ਪੰਜਾਬੀ ਨੂੰ ਹਰ ਸਰਕਾਰੀ ਤੇ ਗੈਰ-ਸਰਕਾਰੀ ਮਹਿਕਮੇ ਵਿੱਚ ਵੀ ਜ਼ੋਰ ਨਾਲ ਲਾਗੂ ਕਰਨਾ ਚਾਹੀਦਾ ਹੈ- ਭਾਈ ਅਜੈਬ ਸਿੰਘ ਅਭਿਆਸੀ
25 ਨਵੰਬਰ, ਅੰਮ੍ਰਿਤਸਰ ( ਹਰਮੇਲ ਸਿੰਘ ਹੁੰਦਲ਼ ) ਪੰਜਾਬੀ ਮਾਂ-ਬੋਲੀ ਬਾਰੇ ਅਪਣੇ ਵਿਚਾਰ ਸਾਂਝੇ ਕਰਦਿਆਂ ‘ਦਿ ਸਿੱਖ ਫੌਰਮ’ ਦੇ ਪ੍ਰਧਾਨ ਪ੍ਰੋ ਹਰੀ ਸਿੰਘ ਨੇ ਕਿਹਾ ਕਿ ਮਾਨ ਸਰਕਾਰ ਨੇ ਆਪਣੇ ਪੰਜਾਬੀ ਬੋਲੀ ਨੂੰ ਪ੍ਰਫੁੱਲਤ ਕਰਨ ਵਾਲੇ ਬਿਆਨ ਨੂੰ ਸਿੱਖ ਫੌਰਮ ਸਵਾਗਤ ਕਰਦਾ ਹੈ। ਪਰ ਕਿਤੇ ਇਹ ਕਾਰਜ ਸਿਰਫ਼ ਐਲਾਨ ਤੱਕ ਹੀ ਸੀਮਿਤ ਨਾ ਰਹਿ ਜਾਵੇ ਕਿਉਕਿ ਸਰਦਾਰ ਲੱਛਮਣ ਸਿੰਘ ਗਿੱਲ ਵੱਲੋ ਅਤੇ ਉਸ ਤੋਂ ਬਾਅਦ ਵੀ ਅਨੇਕਾਂ ਵਾਰ ਇਹ ਐਲਾਨ ਹੋਏ ਹਨ ਲੇਕਿਨ ਇਸ ਕਾਰਜ ਨੂੰ ਅਮਲੀ ਜਾਮਾ ਨਹੀਂ ਪੈਣ ਦਿੱਤਾ ਗਿਆ।
ਫੌਰਮ ਦੇ ਮੀਤ ਪ੍ਰਧਾਨ ਪ੍ਰੋ ਵਰਿਆਮ ਸਿੰਘ ਨੇ ਇਸ ਬਿਆਨ ਦੀ ਪ੍ਰੋੜਤਾ ਕੀਤੀ ਅਤੇ ਸਰਕਾਰ ਨੂੰ ਬੇਨਤੀ ਕੀਤੀ ਕਿ ਹੋਰਨਾਂ ਸੂਬਿਆਂ ਵਾਂਗ ਪੰਜਾਬ ਵਿਚ ਵੀ ਮਾਂ-ਬੋਲੀ ਨੂੰ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਵਾਸਤੇ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ।
ਸੀਨੀਅਰ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ ਨੇ ਕਿਹਾ ਕਿ ਅੱਜ ਪੰਜਾਬ ਵਿਚ ਬਹੁ ਗਿਣਤੀ ਅਫਸਰ ਗੈਰ ਪੰਜਾਬੀ ਹਨ ਅਤੇ ਉਹਨਾਂ ਨੂੰ ਪੰਜਾਬੀ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਹੈ ਤਾਂ ਜੋ ਉਪਰ ਤੋ ਲੈਕੇ ਹੇਠਲੇ ਪੱਧਰ ਤੱਕ ਪੰਜਾਬੀ ਮਾਂ-ਬੋਲੀ ਨੂੰ ਲਾਗੂ ਕੀਤਾ ਜਾ ਸਕੇ। ਹਰ ਮਹਿਕਮੇ ਵਿੱਚ ਪਹਿਲਾ ਸਥਾਨ ਮਾਂ ਬੋਲੀ ਨੂੰ ਮਿਲਣਾ ਚਾਹੀਦਾ ਹੈ।
ਇਸ ਮੌਕੇ ਸਕੱਤਰ ਸਰਦਾਰ ਮਨਦੀਪ ਸਿੰਘ ਬੇਦੀ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਾਂ-ਬੋਲੀ ਦੇ ਵਿਕਾਸ ਅਤੇ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋ ਕਦਮ ਚੁੱਕੇ ਜਾਣੇ ਚਾਹੀਦੇ ਹਨ ਅਤੇ ਨਾਲ ਹੀ ਸਿੱਖ ਤੇ ਪੰਜਾਬੀ ਸੰਸਥਾਵਾਂ ਵੱਲੋ ਵੀ ਇਸ ਗੱਲ ਤਰਫ਼ ਵਿਸ਼ੇਸ ਧਿਆਨ ਦੇਣ ਦੀ ਲੋੜ ਹੈ।
ਇਸ ਮੌਕੇ ਸਰਦਾਰ ਜਸਪਾਲ ਸਿੰਘ ਪੀ ਸੀ ਐੱਸ, ਡਾਕਟਰ ਜੋਗਿੰਦਰ ਸਿੰਘ ਅਰੋੜਾ, ਡਾਕਟਰ ਸੂਬਾ ਸਿੰਘ, ਸਰਦਾਰ ਹਰਪ੍ਰੀਤ ਸਿੰਘ ਕੋਹਲੀ, ਸਰਦਾਰ ਪ੍ਰੇਮ ਸਿੰਘ, ਆਦਿ ਹਾਜ਼ਿਰ ਸਨ।
Author: Gurbhej Singh Anandpuri
ਮੁੱਖ ਸੰਪਾਦਕ