ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਸਰਪ੍ਰਸਤ ਤੇ ਰਣਜੀਤ ਸਿੰਘ ਬ੍ਰਹਮਪੁਰਾ ਹੋਣਗੇ ਸਰਪ੍ਰਸਤ
ਅੱਠ ਮੈਂਬਰੀ ਅਡਵਾਈਜ਼ਰੀ ਬੋਰਡ ਦਾ ਐਲਾਨ,
24 ਮੈਂਬਰੀ ਕੋਰ ਕਮੇਟੀ ਬਣਾਈ ਨਰੇਸ਼ ਗੁਜਰਾਲ ਤੇ ਪਰਮਜੀਤ ਸਿੰਘ ਸਰਨਾ ਨੂੰ ਬਣਾਇਆ ਸਪੈਸ਼ਲ ਇਨਵਾਇਟੀ
ਨਜ਼ਰਾਨਾ ਨਿਊਜ ਬਿਉਰੋ ਚੰਡੀਗੜ੍ਹ, 30 ਨਵੰਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਜ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਢਾਂਚੇ ਦਾ ਐਲਾਨ ਕਰ ਦਿੱਤਾ ਗਿਆ। ਨਵੇਂ ਬਣਾਏ ਢਾਂਚੇ ਵਿਚ ਸੁਖਬੀਰ ਬਾਦਲ ਵਿਰੁਧ ਮੋਰਚਾ ਖੋਲਣ ਵਾਲੇ ਸਾਬਕਾ ਐਮ.ਪੀ ਜਗਮੀਤ ਸਿੰਘ ਬਰਾੜ ਨੂੰ ਥਾਂ ਨਹੀਂ ਦਿੱਤੀ ਗਈ ਤੇ ਨਾਂ ਹੀ ਪਾਰਟੀ ਹੁਕਮਾਂ ਦੇ ਉਲਟ ਭਾਜਪਾ ਦੀ ਰਾਸਟਰਪਤੀ ਅਹੁੱਦੇ ਲਈ ਉਮੀਦਵਾਰ ਰਹੀ ਸ਼੍ਰੀਮਤੀ ਦੁਰਮੂ ਮੋਰਮੂ ਨੂੰ ਵੋਟ ਨਾ ਪਾਉਣ ਵਾਲੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦਾ ਨਾਮ ਕਿਤੇ ਸ਼ਾਮਲ ਕੀਤਾ ਗਿਆ ਹੈ। ਉਂਜ ਪਾਰਟੀ ਦੇ ਮੌਜੂਦਾ ਸਮੇਂ ਤਿੰਨ ਵਿਧਾਇਕ ਹਨ, ਜਿੰਨ੍ਹਾਂ ਵਿਚੋਂ ਸੁਖਵਿੰਦਰ ਸਿੰਘ ਸੁੱਖੀ ਨੂੰ ਕੋਰ ਕਮੇਟੀ ਮੈਂਬਰ ਤੇ ਮਜੀਠਾ ਤੋਂ ਵਿਧਾਇਕ ਗਨੀਵ ਕੌਰ ਮਜੀਠਿਆ ਦੇ ਪਤੀ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠਿਆ ਨੂੰ ਵੀ ਇਸੇ ਕਮੇਟੀ ਵਿਚ ਸ਼ਾਮਲ ਕੀਤਾ ਗਿਆ ਹੈ। ਪਾਰਟੀ ਪ੍ਰਧਾਨ ਵਲੋਂ ਐਲਾਨੇ ਢਾਂਚੇ ਵਿਚ ਫ਼ਰਵਰੀ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਮਿਲੀ ਕਰਾਰੀ ਹਾਰ ਕਾਰਨ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਧਰਾਤਲ ਪੱਧਰ ‘ਤੇ ਸੁਰਜੀਤ ਕਰਨ ਲਈ ਬਣਾਈ ਝੂੰਦਾ ਕਮੇਟੀ ਦੇ ਇਕਬਾਲ ਸਿੰਘ ਝੂੰਦਾ ਨੂੰ ਵੀ ਕੋਰ ਕਮੇਟੀ ਵਿਚ ਸ਼ਾਮਲ ਕੀਤਾ ਗਿਆ ਹੈ। ਐਲਾਨੇ ਢਾਂਚੇ ਮੁਤਾਬਕ ਮੁੜ ਪ੍ਰਕਾਸ਼ ਸਿੰਘ ਬਾਦਲ ਨੂੰ ਪਾਰਟੀ ਦਾ ਮੁੱਖ ਸਰਪ੍ਰਸਤ ਬਣਾਇਆ ਗਿਆ ਹੈ। ਜਦੋਂਕਿ ਬਾਦਲਾਂ ਨਾਲੋਂ ਅਲੱਗ ਹੋ ਕੇ ਮੁੜ ਘਰ ਵਾਪਸੀ ਕਰਨ ਵਾਲੇ ਸਾਬਕਾ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਸਰਪ੍ਰਸਤ ਬਣਾਉਣ ਤੋਂ ਇਲਾਵਾ ਅੱਠ ਮੈਂਬਰੀ ਸਲਾਹਕਾਰ ਬੋਰਡ ਬਣਾਇਆ ਗਿਆ ਹੈ। ਜਿਸ ਵਿਚ ਚਰਨਜੀਤ ਸਿੰਘ ਅਟਵਾਲ, ਕ੍ਰਿਪਾਲ ਸਿੰਘ ਬੰਡੂਗਰ, ਬੀਬੀ ਉਪਿੰਦਰਜੀਤ ਕੌਰ, ਬਲਦੇਵ ਸਿੰਘ ਮਾਨ, ਪ੍ਰਕਾਸ਼ ਚੰਦ ਗਰਗ, ਵੀਰ ਸਿੰਘ ਲੋਪੋਕੇ, ਵਰਿੰਦਰ ਸਿੰਘ ਬਾਜਵਾ ਤੇ ਜਰਨੈਲ ਸਿੰਘ ਵਾਹਦ ਨੂੰ ਸ਼ਾਮਲ ਕੀਤਾ ਗਿਆ ਹੈ। ਇਸੇ ਤਰ੍ਹਾਂ 24 ਮੈਂਬਰੀ ਕੋਰ ਕਮੇਟੀ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ, ਮਹੇਸ਼ਇੰਦਰ ਸਿੰਘ ਗਰੇਵਾਲ, ਪ੍ਰੇਮ ਸਿੰਘ ਚੰਦੂਮਾਜਰਾ, ਗੁਲਜਾਰ ਸਿੰਘ ਰਣੀਕੇ, ਸਿਕੰਦਰ ਸਿੰਘ ਮਲੂਕਾ, ਅਨਿਲ ਜੋਸ਼ੀ, ਜਨਮੇਜਾ ਸਿੰਘ ਸੇਖੋਂ, ਦਲਜੀਤ ਸਿੰਘ ਚੀਮਾ, ਸਰਨਜੀਤ ਸਿੰਘ ਢਿੱਲੋ, ਬਿਕਰਮ ਸਿੰਘ ਮਜੀਠਿਆ, ਸੁਰਜੀਤ ਸਿੰਘ ਰੱਖੜਾ, ਹੀਰਾ ਸਿੰਘ ਗਾਬੜੀਆ, ਐਨ.ਕੇ.ਸ਼ਰਮਾਂ , ਇਕਬਾਲ ਸਿੰਘ ਝੂੰਦਾ, ਡਾ ਸੁਖਵਿੰਦਰ ਸਿੰਘ ਸੁੱਖੀ , ਗੁਰਪ੍ਰਤਾਪ ਸਿੰਘ ਵਡਾਲਾ, ਪਵਨ ਕੁਮਾਰ ਟੀਨੂੰ, ਵਿਰਸਾ ਸਿੰਘ ਵਲਟੋਹਾ, ਗੁਰਬਚਨ ਸਿੰਘ ਬੱਬੇਹਾਲੀ, ਲਖਵੀਰ ਸਿੰਘ ਲੋਧੀਨੰਗਲ ਅਤੇ ਸ਼੍ਰੀਮਤੀ ਸੁਨੀਤਾ ਚੌਧਰੀ ਦੇ ਨਾਮ ਸ਼ਾਮਲ ਹੈ। ਇਸਤੋਂ ਇਲਾਵਾ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸ਼ਰਨਾ ਤੇ ਸਾਬਕਾ ਐਮ.ਪੀ ਨਰੇਸ਼ ਗੁਜਰਾਲ ਨੂੰ ਸਪੈਸ਼ਲ ਇਨਵਾਈਟੀ ਬਣਾਇਆ ਗਿਆ ਹੈ।
Author: Gurbhej Singh Anandpuri
ਮੁੱਖ ਸੰਪਾਦਕ