Home » ਅੰਤਰਰਾਸ਼ਟਰੀ » ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਵਿਰੁੱਧ ਸਿਆਸੀ ਪਾਰਟੀਆਂ, ਭਾਰਤੀ ਮੀਡੀਆ, ਫਿਰਕੂ ਹਿੰਦੂਤਵੀਆਂ ਤੇ ਕਾਮਰੇਡਾਂ ਵੱਲੋਂ ਉਗਲਿਆ ਜਾ ਰਿਹੈ ਜ਼ਹਿਰ

ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਵਿਰੁੱਧ ਸਿਆਸੀ ਪਾਰਟੀਆਂ, ਭਾਰਤੀ ਮੀਡੀਆ, ਫਿਰਕੂ ਹਿੰਦੂਤਵੀਆਂ ਤੇ ਕਾਮਰੇਡਾਂ ਵੱਲੋਂ ਉਗਲਿਆ ਜਾ ਰਿਹੈ ਜ਼ਹਿਰ

62

ਭਾਈ ਅੰਮ੍ਰਿਤਪਾਲ ਸਿੰਘ ਦਾ ਜਿੰਨਾ ਵਿਰੋਧ ਹੋਵੇਗਾ, ਓਨਾ ਹੀ ਵੱਧ ਉਭਾਰ ਹੋਵੇਗਾ

ਸਿੱਖ ਦੁਸ਼ਮਣ ਤਾਕਤਾਂ ਦਾ ਹਮੇਸ਼ਾਂ ਜ਼ੋਰ ਲੱਗਿਆ ਰਹਿੰਦਾ ਹੈ ਕਿ ਸਿੱਖੀ ਅਤੇ ਸਿੱਖਾਂ ਨੂੰ ਬਦਨਾਮ ਕੀਤਾ ਜਾਵੇ। ਸਿੱਖੀ ਦੀ ਚੜ੍ਹਤ, ਬੋਲਬਾਲੇ ਤੇ ਨਿਆਰੇਪਨ ਤੋਂ ਭਾਰਤੀ ਮੀਡੀਏ ਨੂੰ ਬੇਹੱਦ ਤਕਲੀਫ਼ ਹੈ। ਪੰਜਾਬ ਅਤੇ ਭਾਰਤ ’ਚ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਜਾਏ ਤਾਂ ਉਸ ਨੂੰ ਸਿੱਖਾਂ ਨਾਲ਼ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜੋ ਉਸ ਬਹਾਨੇ ਸਿੱਖਾਂ ਵਿਰੁੱਧ ਜ਼ਹਿਰ ਉਗਲ਼ਿਆ ਜਾ ਸਕੇ। ਸਿੱਖਾਂ ਨੂੰ ਆਗੂਹੀਣ ਕਰਨ ਵਾਸਤੇ ਸਿੱਖਾਂ ਦੇ ਆਗੂਆਂ ਦੀ ਕਿਰਦਾਰਕੁਸ਼ੀ ਕੀਤੀ ਜਾਂਦੀ ਹੈ ਤਾਂ ਜੋ ਕੌਮ ਦਾ ਉਹਨਾਂ ਉੱਤੋਂ ਵਿਸ਼ਵਾਸ ਉੱਠ ਜਾਵੇ ਤੇ ਉਹ ਆਪਣੇ ਆਗੂ ਨੂੰ ਸ਼ੱਕੀ ਨਿਗ੍ਹਾ ਨਾਲ਼ ਵੇਖਣ ਤੇ ਜੇਕਰ ਕੋਈ ਘਟਨਾ ਵਾਪਰ ਜਾਏ ਤਾਂ ਉਹ ਸਰਕਾਰ ਨੂੰ ਦੋਸ਼ੀ ਮੰਨਣ ਦੀ ਬਜਾਏ ਆਪਣੇ ਆਗੂ ਨੂੰ ਹੀ ਕਸੂਰਵਾਰ ਠਹਿਰਾਉਣ।
ਕਿਸੇ ਸਮੇਂ ਭਾਰਤੀ ਮੀਡੀਆ ਅਤੇ ਪੰਥ ਦੋਖੀ ਤਾਕਤਾਂ ਵੱਲੋਂ ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਅਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆ ਵਿਰੁੱਧ ਇੱਕ ਬ੍ਰਿਤਾਂਤ ਸਿਰਜ ਕੇ ਉਹਨਾਂ ਨੂੰ ਨਿੰਦਿਆ, ਭੰਡਿਆ ਤੇ ਬਦਨਾਮ ਕੀਤਾ ਗਿਆ ਪਰ ਸਰਕਾਰ ਇਸ ਚਾਲ ’ਚ ਪੂਰੀ ਤਰ੍ਹਾਂ ਸਫ਼ਲ ਨਾ ਹੋ ਸਕੀ। ਫਿਰ ਖ਼ਾਲਿਸਤਾਨੀ ਜੁਝਾਰੂਆਂ ਖ਼ਿਲਾਫ਼ ਕੂੜ ਦੀ ਹਨੇਰੀ ਝੁਲਾਈ ਗਈ ਤੇ ਉਹਨਾਂ ਸਿੰਘਾਂ ਨੂੰ ਖਤਮ ਕਰਨ ਲਈ ਸਰਕਾਰ ਨੇ ਕਈ ਹੱਥਕੰਢੇ ਅਪਣਾਏ। ਕਿਸਾਨ ਸੰਘਰਸ਼ ਦੌਰਾਨ ਕੌਮੀ ਯੋਧੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਨੂੰ ਵੀ ਰੱਦ ਕਰਨ ਲਈ ਪੂਰਾ ਜ਼ੋਰ ਲਾਇਆ ਗਿਆ ਤੇ ਹੁਣ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨਾਲ਼ ਵੀ ਕੁਝ ਅਜਿਹਾ ਵਰਤਾਰਾ ਵਾਪਰ ਰਿਹਾ ਹੈ।
ਹਿੰਦੂ/ਭਾਰਤੀ ਮੀਡੀਆ ਵੱਲੋਂ ਅਜਿਹਾ ਮਹੌਲ ਸਿਰਜਿਆ ਜਾ ਰਿਹਾ ਹੈ ਕਿ ਲੋਕ ਭਾਈ ਅੰਮ੍ਰਿਤਪਾਲ ਸਿੰਘ ਦੇ ਵਿਰੋਧੀ ਬਣ ਜਾਣ ਤੇ ਉਸ ਨੂੰ ਮਿਲ਼ ਰਹੀ ਭਰਵੀਂ ਹਮਾਇਤ ਟੁੱਟ ਜਾਵੇ ਤੇ ਸਿੱਖ ਨੌਜਵਾਨੀ ਦੁਬਾਰਾ ਨਿਰਾਸ਼ਾ ਦੇ ਸਮੁੰਦਰ ਵਿੱਚ ਡੁੱਬ ਜਾਵੇ। ਭਾਈ ਅੰਮ੍ਰਿਤਪਾਲ ਸਿੰਘ ਜੋ ਕੁਝ ਦਿਨਾਂ ’ਚ ਹੀ ਪੰਜਾਬ ਦੀ ਨੌਜਵਾਨੀ ਲਈ ਹੀਰੋ ਬਣ ਗਏ ਹਨ ਤੇ ਨੌਜਵਾਨ ਉਸ ਨੂੰ ਆਪਣਾ ਆਗੂ ਮੰਨ ਕੇ ਪੰਥ ਅਤੇ ਪੰਜਾਬ ਦੀਆਂ ਸੇਵਾਵਾਂ ਲਈ ਕਮਰਕੱਸੇ ਕਰ ਚੁੱਕੇ ਹਨ। ਪੰਜਾਬ ਦੀ ਰਾਜਨੀਤੀ ਵਿੱਚ ਨਵੀਂ ਹਲਚਲ ਪੈਦਾ ਹੋ ਗਈ ਹੈ। ਭਾਈ ਅੰਮ੍ਰਿਤਪਾਲ ਸਿੰਘ ਨੇ ਖੜ੍ਹੇ ਪਾਣੀ ’ਚ ਐਸੀ ਬੇੜੀ ਠੇਲ੍ਹੀ ਹੈ ਕਿ ਲਹਿਰਾਂ ਉੱਠਣ ਲਗ ਪਈਆਂ ਹਨ।
ਚੀਕਾਂ ’ਚ ਕਾਮਰੇਡੀ ਕੁਰਲਾਹਟ ਤੇ ਝਾੜੂ ਵਾਲ਼ਿਆਂ ਦੀ ਘਬਰਾਹਟ ਸ਼ਾਮਲ ਹੈ। ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕਹਿੰਦਾ ਕਿ “ਅੰਮ੍ਰਿਤਪਾਲ ਸਿੰਘ ਦੀ ਜਾਂਚ ਕਰਵਾਉਣੀ ਹੈ।” ਕਰਵਾ ਲੈਣ ਪਰ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੱਸੇ ਕਿ ਸ੍ਰੀ ਗੁਰੂ ਗ੍ਰੰਤ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ ਬਹਿਬਲ ਗੋਲ਼ੀ ਕਾਂਡ ਦੀ ਜਾਂਚ ਕਰਵਾ ਲਈ ਹੈ ? ਭਾਜਪਾ ਦੀ ਝੋਲ਼ੀ ’ਚ ਬੈਠਾ ਕੈਪਟਨ ਅਮਰਿੰਦਰ ਸਿੰਘ ਕਹਿ ਰਿਹਾ ਹੈ ਕਿ “ਅੰਮ੍ਰਿਤਪਾਲ ਸਿੰਘ ਦੇ ਪਾਕਿਸਤਾਨ ਨਾਲ਼ ਸਬੰਧ ਹਨ।” ਜਦ ਕਿ ਪਾਕਿਸਤਾਨ ਨਾਲ਼ ਸਬੰਧ ਤਾਂ ਹਰ ਸਿੱਖ ਦੇ ਹਨ ਓਥੇ ਸਾਡਾ ਸ੍ਰੀ ਨਨਕਾਣਾ ਸਾਹਿਬ ਹੈ ਜਿੱਥੇ ਸਿੱਖ ਧਰਮ ਦਾ ਜਨਮ ਹੋਇਆ। ਪੰਜਾਬ ਦੀ ਸਾਬਕਾ ਕਾਂਗਰਸ ਸਰਕਾਰ ਦੇ ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਭਾਈ ਅੰਮ੍ਰਿਤਪਾਲ ਸਿੰਘ ਉੱਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਹ ਕਾਂਗਰਸੀ ਤਾਂ ਸ਼ੁਰੂ ਤੋਂ ਹੀ ਪੰਥ ਅਤੇ ਪੰਜਾਬ ਦੇ ਵੈਰੀ ਰਹੇ ਹਨ। ਪੰਜਾਬ ਕਾਂਗਰਸ ਦਾ ਪ੍ਰਧਾਨ ਰਾਜਾ ਵੜਿੰਗ ਜੋ ਪੰਜਾਬ ਪੁਲਿਸ ਦੇ ਮੁਖੀ ਨੂੰ ਲਿਖਤੀ ਸ਼ਿਕਾਇਤ ਕਰਦਾ ਕਹਿ ਰਿਹਾ ਹੈ ਕਿ “ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਬਿਆਨਾਂ ਦੀ ਜਾਂਚ ਹੋਵੇ, ਅਖੇ ਅੰਮ੍ਰਿਤਪਾਲ ਸਿੰਘ ਨੌਜਵਾਨਾਂ ਨੂੰ ਗੁੰਮਰਾਹ ਕਰ ਰਿਹਾ, ਪੰਜਾਬ ਨੂੰ ਅੱਤਵਾਦ ਵੱਲ ਧਕੇਲ ਰਿਹਾ।” ਜਦ ਕਿ ਸਭ ਤੋਂ ਵੱਡੇ ਅੱਤਵਾਦੀ ਤਾਂ ਕਾਂਗਰਸੀ ਹਨ ਜਿਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਵਾਇਆ, ਨਵੰਬਰ 1984 ‘ਚ ਸਾਡੀ ਨਸਲਕੁਸ਼ੀ ਕੀਤੀ, ਝੂਠੇ ਪੁਲਿਸ ਮੁਕਾਬਲੇ ਬਣਾਏ। ਸ਼ਿਵ ਸੈਨਿਕ ਸੁਧੀਰ ਸੂਰੀ ਕਹਿੰਦਾ ਕਿ “ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ ਡੱਕੋ, ਇਹ ਆਈ.ਐੱਸ.ਆਈ. ਦਾ ਏਜੰਟ ਹੈ।” ਇਹਨਾਂ ਫਿਰਕੂ ਹਿੰਦੂਤਵੀਆਂ ਨੂੰ ਤਾਂ ਹਰ ਅਣਖ਼ੀ ਅਤੇ ਜਾਗਦੀ ਜ਼ਮੀਰ ਵਾਲ਼ੇ ਸਿੱਖ ਵਿੱਚੋਂ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ੇ ਨਜ਼ਰ ਆਉਂਦੇ ਹਨ ਤੇ ਜਦੋਂ ਕੋਈ ਸਿੱਖ ਆਗੂ ਦਹਾੜ ਮਾਰਦਾ ਹੈ ਤਾਂ ਡਰ ਨਾਲ ਇਹਨਾਂ ਦੀਆਂ ਧੋਤੀਆਂ ਪੀਲੀਆਂ ਹੋ ਜਾਂਦੀਆਂ ਹਨ। ਭਾਰਤ ਦਾ ਪਿਆਦਾ ਮਨਿੰਦਰਜੀਤ ਸਿਹੁੰ ਬਿੱਟਾ ਵੀ ਅੰਮ੍ਰਿਤਪਾਲ ਸਿੰਘ ਵਿਰੁੱਧ ਬੋਲ ਕੇ ਹਿੰਦੁਤਵੀਆਂ ਦੀ ਮੇਹਰ ਦਾ ਪਾਤਰ ਬਣ ਰਿਹਾ ਹੈ। ਬਾਦਲਕੇ ਵੀ ਅੰਦਰੋ-ਅੰਦਰੀ ਪਸੀਨੋ-ਪਸੀਨੀ ਹੋ ਰਹੇ ਹਨ।
ਭਾਈ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਦੀ ਧਰਤੀ ’ਤੇ ਪੈਦਾ ਹੋਏ ਖਲਾਅ ਨੂੰ ਭਰਨ ਲਈ ਜੋ ਕਦਮ ਪੁੱਟੇ ਹਨ, ਉਸ ਨਾਲ਼ ਸਿੱਖ ਜਵਾਨੀ ਨੂੰ ਨਵਾਂ ਰਾਹ ਦਿਸਣ ਲੱਗ ਪਿਆ ਹੈ। ਭਾਈ ਅੰਮ੍ਰਿਤਪਾਲ ਸਿੰਘ ਜਿਸ ਦਿਨ ਦੇ ਪੰਜਾਬ ਆਏ ਹਨ, ਕੁਝ ਖ਼ਾਸ ਜਿਹਾ ਵਰਤਾਰਾ ਵਾਪਰ ਰਿਹਾ ਹੈ। ਸਿੱਖ ਜਵਾਨੀ ਲਗਾਤਾਰ ਉਹਨਾਂ ਵੱਲ ਖਿੱਚੀ ਜਾ ਰਹੀ ਹੈ। ਉਹਨਾਂ ਨੂੰ ਪਿਆਰ-ਸਤਿਕਾਰ ਦੇਣ ਲਈ ਆਪਣਿਆਂ ਦਾ ਝੁਰਮਟ ਆਪ-ਮੁਹਾਰੇ ਹੋ ਜਾਂਦਾ ਹੈ। ਭਾਈ ਅੰਮ੍ਰਿਤਪਾਲ ਸਿੰਘ ਨੂੰ ਟੀ.ਵੀ. ਚੈੱਨਲਾਂ ’ਤੇ ਲਗਾਤਾਰ ਨਿੰਦਿਆ-ਭੰਡਿਆ ਜਾ ਰਿਹਾ ਹੈ, ਨਿਊਜ਼ 18 ਨਾਮੀ ਚੈੱਨਲ ਭਾਈ ਅੰਮ੍ਰਿਤਪਾਲ ਸਿੰਘ ਉੱਤੇ ਕਾਰਵਾਈ ਕਰਵਾਉਣ ’ਚ ਸਭ ਤੋਂ ਮੋਹਰੀ ਚਲ ਰਿਹਾ ਹੈ।
ਪਰ ਮੇਰਾ ਮੰਨਣਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਜਿੰਨਾ ਵਿਰੋਧ ਹੋਵੇਗਾ, ਓਨਾ ਵੱਧ ਉਸ ਦਾ ਉਭਾਰ ਹੋਵੇਗਾ ਤੇ ਉਸ ਦੀ ਸਿੱਖ ਮਨਾਂ ’ਚ ਸਤਿਕਾਰਤ ਥਾਂ ਬਣੇਗੀ, ਉਹ ਪ੍ਰਵਾਨ ਚੜ੍ਹੇਗਾ। ਭਾਈ ਅੰਮ੍ਰਿਤਪਾਲ ਸਿੰਘ ਨੂੰ ਦ੍ਰਿੜ ਅਤੇ ਅਡੋਲ ਰਹਿ ਕੇ ਆਪਣੇ ਨਿਸ਼ਾਨੇ ਵੱਲ ਵੱਧਦੇ ਰਹਿਣਾ ਚਾਹੀਦਾ ਹੈ। ਭਾਈ ਅੰਮ੍ਰਿਤਪਾਲ ਸਿੰਘ ਦੁਬਈ ਤੋਂ ਇਕੱਲਾ ਆਇਆ ਸੀ ਲੇਕਿਨ ਹੁਣ ਉਸ ਮਗਰ ਅਜ਼ਾਦੀ ਦੇ ਪ੍ਰਵਾਨਿਆਂ ਦਾ ਕਾਫ਼ਲਾ ਤੁਰ ਪਿਆ ਹੈ ਜਿਸ ਨੇ ਪੰਥ ਅਤੇ ਪੰਜਾਬ ਦੀ ਅਜ਼ਾਦੀ ਲਈ ਸੰਘਰਸ਼ ਲੜਨਾ ਹੈ।
ਅਖੌਤੀ ਕਿਸਾਨ ਆਗੂ ਜੋਗਿੰਦਰ ਸਿਹੁੰ ਉਗਰਾਹਾਂ ਜੋ ਭਾਈ ਅੰਮ੍ਰਿਤਪਾਲ ਸਿੰੰਘ ਖ਼ਿਲਾਫ਼ ਜ਼ਹਿਰ ਉਗਲ਼ਦਾ ਹੋਇਆ ਕਹਿੰਦਾ ਹੈ ਕਿ “ਆਹ ਇੱਕ ਛੋਕਰਾ ਕੱਢ ਲਿਆਏ ਦੁਬਈ ਤੋਂ, ਹੁਣ ਉਹ ਪੰੰਜਾਬ ਆ ਕੇ ਬਾਬਾ ਬਣ ਗਿਆ, ਕੱਲ੍ਹ ਨੂੰ ਵੱਡਾ ਬਾਬਾ ਬਣੂੰਗਾ।” ਏਹੀ ਕਾਮਰੇਡ ਪਹਿਲਾਂ ਕਿਸਾਨ ਸੰਘਰਸ਼ ਦੌਰਾਨ ਦੀਪ ਸਿੱਧੂ ਦਾ ਵਿਰੋਧ ਕਰਦਾ ਰਿਹਾ, ਉਸ ਨੂੰ ਮੋਦੀ ਦਾ ਬੰਦਾ, ਆਰ.ਐੱਸ.ਐੱਸ. ਦਾ ਬੰਦਾ, ਏਜੰਸੀਆਂ ਦਾ ਬੰਦਾ ਆਦਿਕ ਕਹਿੰਦਾ ਰਿਹਾ। ਇਹ ਕਾਮਰੇਡ ਹਮੇਸ਼ਾਂ ਸਿੱਖੀ ਅਤੇ ਸਿੱਖਾਂ ਖ਼ਿਲਾਫ਼ ਜ਼ਹਿਰ ਗਲੱਛਦੇ ਰਹਿੰਦੇ ਹਨ।
ਤਾਂਹੀਂ ਤਾਂ ਦੀਪ ਸਿੱਧੂ ਨੇ ਆਪਣੀ ਤਕਰੀਰ ਦੌਰਾਨ ਕਾਮਰੇਡਾਂ ਬਾਰੇ ਬੋਲਦਿਆਂ ਕਿਹਾ ਸੀ ਕਿ “ਕਾਮਰੇਡ ਐ ਨਾ ਜਿਹੜੇ, ਏਥੋਂ ਦੇ ਪੰਜਾਬ ਦੇ, ਉਹ ਬਾਕੀ ਦੇਸ਼ਾਂ ਦੇ ਕਾਮਰੇਡਾਂ ਤੋਂ ਬੜੇ ਵੱਖਰੇ ਐ। ਸਾਡੇ ਏਥੋਂ ਦੇ ਕਾਮਰੇਡ ਸਰਕਾਰ ਦਾ, ਦਿੱਲੀ ਦਾ ਟੂਲ ਬਣਦੇ ਐ, ਸਾਡੇ ਈ ਖਿਲਾਫ। ਉਹ ਪਿਛਲੇ ਸਮੇਂ ਵਿੱਚ ਜਿੰਨੇ ਵੀ ਸੰਘਰਸ਼ ਉੱਠੇ, ਉਹਨਾਂ ‘ਚ ਟੂਲ ਬਣ ਕੇ ਜਾਂ ਤਾਂ ਲੇਖ ਲਿਖਣਗੇ, ਜਾਂ ਉਹ ਆਵਦੀਆਂ ਵੱਡੀਆਂ-ਵੱਡੀਆਂ ਰੈਲੀਆਂ ਕੱਢਣਗੇ, ਜੋ ਵੀ ਉਹਨਾਂ ਦੀ ਰੈਲ਼ੀ ਨਿਕਲਦੀ ਐ (ਇਹ ਸੈਮੀਨਾਰ ਆਦਿਕ ਕਰਦੇ ਨੇ)। ਉਹਦੇ ‘ਚ ਸਾਡੇ ਬੰਦਿਆਂ ਨੂੰ ਹੀ ਭੰਡਣਗੇ। ਏਥੋਂ ਦੇ ਸੰਘਰਸ਼ੀ ਬੰਦਿਆਂ ਦੇ ਖਿਲਾਫ਼ ਸਾਜ਼ਿਸ਼ਾਂ ਰਚਣਗੇ। ਤੇ ਅਸੀਂ ਤਾਂ ਏਸ ਖਾੜਕੂ ਸੰਘਰਸ਼ ਵਿੱਚ ਵੀ ਦੇਖਿਆ ਸੀ, ਵਈ ਸਰਕਾਰ ਤੋਂ ਹਥਿਆਰ ਲੈ ਕੇ ਸਾਡੇ ਬੰਦੇ ਈ ਮਾਰੇ ਉਹਨਾਂ ਨੇ (ਕਾਮਰੇਡਾਂ ਨੇ)। ਉਸ ਵੇਲ਼ੇ ਉਹਨਾਂ ਨੇ ਜਿਹੜੀ ਇਕ ਸਰਪ੍ਰਸਤੀ ਲਈ, ਉਹ ਕੇ.ਪੀ.ਐੱਸ ਗਿੱਲ ਤੋਂ ਲੈ ਕੇ ਸੁਮੇਧ ਸੈਣੀ ਤੱਕ ਵੀ ਸਰਪ੍ਰਸਤੀ ਲਈ। ਤੇ ਤੁਸੀਂ ਇੱਕ ਸੰਘਰਸ਼ ਕਰ ਰਹੀ ਕੌਮ, ਜਿਹੜੀ ਆਪ ਸੰਘਰਸ਼ ਕਰ ਰਹੀ ਐ, ਉਹਨਾਂ ਦੀ ਹੋਂਦ ਦੀ ਲੜਾਈ ਐ। ਤੁਸੀਂ ਉਹਨਾਂ ਨੂੰ ਈ ਮਾਰਨ ਲੱਗ ਜਾਨੇ ਓ। ਫੇਰ ਕਾਹਦੇ ਤੁਸੀਂ ਇਨਕਲਾਬੀ ਤੇ ਸੰਘਰਸ਼ੀ ਹੋਏ।”
ਭਾਈ ਅੰਮ੍ਰਿਤਪਾਲ ਸਿੰਘ ਵਿਰੁੱਧ ਸਾਰੀਆਂ ਰਾਜਸੀ ਪਾਰਟੀਆਂ, ਹਿੰਦੂ ਮੀਡੀਆ ਤੇ ਕਾਮਰੇਡਾਂ ਵੱਲੋਂ ਜ਼ਹਿਰ ਗਲੱਛਿਆ ਜਾ ਰਿਹਾ ਹੈ। ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਸਿੱਖੀ ਦੇ ਪ੍ਰਚਾਰ ਦੀ ਵਿੱਢੀ ਮੁਹਿੰਮ ਤੋਂ ਵੀ ਸਰਕਾਰ ਨੂੰ ਖਤਰਾ ਪੈਦਾ ਹੋ ਚੁੱਕਾ ਹੈ। ਸਰਕਾਰ ਚਾਹੁੰਦੀ ਸੀ ਕਿ ਸਿੱਖ ਨੌਜਵਾਨ ਐਸ਼-ਪ੍ਰਸਤੀ, ਫ਼ੈਸ਼ਨ-ਪ੍ਰਸਤੀ ਤੇ ਪਤਿਤਪੁਣੇ ਵਾਲ਼ਾ ਜੀਵਨ ਬਿਤਾਉਣ, ਨਸ਼ਿਆਂ ’ਚ ਆਪਣੀਆਂ ਜ਼ਿੰਦਗੀਆਂ ਬਰਬਾਦ ਕਰਨ, ਸਿੱਖੀ ਸਰੂਪ ਅਤੇ ਸਿੱੱਖੀ ਵਿਚਾਰਧਾਰਾ ਤੋਂ ਦੂਰ ਰਹਿਣ। ਉਹਨਾਂ ਨੂੰ ਆਪਣੇ ਇਤਿਹਾਸ, ਸਿਧਾਂਤ, ਪੰਥ ਅਤੇ ਪੰਜਾਬ ਨਾਲ਼ ਕੋਈ ਵਾਹ-ਵਾਸਤਾ ਨਾ ਰਹੇ। ਹਿੰਦੂ ਮੀਡੀਆ ਨੇ ਪੂਰਾ ਜ਼ੋਰ ਲਾ ਦਿੱਤਾ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਦੁਨੀਆਂ ਨਫਰਤ ਕਰਨ ਲਗ ਪਵੇ, ਉਸ ਦੀ ਛਵੀ ਵਿਗਾੜਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਅੰਮ੍ਰਿਤਪਾਲ ਸਿੰਘ ਵਿਰੁੱਧ ਇਸ ਸਮੇਂ ਕਾਂਗਰਸੀ, ਭਾਜਪਾਈ, ਹਿੰਦੁਤਵੀਏ, ਝਾੜੂ ਪਾਰਟੀ ਵਾਲ਼ੇ ਅਤੇ ਕਾਮਰੇਡ ਇੱਕ ਮੰਚ ’ਤੇ ਆ ਖਲੋਤੇ ਹਨ। ਸਰਕਾਰੀ ਤੰਤਰ, ਖ਼ੁਫ਼ੀਆ ਏਜੰਸੀਆਂ ਦੀ ਨੀਂਦ ਵੀ ਹਰਾਮ ਹੋ ਚੁੱਕੀ ਹੈ। ਸੀ.ਆਈ.ਡੀ. ਭੱਬਾਂ ਭਾਰ ਹੋ ਚੁੱਕੀ ਹੈ ਤੇ ਅੰਮ੍ਰਿਤਪਾਲ ਸਿੰਘ ਬਾਰੇ ਉਸ ਦੇ ਪਿੰਡ ਜੱਲੂਪੁਰ ਖੈੜਾ ’ਚ ਜਾ ਕੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਸਰਕਾਰ ਅੰਮ੍ਰਿਤਪਾਲ ਸਿੰਘ ਦੀ ਘੇਰਾਬੰਦੀ ਕਰ ਰਹੀ ਹੈ, ਸਰਕਾਰ ਨਹੀਂ ਚਾਹੁੰਦੀ ਕਿ ਉਹ ਵਧੇ, ਫੁੱਲੇ। ਭਾਈ ਸੰਦੀਪ ਸਿੰਘ ਦੀਪ ਸਿੱਧੂ ਨੂੰ ਐਕਸੀਡੈਂਟ ਦੀ ਆੜ ਹੇਠ ਮਾਰ ਕੇ ਸਰਕਾਰ ਸਮਝਦੀ ਸੀ ਕਿ ਗੱਲ ਖ਼ਤਮ ਹੋ ਚੁੱਕੀ ਹੈ, ਲੇਕਿਨ ਹੁਣ ਦੀਪ ਸਿੱਧੂ ਵੱਲੋਂ ਬਾਲੀ ਚੰਗਿਆਵੀ ਭਾਂਬੜ ਬਣ ਰਹੀ ਹੈ। ਇਹ ਦੀਪ ਸਿੱਧੂ ਦੀ ਕਮਾਈ ਹੈ, ਉਸ ਦੀ ਪਵਿੱਤਰਤਾ ਹੈ, ਉਸ ਦੇ ਸੰਘਰਸ਼ ਅਤੇ ਨਿਸ਼ਾਨੇ ਨੂੰ ਬੂਰ ਪੈ ਰਿਹਾ ਹੈ। ਸਿੱਖ ਨੌਜਵਾਨਾਂ ਦੀ ਰੀਝ ਸੀ ਕਿ ਦੀਪ ਸਿੱਧੂ ਅੰਮ੍ਰਿਤ ਛਕ ਕੇ ਸਿੱਖ ਕੌਮ ਦੀ ਅਗਵਾਈ ਕਰੇ, ਤੇ ਹੁਣ ਉਹ ਜ਼ਿੰਮੇਵਾਰੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨਿਭਾ ਰਿਹਾ ਹੈ। ਅੱਜ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਾਡੇ ਸਭ ਦੀ ਲੋੜ ਹੈ, ਉਸ ਦਾ ਸਾਥ ਦੇਣਾ ਹਿੰਦੁਤਵੀਆਂ, ਕਾਮਰੇਡਾਂ ਅਤੇ ਸਿਆਸੀ ਪਾਰਟੀਆਂ ਦੇ ਮੂੰਹ ’ਤੇ ਚਪੇੜ ਹੋਵੇਗੀ। ਭਾਈ ਅੰਮ੍ਰਿਤਪਾਲ ਸਿੰਘ ਦੇ ਵਰਤਾਰੇ ਨਾਲ਼ ਖ਼ਾਲਿਸਤਾਨੀ ਸੰਘਰਸ਼ ਨੂੰ ਬੇਹੱਦ ਮਿਲ਼ੇਗਾ। ਅੰਮ੍ਰਿਤਪਾਲ ਸਿੰਘ ਦੇ ਵਰਤਾਰੇ ਨਾਲ਼ ਨੌਜਵਾਨੀ ’ਚੋਂ ਨਿਰਾਸ਼ਤਾ ਦੂਰ ਹੋਵੇਗੀ।
ਜਦੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ’ਚ ਸ੍ਰੀ ਅਨੰਦਪੁਰ ਸਾਹਿਬ ਵਿਖੇ 945 ਪ੍ਰਾਣੀਆਂ ਨੇ ਅਤੇ ਰੋਡੇ ਪਿੰਡ ’ਚ 111 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ ਤਾਂ ਪੰਥ ਦੋਖੀਆਂ ਨੂੰ ਇੱਕ ਕਰੰਟ ਜਿਹਾ ਲਗ ਗਿਆ ਹੈ। ਜਿਵੇਂ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਕਿਹਾ ਕਰਦੇ ਸਨ ਕਿ “ਹਰ ਅੰਮ੍ਰਿਤਧਾਰੀ ਸਿੰਘ ਸਰਕਾਰ ਲਈ ਬੰਬ ਹੈ।” ਸਰਕਾਰ ਨੂੰ ਲਗ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਵੀ ਬੰਬ ਤਿਆਰ ਕਰ ਰਿਹਾ ਹੈ। ਹਿੰਦੁਤਵੀਆਂ ਦੇ ਢਿੱਡ ਪੀੜ ਲਗ ਚੁੱਕੀ ਹੈ, ਕਈਆਂ ਨੂੰ ਕੰਬਣੀ ਛਿੜ ਚੁੱਕੀ ਹੈ। ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ਼ ਹੁਣ ਕਈ ਘਟਨਾਵਾਂ ਨੂੰ ਵੀ ਜੋੜਿਆ ਜਾਵੇਗਾ, ਉਸ ਨਾਲ਼ ਕਈਆਂ ਵਿਵਾਦਿਤ ਗੱਲਾਂ ਜੋੜ ਦਿੱਤੀਆਂ ਜਾਣਗੀਆਂ। ਭਾਈ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਜਥੇ ਤੇ ਸਮਰਥਕਾਂ ਨੂੰ ਬੜੇ ਸੁਚੇਤ ਹੋ ਕੇ ਚੱਲਣ ਦੀ ਲੋੜ ਹੈ।
ਅਸੀਂ ‘ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ’ ਜਥੇਬੰਦੀ ਵੱਲੋਂ ਸਮੇਂ-ਸਮੇਂ ’ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਸੁਚੇਤ ਕਰਦੇ ਆ ਰਹੇ ਹਾਂ ਤੇ ਉਸ ਦਾ ਸਾਥ ਦੇਣ ਲਈ ਵਚਨਬੱਧ ਹਾਂ। ਆਸ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਪੰਥ ਅਤੇ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਸਿੱਖ ਕੌਮ ਦੀਆਂ ਵੱਡੀਆਂ ਸੇਵਾਵਾਂ ਨਿਭਾਉਣਗੇ ਅਤੇ ਖ਼ਾਲਿਸਤਾਨ ਦੀ ਅਜ਼ਾਦੀ ਦੇ ਸੰਘਰਸ਼ ਨੂੰ ਬੁਲੰਦੀਆਂ ਲ’ਤੇ ਪਹੁੰਚਾਉਣਗੇ। ਭਾਈ ਅੰਮ੍ਰਿਤਪਾਲ ਸਿੰਘ ਆਪਸੀ ਪੰਥਕ ਵਿਵਾਦਾਂ ਅਤੇ ਪੰਥਕ ਤੇ ਖ਼ਾਲਿਸਤਾਨੀ ਜਥੇਬੰਦੀਆਂ ਦੇ ਟਕਰਾਅ ਵਿੱਚ ਆਉਣ ਦੀ ਕਦੇ ਵੀ ਸਥਿਤੀ ਨਾ ਬਣਨ ਦੇਣ, ਉਸ ਦੀ ਸਾਰੀ ਤਾਕਤ ਅਤੇ ਸ਼ਕਤੀ ਪੰਥ ਦੋਖੀਆਂ ਦੇ ਖ਼ਿਲਾਫ਼ ਹੀ ਭੁਗਤਣੀ ਚਾਹੀਦੀ ਹੈ। ਅਰਦਾਸ ਕਰਦੇ ਹਾਂ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਸਿੱਖ ਕੌਮ ਦੀਆਂ ਆਸਾਂ-ਉਮੀਦਾਂ ’ਤੇ ਖਰੇ ਉੱਤਰਨ, ਕਲਗੀਧਰ ਪਾਤਸ਼ਾਹ ਜੀ ਸਹਾਈ ਹੋਣ।

– ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)
ਮੋ : 88722-93883.
…………………………………………

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?