Home » ਕਰੀਅਰ » ਸਿੱਖਿਆ » 25 ਸਤੰਬਰ 2022 ਐਤਵਾਰ ਨੂੰ ਸਿਡਨੀ ਦੀ “ਫੋਕ ਡਾਂਸ ਅਕੈਡਮੀ ਰੂਹ ਪੰਜਾਬ ਦੀ” ਵੱਲੋਂ “ਵਿਰਸਾ 2022” ਸਮਾਗਮ: ਅੱਖੀਂ ਡਿੱਠਾ ਹਾਲ

25 ਸਤੰਬਰ 2022 ਐਤਵਾਰ ਨੂੰ ਸਿਡਨੀ ਦੀ “ਫੋਕ ਡਾਂਸ ਅਕੈਡਮੀ ਰੂਹ ਪੰਜਾਬ ਦੀ” ਵੱਲੋਂ “ਵਿਰਸਾ 2022” ਸਮਾਗਮ: ਅੱਖੀਂ ਡਿੱਠਾ ਹਾਲ

65 Views

25 ਸਤੰਬਰ 2022 ਦਿਨ ਐਤਵਾਰ ਨੂੰ ਸਿਡਨੀ ਦੀ “ਫੋਕ ਡਾਂਸ ਅਕੈਡਮੀ ਰੂਹ ਪੰਜਾਬ ਦੀ” ਨਾਮਕ ਇਕ ਸੰਸਥਾ ਵੱਲੋਂ, ਸਿਡਨੀ ਬਹਾਈ ਸੈਂਟਰ, ਡਰਬੀ ਸਟਰੀਟ, ਸਿਲਵਰ ਵਾਟਰ ਸਿਡਨੀ ਵਿਖੇ “ਵਿਰਸਾ 2022” ਵੇਖਣ ਦਾ “ਸਬੱਬ” ਬਣਿਆ। ਇਸ ਸਮਾਗਮ ਵਿੱਚ ਦਾਖਲਾ ਟਿਕਟਾਂ ਨਾਲ ਹੋਣਾ ਸੀ ਅਤੇ ਹਰ ਟਿਕਟ ਦੀ ਕੀਮਤ 20 ਡਾਲਰ ਰੱਖੀ ਗਈ ਸੀ। ਸਮਾਗਮ ਹਾਲ ਵਿੱਚ ਦਾਖਲ ਹੋਣ ਦਾ ਸਮਾਂ 10:30 ਵੱਜੇ ਤੋਂ ਸ਼ੁਰੂ ਹੋਣਾ ਸੀ। ਮੇਰੇ ਲਈ ਇਹ “ਸਬੱਬ” ਇਸ ਕਰਕੇ ਸੀ, ਕਿਉਂਕਿ ਇਸ ਸਮਾਗਮ ਵਿੱਚ ਮੇਰੀ ਬੇਟੀ ਅਤੇ ਉਸ ਦੇ ਛੋਟੇ ਬੇਟੇ ਗੁਰਜੀਵਨ ਨੇ ਵੀ ਆਪਣੀਆਂ ਆਪਣੀਆਂ ਗਿੱਧੇ/ਭੰਗੜੇ ਦੀਆਂ ਟੀਮਾਂ ਵਿੱਚ ਸ਼ਾਮਲ ਹੋ ਕੇ ਭਾਗ ਲੈਣਾ ਸੀ। ਮੈਂ ਜਦੋਂ ਆਪਣੀ ਬੇਟੀ ਕੋਲੋਂ ਸਾਰੇ ਪ੍ਰੋਗਰਾਮ ਦੀ ਤਫ਼ਸੀਲ ਜਾਨਣੀ ਚਾਹੀ, ਤਾਂ ਉਸ ਨੂੰ ਸਾਰੇ ਸਮਾਗਮ ਬਾਰੇ ਪੂਰੀ ਜਾਣਕਾਰੀ ਨਹੀਂ ਸੀ। ਸੋ, ਮੇਰੇ ਬੱਚੇ ਤਾਂ ਆਪਣੀ ਆਪਣੀ ਟੀਮ ਵਿੱਚ ਰਲ ਗਏ ਅਤੇ ਮੈਂ ਕਮਰੇ ਦੇ ਅੰਦਰ ਬੈਠੇ ਵਲੰਟੀਅਰਜ਼ ਕੋਲੋਂ ਤਫ਼ਸੀਲ ਜਾਨਣ ਲੱਗ ਪਿਆ। ਆਪਣੀ ਰਸਮੀ ਪਛਾਣ ਦੱਸਣ ਤੋਂ ਬਾਅਦ ਮੈਨੂੰ ਉਹਨਾਂ ਤੋਂ ਪਤਾ ਲੱਗਾ ਕਿ ਉਹਨਾਂ ਵਿੱਚੋਂ ਇੱਕ ਵਲੰਟੀਅਰ ਦਾ ਨਾਂ ਸ੍ਰ ਇਕਬਾਲ ਸਿੰਘ ਕਾਲਕਟ ਸੀ। ਸਾਨੂੰ ਦੋਹਾਂ ਨੂੰ ਇਕੋ ਵੇਲੇ ਯਾਦ ਆ ਗਿਆ ਕਿ ਪਿੱਛੇ ਜਿਹੇ ਗੁਰਦੁਆਰਾ ਗਲੈਨਵੁੱਡ ਸਾਹਿਬ ਦੀ ਭਾਈ ਗੁਰਦਾਸ ਲਾਇਬ੍ਰੇਰੀ ਵਿੱਚ ਸਾਡੀ ਦੋਹਾਂ ਦੀ ਇਕ ਬਹੁਤ ਹੀ ਸੰਖੇਪ ਜਿਹੀ ਮੁਲਾਕਾਤ ਵੀ ਹੋਈ ਸੀ। ਅੱਜ ਦੀ ਇਸ ਮੁਲਾਕਾਤ ਵਿੱਚ ਉਹਨਾਂ ਦੱਸਿਆ ਕਿ ਇਹ ਪ੍ਰੋਗਰਾਮ ਸਵੇਰੇ 11 ਵੱਜੇ ਸ਼ੁਰੂ ਹੋਵੇਗਾ ਅਤੇ ਕੁੱਝ ਵਕਫੇ ਤੋਂ ਬਾਅਦ 4 ਵੱਜੇ ਸਮਾਪਤ ਹੋਵੇਗਾ। ਸੋ ਲਗਪਗ 11 ਵੱਜੇ ਸਟੇਜ ਸਕੱਤਰ ਸ੍ਰ ਰਣਜੀਤ ਸਿੰਘ ਖੈੜਾ ਨੇ ਸਟੇਜ ਉੱਪਰ ਆ ਕੇ ਆਪਣੇ ਵਿਸ਼ੇਸ਼ ਅੰਦਾਜ਼ ਵਿੱਚ ਇਸ ਪ੍ਰੋਗਰਾਮ ਬਾਰੇ ਦੱਸਿਆ ਕਿ “ਕਰੋਨਾ ਦੀ ਬਿਮਾਰੀ ਕਾਰਨ ਅਸੀਂ ਠੀਕ 3 ਸਾਲ ਅਤੇ 3 ਦਿਨ ਬਾਅਦ ਅੱਜ ‘ਵਿਰਸਾ 2022’ ਲੈ ਕੇ ਹਾਜ਼ਰ ਹੋਏ ਹਾਂ।” ਉਹਨਾਂ ਦੀ ਇਸ ਅਨਾਊਂਸਮੈਂਟ ਦਾ ਹਾਲ ਅੰਦਰ ਮੌਜੂਦ ਲਗਪਗ 500 ਦੇ ਕਰੀਬ ਦਰਸ਼ਕਾਂ ਨੇ ਜ਼ੋਰਦਾਰ ਤਾੜੀਆਂ ਦੀ ਗੂੰਜ ਨਾਲ ਭਰਪੂਰ ਸੁਆਗਤ ਕੀਤਾ। ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਦੇ ਦੋ ਸੈਸ਼ਨ ਹੋਣਗੇ ਅਤੇ ਦੋਹਾਂ ਸੈਸ਼ਨਾਂ ਦੇ ਦਰਮਿਆਨ ਅੱਧੇ ਘੰਟੇ ਦੀ ਲੰਚ ਬਰੇਕ ਹੋਵੇਗੀ। ਇਸ ਦੇ ਨਾਲ ਹੀ ਉਹਨਾਂ ਸਟੇਜ ਚਲਾਉਣ ਵਿੱਚ ਉਹਨਾਂ ਨਾਲ ਸਾਥ ਨਿਭਾਉਣ ਲਈ, ਮੇਰੀ ਬੇਟੀ ਦੀ ਸਹੇਲੀ ਗੁੱਗੂ ਧਾਲੀਵਾਲ ਨੂੰ ਬੇਨਤੀ ਕੀਤੀ। ਗੁੱਗੂ ਨੇ ਸਟੇਜ ਉੱਪਰ ਆ ਕੇ, ਆਪਣੇ ਸ਼ੇਅਰਾਂ ਦੀ ਬਰਸਾਤ ਕਰਨ ਉਪਰੰਤ, ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਲਈ ਸ੍ਰ ਪ੍ਰਦੀਪ ਸਿੰਘ ਭੱਟੀ ਨੂੰ ਇਕ ਸ਼ਬਦ ਦਾ ਗਾਇਨ ਕਰਨ ਲਈ ਬੇਨਤੀ ਕੀਤੀ। ਸ੍ਰ ਪ੍ਰਦੀਪ ਸਿੰਘ ਭੱਟੀ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1406 ਉੱਪਰ ਅੰਕਿਤ ਕੀਰਤ ਭੱਟ ਜੀ ਦੇ ਹੇਠ ਲਿਖੇ ਸ਼ਬਦ ਦਾ ਗਾਇਨ ਕੀਤਾ:
“ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ ॥
ਮਾਯਾ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤਿ ਲਗਾਈ ॥
ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ ॥
ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ ॥”
ਭਾਵ ਅਸੀਂ ਔਗੁਣਾਂ ਨਾਲ ਭਰੇ ਹੋਏ ਹਾਂ, ਸਾਡੇ ਵਿਚ ਇੱਕ ਭੀ ਗੁਣ ਨਹੀਂ ਹੈ, ਨਾਮ ਰੂਪੀ ਅੰਮ੍ਰਿਤ ਨੂੰ ਛੱਡ ਕੇ ਅਸਾਂ ਸਦਾ ਜ਼ਹਿਰ ਹੀ ਜ਼ਹਿਰ ਖਾਧਾ ਹੈ। ਮਾਇਆ ਅਤੇ ਮੋਹ ਦੇ ਭਰਮਾਂ ਵਿਚ ਪੈ ਕੇ‌ ਅਸੀਂ ਸਹੀ ਜੀਵਨ-ਰਾਹ ਤੋਂ ਭੁੱਲੇ ਹੋਏ ਹਾਂ ਅਤੇ ਅਸੀਂ ਆਪਣੇ ਪੁੱਤਰ ਅਤੇ ਇਸਤ੍ਰੀ ਨਾਲ ਪਿਆਰ ਪਾਇਆ ਹੋਇਆ ਹੈ। ਇਸ ਲਈ ਅਸੀਂ ਸਤਿਗੁਰੂ ਦੀ ਸੰਗਤਿ ਵਾਲਾ ਇਕ ਉੱਤਮ ਰਾਹ ਸੁਣਿਆ ਹੈ, ਉਸ ਵਿਚ ਮਿਲ ਕੇ ਅਸਾਂ ਜਮਦੂਤਾਂ ਦਾ ਡਰ ਮਿਟਾ ਲਿਆ ਹੈ। ‘ਕੀਰਤ’ ਭੱਟ ਦੀ ਹੁਣ ਇਕ ਬੇਨਤੀ ਹੈ ਕਿ ਹੇ ਗੁਰੂ ਰਾਮਦਾਸ ਜੀ! ਆਪਣੀ ਸ਼ਰਨ ਵਿੱਚ ਰੱਖੋ।
ਸ.ਗੁਰਦਰਸ਼ਨ ਸਿੰਘ ਸਹੋਤਾ ਅਤੇ ਸ.ਰਮਨਦੀਪ ਸਿੰਘ ਗਿੱਲ।

ਇਸ ਤੋਂ ਬਾਅਦ ਸ੍ਰ ਰਣਜੀਤ ਸਿੰਘ ਖੈੜਾ ਜੀ ਨੇ ਰੂਹ ਪੰਜਾਬ ਦੀ ‘ਰੂਹ’ ਅਤੇ ਸਿਡਨੀ ਅੰਦਰ ਨਾਮਵਰ ਆਰਥੋਪੈਡਿਕ ਸਰਜਨ ਡਾ ਪਵਿੱਤਰ ਸਿੰਘ ਸੁੰਨੜ ਜੀ, ਉਹਨਾਂ ਦੀ ਧਰਮਪਤਨੀ ਸ਼੍ਰੀਮਤੀ ਪਰਮਜੀਤ ਕੌਰ ਸੁੰਨੜ, ਬੇਟੀ ਬੀਬਾ ਸੈਨਪ੍ਰੀਤ ਕੌਰ ਅਤੇ ਬੇਟੇ ਸ੍ਰ ਹਰਮਨਦੀਪ ਸਿੰਘ ਸੁੰਨੜ ਨੂੰ ਇੱਕਠਿਆਂ ਰਲ ਕੇ ਇੱਕ ਸ਼ਬਦ ਗਾਇਨ ਲਈ ਬੇਨਤੀ ਕੀਤੀ, ਜਿਨ੍ਹਾਂ ਨੇ ਮਿਲ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1349 ਉੱਪਰ ਅੰਕਿਤ ਭਗਤ ਕਬੀਰ ਜੀ ਦੁਆਰਾ ਰਚਿਤ ਹੇਠ ਲਿਖਿਆ ਸ਼ਬਦ ਗਾਇਨ ਕੀਤਾ:
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥੧॥ ਲੋਗਾ ਭਰਮਿ ਨ ਭੂਲਹੁ ਭਾਈ ॥ ਖਾਲਿਕੁ ਖਲਕ ਖਲਕ ਮਹਿ ਖਾਲਿਕੁ ਪੂਰਿ ਰਹਿਓ ਸ੍ਰਬ ਠਾਂਈ ॥੧॥ ਰਹਾਉ ॥ ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ ॥ ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ ॥੨॥ ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ ॥ ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ ॥੩॥ ਅਲਹੁ ਅਲਖੁ ਨ ਜਾਈ ਲਖਿਆ ਗੁਰਿ ਗੁੜੁ ਦੀਨਾ ਮੀਠਾ ॥ ਕਹਿ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨੁ ਡੀਠਾ ॥
ਜਿਸ ਦਾ ਭਾਵ ਹੈ ਕਿ ਸਭ ਤੋਂ ਪਹਿਲਾਂ ਖ਼ੁਦਾ ਦਾ ਨੂਰ ਹੀ ਹੈ, ਜਿਸ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ ਅਤੇ ਇਹ ਸਾਰੇ ਜੀਅ-ਜੰਤ ਰੱਬ ਦੀ ਕੁਦਰਤ ਨੇ ਹੀ ਬਣਾਏ ਹੋਏ ਹਨ। ਇਕ ਪ੍ਰਭੂ ਦੀ ਹੀ ਜੋਤ ਤੋਂ ਸਾਰਾ ਜਗਤ ਪੈਦਾ ਹੋਇਆ ਹੈ। ਇਸ ਲਈ ਫਿਰ ਕਿਸੇ ਜ਼ਾਤ ਜਾਂ ਮਜ਼ਹਬ ਦੇ ਭੁਲੇਖੇ ਵਿਚ ਪੈ ਕੇ, ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਨਾ ਸਮਝੋ। ਹੇ ਲੋਕੋ! ਹੇ ਭਾਈ! ਰੱਬ ਦੀ ਹਸਤੀ ਬਾਰੇ ਕਿਸੇ ਹੋਰ ਭੁਲੇਖੇ ਵਿਚ ਪੈ ਕੇ ਖ਼ੁਆਰ ਨਾ ਹੋਵੋ। ਉਹ ਰੱਬ, ਸਾਰੀ ਖ਼ਲਕਤ ਨੂੰ ਪੈਦਾ ਕਰਨ ਵਾਲਾ ਹੈ ਤੇ ਸਾਰੀ ਖ਼ਲਕਤ ਵਿੱਚ ਮੌਜੂਦ ਹੈ, ਉਹ ਸਭ ਥਾਂ ਹਰ ਬਖਸ਼ਿਸ਼ ਨਾਲ ਭਰਪੂਰ ਹੈ। ਉਸ ਰੱਬ ਨੇ ਇੱਕੋ ਹੀ ਮਿੱਟੀ ਤੋਂ ਭਾਵ, ਇੱਕੋ ਜਿਹੇ ਹੀ ਤੱਤਾਂ ਤੋਂ ਅਨੇਕਾਂ ਕਿਸਮਾਂ ਦੇ ਜੀਅ-ਜੰਤ ਪੈਦਾ ਕਰ ਦਿੱਤੇ ਹਨ। ਜਿੱਥੋਂ ਤਕ ਜੀਵਾਂ ਦੇ ਅਸਲੇ ਦਾ ਸੰਬੰਧ ਹੈ, ਨਾ ਇਹਨਾਂ ਮਿੱਟੀ ਦੇ ਭਾਂਡਿਆਂ ਭਾਵ, ਜੀਵਾਂ ਵਿੱਚ ਕੋਈ ਊਣਤਾਈ ਹੈ, ਤੇ ਨਾ ਹੀ ਇਹਨਾਂ ਭਾਂਡਿਆਂ ਦੇ ਬਣਾਣ ਵਾਲੇ ਘੁਮਿਆਰ ਵਿੱਚ। ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਸਭ ਜੀਵਾਂ ਵਿਚ ਵੱਸਦਾ ਹੈ। ਜੋ ਕੁੱਝ ਜਗਤ ਵਿਚ ਹੋ ਰਿਹਾ ਹੈ, ਉਸੇ ਦਾ ਕੀਤਾ ਹੋ ਰਿਹਾ ਹੈ। ਉਹੀ ਮਨੁੱਖ ਰੱਬ ਦਾ ਪਿਆਰਾ ਬੰਦਾ ਕਿਹਾ ਜਾ ਸਕਦਾ ਹੈ, ਜੋ ਉਸ ਦੀ ਰਜ਼ਾ ਨੂੰ ਪਛਾਣਦਾ ਹੈ ਅਤੇ ਉਸ ਇਕ ਨਾਲ ਸਾਂਝ ਪਾਂਦਾ ਹੈ। ਉਹ ਰੱਬ ਐਸਾ ਹੈ ਜਿਸ ਦਾ ਮੁਕੰਮਲ ਸਰੂਪ ਬਿਆਨ ਤੋਂ ਪਰੇ ਹੈ, ਉਸ ਦੇ ਗੁਣ ਕਹੇ ਨਹੀਂ ਜਾ ਸਕਦੇ। ਕਬੀਰ ਆਖਦਾ ਹੈ– ਮੇਰੇ ਗੁਰੂ ਨੇ ਪ੍ਰਭੂ ਦੇ ਗੁਣਾਂ ਦੀ ਸੂਝ-ਰੂਪ ਮਿੱਠਾ ਗੁੜ ਮੈਨੂੰ ਦਿੱਤਾ ਹੈ, ਜਿਸ ਦਾ ਸੁਆਦ ਤਾਂ ਮੈਂ ਨਹੀਂ ਦੱਸ ਸਕਦਾ, ਪਰ ਮੈਂ ਉਸ ਦੋਸ਼ ਰਹਿਤ ਪ੍ਰਭੂ ਨੂੰ ਹਰ ਥਾਂ ਵੇਖ ਲਿਆ ਹੈ, ਹੁਣ ਮੈਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਰਿਹਾ।
‌‌ ਇਸ ਉਪਰੰਤ ਸਟੇਜ ਤੋਂ ਐਲਾਨ ਕੀਤਾ ਗਿਆ ਕਿ ਇਸ ਪ੍ਰੋਗਰਾਮ ਦੀ ਸਭ ਤੋਂ ਪਹਿਲੀ ਆਈਟਮ ਦਾ ਨਾਂ ਹੈ “ਘੁੰਗਰੂ” ਅਤੇ ਇਸ ਟੀਮ ਨੂੰ ਤਿਆਰ ਕੀਤਾ ਹੈ ਕੋਚ ਸ੍ਰ ਅਮਰੀਕ ਸਿੰਘ ਨੇ। ਜਦੋਂ ਸਟੇਜ ਤੋਂ ਪਰਦਾ ਹੱਟਿਆ, ਤਾਂ ਸੱਚ ਮੁੱਚ ਸਟੇਜ ਉੱਪਰ ਭੰਗੜਾ ਪਾ ਰਹੇ ਛੋਟੇ ਛੋਟੇ ਮਸੂਮ ਬੱਚੇ, ਘੁੰਗਰੂਆਂ ਵਰਗੇ ਹੀ ਲੱਗ ਰਹੇ ਸਨ। ਇਸ ਤੋਂ ਅਗਲੀ ਭੰਗੜਾ ਪਾਉਣ ਵਾਲੀ ਟੀਮ ਦਾ ਨਾਂ ਸੀ “ਫਰਾਟੇ”। ਇਸ ਟੀਮ ਵੱਲੋਂ ਵੀ ਬਹੁਤ ਹੀ ਭੰਗੜੇ ਦੀ ਸ਼ਾਨਦਾਰ ਕਾਰਗੁਜ਼ਾਰੀ ਵਿਖਾਈ ਗਈ। ਪਰ ਇਸ ਸ਼ਾਨਦਾਰ ਕਾਰਗੁਜ਼ਾਰੀ ਦੇ ਨਾਲ ਨਾਲ ਬੱਚਿਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਦੇ ਸਮੇਂ ਸ੍ਰ ਰਣਜੀਤ ਸਿੰਘ ਖੈੜਾ ਦੀ ਢੁੱਕਵੀਂ ਕੁਮੈਂਟਰੀ ਇਸ ਸਮਾਗਮ ਦੀ ਸ਼ੋਭਾ ਵਿੱਚ ਹੋਰ ਵਾਧਾ ਕਰ ਰਹੀ ਸੀ।‌ ਫਿਰ ਵਾਰੀ ਆਈ ਅਰਸ਼ਪ੍ਰੀਤ ਤੋਂ ਕੋਚਿੰਗ ਪ੍ਰਾਪਤ ਛੋਟੀਆਂ ਛੋਟੀਆਂ ਬੱਚੀਆਂ ਦੁਆਰਾ ਗਿੱਧੇ ਦੀ ਪੇਸ਼ਕਾਰੀ। ਉਹਨਾਂ ਦੀ ਸਟੇਜ ਉੱਪਰ ਗਿੱਧੇ ਦੀ ਪੇਸ਼ਕਾਰੀ ਕਮਾਲ ਦੀ ਸੀ। ਛੋਟੀਆਂ ਛੋਟੀਆਂ ਬੱਚੀਆਂ ਤੋਂ ਬਾਅਦ ਵਾਰੀ ਆਈ ਅਲਗੋਜ਼ੇ ਨਾਂ ਦੀ ਛੋਟੇ ਲੜਕਿਆਂ ਦੀ ਭੰਗੜਾ ਟੀਮ ਦੀ। ਮੈਨੂੰ ਇਸ ਟੀਮ ਦੀ ਸਟੇਜ ਉੱਪਰ ਆਉਣ ਅਤੇ ਪੇਸ਼ਕਾਰੀ ਦੀ ਖਾਸ ਇੰਤਜ਼ਾਰ ਸੀ ਕਿਉਂਕਿ ਇਸ ਟੀਮ ਅੰਦਰ ਮੇਰੇ ਦੋਹਤਰੇ ਗੁਰਜੀਵਨ ਨੇ ਵੀ ਭੰਗੜਾ ਪਾਉਣਾ ਸੀ। ਟੀਮ ਦੀ ਪੇਸ਼ਕਾਰੀ ਤੋਂ ਪਹਿਲਾਂ ਜਦੋਂ ਅਲਗੋਜ਼ੇ ਵਜਾਉਣ ਦੀ ਆਵਾਜ਼ ਆਈ, ਤਾਂ ਉਸ ਵੇਲੇ ਅਨਾਇਤ ਕੋਟੀਏ ਅਤੇ ਗੁਰਮੀਤ ਬਾਵਾ ਦੇ ਗਾਣਿਆਂ ਨਾਲ ਵੱਜਦੇ ਅਲਗੋਜ਼ਿਆਂ ਦੀਆਂ ਯਾਦਾਂ ਤਾਜ਼ਾ ਹੋ ਗਈਆਂ। ਅਲਗੋਜ਼ੇ ਟੀਮ ਦਾ ਭੰਗੜਾ ਵੀ ਕਮਾਲ ਦੀ ਸਟੇਜੀ ਪੇਸ਼ਕਾਰੀ ਸੀ। ਇਸ ਤੋਂ ਬਾਅਦ ਰੀਤ ਹਰਰੂਪ ਦੀ ਕੋਚਿੰਗ ਪ੍ਰਾਪਤ ਤਿਆਰ ਗਿੱਧਾ ਟੀਮ ਨੇ ਆਪਣੇ ਗਿੱਧੇ ਦੀ ਜ਼ੋਰਦਾਰ ਪੇਸ਼ਕਾਰੀ ਨਾਲ ਸਟੇਜ ਪੁੱਟਣੀ ਲੈ ਆਂਦੀ। ਗਿੱਧੇ ਦੀ ਜ਼ੋਰਦਾਰ ਪੇਸ਼ਕਾਰੀ ਤੋਂ ਬਾਅਦ ਗਿੱਧੇ ਦੀ ਇਕ ਹੋਰ ਟੀਮ ਤ੍ਰਿੰਝਣਾਂ ਨੇ “ਤੂੰ
ਫੁਲਕਾਰੀ ਕੱਢਦੀ, ਕੱਢੇ ਤੇਰੀ ਫੁਲਕਾਰੀ ਸਾਡੀ ਜਾਨ! ਨੀ ਤੂੰ ਫੁਲਕਾਰੀ ਕੱਢਦੀ” ਗੀਤ ਉੱਪਰ ਗਿੱਧਾ ਪਾ ਕੇ ਹਾਲ ਅੰਦਰ ਦਰਸ਼ਕਾਂ ਦੀ ਸੱਚ ਮੁੱਚ ਜਾਨ ਹੀ ਕੱਢ ਦਿੱਤੀ।
ਗਿੱਧੇ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ “ਰੂਹ ਪੰਜਾਬ ਦੀ” ਟੀਮ ਵੱਲੋਂ ਸ਼੍ਰੀਮਤੀ ਮੋਨਾ ਸਿੱਧੂ ਅਤੇ ਸ੍ਰ ਨਰਿੰਦਰ ਪਾਲ ਸਿੰਘ ਜੀ ਨੂੰ “ਰੂਹ ਪੰਜਾਬ ਦੀ ਟਰਾਫ਼ੀ” ਭੇਂਟ ਕੀਤੀ ਗਈ। ਇਹਨਾਂ ਨੂੰ ਇਹ ਟਰਾਫ਼ੀ ਸਿਡਨੀ ਵਿੱਚ ਇੱਕ ਪੰਜਾਬੀ ਸਕੂਲ ਨੂੰ ਸਫਲਤਾ ਪੂਰਵਕ ਚਲਾਉਣ ਲਈ ਦਿੱਤੀ ਗਈ। ਇਸ ਪੰਜਾਬੀ ਸਕੂਲ ਵਿੱਚ, ਹਰ ਐਤਵਾਰ ਵਾਲੇ ਦਿਨ, ਪੰਜਾਬੀ ਪੜ੍ਹਨ ਲਈ ਚਾਹਵਾਨ ਬੱਚਿਆਂ ਨੂੰ ਪੰਜਾਬੀ ਦੀ ਪੜ੍ਹਾਈ ਕਰਵਾਈ ਜਾਂਦੀ ਹੈ। ਇਸ ਵੇਲੇ ਇਸ ਸਕੂਲ ਵਿੱਚ 150 ਬੱਚੇ ਪੰਜਾਬੀ ਪੜ੍ਹ ਰਹੇ ਹਨ ਅਤੇ 10 ਅਧਿਆਪਕ ਇਹਨਾਂ ਨੂੰ ਪੰਜਾਬੀ ਪੜ੍ਹਾ ਰਹੇ ਹਨ। ਇਸ ਤੋਂ ਬਾਅਦ ਸ੍ਰ ਅਜੈਪਾਲ ਸਿੰਘ ਖੇੜਾ ਅਤੇ ਸ੍ਰ ਦਿਲ ਸ਼ੇਰ ਸਿੰਘ ਕੋਲੋਂ ਕੋਚਿੰਗ ਪ੍ਰਾਪਤ “ਗੱਭਰੂ ਪੰਜਾਬ ਦੇ” ਨੌਜਵਾਨਾਂ ਨੇ ਆਪਣੇ ਭੰਗੜੇ ਦੀਆਂ ਵੱਖ ਵੱਖ ਅਦਾਵਾਂ ਨਾਲ ਜਿੱਥੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ, ਉੱਥੇ ਆਪਣੇ ਭੰਗੜਾ ਕੋਚਾਂ ਦੇ ਸਿਰ ਵੀ ਸਵੈਮਾਣ ਨਾਲ ਉੱਚੇ ਕਰ ਦਿੱਤੇ।
ਹੁਣ ਤੱਕ ਘੜੀਆਂ ਉੱਪਰ ਡੇਢ ਵੱਜੇ ਚੁੱਕਾ ਸੀ। ਸੋ, ਭੰਗੜੇ ਦੀ ਇਸ ਆਈਟਮ ਤੋਂ ਬਾਅਦ ਸਟੇਜ ਤੋਂ ਅੱਧੇ ਘੰਟੇ ਦੀ ਲੰਚ ਬਰੇਕ ਦਾ ਐਲਾਨ ਹੋ ਗਿਆ। ਥੱਲੇ ਹਾਲ ਵਿੱਚ ਖਾਣ ਪੀਣ ਦੇ ਸਟਾਲ ਲੱਗੇ ਹੋਏ ਸਨ, ਜਿੱਥੋਂ ਛੋਲੇ ਭਟੂਰੇ ਅਤੇ ਹੋਰ ਖਾਣ ਪੀਣ ਦਾ ਸਮਾਨ ਹਾਜ਼ਰ ਸੀ ਅਤੇ ਬੈਠ ਕੇ ਖਾਣ ਲਈ ਕੁਰਸੀਆਂ ਮੇਜ਼ ਲੱਗੇ ਹੋਏ ਸਨ। ਇਸ ਸਮੇਂ ਹਾਲ ਅੰਦਰ ਪਰਿਵਾਰਾਂ ਦੇ ਪਰਿਵਾਰ ਅਤੇ ਦੋਸਤ ਮਿੱਤਰ ਮਿਲ ਬੈਠ ਕੇ, ਜਿਸ ਚਹਿਲ ਪਹਿਲ ਦੇ ਮਾਹੌਲ ਵਿੱਚ ਲੰਚ ਕਰ ਰਹੇ ਸਨ, ਇਸ ਨੇ ਸਮਾਗਮ ਦੇ ਮਾਹੌਲ ਅੰਦਰ ਤਾਜ਼ਗੀ ਭਰ ਦਿੱਤੀ ਸੀ। ਇਸ ਮੌਕੇ ਹੀ ਭੰਗੜੇ ਦੀ ਵਰਦੀ ਵਿੱਚ ਪੂਰੀ ਤਰ੍ਹਾਂ ਤਿਆਰ ਬਰ ਤਿਆਰ, ਆਪਣੇ ਇਕ ਹੋਰ ਸਾਥੀ ਨਾਲ ਖਾਣਾ ਖਾ ਰਹੇ ਇੱਕ ਸੱਜਣ ਦੀ ਪੇਂਡੂ ਭੰਗੜੇ ਵਾਲੀ ਦਿੱਖ ਨੇ ਮੇਰਾ ਧਿਆਨ ਆਪਣੇ ਵੱਲ ਖਿੱਚ ਲਿਆ ਅਤੇ ਮੈਂ ਉਨ੍ਹਾਂ ਨੂੰ ਮਿਲ ਕੇ ਇਸ ਮੌਕੇ ਨੂੰ ਯਾਦ ਰੱਖਣ ਲਈ ਕੈਮਰੇ ਵਿੱਚ ਵੀ ਕੈਦ ਕਰਵਾ ਲਿਆ। ਇਹਨਾਂ ਸੱਜਣਾਂ ਦੀ ਪਛਾਣ ਬਾਅਦ ਵਿੱਚ ਸ੍ਰ ਗੁਰਦਰਸ਼ਨ ਸਿੰਘ ਸਹੋਤਾ ਅਤੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਸ੍ਰ ਰਮਨਦੀਪ ਸਿੰਘ ਗਿੱਲ ਵੱਜੋਂ ਹੋਈ।
ਸਮਾਗਮ ਦਾ ਦੂਸਰਾ ਸੈਸ਼ਨ ਠੀਕ 2 ਵੱਜੇ ਸ਼ੁਰੂ ਹੋਇਆ। ਇਸ ਸੈਸ਼ਨ ਵਿੱਚ ਸਭ ਤੋਂ ਪਹਿਲਾਂ ਸਟੇਜ ਸਕੱਤਰ, ਸ੍ਰ ਰਣਜੀਤ ਸਿੰਘ ਖੇੜਾ ਨੇ ਇਕ ਛੋਟੀ ਬੱਚੀ ਨੂੰ ਆਪਣੇ ਭੰਗੜੇ ਦੀ ਆਈਟਮ ਪੇਸ਼ ਕਰਨ ਦਾ ਇਕ ਵਿਸ਼ੇਸ਼ ਮੌਕਾ ਦਿੱਤਾ। ਇਸ ਬੱਚੀ ਦੀ ਪੇਸ਼ਕਾਰੀ ਬਹੁਤ ਸਲਾਹੁਣਯੋਗ ਸੀ। ਇਸ ਆਈਟਮ ਬਾਰੇ ਸਟੇਜ ਤੋਂ ਖੇੜਾ ਜੀ ਨੇ ਖੁਲਾਸਾ ਕੀਤਾ ਕਿ ਇਹ ਬੱਚੀ ਲੰਚ ਬਰੇਕ ਵੇਲੇ ਮੇਰੇ ਕੋਲ ਆ ਕੇ ਕਹਿੰਦੀ ਸੀ, “ਅੰਕਲ ਜੀ! ਮੈਂ ਕਿਸੇ ਟੀਮ ਵਿੱਚ ਸ਼ਾਮਲ ਨਹੀਂ ਹਾਂ, ਪਰ ਮੇਰਾ ਵੀ ਭੰਗੜਾ ਪਾਉਣ ਨੂੰ ਜੀਅ ਕਰਦਾ ਹੈ।” ਸੋ, ਜਿਸ ਪਿਆਰੇ ਅੰਦਾਜ਼ ਵਿੱਚ ਇਸ ਬੱਚੇ ਨੇ ਇਹ ਗੱਲ ਆਖੀ ਸੀ, ਉਸ ਪਿਆਰੇ ਅੰਦਾਜ਼ ਕਰਕੇ ਹੀ ਇਸ ਨੂੰ ਆਪਣੀ ਭੰਗੜੇ ਦੀ ਆਈਟਮ ਪੇਸ਼ ਕਰਨ ਲਈ ਵਿਸ਼ੇਸ਼ ਆਗਿਆ ਦਿੱਤੀ ਹੈ। ਇਸ ਤੋਂ ਬਾਅਦ ਅਰਮਾਨ ਸਿੰਘ ਗਿੱਲ ਤੋਂ ਸਿਖਲਾਈ ਪ੍ਰਾਪਤ ਯੋਧੇ “ਜਦ ਪੈਰ ਪੁੱਟਣ ਗੱਭਰੂ ਧਰਤੀ ਹਿਲਦੀ, ਧਰਤੀ ਹਿਲਦੀ” ਗੀਤ ਉੱਪਰ ਭੰਗੜਾ ਪਾ ਰਹੇ ਸਨ, ਤਾਂ ਉਸ ਤੋਂ ਇੰਝ ਲੱਗ ਰਿਹਾ ਸੀ, ਜਿਵੇਂ ਸਮਾਗਮ ਦੇ ਇਸ ਸੈਸ਼ਨ ਦੌਰਾਨ ਇਹਨਾਂ ਯੋਧਿਆਂ ਨੇ ਸਿਡਨੀ ਦੀ ਧਰਤੀ ਨੂੰ ਹਿਲਾਉਣ ਦੀ ਪੱਕੀ ਧਾਰੀ ਹੋਈ ਹੈ। ਭੰਗੜੇ ਦੀ ਇਸ ਆਈਟਮ ਤੋਂ ਬਾਅਦ, ਸਟੇਜ ਸਕੱਤਰ ਨੇ ਮੈਲਬੌਰਨ ਤੋਂ ਵਿਸ਼ੇਸ਼ ਤੌਰ ‘ਤੇ ਇਸ ਸਮਾਗਮ ਵਿੱਚ ਸ਼ਾਮਲ ਹੋਣ ਆਏ, ਨਾਰੰਗਵਾਲ ਵਾਸੀ ਅਤੇ ਹੁਣ ਆਸਟ੍ਰੇਲੀਆ ਵਿੱਚ ਐਸ ਬੀ ਐੱਸ ਰੇਡੀਓ ਦੇ ਸੰਚਾਲਕ, ਸ੍ਰ ਪ੍ਰੀਤ ਇੰਦਰ ਸਿੰਘ ਗਰੇਵਾਲ ਨੂੰ ਸਟੇਜ ਉੱਪਰ ਆਉਣ ਅਤੇ ਕੁੱਝ ਸ਼ਬਦ ਕਹਿਣ ਲਈ ਸੱਦਾ ਦਿੱਤਾ। ਸ੍ਰ ਗਰੇਵਾਲ ਜੀ ਨੇ ਦੱਸਿਆ ਕਿ ਇਸ ਵੇਲੇ ਆਸਟ੍ਰੇਲੀਆ ਵਿੱਚ 40000 ਤੋਂ ਵੱਧ ਪੰਜਾਬੀ ਵੱਸਦੇ ਹਨ ਅਤੇ ਅੱਜ “ਫੋਕ ਡਾਂਸ ਅਕੈਡਮੀ ਰੂਹ ਪੰਜਾਬ ਦੀ” ਵੱਲੋਂ ਸਿਡਨੀ ਵਿਖੇ “ਵਿਰਸਾ 2022” ਸਮਾਗਮ ਕਰਵਾਉਣਾ, ਸਮੂਹ ਪੰਜਾਬੀਆਂ ਲਈ ਬੜੇ ਮਾਣ ਮੱਤੇ ਪਲ਼ ਹਨ ਅਤੇ ਮੈਂ ਸਾਰੀ ਟੀਮ ਨੂੰ ਇਹ ਸਮਾਗਮ ਕਰਵਾਉਣ ਲਈ ਹਾਰਦਿਕ ਵਧਾਈ ਦੇਂਦਾ ਹਾਂ। ਇਸ ਤੋਂ ਬਾਅਦ ਸਰਟੀਫਾਈਡ ਸਕਿਉਰਿਟੀ ਵਾਲੇ ਸ੍ਰ ਪ੍ਰਿਤਪਾਲ ਸਿੰਘ ਥਿਆੜਾ ਤੋਂ ਕੋਚਿੰਗ ਪ੍ਰਾਪਤ “ਨਗੀਨੇ”, ਫਿਰ ਕੀਰਤ ਦੀ ਕੋਚਿੰਗ ਪ੍ਰਾਪਤ “ਲਿਸ਼ਕਾਰੇ ਪੰਜਾਬ ਦੇ” ਅਤੇ ਸ੍ਰ ਅਮਰੀਕ ਸਿੰਘ ਤੋਂ ਸਿਖਲਾਈ ਪ੍ਰਾਪਤ “ਸ਼ੌਕੀਨਾਂ” ਨੇ ਜਦੋਂ :

“ਰੌਣਕ ਹੋ ਜਾਊ ਘੱਟ ਵੇ, ਚੱਲ ਮੇਲੇ ਨੂੰ ਚੱਲੀਏ!
ਮੱਲ੍ਹਾ! ਕੱਢ ਕੁੜਤੇ ਦੇ ਵੱਟ ਵੇ, ਚੱਲ ਮੇਲੇ ਨੂੰ ਚੱਲੀਏ!
ਆਹ ਫੜ ਕੁੰਜੀਆਂ ਤੇ ਸਾਂਭ ਲੈ ਤਿਜੌਰੀਆਂ,
ਖਸਮਾਂ ਨੂੰ ਖਾਂਦਾ ਈ ਤੇਰਾ ਘਰ ਵੇ,
ਚੱਲ ਮੇਲੇ ਨੂੰ ਚੱਲੀਏ!” ਗੀਤ ਉੱਪਰ ਅਪਣੀਆਂ ਪੇਸ਼ਕਾਰੀਆਂ ਕੀਤੀਆਂ ਜਾ ਰਹੀਆਂ ਸਨ, ਤਾਂ ਮੈਨੂੰ ਆਪਣੇ ਬਚਪਨ ਵਿੱਚ ਮੇਲੇ ਜਾਣ ਵਾਲੀ ਕਾਹਲੀ ਚੇਤੇ ਵਿੱਚ ਆ ਰਹੀ ਸੀ।
ਇਸ ਤੋਂ ਬਾਅਦ ਸਿੰਥੀਆ ਤੋਂ ਕੋਚਿੰਗ ਪ੍ਰਾਪਤ ਪੰਜਾਬੀ “ਮਜਾਜਣਾਂ” ਅਤੇ ਮਾਂਵਾਂ ਧੀਆਂ ਦੀਆਂ ਜੋੜੀਆਂ ਨੇ ਸਟੇਜ ਉੱਪਰ ਗਿੱਧਾ ਪਾਇਆ, ਤਾਂ ਉਹਨਾਂ ਦੀਆਂ ਗਿੱਧੇ ਵਿਚਲੀਆਂ ਅਦਾਵਾਂ ਦਰਸ਼ਕਾਂ ਨੂੰ ਕੀਲੀ ਜਾ ਰਹੀਆਂ ਸਨ। ਜਦੋਂ ਉਹਨਾਂ ਆਪਣੀ ਪੇਸ਼ਕਾਰੀ ਦੇ ਅੰਤਲੇ ਪਲਾਂ ਅੰਦਰ:

“ਭਾਵੇਂ ਸਾਰੀ ਦੁਨੀਆਂ ‘ਚ ਜਾ ਕੇ ਵੇਖ ਲਓ,
ਹੁਸਨ ਮੁਕਾਬਲਾ ਕਰਾ ਕੇ ਵੇਖ ਲਓ।
ਫਿਰ ਵੀ ਜੇ ਕਿਸੇ ਨੂੰ ਇਹ ਝੂਠ ਲਗਦੈ,
ਅਰਸ਼ਾਂ ਤੋਂ ਪਰੀਆਂ ਮੰਗਾ ਕੇ ਵੇਖ ਲਓ।
ਸ਼ਾਵਾ! ਸੱਚੇ ਰੱਬ ਦੇ ਦੀਦਾਰਾਂ ਵਰਗਾ,
ਰੂਪ ਕਿਤੇ ਨਹੀਂ ਪੰਜਾਬੀ ਮੁਟਿਆਰਾਂ ਵਰਗਾ।”
ਤਾਂ ਉਸ ਸਮੇਂ ਇੰਝ ਲੱਗ ਰਿਹਾ ਸੀ ਜਿਵੇਂ ਇਹ ਪੰਜਾਬੀ ਮੁਟਿਆਰਾਂ, ਸਮੂਹ ਪੰਜਾਬੀ ਮੁਟਿਆਰਾਂ ਦੀ ਰੂਹ ਦੀ ਆਵਾਜ਼ ਦੀ ਤਰਜ਼ਮਾਨੀ ਕਰ ਰਹੀਆਂ ਹਨ। ਸਮਾਗਮ ਦੀ ਆਖਰੀ ਪੇਸ਼ਕਾਰੀ “ਉਸਤਾਦਾਂ ਦੇ ਉਸਤਾਦ” ਸੀ। ਇਹ ਪੇਸ਼ਕਾਰੀ “ਫੋਕ ਡਾਂਸ ਅਕੈਡਮੀ ਰੂਹ ਪੰਜਾਬ ਦੀ” ਦੇ ਸਮੂਹ ਕੋਚਾਂ ਉੱਪਰ ਆਧਾਰਿਤ ਸੀ, ਜਿਸ ਅੰਦਰ ਡਾ ਪਵਿੱਤਰ ਸਿੰਘ ਸੁੰਨੜ ਨੇ ਪ੍ਰਮੁੱਖ ਭੂਮਿਕਾ ਨਿਭਾਉਂਦੇ ਹੋਏ, ਸ੍ਰ ਇਕਬਾਲ ਸਿੰਘ ਕਾਲਕਟ, ਸ੍ਰ ਮਨਦੀਪ ਸਿੰਘ ਥਿੰਦ, ਸ੍ਰ ਅਮਰੀਕ ਸਿੰਘ, ਸ੍ਰ ਦਿੱਲਸ਼ੇਰ ਸਿੰਘ, ਸ੍ਰ ਰਣਜੀਤ ਸਿੰਘ ਖੈੜਾ, ਸ੍ਰ ਪ੍ਰਿਤਪਾਲ ਸਿੰਘ ਥਿਆੜਾ, ਸ੍ਰ ਅਜੈਪਾਲ ਸਿੰਘ ਖੇੜਾ ਆਦਿਕ ਕੋਚਾਂ ਦੀ ਸ਼ਾਮੂਲੀਅਤ ਅਤੇ ਆਪਣੀਆਂ ਮਨਮੋਹਕ ਅਦਾਵਾਂ ਨਾਲ ਮਲਵਈ ਗਿੱਧਾ ਪੇਸ਼ ਕਰਕੇ ਇਸ ਸਮਾਗਮ ਦੀ ਇਕ ਸ਼ਾਨਦਾਰ ਯਾਦਗਾਰੀ ਸਮਾਪਤੀ ਕੀਤੀ। ਸਮੁੱਚੇ ਤੌਰ ‘ਤੇ ਇਹ ਸਮਾਗਮ ਵੇਖ ਕੇ ਮੈਨੂੰ ਨਿੱਜੀ ਤੌਰ ‘ਤੇ ਇੰਝ ਮਹਿਸੂਸ ਹੋਇਆ ਸੀ, ਜਿਵੇਂ ਪੰਜਾਬ ਦੀ ਰੂਹ ਸੱਚ ਮੁੱਚ ਸਿਡਨੀ ਬਹਾਈ ਸੈਂਟਰ, ਡਰਬੀ ਸਟਰੀਟ, ਸਿਲਵਰ ਵਾਟਰ ਸਿਡਨੀ ਵਿਖੇ “ਵਿਰਸਾ 2022” ਦੇ ਰੂਪ ਵਿੱਚ ਸਾਕਾਰ ਹੋਈ ਹੋਵੇ।
ਆਖਰ ਵਿੱਚ ਮੈਂ ਸਿਡਨੀ ਦੀ “ਫੋਕ ਡਾਂਸ ਅਕੈਡਮੀ ਰੂਹ ਪੰਜਾਬ ਦੀ” ਸਮੁੱਚੀ ਟੀਮ ਨੂੰ ਉਹਨਾਂ ਦੇ ਅਜਿਹੇ ਸਾਰਥਕ ਉਪਰਾਲਿਆਂ ਲਈ ਵਧਾਈ ਦੇਂਦਾ ਹਾਂ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਇਹ ਟੀਮ ਆਸਟ੍ਰੇਲੀਆ ਅੰਦਰ ਸਿਡਨੀ, ਮੈਲਬੌਰਨ, ਐਡੀਲੇਡ ਅਤੇ ਕੈਨੇਡਾ ਅੰਦਰ ਟੋਰਾਂਟੋ ਵਿਖੇ ਬੜੀ ਸਫ਼ਲਤਾ ਪੂਰਵਕ ਆਪਣੀਆਂ ਅਕੈਡਮੀਆਂ ਚਲਾ ਰਹੀ ਹੈ। ਟਰਾਂਟੋ ਵਿੱਚ ਰੂਹ ਪੰਜਾਬ ਦੀ ਟੀਮ ਉੱਤਰੀ ਅਮਰੀਕਾ ਦੀ ਸਭ ਤੋਂ ਵਧੀਆ ਟੀਮ ਹੈ ਅਤੇ ਰੂਹ ਪੰਜਾਬ ਦੀ ਸਿਡਨੀ ਟੀਮ ਨੂੰ 2009 ਵਿੱਚ “ਕਾਫੀ ਹਾਰਬਰ” ਵਿਖੇ ਹੋਈਆਂ ਸਾਲਾਨਾ ਸਿੱਖ ਖੇਡਾਂ ਮੌਕੇ ਪਹਿਲੀ ਆਸਟ੍ਰੇਲੀਅਨ ਭੰਗੜਾ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਹੋਇਆ ਸੀ। “ਨੱਚਦਾ ਪੰਜਾਬ” ਵੱਲੋਂ ਕਰਵਾਏ ਜਾਂਦੇ ਭੰਗੜਾ ਮੁਕਾਬਲਿਆਂ ਵਿੱਚ ਵੀ ਜੇਤੂ ਰਹੀ ਹੈ। ਅੰਤ ਵਿੱਚ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਹੋ ਸਕਦਾ ਹੈ ਕਿ “ਰੂਹ ਪੰਜਾਬ ਦੀ” ਟੀਮ ਵੱਲੋਂ ਆਸਟ੍ਰੇਲੀਆ ਵਿੱਚਲੇ ਇਹ ਉਪਰਾਲੇ ਉਨ੍ਹਾਂ ਦੇ “ਪੇਕੇ ਪੰਜਾਬ” ਅੰਦਰ ਵੀ ਇਹ ਪ੍ਰੇਰਨਾ ਦਾ ਸੋਮਾ ਬਣ ਜਾਣਗੇ।

ਲੇਖਕ — ਪ੍ਰੋ ਸੁਖਵੰਤ ਸਿੰਘ ਗਿੱਲ ਬਟਾਲਾ
ਹਾਲ ਵਾਸੀ ਸਿਡਨੀ।
ਸੰਪਰਕ 94172-34744
ਮਿਤੀ 11 ਅਕਤੂਬਰ 2022

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?