ਵੀਂਹਵੀ ਸਦੀ ਦੇ ਤੀਜੇ ਦਹਾਕੇ ਵਿਚ ਲਾਹੌਰ ਵਿਚ ਭਾਈ ਤਾਰੂ ਸਿੰਘ ਤੇ ਹੋਰ ਸਿੰਘ ਸਿੰਘਣੀਆਂ ਨਾਲ ਸਬੰਧਿਤ ਸ਼ਹੀਦ ਗੰਜ ਦੇ ਮੁਤੱਲਕ ਸਿੱਖਾਂ ਤੇ ਮੁਸਲਮਾਨਾਂ ਵਿਚ ਬਹੁਤ ਵੱਡਾ ਝਗੜਾ ਹੋਇਆ। ਸਿੱਖ ਤਵਾਰੀਖ਼ ਵਿਚ ਇਸਨੂੰ ਸ਼ਹੀਦ ਗੰਜ ਐਜੀਟੇਸ਼ਨ ਕਰਕੇ ਜਾਣਿਆਂ ਜਾਂਦਾ ਹੈ । ਇਸ ਸਮੇਂ ਮੁਸਲਮਾਨਾਂ ਹੱਥੋਂ ਕਈ ਸਿੱਖ ਮਰੇ। ਇਸ ਲੰਮੀ ਐਜੀਟੇਸ਼ਨ ਤੇ ਕਦੇ ਵੱਖਰਾ ਵਿਸਥਾਰ ਨਾਲ ਲਿਖਾਂਗੇ। ਇਸ ਚਲਦੇ ਮਸਲੇ ਵਿੱਚ ਹੀ ਲਾਹੌਰ ਦੇ ਸਿੱਖਾਂ ਨੇ 30 ਨਵੰਬਰ ਨੂੰ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਇਕ ਸ਼ਾਨਦਾਰ ਸ਼ਹੀਦੀ ਜਲੂਸ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਤੋਂ ਕੱਢਿਆ ਜੋ ਗੁ.ਡੇਹਰਾ ਸਾਹਿਬ ਵਿਖੇ ਸਮਾਪਤ ਹੋਇਆ।ਇਸ ਦਿਨ ਤੇ ਮੁਸਲਮਾਨਾਂ ਦੀ ਕੋਈ ਪੇਸ਼ ਨ ਗਈ ਪਰ 1 ਦਸੰਬਰ 1935 ਈਸਵੀ ਨੂੰ ਸਵੇਰੇ ਸਾਰ ਹੀ ਮੁਸਲਮਾਨਾਂ ਨੇ ਗੁਰਦੁਆਰਾ ਚੁਮਾਲਾ ਸਾਹਿਬ ਅਤੇ ਹੋਰ ਕਈ ਥਾਵਾਂ ਤੇ ਸਿੱਖਾਂ ਤੇ ਹਮਲਾ ਕੀਤਾ । ਸਿੱਖਾਂ ਵੀ ਅੱਗੋਂ ਥੋੜਾ ਬਹੁਤ ਜੌਹਰ ਵਿਖਾਇਆ। ਅੰਗਰੇਜ਼ੀ ਸਰਕਾਰ ਨੇ 1878 ਈਸਵੀ ਦੇ ਆਰਮਡ ਐਕਟ ਅਧੀਨ ਹਥਿਆਰਾਂ ਤੇ ਪਾਬੰਦੀ ਲਗਾ ਦਿੱਤੀ ਤੇ ਸਿੱਖਾਂ ਕੋਲੋਂ ਧੱਕੇ ਨਾਲ ਕਿਰਪਾਨਾਂ ਖੋਹਣੀਆਂ ਸ਼ੁਰੂ ਕਰ ਦਿੱਤੀਆਂ।ਇਹ ਘਟਨਾ 2 ਦਸੰਬਰ 1935 ਈਸਵੀ ਦੀ ਸੀ । ਜਿਸਦੇ ਫਲਸਰੂਪ ਸਿੱਖਾਂ ਨੇ 1 ਜਨਵਰੀ 1936 ਈਸਵੀ ਤੋਂ ਕਿਰਪਾਨ ਦੀ ਆਜ਼ਾਦੀ ਲਈ ਮੋਰਚਾ ਲਾ ਦਿੱਤਾ। ਹਰ ਰੋਜ਼ ਗੁਰਦੁਆਰਾ ਡੇਹਰਾ ਸਾਹਿਬ ਤੋਂ ਸਿੱਖਾਂ ਦਾ ਜੱਥਾ ਗਾਤਰੇ ਵੱਡੀਆਂ ਕਿਰਪਾਨਾਂ ਪਾਕੇ ਜਾਂਦਾ ਤੇ ਗ੍ਰਿਫ਼ਤਾਰੀ ਦਿੰਦਾ। ਇਸ ਮੋਰਚੇ ਵਿਚ ਬੇਅੰਤ ਸਿੰਘ ਸਿੰਘਣੀਆਂ ਨੇ ਹਿੱਸਾ ਲਿਆ । ਅਖੀਰ ਸਿੱਖਾਂ ਦੇ ਜਜ਼ਬੇ ਦੇ ਸਨਮੁਖ ਝੁਕਦਿਆਂ 31 ਜਨਵਰੀ 1936 ਈਸਵੀ ਨੂੰ ਕਿਰਪਾਨ ਤੇ ਲੱਗੀ ਪਾਬੰਦੀ ਹਟਾ ਦਿੱਤੀ ।
ਬਜ਼ੁਰਗਾਂ ਤੋਂ ਪ੍ਰਰੇਨਾ ਲੈ ਕੇ ਅੱਜ ਦੀ ਸਰਕਾਰ ਦੇ ਔਰੰਗਜ਼ੇਬੀ ਫੁਰਮਾਨਾਂ ਸਨਮੁਖ ਇੰਝ ਹੀ ਡਟਣਾ ਚਾਹੀਦਾ ਜੋ ਸਿੱਖਾਂ ਨੂੰ ਹਥਿਆਰਾਂ ਬਿਨਾਂ ਘਸਿਆਰੇ ਬਣਾਉਣਾ ਚਾਹੁੰਦੀ ਹੈ।
ਬਲਦੀਪ ਸਿੰਘ ਰਾਮੂੰਵਾਲੀਆ
Author: Gurbhej Singh Anandpuri
ਮੁੱਖ ਸੰਪਾਦਕ