ਅਕਾਲੀ ਲਹਿਰ (1920-25) ਨੇ ਅਨੇਕਾਂ ਸਿੱਖ ਰਾਜਸੀ ਆਗੂਆਂ ਨੂੰ ਜਨਮ ਦਿੱਤਾ ਜਿਨ੍ਹਾਂ ਵਿਚੋਂ ਸ਼੍ਰੋਮਣੀ ਕਮੇਟੀ ਦੇ ਪਹਿਲੇ ਪ੍ਰਧਾਨ ਬਾਬਾ ਖੜਕ ਸਿੰਘ ਇਕ ਸਨ। ਉਨ੍ਹਾਂ ਦਾ ਜਨਮ 6 ਜੂਨ 1868 ਨੂੰ ਜ਼ਿਲ੍ਹਾ ਸਿਆਲਕੋਟ ਵਿਚ ਰਾਇ ਬਹਾਦਰ ਹਰੀ ਸਿੰਘ ਦੇ ਘਰ ਹੋਇਆ। ਉਨ੍ਹਾਂ 10ਵੀਂ ਦੀ ਪ੍ਰੀਖਿਆ ਮਿਸ਼ਨ ਹਾਈ ਸਕੂਲ ਅਤੇ 11ਵੀਂ ਮੁਰ੍ਹੇ ਕਾਲਜ, ਸਿਆਲਕੋਟ ਤੋਂ ਪਾਸ ਕੀਤੀ। ਮਗਰੋਂ ਉਹ ਸਰਕਾਰੀ ਕਾਲਜ, ਲਾਹੌਰ ਤੋਂ 1889 ਵਿਚ ਐੱਫਏ ਪਾਸ ਕਰਨ ਵਾਲੇ ਵਿਦਿਆਰਥੀਆਂ ਦੇ ਪਹਿਲੇ ਬੈਚ ਵਿਚੋਂ ਸਨ। ਬਾਅਦ ’ਚ ਲਾਅ ਕਾਲਜ, ਅਲਾਹਾਬਾਦ ’ਚ ਕਾਨੂੰਨ ਦੀ ਡਿਗਰੀ ਲਈ ਦਾਖ਼ਲਾ ਲਿਆ ਪਰ ਪਿਤਾ ਤੇ ਭਰਾ ਦੀ ਮੌਤ ਕਾਰਨ ਪੜ੍ਹਾਈ ਪੂਰੀ ਨਾ ਕਰ ਸਕੇ।
ਉਨ੍ਹਾਂ ਆਪਣਾ ਜਨਤਕ ਜੀਵਨ 1912 ’ਚ ਸਿਆਲਕੋਟ ’ਚ ਸਿੱਖ ਵਿੱਦਿਅਕ ਕਾਨਫ਼ਰੰਸ ਦੇ 5ਵੇਂ ਸੈਸ਼ਨ ਦੀ ਸੁਆਗਤੀ ਕਮੇਟੀ ਦੇ ਪ੍ਰਧਾਨ ਦੇ ਤੌਰ ’ਤੇ ਸ਼ੁਰੂ ਕੀਤਾ। 3 ਸਾਲ ਮਗਰੋਂ ਤਰਨ ਤਾਰਨ ਕਾਨਫ਼ਰੰਸ ਦੇ 8ਵੇਂ ਸੈਸ਼ਨ ਦੇ ਪ੍ਰਧਾਨ ਦੇ ਤੌਰ ’ਤੇ ਉਨ੍ਹਾਂ 6 ਘੋੜਿਆਂ ਵਾਲੀ ਬੱਘੀ ਤੇ ਸ਼ਾਹੀ ਢੰਗ ਨਾਲ ਜਾਣ ਵਾਲੀ ਰਵਾਇਤ ਤੋੜਦਿਆਂ ਕਾਨਫ਼ਰੰਸ ਵਾਲੀ ਥਾਂ ਪੈਦਲ ਜਾ ਕੇ ਸਭ ਨੂੰ ਹੈਰਾਨ ਕਰ ਦਿੱਤਾ। 13 ਅਪਰੈਲ 1919 ਦੇ ਜਲ੍ਹਿਆਂਵਾਲਾ ਬਾਗ਼ ਦੇ ਸਾਕੇ ਨੇ ਉਨ੍ਹਾਂ ਨੂੰ ਸਰਗਰਮ ਰਾਜਨੀਤੀ ਵਿਚ ਲੈ ਆਂਦਾ। ਸੋਹਣ ਸਿੰਘ ਜੋਸ਼ ਆਪਣੀ ਪੁਸਤਕ ‘ਅਕਾਲੀ ਮੋਰਚਿਆਂ ਦਾ ਇਤਿਹਾਸ’ ਵਿਚ ਲਿਖਦੇ ਹਨ- ‘15 ਨਵੰਬਰ, 1920 ਨੂੰ 175 ਮੈਬਰਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਜਿਸ ਵਿਚ ਖੜਕ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ।’ 1920 ਵਿਚ ਉਨ੍ਹਾਂ ਲਾਹੌਰ ਵਿਚ ਹੋਈ ਇਤਿਹਾਸਕ ਕੇਂਦਰੀ ਸਿੱਖ ਲੀਗ ਦੀ ਪ੍ਰਧਾਨਗੀ ਕੀਤੀ। 1921 ਵਿਚ ਉਹ ਕੇਂਦਰੀ ਸਿੱਖ ਲੀਗ ਦੇ ਪ੍ਰਧਾਨ ਚੁਣੇ ਗਏ।
20 ਫਰਵਰੀ 1921 ਨੂੰ ਸ੍ਰੀ ਨਨਕਾਣਾ ਸਾਹਿਬ ਖ਼ੂਨੀ ਸਾਕਾ ਵਾਪਰਿਆ ਤਾਂ ਬਾਬਾ ਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ। 26 ਨਵੰਬਰ 1921 ’ਚ ਉਨ੍ਹਾਂ ਨੂੰ ਅੰਗਰੇਜ਼ ਹਕੂਮਤ ਵਿਰੁੱਧ ਗੁਰੂ ਕਾ ਬਾਗ਼, ਅਜਨਾਲਾ ਵਿਖੇ ਜੋਸ਼ੀਲੀ ਤਕਰੀਰ ਦੇਣ ਕਰਕੇ ਗ੍ਰਿਫ਼ਤਾਰ ਕੀਤਾ ਅਤੇ 2 ਦਸੰਬਰ, 1921 ਨੂੰ 6 ਮਹੀਨੇ ਦੀ ਸਜ਼ਾ ਤੇ 1000 ਦਾ ਜੁਰਮਾਨਾ ਕਰਕੇ ਅੰਮ੍ਰਿਤਸਰ ਜੇਲ੍ਹ ਵਿਚ ਭੇਜਿਆ। 1922 ਵਿਚ ਅੰਮ੍ਰਿਤਸਰ ਦੇ ਪੁਲੀਸ ਸੁਪਰਡੈਂਟ ਨੇ ਖੜਕ ਸਿੰਘ ਸਮੇਤ 19 ਅਕਾਲੀ ਨੇਤਾਵਾਂ ਮਹਿਤਾਬ ਸਿੰਘ ਸੈਕਟਰੀ, ਮਾਸਟਰ ਸੁੰਦਰ ਸਿੰਘ ਲਾਇਲਪੁਰੀ (ਮੈਨੇਜਰ ਰੋਜ਼ਾਨਾ ਅਕਾਲੀ), ਭਾਗ ਸਿੰਘ, ਗੁਰਚਰਨ ਸਿੰਘ ਵਕੀਲ, ਹਰੀ ਸਿੰਘ ਜਲੰਧਰੀ ਆਦਿ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਉਤੇ ਦੋਸ਼ ਲਾਇਆ ਕਿ ਇਨ੍ਹਾਂ ‘ਸਿੱਖ ਨਾ-ਮਿਲਵਰਤਨੀਆਂ ਨੇ ਬਗਾਵਤੀ ਬੈਠਕਾਂ ਦਾ ਕਾਨੂੰਨ ਤੋੜਿਆ ਸੀ।’ 18 ਜਨਵਰੀ 1922 ਨੂੰ ਅੰਗਰੇਜ਼ ਸਰਕਾਰ ਨੇ ਤੋਸ਼ਖਾਨੇ ਦੀਆਂ 53 ਚਾਬੀਆਂ ਬਾਬਾ ਖੜਕ ਸਿੰਘ ਨੂੰ ਵਾਪਸ ਦਿੱਤੀਆਂ। ਅਕਾਲੀ ਕੈਦੀ ਆਗੂਆਂ ਦੀ ਬਿਨਾਂ ਸ਼ਰਤ ਤੋਂ ਰਿਹਾਈ ਅਤੇ ਬਾਬਾ ਜੀ ਅੱਗੇ ਕੁੰਜੀਆਂ ਦੇ ਸਮਰਪਣ ਬਾਰੇ ਇੱਕ ਸਮਕਾਲੀ ਯੂਰੋਪੀਅਨ ਲੇਖਕ ਨੇ ਲਿਖਿਆ ਹੈ: “ਇਸ ਤੋਂ ਵੱਧ ਸ਼ਰਮਨਾਕ ਹਾਰ ਕਦੇ ਨਹੀਂ ਹੋਈ।”
ਬਾਬਾ ਜੀ ਨੂੰ ਚਾਬੀਆਂ ਦੇ ਮੋਰਚੇ ਦੌਰਾਨ ਪਹਿਲੀ ਵਾਰ 6 ਮਹੀਨੇ ਲਈ ਜੇਲ੍ਹ ਵਿਚ ਕ੍ਰਿਪਾਨਾਂ ਬਣਾਉਣ ਦੀ ਫ਼ੈਕਟਰੀ ਦੇ ਦੋਸ਼ ਅਧੀਨ ਇਕ ਵਰ੍ਹੇ ਦੀ ਸਜ਼ਾ ਸੁਣਾਈ ਗਈ। ਨਾਲ ਹੀ ਵਿਦਰੋਹੀ ਤਰਰੀਰ ਕਰਨ ਦੇ ਜੁਰਮ ਵਿਚ 3 ਸਾਲ ਦੀ ਹੋਰ ਸਜ਼ਾ ਸੁਣਾ ਕੇ ਡੇਰਾ ਗਾਜ਼ੀ ਖਾਂ ਭੇਜ ਦਿੱਤਾ ਜਿੱਥੇ ਉਨ੍ਹਾਂ ਰਾਜਸੀ ਕੈਦੀਆਂ ਵਿਚੋਂ ਸਿੱਖਾਂ ਦੀ ਪਗੜੀ ਅਤੇ ਗ਼ੈਰ-ਸਿੱਖ ਕੈਦੀਆਂ ਦੀ ਟੋਪੀ ਉਤਾਰਨ ਖ਼ਿਲਾਫ਼ ਰੋਸ ਵੱਜੋਂ ਕਛਹਿਰੇ ਤੋਂ ਬਿਨਾਂ ਆਪਣੇ ਸਾਰੇ ਕੱਪੜੇ ਉਤਾਰ ਦਿੱਤੇ ਅਤੇ ਕੜਾਕੇ ਦੀ ਠੰਢ ਦੇ ਬਾਵਜੂਦ ਆਪਣੀ ਪੂਰੀ ਕੈਦ ਕੱਟ ਕੇ 4 ਜੂਨ 1927 ਨੂੰ ਰਿਹਾਅ ਹੋਣ ਤੱਕ ਨੰਗੇ ਪਿੰਡੇ ਹੀ ਵਿਚਰੇ।
1928-29 ਵਿਚ ਬਾਬਾ ਜੀ ਨੇ ਮੋਤੀ ਲਾਲ ਨਹਿਰੂ ਅਤੇ ਤੇਜ ਬਹਾਦਰ ਸਪਰੂ ਰਾਹੀਂ ਤਿਆਰ ਨਹਿਰੂ ਕਮੇਟੀ ਰਿਪੋਰਟ ਦਾ ਉਦੋਂ ਤੱਕ ਵਿਰੋਧ ਕੀਤਾ ਜਦੋਂ ਤੱਕ ਕਾਂਗਰਸ ਪਾਰਟੀ ਨੇ ਇਹ ਰਿਪੋਰਟ ਤਿਆਗ ਨਾ ਦਿੱਤੀ ਅਤੇ ਭਵਿੱਖ ਦੀਆਂ ਸੰਵਿਧਾਨਕ ਤਜਵੀਜ਼ਾਂ ਹਿੱਤ ਸਿੱਖਾਂ ਦੀ ਸਹਿਮਤੀ ਲੈਣ ਦਾ ਵਾਅਦਾ ਨਹੀਂ ਕੀਤਾ। 1932-33 ਦੌਰਾਨ ਬਾਬਾ ਜੀ ਦੇ ਮਾਸਟਰ ਤਾਰਾ ਸਿੰਘ ਨਾਲ ਮਤਭੇਦ ਵਧਣ ਕਰਕੇ ਉਨ੍ਹਾਂ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਤੋਂ ਅਸਤੀਫ਼ਾ ਦੇ ਕੇ ਵੱਖਰਾ ‘ਕੇਂਦਰੀ ਅਕਾਲੀ ਦਲ’ ਬਣਾ ਲਿਆ। ਉਨ੍ਹਾਂ ਦੀ ਅੰਤਲੀ ਗ੍ਰਿਫ਼ਤਾਰੀ 1944 ਵਿਚ ਗੁਜਰਾਂਵਾਲਾ ਵਿਚ ਹੋਈ। ਮਗਰੋਂ ਉਹ ਰਾਜਸੀ ਜੀਵਨ ਤੋਂ ਮੁਕਤ ਹੋ ਕੇ ਦਿੱਲੀ ਚਲੇ ਗਏ ਜਿੱਥੇ ਉਹ 6 ਅਕਤੂਬਰ 1963 ਨੂੰ 95 ਵਰ੍ਹੇ ਦੀ ਉਮਰ ਵਿਚ ਅਕਾਲ ਚਲਾਣਾ ਕਰ ਗਏ।
Author: Gurbhej Singh Anandpuri
ਮੁੱਖ ਸੰਪਾਦਕ