6 ਦਸੰਬਰ ਨੂੰ ਨਿੱਜੀ ਤੌਰ ‘ਤੇ ਪੇਸ਼ ਹੋ ਕੇ ਪਾਰਟੀ ਵਿਰੋਧੀ ਬਿਆਨਬਾਜ਼ੀ ‘ਤੇ ਮੰਗਿਆ ਸਪੱਸ਼ਟੀਕਰਨ
ਅਕਾਲੀ ਦਲ ਨੇ ਕੁੱਝ ਦਿਨ ਪਹਿਲਾਂ ਐਲਾਨੇ ਢਾਂਚੇ ਵਿਚ ਬਰਾੜ ਨਹੀਂ ਕੀਤਾ ਸੀ ਸ਼ਾਮਲ
ਬੀਤੇ ਕੱਲ ਹੀ ਜਗਮੀਤ ਬਰਾੜ ਨੇ ਤਾਲਮੇਲ ਕਮੇਟੀ ਦਾ ਕੀਤਾ ਸੀ ਵਿਸਥਾਰ
ਚੰਡੀਗੜ੍ਹ, 2 ਦਸੰਬਰ ( ਬਲਦੇਵ ਸਿੰਘ ਭੋਲੇਕੇ ) ਪਿਛਲੀਆਂ ਵਿਧਾਨ ਸਭਾ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ ਕਰਾਰ ਹਾਰ ਤੋਂ ਬਾਅਦ ਬਾਦਲ ਪ੍ਰਵਾਰ ਨੂੰ ਮਿਲ ਰਹੀ ਚੁਣੌਤੀ ਦੇ ਮੱਦੇਨਜ਼ਰ ਹੁਣ ਬਾਗੀਆਂ ਵਿਰੁਧ ਸਖ਼ਤੀ ਵਰਤ ਰਹੀ ਅਕਾਲੀ ਹਾਈਕਮਾਂਡ ਨੇ ਸਾਬਕਾ ਐਮ.ਪੀ ਜਗਮੀਤ ਸਿੰਘ ਬਰਾੜ ਨੂੰ ਵੀ ਬਾਹਰ ਦਾ ਰਾਸਤਾ ਵਿਖਾਉਣ ਦੀ ਤਿਆਰੀ ਕਰ ਲਈ ਹੈ। ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਂੲਸਦੀ ਪੁਸ਼ਟੀ ਕਰਦਿਆਂ ਦਸਿਆ ਕਿ ਸ: ਬਰਾੜ ਨੂੰ 6 ਦਸੰਬਰ ਨੂੰ ਦੁਪਹਿਰ 12.00 ਵਜੇ ਪਾਰਟੀ ਦੇ ਮੁੱਖ ਦਫਤਰ ਵਿਚ ਅਨੁਸ਼ਾਸਨੀ ਕਮੇਟੀ ਅੱਗੇ ਪੇਸ਼ ਹੋ ਕੇ ਆਪਣੀ ਪਾਰਟੀ ਵਿਰੋਧੀ ਬਿਆਨਬਾਜ਼ੀ ਦਾ ਸਪਸ਼ਟੀਕਰਨ ਦੇਣ ਲਈ ਕਿਹਾ ਹੈ। ਇਸ ਸਬੰਧੀ ਪੱਤਰ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਨੇ ਅੱਜ ਜਗਮੀਤ ਸਿੰਘ ਬਰਾੜ ਨੂੰ ਭੇਜਿਆ ਹੈ। ਦਸਣਾ ਬਣਦਾ ਹੈ ਕਿ ਇਸਤੋ ਪਹਿਲਾਂ ਵੀ ਜਗਮੀਤ ਬਰਾੜ ਨੂੰ ਪੱਤਰ ਜਾਰੀ ਕਰਕੇ ਸਪੱਸ਼ਟੀਕਰਨ ਮੰਗਿਆ ਗਿਆ ਸੀ, ਜਿਸਦਾ ਉਨ੍ਹਾਂ ਵਲੋਂ ਬਕਾਇਦਾ ਜਵਾਬ ਵੀ ਭੇਜ ਦਿੱਤਾ ਗਿਆ ਸੀ ਪ੍ਰੰਤੂ ਅਨੁਸਾਸ਼ਨੀ ਕਮੇਟੀ ਨੇ ਇਸਤੋਂ ਅੰਸਤੁਸ਼ਟ ਹੁੰਦਿਆਂ ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਸੱਦਣ ਦਾ ਫੈਸਲਾ ਲਿਆ ਸੀ ਪ੍ਰੰਤੂ ਬਰਾੜ ਦੀਆਂ ਗਤੀਵਿਧੀਆਂ ਤੇ ਸ਼੍ਰੋਮਣੀ ਕਮੇਟੀ ਚੋਣਾਂ ਦੇਖਦਿਆਂ ਇੱਕ ਵਾਰ ਇਹ ਮਸਲਾ ਠੰਢਾ ਪੈ ਗਿਆ ਸੀ। ਪ੍ਰੰਤੂ ਹੁਣ ਦੋ ਦਿਨ ਪਹਿਲਾਂ ਸੁਖਬੀਰ ਸਿੰਘ ਬਾਦਲ ਵਲੋਂ ਪਾਰਟੀ ਦੇ ਐਲਾਨੇ ਢਾਂਚੇ ਵਿਚੋਂ ਜਗਮੀਤ ਬਰਾੜ ਨੂੰ ਬਾਹਰ ਕਰਨ ਤੋਂ ਏ ਬਾਅਦ ਬੀਤੇ ਕੱਲ ਸ: ਬਰਾੜ ਨੇ ਪਹਿਲਾਂ ਐਲਾਨੀ ਪੰਥਕ ਤਾਲਮੇਲ ਕਮੇਟੀ ਵਿਚ ਵਾਧਾ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਆਦੇਸ਼ਪ੍ਰਤਾਪ ਸਿੰਘ ਕੈਰੋ ਸਹਿਤ 9 ਮੈਂਬਰਾਂ ਨੂੰ ਸ਼ਾਮਲ ਕੀਤਾ ਸੀ। ਹਾਲਾਂਕਿ ਤਿੰਨ ਮੈਂਬਰਾਂ ਸ.ਅਲਵਿੰਦਰਪਾਲ ਸਿੰਘ ਪੱਖੋਕੇ , ਸ. ਰਵੀਕਰਨ ਸਿੰਘ ਮਾਹਲੋਂ ਅਤੇ ਸ. ਸੁੱਚਾ ਸਿੰਘ ਛੋਟੇਪੁਰ ਨੇ ਹੁਣ ਤੱਕ ਉਨ੍ਹਾਂ ਦੀ ਕਮੇਟੀ ਨਾਲ ਅਸਹਿਮਤੀ ਜਤਾਈ ਹੈ ਪ੍ਰੰਤੂ ਸ: ਕੈਰੋ ਸਮੇਤ ਬਾਕੀ ਮੈਂਬਰ ਹਾਲੇ ਤੱਕ ਚੁੱਪ ਹਨ। ਉਧਰ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਕਮੇਟੀ ਪਹਿਲਾਂ ਹੀ ਸਾਬਕਾ ਐਮ ਪੀ ਵੱਲੋਂ ਉਹਨਾਂ ਨੂੰ ਜਾਰੀ ਕੀਤੇ ਕਾਰਣ ਦੱਸੋ ਨੋਟਿਸ ਦੇ ਦਿੱਤੇ ਜਵਾਬ ‘ਤੇ ਅਸੰਤੁਸ਼ਟੀ ਜ਼ਾਹਰ ਕਰ ਚੁੱਕੀ ਹੈ। ਪਰ ਸਾਬਕਾ ਐਮ.ਪੀ ਬਜਾਏ ਸਿੱਧੇ ਰਾਹ ਪੈਣ ਦੇ ਆਪਣੇ ਪੱਧਰ ’ਤੇ ਹੀ ਕਮੇਟੀਆਂ ਦੇ ਗਠਨ ਵਿਚ ਲੱਗੇ ਹਨ ਤੇ ਪਾਰਟੀ ਵਿਰੋਧੀ ਗਤੀਵਿਧੀਆਂ ਕਰ ਰਹੇ ਹਨ। ਜਿਕਰਯੋਗ ਹੈ ਕਿ ਇਸਤੋਂ ਪਹਿਲਾਂ ਅਕਾਲੀ ਦਲ ਵਲੋਂ ਸਾਬਕਾ ਮੰਤਰੀ ਬੀਬੀ ਜੰਗੀਰ ਕੌਰ ਨੂੰ ਵੀ ਅਕਾਲੀ ਦਲ ਵਿਚੋਂ ਕੱਢ ਦਿੱਤਾ ਗਿਆ ਸੀ।
Author: Gurbhej Singh Anandpuri
ਮੁੱਖ ਸੰਪਾਦਕ