ਪ੍ਰਭਾਵਿਤ ਵਿਅਕਤੀਆਂ ਵਿੱਚ ਪੰਥਕ ਪੱਤਰਕਾਰ ਸ.ਜਸਪਾਲ ਸਿੰਘ ਹੇਰਾਂ ਵੀ ਸ਼ਾਮਿਲ
‘ਦ ਵਾਇਰ’ ਸਮੇਤ ਦੁਨੀਆਂ ਦੀਆਂ 17 ਖਬਰ ਏਜੇਂਸੀਆਂ ਨੇ ਇੱਕ ਰਿਪੋਰਟ ਵਿੱਚ ਖਦਸ਼ਾ ਜਤਾਇਆ ਹੈ ਕਿ ਹੋਰ ਦੇਸ਼ਾਂ ਸਮੇਤ ਭਾਰਤ ਦੇ ਕਰੀਬ 300 ਲੋਕਾਂ, ਜਿਨ੍ਹਾਂ ਵਿਚ ਪੱਤਰਕਾਰ, ਸਮਾਜਕ ਕਾਰਕੁੰਨ, ਜੱਜ, ਮੰਤਰੀ ਆਦਿ ਸ਼ਾਮਲ ਹਨ, ਦੇ ਫੋਨ ਹੈਕ ਕਰਕੇ ‘ਪੈਗਾਸਸ ਸਪਾਈਵੇਅਰ’ ਰਾਹੀਂ ਉਹਨਾਂ ਦੀ ਜਸੂਸੀ ਕੀਤੀ ਗਈ ਹੈ| ਧਿਆਨਯੋਗ ਹੈ ਕਿ ‘ਪੈਗਾਸਸ ਸਪਾਈਵੇਅਰ’ ਇਜ਼ਾਰਾਇਲ ਦੀ ਕੰਪਨੀ ਐਨ.ਐਸ.ਓ. ਵੱਲੋਂ ਬਣਾਇਆ ਜਾਂਦਾ ਹੈ ਤੇ ਇਹ ਸਿਰਫ ਸਰਕਾਰਾਂ ਜਾਂ ਸਰਕਾਰੀ ਏਜੇਂਸੀਆਂ ਨੂੰ ਹੀ ਵੇਚਿਆ ਜਾਂਦਾ ਹੈ ਨਾ ਕਿ ਕਿੱਸੇ ਨਿੱਜੀ ਕੰਪਨੀ ਜਾਂ ਵਿਅਕਤੀ ਨੂੰ| ਇਸ ਨਾਲ਼ ਭਾਰਤ ਸਰਕਾਰ ਸਾਫ ਤੌਰ ਉੱਤੇ ਸ਼ੱਕ ਦੇ ਦਾਇਰੇ ਵਿੱਚ ਆਉਂਦੀ ਹੈ| ਜੇਕਰ ਉਹਨਾਂ ਲੋਕਾਂ ਦੇ ਨਾਮਾਂ ਉੱਤੇ ਥੋੜੀ ਨਜ਼ਰ ਮਾਰੀ ਜਾਵੇ ਜਿਨ੍ਹਾਂ ਉੱਤੇ ਜਸੂਸੀ ਕੀਤੀ ਗਈ ਹੈ ਤਾਂ ਇਹ ਸ਼ੱਕ ਯਕੀਨ ਵਿੱਚ ਬਦਲ ਜਾਂਦਾ ਹੈ| ਉਹ ਫੋਨ ਨੰਬਰ ਜਿਨ੍ਹਾਂ ਉੱਤੇ ਜਸੂਸੀ ਹੋ ਰਹੀ ਸੀ ਦੀ ਸੂਚੀ ‘ਫੌਰਬਿਡਨ ਸਟੋਰੀਜ਼’ ਤੇ ‘ਐਮਨੈਸਟੀ ਇੰਟਰਨੈਸ਼ਨਲ’ ਵੱਲੋਂ ‘ਲੀਕ’ ਜਾਂ ਜਨਤਕ ਕੀਤੀ ਗਈ ਹੈ| ਇਹਨਾਂ ਨੰਬਰਾਂ ਵਿੱਚੋਂ ਘੱਟੋ-ਘੱਟ 9 ਨੰਬਰ ਉਹਨਾਂ ਕਾਰਕੁੰਨਾਂ, ਜੱਜਾਂ, ਪੱਤਰਕਾਰਾਂ ਤੇ ਬੁੱਧੀਜੀਵੀਆਂ ਨਾਲ਼ ਸਬੰਧਤ ਹਨ ਜਿਨ੍ਹਾਂ ਨੂੰ ਜੂਨ 2018 ਤੇ ਅਕਤੂਬਰ 2020 ਵਿਚਾਲ਼ੇ ਐਲਗਰ ਪਰਿਸ਼ਦ ਕੇਸ ਦੇ ਨਾਮ ਉੱਤੇ ਹਿਰਾਸਤ ਵਿੱਚ ਲਿਆ ਗਿਆ ਹੈ| ਇਹਨਾਂ ਨੰਬਰਾਂ ਵਿੱਚ ਹੋਰ ਕਈ ਅਜਿਹੇ ਪੱਤਰਕਾਰਾਂ ਦੇ ਨੰਬਰ ਸ਼ਾਮਲ ਹਨ ਜਿਨ੍ਹਾਂ ਨੇ ਸਰਕਾਰ ਵਿਰੋਧੀ ਲੇਖ ਲਿਖੇ ਜਾਂ ਖੁਲਾਸੇ ਕੀਤੇ| ਉਦਹਾਰਨ ਵੱਜੋਂ, ‘ਦ ਵਾਇਰ’ ਦੀ ਰੋਹਿਨੀ ਸਿੰਘ ਜਿਸਨੇ ਅਮਿਤ ਸ਼ਾਹ ਦੇ ਮੁੰਡੇ ਜੈ ਸ਼ਾਹ ਤੇ ਪਿਯੂਸ਼ ਗੋਇਲ ਸਬੰਧੀ ਖੁਲਾਸੇ ਕੀਤੇ ਸਨ| ਪਰੰਜੋਯ ਗੁਹਾ ਦੀ ਜਸੂਸੀ ਲਗਭਗ ਉਸੇ ਵੇਲ਼ੇ ਸ਼ੁਰੂ ਹੋਈ ਜਦ ਉਹ ਅੰਬਾਨੀ ਪਰਿਵਾਰ ਸਬੰਧੀ ਲੇਖਾਂ ਉੱਤੇ ਕੰਮ ਕਰ ਰਿਹਾ ਸੀ ਤੇ ਨਾਲ਼ ਹੀ ਭਾਜਪਾ ਤੇ ਫੇਸਬੁੱਕ ਵਿਚਲੇ ਰਿਸ਼ਤੇ ਉੱਤੇ ਕਿਤਾਬ ਲਿਖਣ ਲਈ ਸਮੱਗਰੀ ਇਕੱਠੀ ਕਰ ਰਿਹਾ ਸੀ| ਇਸ ਸਬੰਧੀ ਹੋਰ ਸਮੱਗਰੀ ਆਉਣ ਵਾਲ਼ੇ ਦਿਨਾਂ ਵਿੱਚ ਵਧੇਰੇ ਉਪਲਬਧ ਹੋਵੇਗੀ ਤੇ ਇਸ ਮਸਲੇ ਦੀਆਂ ਹੋਰ ਵੀ ਤੰਦਾਂ ਖੁੱਲਣਗੀਆਂ| ਅਜਿਹੇ ਖੁਲਾਸੇ ਨਿੱਤ ਦਿਨ ਇਹ ਸਾਬਤ ਕਰਦੇ ਜਾ ਰਹੇ ਹਨ ਕਿ ਭਾਰਤ ਵਿੱਚ ਜਮਹੂਰੀਅਤ ਦਾ ਦਾਇਰਾ ਕਿੰਨਾਂ ਸੁੰਘੜ ਚੁੱਕਿਆ ਹੈ ਤੇ ਕਿਵੇਂ ਭਾਜਪਾ ਸਰਕਾਰ ਨੂੰ ਲੋਕਾਂ ਦੀ ਇਹ ਨਾ ਮਾਤਰ ਆਜ਼ਾਦੀ ਵੀ ਹੁਣ ਮਨਜ਼ੂਰ ਨਹੀਂ| ਹਰ ਰੋਜ਼ ਭਾਪਜਾ ਦੀਆਂ ਨੀਤੀਆਂ ਸਾਨੂੰ ਸਿੱਖਿਆ ਦੇ ਰਹੀਆਂ ਹਨ ਕਿ ਹੁਣ ਇਸ ਢਾਂਚੇ ਅੰਦਰ ਹੀ ਆਮ ਲੋਕਾਂ ਲਈ ਕੋਈ ਆਜ਼ਾਦੀ ਨਹੀਂ, ਅਸਲ ਜਮਹੂਰੀਅਤ ਬਹਾਲ ਕਰਨ ਦਾ ਇੱਕੋ ਇੱਕ ਤਰੀਕਾ ਇਸ ਢਾਂਚੇ ਨੂੰ ਖਤਮ ਕਰਨਾ ਹੀ ਹੈ|
Author: Gurbhej Singh Anandpuri
ਮੁੱਖ ਸੰਪਾਦਕ