ਚੋਹਲਾ ਸਾਹਿਬ 21 ਅਕਤੂਬਰ ( ਡਾਕਟਰ ਜਗਜੀਤ ਸਿੰਘ ਬੱਬੂ ) ਕਸਬਾ ਚੋਹਲਾ ਸਾਹਿਬ ਵਿਖੇ ਆਈਲੈੱਟਸ ਅਤੇ ਟੂਰ ਟਰੈਵਲ ਦਾ ਸੈਂਟਰ ਚਲਾਉਣ ਵਾਲੇ ਵਿਅਕਤੀ ਦੇ ਦਫਤਰ ਤੇ ਘਰ ’ਚ ਵੀਰਵਾਰ ਤਡ਼ਕਸਾਰ ਕੌਮੀਂ ਜਾਂਚ ਏਜੰਸੀ ਐੱਨਆਈਏ ਦੀ ਟੀਮ ਨੇ ਛਾਪੇਮਾਰੀ ਕੀਤੀ। ਸ਼ਾਮ ਕਰੀਬ 7 ਵਜੇ ਤਕ ਉਕਤ ਵਿਅਕਤੀ ਦੇ ਘਰ ਵਿਚ ਰਹੀ ਐੱਨਆਈਏ ਦੀ ਟੀਮ ਵੱਲੋਂ 1,27,91,900 ਰੁਪਏ, ਕੁਝ ਡਿਜੀਟਲ ਯੰਤਰ, ਸੀਸੀਟੀਵੀ ਕੈਮਰੇ ਦੀ ਫੁਟੇਜ, ਜ਼ਰੂਰੀ ਦਸਤਾਵੇਜ਼ ਤੇ ਮੋਬਾਈਲ ਫੋਨ ਕਬਜ਼ੇ ਵਿਚ ਲਏ। ਇਹ ਕਾਰਵਾਈ ਇਸ ਸਾਲ 24 ਤੇ 26 ਅਪ੍ਰੈਲ ਨੂੰ ਅਟਾਰੀ ਬਾਰਡਰ ’ਤੇ ਅਫਗਾਨਿਸਤਾਨ ਤੋਂ ਆਏ ਮੁਲੱਠੀ ਦੇ ਟਰੱਕ ਵਿਚ ਫਡ਼ੀ ਗਈ 102 ਕਿਲੋ ਹੈਰੋਇਨ ਦੇ ਮਾਮਲੇ ਵਿਚ ਕੀਤੀ ਗਈ। ਹਾਲਾਂਕਿ ਸੈਂਟਰ ਸੰਚਾਲਕ ਦੇ ਵਿਦੇਸ਼ ਵਿਚ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ।
ਜਾਣਕਾਰੀ ਅਨੁਸਾਰ ਪਿੰਡ ਕਰਮੂਵਾਲ ਵਾਸੀ ਅੰਮ੍ਰਿਤਪਾਲ ਸਿੰਘ ਜੋ ਚੋਹਲਾ ਸਾਹਿਬ ਦੇ ਬੱਸ ਅੱਡੇ ’ਚ ਸੰਧੂ ਟੂਰ ਅਤੇ ਟਰੈਵਲਜ਼ ਦੇ ਨਾਂ ’ਤੇ ਟਰੈਵਲ ਏਜੰਸੀ ਅਤੇ ਆਈਲੈੱਟਸ ਸੈਂਟਰ ਚਲਾਉਂਦਾ ਹੈ, ਦੇ ਘਰ ਕਰਮੂਵਾਲਾ ਅਤੇ ਚੋਹਲਾ ਸਾਹਿਬ ਦੇ ਸੈਂਟਰ ਵਿਚ ਵੀਰਵਾਰ ਸਵੇਰੇ ਤਡ਼ਕਸਾਰ 4 ਵਜੇ ਇੱਕੋ ਵੇਲੇ ਐੱਨਆਈਏ ਦੀ ਟੀਮ ਨੇ ਛਾਪੇਮਾਰੀ ਕੀਤੀ। ਹਾਲਾਂਕਿ ਇਸ ਛਾਪੇਮਾਰੀ ਦੌਰਾਨ ਮੀਡੀਆ ਨੂੰ ਦੂਰ ਹੀ ਰੱਖਿਆ ਗਿਆ। ਚੋਹਲਾ ਸਾਹਿਬ ਦੇ ਉਕਤ ਸੈਂਟਰ ਵਿਚੋਂ ਐੱਨਆਈਏ ਦੀ ਟੀਮ ਜਾਂਚ ਕਰਨ ਉਪਰੰਤ ਕੁਝ ਕਾਗਜ਼ਾਤ ਲੈ ਕੇ ਸ਼ਾਮ 4 ਵਜੇ ਦੇ ਕਰੀਬ ਰਵਾਨਾ ਹੋ ਗਈ ਜਦੋਂਕਿ ਅੰਮ੍ਰਿਤਪਾਲ ਸਿੰਘ ਦੇ ਘਰ ਪਿੰਡ ਕਰਮੂਵਾਲਾ ’ਚ ਪਹੁੰਚੀ ਟੀਮ ਸਵੇਰੇ 4 ਤੋਂ ਦੇਰ ਸ਼ਾਮ 6.50 ਵਜੇ ਤਕ ਜਾਂਚ ਕਰਦੀ ਰਹੀ।
ਸੂਤਰਾਂ ਦੀ ਮੰਨੀਏ ਤਾਂ ਉਕਤ ਟੀਮ ਦੇ ਹੱਥ ਘਰ ਵਿਚੋਂ ਇਕ ਕਰੋਡ਼ ਤੋਂ ਵੱਧ ਰਾਸ਼ੀ ਲੱਗੀ ਹੈ। ਐੱਨਆਈਏ ਦੀ ਟੀਮ ਵੱਲੋਂ ਨੋਟ ਗਿਣਨ ਵਾਲੀਆਂ ਮਸ਼ੀਨਾਂ ਦੀ ਮਦਦ ਨਾਲ ਨਕਦੀ ਦੀ ਗਿਣਤੀ ਕੀਤੀ ਗਈ। ਇਹ ਜਾਣਕਾਰੀ ਮਿਲੀ ਹੈ ਕਿ ਅੰਮ੍ਰਿਤਪਾਲ ਸਿੰਘ ਕੁਝ ਦਿਨ ਪਹਿਲਾਂ ਹੀ ਵਿਦੇਸ਼ ਗਿਆ ਹੈ ਅਤੇ ਉਸ ਦੇ ਪਿਤਾ ਸਤਨਾਮ ਸਿੰਘ ਦੀ ਮੌਤ ਹੋ ਚੁੱਕੀ ਹੈ ਜਦੋਂਕਿ ਉਸ ਦੀ ਇਕ ਭੈਣ ਵਿਆਹੀ ਹੋਈ ਹੈ। ਜਿਸ ਵੇਲੇ ਐੱਨਆਈਏ ਦੀ ਟੀਮ ਨੇ ਛਾਪੇਮਾਰੀ ਕੀਤੀ, ਉਸ ਸਮੇਂ ਅੰਮ੍ਰਿਤਪਾਲ ਸਿੰਘ ਦੀ ਮਾਤਾ ਅਤੇ ਪਤਨੀ ਹੀ ਘਰ ਵਿਚ ਮੌਜੂਦ ਸਨ। ਹਾਲਾਂਕਿ ਇਸ ਸਬੰਧੀ ਸਥਾਨਕ ਪੁਲਿਸ ਨਾਲ ਰਾਬਤਾ ਕਰਨ ’ਤੇ ਉਨ੍ਹਾਂ ਕਿਹਾ ਕਿ ਇਸ ਛਾਪੇਮਾਰੀ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਜਦੋਂਕਿ ਐੱਨਆਈਏ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਪਹਿਲਾਂ ਕਸਟਮ ਵਿਭਾਗ ਨੇ ਕੇਸ ਦਰਜ ਕੀਤਾ ਸੀ। 30 ਜੁਲਾਈ ਨੂੰ ਐੱਨਆਈਏ ਨੇ ਕੇਸ ਦਰਜ ਕਰਕੇ ਜਾਂਚ ਆਪਣੇ ਹੱਥ ਲੈ ਲਈ। ਐੱਨਆਈਏ ਨਾਰਕੋ ਟੈਰੋਰਿਜ਼ਮ ਦੇ ਮਾਮਲੇ ਵਿਚ ਕੁਝ ਕੰਪਨੀਆਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਜਾਂਚ ਦੌਰਾਨ ਤਿੰਨ ਵਿਅਕਤੀ ਗ੍ਰਿਫਤਾਰ ਕੀਤੇ ਗਏ ਸਨ। ਇਨ੍ਹਾਂ ਵਿਚ ਦਿੱਲੀ ਦੀ ਸ੍ਰੀ ਬਾਲਾਜੀ ਟ੍ਰੇਡਿੰਗ ਕੰਪਨੀ ਦੇ ਵਿਪਿਨ ਮਿੱਤਲ, ਦਿੱਲੀ ਦੇ ਨਿਊ ਔਖਲਾ ਵਿਹਾਰ ਦੇ ਰਾਜੀ ਹੈਦਰ ਜੈਦੀ ਅਤੇ ਆਸਿਫ ਅਬਦੁੱਲਾ ਸ਼ਾਮਲ ਹਨ।