“ਅੰਮ੍ਰਿਤਪਾਲ ਸਿੰਘ ਤੱਤੀਆਂ ਗੱਲਾਂ ਕਰਦੈ, ਮੁੰਡੇ ਮਰਵਾ’ਦੂ, ਨੁਕਸਾਨ ਕਰਵਾ’ਦੂ ਦਾ ਰੌਲਾ ਪਾਉਣ ਵਾਲੇ ਸਿੱਖ ਫਲਸਫੇ ਤੋਂ ਅਣਜਾਣ ਹਨ

27

ਪੰਥ ਵਿਰੋਧੀਆਂ ਵੱਲੋਂ ਬੜਾ ਚੀਕ-ਚਿਹਾੜਾ ਪਾਇਆ ਜਾ ਰਿਹੈ ਕਿ “ਅੰਮ੍ਰਿਤਪਾਲ ਸਿੰਘ ਤੱਤੀਆਂ ਗੱਲਾਂ ਕਰਦੈ, ਮੁੰਡੇ ਮਰਵਾ’ਦੂ, ਨੁਕਸਾਨ ਕਰਵਾ’ਦੂ।” ਇਹੋ ਜਿਹੀਆਂ ਗੱਲਾਂ ਕਰਨ ਵਾਲ਼ੇ ਲੋਕਾਂ ਨੂੰ ਸਿੱਖੀ ਦਾ ੳ-ਅ ਵੀ ਨਹੀਂ ਪਤਾ, ਸਾਡੇ ਧਰਮ-ਸਿਧਾਂਤ ਅਤੇ ਇਤਿਹਾਸ ਦੀ ਇਹਨਾਂ ਨੂੰ ਕੱਖ ਸਮਝ ਨਹੀਂ, ਇਹ ਹਕੂਮਤ ਦੇ ਸੰਦ ਬਣ ਕੇ ਕੰਮ ਕਰ ਰਹੇ ਹਨ। ਇਹ ਆਪ ਤਾਂ ਕੁਝ ਕਰਨ ਜੋਗੇ ਨਹੀਂ, ਤੇ ਜੇ ਕੋਈ ਸਿੱਖ ਨੌਜਵਾਨ ਮੈਦਾਨ ’ਚ ਨਿੱਤਰ ਆਇਆ ਹੈ ਤਾਂ ਇਹ ਆਪਣੇ ਸਾਰੇ ਕੰਮ ਛੱਡ ਕੇ ਉਸ ਦੀਆਂ ਲੱਤਾ ਖਿੱਚਣ ਲੱਗ ਪਏ ਹਨ, ਆਪਣੇ ਆਪ ਨੂੰ ਬੜੇ ਮਹਾਨ ਮੰਨੀ ਬੈਠੇ ਹਨ। ਕਿਸੇ ਵੇਲ਼ੇ ਤਾਂ ਇਹਨਾਂ ਲੋਕਾਂ ਦੀ ਘਟੀਆ ਮਾਨਸਿਕਤਾ ’ਤੇ ਤਰਸ ਆਉਂਦਾ ਹੈ ਪਰ ਅਸਲ ’ਚ ਇਹ ਲੋਕ ਬੜੇ ਸ਼ਾਤਰ, ਚਾਲਬਾਜ ਅਤੇ ਕਮੀਨੇ ਹਨ ਤੇ ਜਾਣਬੁੱਝ ਕੇ ਸਿੱਖੀ ਅਤੇ ਸਿੱਖਾਂ ਦੇ ਖ਼ਾਤਮੇ ਲਈ ਟੋਆ ਪੁੱਟਦੇ ਹਨ। ਪਰ ਇਹ ਸਿੱਖੀ ਹੈ, ਗੁਰੂ ਨਾਨਕ ਦੀ ਸਿੱਖੀ, ਬਾਜ਼ਾਂ ਵਾਲ਼ੇ ਦੀ ਸਿੱਖੀ, ਇਸ ਸਿੱਖੀ ਦਾ ਜਨਮ ਅਕਾਲ ਪੁਰਖ ਦੇ ਹੁਕਮ ’ਚ ਹੋਇਆ ਤੇ ਇਸ ਦੀਆਂ ਗੂੰਜਾਂ ਸਦੀਵੀ ਕਾਲ ਪੈਂਦੀਆਂ ਰਹਿਣਗੀਆਂ। ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦਾ ਵਿਰੋਧ ਕਰਨ ਤੋਂ ਪਹਿਲਾਂ ਇਹਨਾਂ ਲੋਕਾਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਤੇ ਸਿਧਾਂਤਾਂ ’ਤੇ ਝਾਤ ਮਾਰ ਲੈਣੀ ਚਾਹੀਦੀ ਹੈ।

ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬਰ ਦੇ ਜ਼ੁਲਮਾਂ ਨੂੰ ਵੇਖਦਿਆਂ ਉਸ ਨੂੰ ਜਾਬਰ ਕਿਹਾ, ਦੂਜੇ ਪਾਤਸ਼ਾਹ ਜੀ ਨੇ ਬਾਦਸ਼ਾਹ ਹੁਮਾਯੂੰ ਦੀ ਅੱਖ ਅਤੇ ਤਲਵਾਰ ਨਿਵਾ ਦਿੱਤੀ, ਪੰਜਵੇਂ ਪਾਤਸ਼ਾਹ ਜੀ ਨੇ ਬਾਦਸ਼ਾਹ ਜਹਾਂਗੀਰ ਤੇ ਚੰਦੂ ਦੀ ਈਨ ਨਾ ਮੰਨੀ ਤੇ ਸ਼ਹਾਦਤ ਦਾ ਬੀਜ ਬੀਜਿਆ। ਛੇਵੇਂ ਪਾਤਸ਼ਾਹ ਜੀ ਨੇ ਦਿੱਲੀ ਤਖ਼ਤ ਨੂੰ ਚੁਣੌਤੀ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ, ਸਿੱਖਾਂ ਨੂੰ ਸ਼ਸਤਰਧਾਰੀ ਹੋਣ ਦੇ ਹੁਕਮ ਦਿੱਤੇ ਅਤੇ ਸਮੇਂ ਦੀ ਹਕੂਮਤ ਵਿਰੁੱਧ ਚਾਰ ਜੰਗ ਲੜੇ ਤੇ ਫ਼ਤਹਿ ਕੀਤੇ।

ਨੌਵੇਂ ਪਾਤਸ਼ਾਹ ਜੀ ਨੇ ਮਨੁੱਖੀ ਹੱਕਾਂ ਦੀ ਰਾਖੀ ਅਤੇ ਧਾਰਮਿਕ ਅਜ਼ਾਦੀ ਲਈ ਆਵਾਜ਼ ਬੁਲੰਦ ਕਰਦਿਆਂ ਖੁਦ ਦਿੱਲੀ ਜਾ ਕੇ ਆਪਣੀ ਸ਼ਹਾਦਤ ਦਿੱਤੀ। ਇਸ ਪਿੱਛੋਂ ਦਸਵੇਂ ਪਾਤਸ਼ਾਹ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ’ਤੇ ਮਿਆਨ ’ਚੋਂ ਕੱਢ ਕੇ ਕਿਰਪਾਨ ਪੰਜ ਸਿਰ ਮੰਗੇ ਤੇ ਵਾਰੀ-ਵਾਰੀ ਵੱਢ ਦਿੱਤੇ ਤੇ ਸਿੱਖਾਂ ਨੂੰ ਛਕਾ ਕੇ ਖੰਡੇ-ਬਾਟੇ ਦਾ ਅੰਮ੍ਰਿਤ ਇੱਕ ਨਵਾਂ ਜੀਵਨ ਪ੍ਰਦਾਨ ਕੀਤਾ, ਸਾਨੂੰ ਗਿੱਦੜੋਂ ਸ਼ੇਰ ਬਣਾਇਆ, ਗ਼ੁਲਾਮੀਅਤ ਅਤੇ ਨਰਕਭਰੀ ਜ਼ਿੰਦਗੀ ’ਚੋਂ ਕੱਢਿਆ ਫਿਰ ਸਿੱਖਾਂ ਨੇ ਨਵੇਂ ਤੋਂ ਨਵਾਂ ਸ਼ਾਨਦਾਰ ਇਤਿਹਾਸ ਸਿਰਜਿਆ ਤੇ ਅਗਾਂਹ ਵੀ ਸਿਰਜਦੇ ਰਹਿਣਗੇ।

ਦਸਮੇਸ਼ ਪਿਤਾ ਜੀ ਨੇ ਜਰ, ਜੋਰੂ ਜਾਂ ਜ਼ਮੀਨ ਲਈ ਨਹੀਂ ਬਲਕਿ ਜ਼ੁਲਮ ਅਤੇ ਜਾਲਮ ਵਿਰੁੱਧ ਚੌਦ੍ਹਾਂ ਜੰਗਾਂ ਲੜੀਆਂ। ਸ੍ਰੀ ਅਨੰਦਪੁਰ ਸਾਹਿਬ ਤੋਂ ਸਿਰਸਾ ਨਦੀ ਅਤੇ ਫਿਰ ਚਮਕੌਰ ਦੀ ਕੱਚੀ ਗੜ੍ਹੀ ’ਚ ਦਸ ਲੱਖ ਮੁਗਲ ਫ਼ੌਜਾਂ ਨਾਲ਼ ਗੁਰੂ ਸਾਹਿਬ ਦੀ ਅਗਵਾਈ ’ਚ ਦੋ ਵੱਡੇ ਸਾਹਿਬਜ਼ਾਦਿਆਂ ਅਤੇ ਚਾਲ਼ੀ ਸਿੰਘਾਂ ਨੇ ਦਮਦਾਰ ਮੁਕਾਬਲਾ ਕੀਤਾ, ਓਧਰ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੇ ਸੂਬਾ ਸਰਹਿੰਦ ਦੀ ਕਚਹਿਰੀ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ਼ ਹਿਲਾਅ ਦਿੱਤੀ ਤੇ ਸਿੱਖ ਸਲਤਨਤ ਦੀ ਨੀਂਹ ਰੱਖੀ। ਮਾਛੀਵਾੜੇ ਦੇ ਜੰਗਲ ਤੋਂ ਦੀਨਾ ਕਾਂਗੜ ਤੇ ਫਿਰ ਮੁਕਤਸਰ ਦੀ ਜੰਗ ਸਾਡਾ ਨਿਵੇਕਲਾ ਇਤਿਹਾਸ ਹੈ।

ਗੁਰੂ ਸਾਹਿਬ ਜੀ ਨੇ ਖ਼ਾਲਸਾ ਰਾਜ ਦੀ ਸਥਾਪਤੀ ਲਈ ਨੰਦੇੜ ਤੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਪੰਜ ਤੀਰ ਬਖ਼ਸ਼ ਕੇ ਪੰਜਾਬ ਵੱਲ ਘੱਲਿਆ, ਸਿੰਘਾਂ ਨੇ ਸਰਹਿੰਦ ਦੀ ਇੱਟ ਨਾਲ਼ ਇੱਟ ਖੜਕਾਉਂਦਿਆਂ ਖ਼ਾਲਸਾ ਰਾਜ ਦੇ ਨਿਸ਼ਾਨ ਝੁਲਾਅ ਦਿੱਤੇ, ਬਾਰ੍ਹਾਂ ਸਿੱਖ ਮਿਸਲਾਂ ਨੇ ਖੰਡੇ ਖੜਕਾਏ, ਦਿੱਲੀ ਤਖ਼ਤ ਉੱਤੇ ਖ਼ਾਲਸੇ ਦੇ ਝੰਡੇ ਝੁਲਾਏ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਵਿਸ਼ਾਲ ਸਿੱਖ ਰਾਜ ਦੀ ਸਥਾਪਨਾ ਕੀਤੀ, ਜਰਨੈਲ ਹਰੀ ਸਿੰਘ ਨਲੂਆ ਅਤੇ ਸਰਦਾਰ ਸ਼ਾਮ ਸਿੰਘ ਅਟਾਰੀ ਨੇ ਦੁਸ਼ਮਣਾਂ ਨੂੰ ਵਾਹਣੀ ਪਾਈ ਰੱਖਿਆ, ਅਕਾਲੀ ਫੂਲਾ ਸਿੰਘ ਦੀ ਧੌਂਸ ਅੱਜ ਵੀ ਬਰਕਰਾਰ ਹੈ। ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ, ਸ਼ਹੀਦ ਭਾਈ ਊਧਮ ਸਿੰਘ, ਭਾਈ ਰਣਧੀਰ ਸਿੰਘ, ਗ਼ਦਰੀ ਬਾਬਿਆਂ ਅਤੇ ਬੱਬਰ ਅਕਾਲੀਆਂ ਨੇ ਅੰਗਰੇਜ਼ ਹਕੂਮਤ ਦੇ ਨੱਕ ’ਚ ਦਮ ਕਰੀ ਰੱਖਿਆ।

ਜੂਨ 1984 ’ਚ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ, ਭਾਈ ਅਮਰੀਕ ਸਿੰਘ, ਬਾਬਾ ਥਾਹਰਾ ਸਿੰਘ ਅਤੇ ਜਨਰਲ ਸ਼ਬੇਗ ਸਿੰਘ ਨੇ ਵਿਸ਼ਵ ਦੀ ਚੌਥੀ ਤਾਕਤ ਮੰਨੀ ਜਾਂਦੀ ਭਾਰਤੀ ਫ਼ੌਜ ਨੂੰ ਲੋਹੇ ਦੇ ਐਸੇ ਚਣੇ ਚਬਾਏ ਕਿ ਇਹਨਾਂ ਦੀਆਂ ਪੁਸ਼ਤਾਂ ਯਾਦ ਰੱਖਣਗੀਆਂ। ਫਿਰ ਸਾਡੇ ਖ਼ਾਲਿਸਤਾਨੀ ਜੁਝਾਰੂ ਸਿੰਘਾਂ ਨੇ ਹਥਿਆਰਬੰਦ ਹੋ ਕੇ ਇੱਕ ਦਹਾਕਾ ਲੜਾਈ ਲੜੀ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਮਾਰੀ, ਚੀਫ਼ ਜਨਰਲ ਵੈਦਿਆ ਮਾਰਿਆ, ਮੁੱਖ ਮੰਤਰੀ ਬਿਅੰਤ ਸਿਹੁੰ ਮਾਰਿਆ ਤੇ ਖ਼ਾਲਿਸਤਾਨ ਦੀ ਅਜ਼ਾਦੀ ਲਈ ਅੱਜ ਵੀ ਸੰਘਰਸ਼ ਜਾਰੀ ਹੈ।

ਕੌਮੀ ਯੋਧੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਨੇ ਭਾਰਤੀ ਸਟੇਟ ਨੂੰ ਵੰਗਾਰਿਆ ਤੇ ਸਿੱਖਾਂ ਨੂੰ ਅਹਿਸਾਸ ਕਰਵਾਇਆ ਕਿ ਇਹ ਸਾਡੀ ਹੋਂਦ ਲੜਾਈ ਹੈ, ਪਾਤਸ਼ਾਹੀ ਦਾਅਵੇ ਨੂੰ ਮੁੜ ਪ੍ਰਚੰਡ ਕੀਤਾ ਤੇ ਭਾਈ ਜੁਗਰਾਜ ਸਿੰਘ ਖ਼ਾਲਸਾ ਨੇ 26 ਜਨਵਰੀ ਨੂੰ ਲਾਲ ਕਿਲ੍ਹੇ ’ਤੇ ਖ਼ਾਲਸਾਈ ਝੰਡਾ ਝੁਲਾਅ ਦਿੱਤਾ। ਭਾਈ ਅੰਮ੍ਰਿਤਪਾਲ ਸਿੰਘ ਵੀ ਉਹਨਾਂ ਸਿੰਘਾਂ-ਸੂਰਮਿਆਂ ਦਾ ਹੀ ਵਾਰਿਸ ਹੈ ਜੋ ਸਿੱਖੀ ਦੀ ਆਨ-ਸ਼ਾਨ, ਧਰਮ ਦੀ ਰਾਖੀ ਤੇ ਪੰਜਾਬ ਲਈ ਲੜੇ। ਫਿਰ ਤੁਹਾਨੂੰ ਉਸ ਦੀਆਂ ਹੱਕ, ਸੱਚ, ਇਨਸਾਫ਼, ਅਜ਼ਾਦੀ ਅਤੇ ਧਰਮ ਬਾਰੇ ਕੀਤੀਆਂ ਜਾ ਰਹੀਆਂ ਗੱਲਾਂ ਤੋਂ ਤਕਲੀਫ਼ ਕੀ ਹੈ ?

ਸੱਜਣੋ! ਭਾਈ ਅੰਮ੍ਰਿਤਪਾਲ ਸਿੰਘ ਦਾ ਵਿਰੋਧ ਕਰਨ ਤੋਂ ਪਹਿਲਾਂ ਗੁਰਬਾਣੀ ਪੜ੍ਹੋ, ਸੁਣੋ ਤੇ ਵਿਚਾਰ ਕੇ ਵੇਖੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ’ਚ ਇਹ ਪੰਕਤੀਆਂ ਦਰਜ਼ ਹਨ :- “ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥” (ਅੰਗ 1410), ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਓ॥ ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ॥ ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥” (ਅੰਗ 1105), ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥ (ਅੰਗ 142), ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨਿ ਬੈਠੇ ਸੁਤੇ॥ (ਅੰਗ 1288), ਬੋਲਿ ਸੁਧਰਮੀੜਿਆ ਮੋਨਿ ਕਤ ਧਾਰੀ ਰਾਮ॥ (ਅੰਗ 547)। ਕੱਲ੍ਹ ਨੂੰ ਇਹ ਲੋਕ ਤਾਂ ਇਹ ਵੀ ਕਹਿ ਸਕਦੇ ਹਨ ਕਿ ਗੁਰਬਾਣੀ ’ਚ ਬੜੇ ਗਰਮ ਸ਼ਬਦ ਹਨ, ਗੁਰੂ ਸਾਹਿਬ ਦੇ ਬਚਨ ਬੜੇ ਤੱਤੇ ਹਨ। ਗੁਰਬਾਣੀ ਤਾਂ ਸਾਨੂੰ ਸੱਚ, ਧਰਮ ਅਤੇ ਨਿਆਂ ਲਈ ਤੇ ਜ਼ੁਲਮ ਵਿਰੁੱਧ ਡਟਣ ਦਾ ਸੰਦੇਸ਼ ਅਤੇ ਸੇਧ ਬਖ਼ਸ਼ਦੀ ਹੈ ਤੇ ਫਿਰ ਇਹਨਾਂ ਉਪਦੇਸ਼ਾਂ ਦੇ ਧਾਰਨੀ ਗੁਰਸਿੱਖ ਅਤੇ ਧਰਮੀ ਯੋਧੇ ਤੁਹਾਨੂੰ ਗ਼ਲਤ ਕਿਉਂ ਜਾਪ ਰਹੇ ਹਨ ?

ਇਹ ਮੰਦਬੁੱਧੀ ਲੋਕ ਜਵਾਬ ਦੇਣ ਕਿ ਸਿੱਖਾਂ ਦੇ ਇਸ਼ਟ ਦੀਆਂ ਲਗਾਤਾਰ ਬੇਅਦਬੀਆਂ ਹੋ ਰਹੀਆਂ ਨੇ ਪਰ ਹਕੂਮਤ ਸਿੱਖਾਂ ਨੂੰ ਇਨਸਾਫ਼ ਦੇਣ ਨੂੰ ਤਿਆਰ ਨਹੀਂ ਤੇ ਤੁਸੀਂ ਕੀ ਚਾਹੁੰਦੇ ਹੋ ਕਿ ਸਿੱਖ ਆਪਣੇ ਮੂੰਹ ’ਤੇ ਉਂਗਲੀਆਂ ਧਰ ਕੇ ਬੈਠੇ ਰਹਿਣ ? ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹੈ, ਕੀ ਸਿੱਖ ਇਸ ਧੱਕੇਸ਼ਾਹੀ ਖ਼ਿਲਾਫ਼ ਆਵਾਜ਼ ਵੀ ਨਾ ਉਠਾਉਣ ? ਦਿੱਲੀ ਤਖ਼ਤ ਨੇ ਸਾਡਾ ਸ੍ਰੀ ਅਕਾਲ ਤਖ਼ਤ ਸਾਹਿਬ ਢਾਹਿਆ ਜਿਸ ਨੂੰ ਸਿੱਖ ਕਦੇ ਵੀ ਭੁੱਲ ਨਹੀਂ ਸਕਦੇ ਪਰ ਤੁਸੀਂ ਕੀ ਚਾਹੁੰਦੇ ਹੋ ਕਿ ਸਿੱਖ ਉਸ ਜ਼ਾਲਮ ਸਰਕਾਰ ਅੱਗੇ ਗੋਡੇ ਟੇਕ ਦੇਣ ? ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਸਾਡੇ ਰੋਲ ਮਾਡਲ ਅਤੇ ਵੀਹਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਤੇ ਕੌਮੀ ਸ਼ਹੀਦ ਹਨ ਪਰ ਤੁਸੀਂ ਕੀ ਚਾਹੁੰਦੇ ਹੋ ਕਿ ਸਿੱਖ ਵੀ ਉਹਨਾਂ ਨੂੰ ਅੱਤਵਾਦੀ ਕਹਿਣ ?

ਹਿੰਦ ਸਟੇਟ ਵੱਲੋਂ ਸਾਡੇ ਧਰਮ, ਬੋਲੀ, ਸੱਭਿਆਚਾਰ, ਇਤਿਹਾਸ ਅਤੇ ਸਿਧਾਂਤ ਉੱਤੇ ਹਮਲੇ ਕੀਤੇ ਜਾ ਰਹੇ ਨੇ, ਸਾਨੂੰ ਟੈਂਕਾਂ-ਤੋਪਾਂ ਨਾਲ਼ ਮਾਰਨ ਮਗਰੋਂ, ਝੂਠੇ ਮੁਕਾਬਲਿਆਂ ’ਚ ਮਾਰ ਕੇ ਲਵਾਰਿਸ਼ ਲਾਸ਼ ਕਹਿ ਕੇ ਸਾੜਨ ਮਗਰੋਂ, ਹੁਣ ਨਸ਼ਿਆਂ ਦੇ ਹਥਿਆਰ ਰਾਹੀਂ ਨਸਲਕੁਸ਼ੀ ਕੀਤੀ ਜਾ ਰਹੀ ਹੈ ਕੀ ਤੁਸੀਂ ਕੀ ਚਾਹੁੰਦੇ ਹੋ ਕਿ ਅਸੀਂ ਹੱਥ ’ਤੇ ਹੱਥ ਧਰ ਕੇ ਆਪਣੀ ਤਬਾਹੀ ਵੇਖਦੇ ਰਹੀਏ। ਕਿਸੇ ਮਸਲੇ ਉੱਤੇ ਅਸਹਿਮਤੀ ਹੋਣੀ ਹੋਰ ਗੱਲ ਹੈ ਪਰ ਬੇਲੋੜਾ ਵਿਰੋਧ ਕਰੀ ਜਾਣਾ ਸ਼ੋਭਦਾ ਨਹੀਂ। ਇਸ ਹੱਦ ਤੱਕ ਨਾ ਗਿਰੋ ਕੀ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਕੀਤੇ ਜਾ ਰਹੇ ਧਾਰਮਿਕ ਉਪਰਾਲੇ ਵੀ ਤੁਹਾਨੂੰ ਜ਼ਹਿਰ ਲਗ ਰਹੇ ਹਨ। ਕੀ ਨਸ਼ੇ ਛੁਡਵਾਉਣੇ, ਕੇਸ ਰਖਵਾਉਣੇ, ਅੰਮ੍ਰਿਤ ਛਕਾਉਣਾ ਤੁਹਾਡੀਆਂ ਨਜ਼ਰਾਂ ’ਚ ਇਹ ਵੀ ਗ਼ੁਨਾਹ ਹੈ ? ਗੁਰੂ ਦੇ ਚਰਨਾਂ ’ਚ ਸੀਸ ਭੇਟ ਕਰਨਾ ਤਾਂ ਸਿੱਖੀ ਦੀ ਰਵਾਇਤ ਹੈ, ਹਰ ਸਿੱਖ ਜਦੋਂ ਅੰਮ੍ਰਿਤ ਛਕਦਾ ਹੈ ਤਾਂ ਆਪਣਾ ਸਿਰ ਗੁਰੂ ਨੂੰ ਅਰਪਣ ਕਰ ਦਿੰਦਾ ਹੈ ਅਤੇ ਜਦ ਧਰਮ ’ਤੇ ਬਿਪਤਾ ਆਣ ਪਵੇ ਤਾਂ ਉਹ ਸੀਸ ਵਾਰ ਦਿੰਦਾ ਹੈ।

ਤੁਸੀਂ ਇਕੱਲੇ ਭਾਈ ਅੰਮ੍ਰਿਤਪਾਲ ਸਿੰਘ ਦਾ ਹੀ ਨਹੀਂ, ਬਲਕਿ ਸਿੱਖ ਧਰਮ ਅਤੇ ਕੌਮੀ ਅਜ਼ਾਦੀ ਲਈ ਉੱਠ ਰਹੀ ਲਹਿਰ ਦਾ ਵਿਰੋਧ ਕਰ ਰਹੇ ਹੋ। ਇਹ ਪੰਥ ਅਤੇ ਪੰਜਾਬ ਨਾਲ਼ ਨੰਗੀ ਚਿੱਟੀ ਗ਼ੱਦਾਰੀ ਹੈ। ਤੁਸੀਂ ਜਾਣੇ-ਅਨਜਾਣੇ ’ਚ ਹਕੂਮਤ ਦਾ ਸਾਥ ਦੇ ਰਹੇ ਹੋ। ਹਿੰਦੂ ਮੀਡੀਆ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਹਿੱਸਾ ਬਣ ਰਹੇ ਹੋ। ਇਹ ਪਰਖ਼ ਦੀ ਘੜੀ ਹੈ, ਤੁਸੀਂ ਫ਼ੈਸਲਾ ਕਰ ਲਵੋ ਕਿ ਕਿਹੜੇ ਪਾਸੇ ਖਲੋਣਾ ਹੈ, ਸਿੱਖੀ ਵੱਲ ਜਾਂ ਸਿੱਖੀ ਦੇ ਦੁਸ਼ਮਣਾਂ ਵੱਲ, ਬਾਬੇਕਿਆਂ ਵੱਲ ਜਾਂ ਬਾਬਰਕਿਆਂ ਵੱਲ, ਖ਼ਾਲਸੇ ਵੱਲ ਜਾਂ ਬ੍ਰਾਹਮਣਵਾਦ ਵੱਲ, ਪੰਥ ਵੱਲ ਜਾਂ ਹਿੰਦ ਸਟੇਟ ਵੱਲ। ਜੇ ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ’ਚ ਨਹੀਂ ਖਲੋਣਾ ਤਾਂ ਕੋਈ ਗੱਲ ਨਹੀਂ ਪਰ ਘੱਟੋ-ਘੱਟ ਉਸ ਦੇ ਰਾਹ ’ਚ ਰੋੜਾ ਤਾਂ ਨਾ ਬਣੋ।

ਜਿਹੜੇ ਕਹਿੰਦੇ ਨੇ ਕਿ “ਅੰਮ੍ਰਿਤਪਾਲ ਸਿੰਘ ਤੱਤੀਆਂ ਗੱਲਾਂ ਕਰ ਕੇ ਮੁੰਡੇ ਮਰਵਾ’ਦੂ।” ਉਹਨਾਂ ਨੂੰ ਦਿਸਦਾ ਨਹੀਂ ਕਿ ਹਿੰਦ ਸਰਕਾਰ ਨਸ਼ਿਆਂ ਰਾਹੀਂ ਹਰ ਰੋਜ਼ ਪੰਜਾਬ ਦੇ ਨੌਜਵਾਨਾਂ ਨੂੰ ਮਾਰ ਰਹੀ ਹੈ, ਖ਼ੁਦਕੁਸ਼ੀਆਂ ਰਾਹੀਂ ਕਿਸਾਨਾਂ ਨੂੰ ਮਾਰ ਰਹੀ ਹੈ, ਕੀ ਤੁਸੀਂ ਉਹਨਾਂ ਨੂੰ ਬਚਾ ਲਿਆ ਹੈ। 1978 ਤੋਂ 1995 ਤੱਕ ਪੰਥ ਅਤੇ ਪੰਜਾਬ ਲਈ ਸੰਘਰਸ਼ ਕਰਦੇ ਜਿਹੜੇ ਸਿੰਘ-ਸਿੰਘਣੀਆਂ ਸ਼ਹਾਦਤਾਂ ਪਾ ਗਏ ਉਹ ਤਾਂ ਧਰਮ ਦੇ ਲੇਖੇ ਲਗ ਗਏ ਪਰ ਆਹ ਜਿਹੜੇ ਨਸ਼ਿਆਂ ਤੇ ਖ਼ੁਦਕੁਸ਼ੀਆਂ ਨਾਲ਼ ਮਰ ਰਹੇ ਹਨ ਇਹਨਾਂ ਨੂੰ ਕਿਸ ਪਾਸੇ ਗਿਣਨਾ ਹੈ, ਕੀ ਇਹਨਾਂ ਦੀ ਮੌਤ ਦਾ ਜ਼ਿੰਮੇਵਾਰ ਸੰਤ ਜਰਨੈਲ ਸਿੰਘ ਜੀ ਨੂੰ ਆਖੋਗੇ, ਜੁਝਾਰੂ ਸਿੰਘਾਂ ਨੂੰ ਆਖੋਗੇ, ਅੰਮ੍ਰਿਤਪਾਲ ਸਿੰਘ ਨੂੰ ਆਖੋਗੇ ਜਾਂ ਹਿੰਦ ਸਰਕਾਰ ਨੂੰ। ਇੱਕ ਗੱਲ ਯਾਦ ਰੱਖੋ ਕਿ ਸਾਡੀ ਕੌਮ ’ਚ ਠੰਢੀਆਂ ਗੱਲਾਂ ਵਾਲ਼ੇ ਬਹੁਤ ਹਨ ਤੇ ਹੁਣ ਤੱਤੀਆਂ ਗੱਲਾਂ ਵਾਲ਼ਿਆਂ ਦੀ ਬੇਹੱਦ ਲੋੜ ਹੈ ਜਿਨ੍ਹਾਂ ਨੇ ਗੂੜ੍ਹੀ ਨੀਂਦ ’ਚ ਸੁੱਤੀ ਸਿੱਖ ਕੌਮ ਨੂੰ ਜਗਾਉਣਾ ਹੈ। ਜਦੋਂ ਪਾਣੀ ਸਿਰੋਂ ਲੰਘ ਜਾਵੇ ਤਾਂ ਫਿਰ ਉੱਠ ਖਲੋਣਾ ਚਾਹੀਦਾ ਹੈ, ਲੜਾਈ ਆਰ-ਪਾਰ ਦੀ ਹੈ, ਲਕੀਰ ਖਿੱਚਣੀ ਪੈਣੀ ਹੈ।

ਇਹ ਲੋਕ ਪਹਿਲਾਂ ਕੌਮੀ ਯੋਧੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਦਾ ਵਿਰੋਧ ਕਰਦੇ ਸਨ ਤੇ ਉਸ ਦੇ ਵਿਛੋੜੇ ਮਗਰੋਂ ਸ਼ਰਧਾਂਜਲੀਆਂ ਵੀ ਦਿੰਦੇ ਫਿਰਦੇ ਸਨ। ਫਿਰ ਪਛਤਾਉਣ ਦਾ ਕੀ ਫਾਇਦਾ ਕੀ ਅਸੀਂ ਪਛਾਣ ਨਹੀਂ ਸਕੇ। ਹੁਣ ਜਿਉਂਦੇ-ਜੀਅ ਉਹਨਾਂ ਦਾ ਸਾਥ ਦੇਣ ਦੀ ਲੋੜ ਹੈ ਜੋ ਪੰਥ ਅਤੇ ਪੰਜਾਬ ਲਈ ਸੰਘਰਸ਼ ਕਰ ਰਹੇ ਹਨ। ਭਾਈ ਅੰਮ੍ਰਿਤਪਾਲ ਸਿੰਘ ਨੇ ਆਪਣੇ ਬੋਲਾਂ ਰਾਹੀਂ ਸਿੱਖ ਜਵਾਨੀ ਨੂੰ ਹਲੂਣਿਆ ਹੈ, ਨੌਜਵਾਨੀ ਨੇ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ’ਚ ਨਵੀਂ ਅੰਗੜਾਈ ਲਈ ਹੈ ਜਿਸ ਨੇ ਚੰਘਿਆੜੀ ਬਣਨਾ ਹੈ, ਸੂਰਜ ਵਾਂਗ ਚਮਕਣਾ ਹੈ, ਇੱਕ ਨਵਾਂ ਇਤਿਹਾਸ ਸਿਰਜਣਾ ਹੈ। ਭਾਈ ਅੰਮ੍ਰਿਤਪਾਲ ਸਿੰਘ ਉਹ ਗੱਲਾਂ ਕਰ ਰਿਹਾ ਹੈ ਜਿਨ੍ਹਾਂ ਗੱਲਾਂ ਦੀ ਸਾਡੀ ਕੌਮ, ਪੰਥ, ਧਰਮ ਅਤੇ ਪੰਜਾਬ ਨੂੰ ਲੋੜ ਹੈ। ਅਸਲ ’ਚ ਇਹ ਗੱਲਾਂ ਤੱਤੀਆਂ ਨਹੀਂ, ਪੱਕੀਆਂ ਹਨ, ਸੱਚੀਆਂ ਹਨ, ਜੋਸ਼ੀਲੀਆਂ ਹਨ। ਏਹੀ ਗੱਲਾਂ ਪੰਥ ਅਤੇ ਪੰਜਾਬ ਦਾ ਸੁਨਹਿਰੀ ਭਵਿੱਖ ਸਿਰਜਣਗੀਆਂ। ਅਜੇ ਤਾਂ ਇਹਨਾਂ ਗੱਲਾਂ ਮਗਰੋਂ ਤੱਤੇ ਕੰਮ ਹੋਣੇ ਹਨ, ਕਥਨੀ ਤੋਂ ਕਰਨੀ ਵੱਲ ਦਾ ਸਫ਼ਰ ਤੈਅ ਹੋਣਾ ਹੈ। ਤੱਤੀਆਂ ਗੱਲਾਂ ਤੋਂ ਨਾ ਡਰ ਸੋਹਣਿਆਂ, ਮੁੱਖੜੇ ਗੁਰਾਂ ਦੇ ਵੱਲ ਕਰ ਸੋਹਣਿਆਂ। ਜੇ ਏਵੇਂ ਰਿਹਾ ਸਿੱਖਾਂ ਵਿੱਚ ਜੋਸ਼ ਭਰਦਾ, ਤਾਂ ਮਸਲੇ ਹੋ ਜਾਣੇ ਸਾਰੇ ਹੱਲ ਸੋਹਣਿਆਂ।

– ਰਣਜੀਤ ਸਿੰਘ ਦਮਦਮੀ ਟਕਸਾਲ
ਪ੍ਰਧਾਨ : ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ
ਮੋ : 88722-93883 #SYFB
……………………………………………

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?