਦਾ ਉਚਾਰਣ “ਸੁ ਕਹੁ ਅਟਲ ਗੁਰੁ ਸੇਵੀਐ ਅਹਿਨਿਸਿ ਸਹਜਿ ਸੁਭਾਇ” ਹੀ ਕਰਦੇ ਹਨ। ਪਿਛਲੇ ਦਿਨੀ ਹੁਕਨਾਮਾਂ ਸਰਵਣ ਕਰਨ ਉਪ੍ਰੰਤ ਮੈਂ ਭਾਈ ਜੀ, ਜੋ ਕੀਰਤਨ ਦੇ ਵੀ ਬਹੁਤ ਮਾਹਿਰ ਹਨ, ਨੂੰ ਪੁੱਛਿਆ ਕਿ ਇਸ ਪੰਗਤੀ ਦਾ ਸਹੀ ਉਚਾਰਨ ਕੀ ਹੈ ਤਾਂ ਉਨ੍ਹਾਂ ਕਿਹਾ ਕਿ “ਸੁ ਕਹੁ ਟਲ ਗੁਰੁ ਸੇਵੀਐ” । ਮੈਂ ਬੇਨਤੀ ਕੀਤੀ ਕਿ ‘ਟਲ’ ਦਾ ਕਿ ਅਰਥ ਹੈ ਤਾ ਉਨ੍ਹਾਂ ਕਿਹਾ ਕਿ ਇਹ ਭੱਟ ਦਾ ਨਾਮ ਹੈ। ਮੈਂ, ਘਰ ਪੁਜ ਕੇ ਸਭ ਤੋਂ ਪਹਿਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1392 ਤੇ ਦਰਜ ਇਸ ਪਾਵਨ ਪੰਗਤੀ ਦੇ, ਵੱਖ-ਵੱਖ ਵਿਦਵਾਨਾਂ ਵੱਲੋਂ ਕੀਤੇ ਹੋਏ ਅਰਥ ਵੇਖੇ।
ਸੁ ਕਹੁ ਟਲ ਗੁਰੁ ਸੇਵੀਐ ਅਹਿਨਿਸਿ ਸਹਜਿ ਸੁਭਾਇ ॥
ਦਰਸਨਿ ਪਰਸਿਐ ਗੁਰੂ ਕੈ ਜਨਮ ਮਰਣ ਦੁਖੁ ਜਾਇ ॥੧੦॥
ਟਲ = ਹੇ ਟੱਲ! ਹੇ ਕਲ੍! ਹੇ ਕਲ੍ਸਹਾਰ! ਅਹਿ = ਦਿਨ। ਨਿਸ = ਰਾਤ। ਸਹਜਿ = ਆਤਮਕ ਅਡੋਲਤਾ ਵਿਚ। ਸੁਭਾਇ = ਪ੍ਰੇਮ ਵਿਚ।
ਹੇ ਕਲ੍ਸਹਾਰ! ਆਖ-“(ਐਸੇ) ਗੁਰੂ (ਅੰਗਦ ਦੇਵ ਜੀ) ਨੂੰ ਦਿਨ ਰਾਤ ਆਤਮਕ ਅਡੋਲਤਾ ਅਤੇ ਪ੍ਰੇਮ ਵਿਚ ਟਿਕ ਕੇ ਸੇਵਨਾ ਚਾਹੀਦਾ ਹੈ। (ਐਸੇ) ਸਤਿਗੁਰੂ ਦੇ ਦਰਸ਼ਨ ਕੀਤਿਆਂ ਜਨਮ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ”।੧੦। ਨੋਟ: ਇਹਨਾਂ ੧੫ ਸਵਈਆਂ ਦਾ ਕਰਤਾ ਭੱਟ ‘ਕਲ੍ਸਹਾਰ’ ਹੈ, ਜਿਸ ਦੇ ਦੂਜੇ ਨਾਮ ‘ਕਲ੍’ ਅਤੇ ‘ਟਲ੍’ ਹਨ। (ਪੋ. ਸਾਹਿਬ ਸਿੰਘ ਜੀ)
‘ਟਲ’ ਜੀ ਕਹਤੇ ਹੈਂ ਹੇ ਭਾਈ ਐਸੇ ਸਤਿਗੁਰੋਂ ਕੋ ਸਹਜ ਸੁਭਾਵਕ ਨਿਰੰਤਰ ਹੀ ਸੇਵੀਐ ਹੇ ਭਾਈ ਸਤਿਗੁਰੋਂ ਕੇ ਦਰਸਨ ਕਰਨੇ ਤੇ ਜਨਮ ਮਰਨ ਦੁਖ ਜਾਤਾ ਰਹਿਤਾ ਹੈ॥੧੦॥ (ਫਰੀਦਕੋਟੀ ਟੀਕਾ)
So speaks TAL the poet: serve the Guru, day and night, with intuitive love and affection. Gazing upon the Blessed Vision of the Guru, the pains of death and rebirth are taken away. ||10|| (Dr Sant Singh khalsa)
ਟੱਲ ਆਖਦਾ ਹੈ, ਇਸ ਲਈ, ਦਿਹੂੰ ਅਤੇ ਰੈਣ, ਤੂੰ ਸੁਤੇ ਸਿਧ ਹੀ, ਆਪਣੇ ਗੁਰਾਂ ਦੀ ਟਹਿਲ ਕਮਾਂ।
ਗੁਰਾਂ ਦਾ ਦੀਦਾਰ ਦੇਖਣ ਦੁਆਰਾ, ਜੰਮਣ ਅਤੇ ਮਰਨ ਦੀ ਪੀੜ ਦੂਰ ਹੋ ਜਾਂਦੀ ਹੈ। (ਭਾਈ ਮਨਮੋਹਣ ਸਿੰਘ ਜੀ)
‘ਟਲ’ ‘ਕਲ’ ‘ਕਲ-ਸਹਾਰ’ ਇਕੋ ਕਵੀ ਦੇ ਨਾਮ ਹਨ। ਇਸ ਸਵੱਯੇ ਦੀ ਅੰਤਲੀ ਤੁਕ ਭੀ ਓਹੀ ਹੈ ਜੋ ਉਤਲੇ ਦੋਹਾਂ ਸਵੱਯਾਂ ਦੀ ਹੈ ਨਾਲੇ ਅੰਕ ਨਹੀ ਬਦਲਦਾ। (ਸ਼ਬਦਾਰਥ ਪੰਨਾ 1392)
‘ਗੁਰਬਾਣੀ ਪਾਠ ਦਰਪਣ’ ‘ਚ ਵੀ ‘ਸੁ ਕਹੁ ਟਲ ਗੁਰੁ ਸੇਵੀਐ’ ਪਾਠ ਦਰਜ ਹੇ । ‘ਟਲ’ ਦਾ ਉਚਾਰਨ ‘ਟੱਲ੍ਹ’ ਕਰਨ ਦੀ ਹਦਾਇਤ ਕੀਤੀ ਗਈ ਹੈ ਅਤੇ ‘ਟਲ’ ਦਾ ਅਰਥ ਟਲ ਭੱਟ ਜੀ ਕੀਤਾ ਗਿਆ ਹੇ। (ਪੰਨਾ 638)
‘ਪੁਰਾਤਨਿ ਬੀੜਾ ਤੇ ਵਿਚਾਰ’ ਦਾ ਲੇਖਕ ਹਰਿਨਾਮ ਦਾਸ ਉਦਾਸੀ, ਭਾਈ ਮਨੀ ਸਿੰਘ ਜੀ ਵਾਲੀ ਬੀੜ (ਬੀੜ ਨੰ 15) ਦੇ ਹਵਾਲੇ ਨਾਲ ਲਿਖਦਾ ਹੈ, “ਦੂਜੀ ਪਾਤਸ਼ਾਹੀ ਦੇ ਸਵੱਯਾਂ ਦੇ ਦਸਵੇਂ ਛੰਦ ਦੀਆਂ ਤੁਕਾਂ ਦਾ ਪਾਠ ਸ਼ੁੱਧ ਹੈ ਜੋ ਇਓ ਹੈ:-
ਸੁ ਕਹੁ ਕਲ ਗੁਰੁ ਸੇਵੀਐ ਅਹਿਨਿਸਿ ਸਹਜਿ ਸੁਭਾਇ ॥
ਦਰਸਨਿ ਪਰਸਿਐ ਗੁਰੂ ਕੈ ਜਨਮ ਮਰਣ ਦੁਖੁ ਜਾਇ ॥ (ਪੰਨਾ 127)
ਬੀੜ ਨੰ: ੨੦ – ਇਹ ਬੀੜ ਊਨਾ ਸ਼੍ਰੀ ਕਲਾਧਾਰੀ ਜੀ ਦੇ ਦਰਬਾਰ ਵਿਚ ਹੈ। ਜੋ ਸੰਮਤ ੧੮੮੧ ਮਿਤੀ ਸਾਵਣ ਦੀ ੧੪ ਦੀ ਲਿਖੀ ਹੋਈ ਹੈ। ਇਸ ਦੇ ਪੰਨੇ ੫੮੫ ਉਤੇ ‘ਸੁਕਹੁ ਕਲ ਗੁਰੁ ਸੇਵੀਐ’ ਹੀ ਪਾਠ ਹੈ। (ਪੰਨਾ 147) ਬੀੜ ਨੰ: ੨੨- ਇਹ ਬੀੜ ਸ਼੍ਰੀ ਬਾਬਾ ਸਾਹਿਬ ਸਿੰਘ ਬੇਦੀ ਦੀ ਰਾਜਧਾਨੀ ਊਨੇ ਵਿਚ ਹੈ। ਜਿਸ ਦੇ ਪੰਨੇ ੭੨੧ ਤੇ ‘ਸੁਕਹੁ ਕਲ੍ਹ ਗੁਰੁ ਸੇਵੀਐ’ ਪਾਠ ਹੈ। (ਪੰਨਾ 148) ਇਸੇ ਤਰ੍ਹਾਂ ਬੀੜ ਨੰ: ੨੩ ਦੇ ਪੰਨਾ ੬੪੦, ਬੀੜ ਨੰ: ੨੪ ਦੇ ਪੰਨਾ ੭੧੪, ਬੀੜ ਨੰ: ੨੫ ਦੇ ਪੰਨਾ ੬੨੬ ਅਤੇ ਬੀੜ ਨੰ: ੨੭ ਦੇ ੮੭੬ ‘ਤੇ ਵੀ ‘ਸੁਕਹੁ ਕਲ ਗੁਰੁ ਸੇਵੀਐ’ ਹੀ ਪਾਠ ਹੈ। (ਪੁਰਾਤਨਿ ਬੀੜਾ ਤੇ ਵਿਚਾਰ, ਭਾਗ ਪਹਿਲਾ, ਪੰਨਾ 151) ਬੀੜ ਨੰ: ੭੦ ਦੇ ਪੰਨਾ ੭੩੮ ‘ਤੇ ‘ਸੁਕਹੁ ਕਲ ਗੁਰੁ ਸੇਵੀਐ’ ਵਿੱਚ ‘ਕਲ’ ਤੇ ਹੜਤਾਲ ਫੇਰ ਕੇ ‘ਟਲ’ ਪਾਠ ਬਣਾਇਆ ਹੋਇਆ ਹੈ।, ਬੀੜ ਨੰ: ੭੩ ਪੰਨਾ ੫੬੦, ਬੀੜ ਨੰ: ੮੧ ਪੰਨਾ ੬੭੪, ਬੀੜ ਨੰ: ੯੦ ਪੰਨਾ ੬੪੬, ਬੀੜ ਨੰ: ੯੫ ਪੰਨਾ ੪੭੧, ਬੀੜ ਨੰ: ੧੦੫ ਪੰਨਾ ੭੨੦‘ਤੇ ਵੀ ਪਾਠ ‘ਸੁਕਹੁ ਕਲ ਗੁਰੁ ਸੇਵੀਐ’ ਹੀ ਦਰਜ ਹੈ। ਬੀੜ ਨੰ: ੧੦੭, ਪੰਨਾ ੬੦੧ ਤੇ ਪਾਠ ‘ਸੁਕਹੁ ਕਲ੍ਯ ਗੁਰੁ ਸੇਵੀਐ’ ਹੈ। ਬੀੜ ਨੰ: ੧੦੮ ਪੰਨਾ ੬੩੩, ਬੀੜ ਨੰ: ੧੧੬ ਪੰਨਾ ੮੭੨ ‘ਤੇ ‘ਸੁਕਹੁ ਕਲ ਗੁਰੁ ਸੇਵੀਐ’ ਹੀ ਦਰਜ ਹੈ। (‘ਪੁਰਾਤਨਿ ਬੀੜਾ ਤੇ ਵਿਚਾਰ’ ਭਾਗ ਦੂਜਾ- ਪੰਨਾ 88)
ਉਪ੍ਰੋਕਤ ਹਵਾਲਿਆ ਤੋਂ ਸਪੱਸ਼ਟ ਹੈ ਕਿ ਪਾਠ ‘ਟਲ’ ਨਹੀ ‘ਕਲ’ ਸ਼ੁਧ ਪਾਠ ਹੈ। ਮੇਰੇ ਪਾਸ ਹੱਥ ਲਿਖਤ ਬੀੜ ਹੈ ਉਸ ਵਿੱਚ ਵੀ ਪਾਠ ‘ਸੁਕਹੁਕਲਗੁਰੁਸੇਵੀਐ’ (‘ਸੁ ਕਹੁ ਕਲ ਗੁਰੁ ਸੇਵੀਐ’) ਹੀ ਦਰਜ ਹੈ।

ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਮੰਨਦੀ ਹੈ ਕਿ ਸ਼ੁੱਧ ਪਾਠ ‘ਟਲ’ ਨਹੀਂ ‘ਕਲ’ ਹੈ।
ਸੁ ਕਹੁ ਕਲ ਗੁਰੁ ਸੇਵੀਐ ਅਹਿਨਿਸਿ ਸਹਜਿ ਸੁਭਾਇ ॥
ਦਰਸਨਿ ਪਰਸਿਐ ਗੁਰੂ ਕੈ ਜਨਮ ਮਰਣ ਦੁਖੁ ਜਾਇ ॥
ਕਈ ਸੱਜਣ ਜਾਣ ਬੁਝ ਕੇ ਅਜੇਹੇ ਵਿਚਾਰਾਂ ਨੂੰ ਗਲਤ ਰੰਗਤ ਦੇ ਕੇ ਸਿੱਖ ਸੰਗਤ ਨੂੰ ਭੜਕਾਉਣ ਦਾ ਅਸਫਲ ਯਤਨ, ਅਕਸਰ ਹੀ ਕਰਦੇ ਰਹਿੰਦੇ ਹਨ। ਉਨ੍ਹਾਂ ਦੀ ਸੇਵਾ ‘ਚ ਨਿਮਰਤਾ ਸਹਿਤ ਬੇਨਤੀ ਹੈ ਕਿ ਕਾਤਬਾਂ ਵੱਲੋਂ ਜਾਣੇ-ਅਣਜਾਣੇ ਹੋਈਆਂ ਭੁੱਲਾਂ ਵੱਲ ਧਿਆਨ ਦਿਵਾਉਣਾ ਪਾਵਨ ਬਾਣੀ ਤੇ ਕਿੰਤੂ-ਪ੍ਰੰਤੂ ਨਹੀ ਹੁੰਦਾ। ਮੇਰਾ ਮਤਲਬ ਇਥੇ ‘ਟਲ ਜਾਂ ‘ਕਲ’ ਬਾਰੇ ਕੋਈ ਨਿਰਣਾ ਦੇਣਾ ਨਹੀਂ ਹੈ। ਹਾਂ! ਸੱਚਾਈ ਵਿਦਵਾਨਾਂ ਸਾਹਮਣੇ ਜਰੂਰ ਰੱਖ ਦਿੱਤੀ ਹੈ ਤਾਂ ਕਿ ਲਿਖਾਰੀਆਂ ਅਤੇ ਬੀੜਾਂ ਦੇ ਉਤਾਰੇ ਕਰਨ ਵਾਲਿਆਂ ਦੀਆਂ ਗਲਤੀਆਂ ਨੂੰ ਅਸੀਂ ਗੁਰੂ ਅਰਜਨ ਸਾਹਿਬ ਦੇ ਨਾਮ ਨਾਲ ਜੋੜ ਕਿ ਗੁਰੂ ਨਿੰਦਕ ਨਾ ਬਣੀਏ। ਕਾਤਬਾਂ ਜਾਂ ਨਕਲ-ਨਵੀਸਾਂ ਵੱਲੋਂ ਜਾਣੇ-ਅਣਜਾਣੇ ‘ਚ ਕੀਤੀਆਂ ਭੁੱਲਾਂ ਤੇ ਤਾਂ ਵਿਚਾਰ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਭਾਈ ਗੁਰਦਾਸ ਜੀ ਵੱਲੋਂ ਲਿਖੀ ਗਈ ਬਾਣੀ ਦੀ ਸ਼ੁੱਧਤਾ ਨੂੰ ਕਾਇਮ ਰੱਖਿਆ ਜਾ ਸਕੇ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?
Verified by MonsterInsights