ਲਾਲਾ ਦੌਲਤ ਰਾਏ ਇਕ ਆਰੀਆ ਸਮਾਜੀ ਸੀ ਪੱਕਾ ਠੋਸ /(ਆਰੀਆ ਸਮਾਜੀ ਸਿਰਫ ਵੇਦਾਂ ਤੇ ਵੇਦਿਕ ਰੀਤਾਂ ਨੂੰ ਮੰਨਦੇ ਹਨ /ਉਹ ਕਿਸੇ ਦੇਵੀ ਦੇਵਤੇ ਨੂੰ ਨਹੀ ਮੰਨਦੇ ….ਇਕ ਈਸਰਵਰਵਾਦੀ ਹੁੰਦੇ ਹਨ )ਉਸਨੇ ੧੯੦੧ ਚ ਇਕ ਉਰਦੂ ਚ ਕਿਤਾਬ ਲਿਖੀ ਸੀ “ਸਵਾਨਿ ਉਮਰੀ ਗੁਰੂ ਗੋਬਿੰਦ ਸਿੰਘ ਜੀ ” ਉਨ੍ਹਾਂ ਸਮਿਆਂ ਚ ਇਹ ਕਿਤਾਬ ਇਕ ਆਰੀਆ ਸਮਾਜੀ ਦੁਆਰਾ ਗੁਰੂ ਗੋਬਿੰਦ ਸਿੰਘ ਜੀ ਜੀਵਨ ਪ੍ਰਕਿਰਿਆ ਦਾ ਮੁਲਾਕਣ ਕਰਦਿਆ ਕਾਫੀ ਸਲਾਹੀ ਗਈ ਸੀ (ਅਜ ਵੀ ਇਸ ਕਿਤਾਬ ਦੀ ਬਿਕਰੀ ਧੜਾ ਧੜ ਹੁੰਦੀ ਹੈ,ਅਜ ਤਕ ਗੁਰੂ ਗੋਿਬੰਦ ਸਿੰਘ ਜੀ ਦੀ ਜੀਵਨੀ ਤੇ ਲਿਖੀਆਂ ਕਿਤਾਬਾਂ ਚੋ ਸਭ ਤੋਂ ਵਧ ਇਹ ਹੀ ਵਿਕਦੀ ਹੈ) ……ਇਸ ਕਿਤਾਬ ਦੇ ਜ਼ਰੀਏ ਉਸਨੇ ਸਿੱਖ ਪੰਥ ਦੀ ਵਖਰੀ ਹੋਂਦ ਤੋਂ ਸਾਫ ਇਨਕਾਰ ਕੀਤਾ ਤੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਸਿੱਖ ਪੰਥ ਤਾਂ ਸਨਾਤਨੀ /ਹਿੰਦੂ ਮਤ ਦਾ ਸੁਧਾਰਵਾਦੀ ਅੰਗ ਹੈ ….ਪਰ ਸਾਡੇ ਮੂਰਖ ਲਾਣੇ ਨੇ ਇਸ ਕਿਤਾਬ ਦੀ ਗੁਹਜ ਰਮਜ਼ ਨਾ ਸਮਝ ਕਿ ਆਪਣੇ ਹਥੀ ਇਸਦੀਆਂ ਪੰਜਾਬੀ/ਹਿੰਦੀ/ਅੰਗਰੇਜ਼ੀ ਦੀਆਂ ਹਜ਼ਾਰਾ ਕਾਪੀਆਂ ਵੰਡੀਆਂ….. ਸਭ ਤੋਂ ਨਮੋਸ਼ ਪ੍ਰਚਾਰਕ ਜਮਾਤ ਨੇ ਕੀਤਾ ਜਿਸ ਇਸਦਾ ਪ੍ਰਚਾਰ ਪ੍ਰਸਾਰ ਕੀਤਾ ….ਆਉ ਕਿਤਾਬ ਦੀਆਂ ਟੂਕਾਂ ਤੇ ਨਜ਼ਰਸਾਨੀ ਮਾਰੀਏ ਤੇ ਦੇਖੀਏ ਕਿ ਕਿਸ ਤਰ੍ਹਾਂ ਇਹ ਰਾਸ਼ਟਰਵਾਦ ਦੀ ਪਿੱਠ ਪੂਰਦੀ ਹੈ ਤੇ ਖਾਲਸੇ ਦੇ ਨਿਆਰੇਪਣ ਨੂੰ ਗੰਧਲਾ ਕਰਨ ਦੀ ਕੋਸ਼ਿਸ਼ ਕਰਦੀ ਹੈ ………….
੧.ਭੂਮਿਕਾ ਚ ਲਾਲਾ ਦੌਲਤ ਰਾਇ ਗੁਰੂ ਗੋਬਿੰਦ ਸਿੰਘ ਨੂੰ ਦੇਸ਼ ਭਗਤ ਲਿਖਦਾ ਹੈ /(੨੧)
੨.ਮੁਖਬੰਧ ਚ ਲਾਲਾ ਜੀ ਲਿਖਦੇ ਹਨ “ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੂ ਧਰਮ ਵਿਚ ਸੁਧਾਰ ਹੀ ਕੀਤਾ ਤੇ ਹਿੰਦੂ ਦੀ ਹਾਲਤ ਨੂੰ ਪਲਟਾ ਦਿਤਾ, ਨਾ ਕੋਈ ਨਵਾਂ ਧਰਮ ਚਲਾਇਆ ਤੇ ਨਾ ਹੀ ਕਿਸੇ ਨਵੇਂ ਫਿਰਕੇ ਦੀ ਨੀਂਹ ਰੱਖੀ।” (੨੫)
੩.ਮੁਖਬੰਧ ਚ ਹੀ ਅਗੇ ਲਿਖਦਾ ਹੈ “ਐਨ ਸੰਭਵ ਸੀ ਕਿ ਹਿੰਦੂ ਧਰਮ ਦਾ ਜ਼ਹਾਜ਼ ਹੀ ਗਰਕ ਹੋ ਜਾਂਦਾ ਅਤੇ ਵੈਦਿਕ ਧਰਮ ਦੇ ਸੇਵਕ ਸਦਾ ਲਈ ਸੰਸਾਰ ਤੋਂ ਅਲੋਪ ਹੋ ਜਾਂਦੇ /ਇਸ ਨਿਰਾਸਤਾ ਦੇ ਸਮੇਂ ਬਾਬਰ ਦੇ ਦੌਰ ਵਿਚ ਇਕ ਅਜਿਹਾ ਮਲਾਹ ਪੈਦਾ ਹੋਇਆ, ਜਿਸ ਨੇ ਕਿ ਵੇਦਿਕ ਧਰਮ ਦੀਆਂ ਨੀਹਾਂ ਤੇ ਹਿੰਦੂਆਂ ਦੀ ਹੋਂਦ ਨੂੰ ਅਜਿਹਾ ਮੋਢਾ ਦਿਤਾ ਕਿ ਉਸ ਦੇ ਸੁਘੜ ਤੇ ਲਾਇਕ ਉਤਰਾਧਿਕਾਰੀਆਂ ਨੇ ਉਨ੍ਹਾਂ ਨੂੰ ਤੂਫਾਨ ਵਿਚ ਗਰਕ ਹੋਣ ਤੋਂ ਬਚਾ ਲਿਆ /ਇਹ ਮਲਾਹ ਕੌਣ ਸੀ? ਇਹ ਗੁਰੂ ਨਾਨਕ ਦੇਵ ਜੀ ਸਨ/”(੪੮)
੪.ਲਾਲਾ ਜੀ ਅਗੇ ਲਿਖਦੇ ਹਨ “ਗੁਰੂ ਨਾਨਕ ਦੇਵ ਜੀ ਨੇ ਹਿੰਦੂ ਧਰਮ ਦੀਆਂ ਸਾਰੀਆਂ ਧਾਰਮਿਕ ਤੁਰਟੀਆਂ ਨੂੰ ਤੇ ਤਰੇੜਾਂ ਨੂੰ ਧਰਮ ਦੀ ਪਵਿਤ੍ਰਤਾ ਚੋ ਪੁਣ ਛਾਣ ਕੇ ਕਿਸੇ ਹਦ ਤਕ ਸਾਫ ਕੀਤਾ “(੪੮)
੫.” ਗੁਰੂ ਨਾਨਕ ਦੇਵ ਜੀ ਨੇ ਹਿੰਦੂਆ ਨੂੰ ਉਪਦੇਸ਼ ਕੀਤਾ ਕਿ ਇਕ ਈਸ਼ਵਰ ਤੋਂ ਸਿਵਾਏ ਕਿਸੇ ਹੋਰ ਦੀ ਪੂਜਾ ਉਨ੍ਹਾਂ ਲਈ ਅਯੋਗ ਹੈ ….ਉਨ੍ਹਾਂ ਨੂੰ ਦ੍ਰਿੜ ਕਰਵਾਇਆ ਕਿ ਉਨੇ ਦੇ ਵਡੇ ਵਡੇਰੇ (ਲੇਖਕ ਦਾ ਭਾਵ ਵੇਦਿਕ ਧਰਮ ਤੋਂ ਹੈ)ਪ੍ਰਮਾਤਮਾ ਨੂੰ ਅਕਾਲ ਤੇ ਸਰੀਰ ਤੋਂ ਰਹਿਤ ਮੰਨਦੇ ਸਨ ਤੇ ਬੁਤ ਪੂਜਾ ਤੋਂ ਘ੍ਰਿਣਾ ਕਰਦੇ ਸਨ/”(੪੯)
੬.ਅਗੇ ਲਾਲਾ ਜੀ ਲਿਖਦੇ ਹਨ ” ਇਹੋ ਕਾਰਨ ਹੈ ਕਿ ਮੁਸਲਮਾਨ ਵੀ ਅਜਿਹੇ ਦਲੇਰ ਵਿਅਕਤੀ ਦੇ ਖਿਲਾਫ ਨਾ ਹੋਏ, ਜੋ ਹਿੰਦੂਆਂ ਨੂੰ ਉਨ੍ਹਾਂ ਦੇ ਮੁਲਾਬਲੇ ਤੇ ਲਿਆਉਣ ਦੀ ਨੀਂਹ ਰਖ ਰਿਹਾ ਸੀ “(੫੦)
੭.ਮੁਖਬੰਧ ਚ ਅਖੀਰ ਤੇ ਲਾਲਾ ਜੀ ਲਿਖਦੇ ਹਨ ” ਇਸ ਹਸਤੀ ਨੇ ਹਿੰਦੂ ਧਰਮ ਦੀ ਨਈਆ ਨੂੰ ਤੂਫਾਨ ਵਿਚੋਂ ਕੱਢਿਆ ਹੀ ਨਹੀਂ,ਸਗੋਂ ਕੰਢੇ ਤੇ ਆ ਖੜਾ ਕੀਤਾ /ਹਿੰਦੂ ਧਰਮ ਦੇ ਸੁਕ ਚੁਕੇ ਤੇ ਕੁਮਲਾ ਗਏ ਬਾਗ ਲਈ ਉਹ ਰਹਿਮਤ ਦੀ ਵਰਖਾ ਤੇ ਉਜੜ ਰਹੇ ਚਮਨ ਦਾ ਮਾਲੀ ਤੇ ਦਰਦ ਵੰਡਾਉਣ ਵਾਲਾ ਸੀ /ਪਰ ਉਹ ਕੌਣ ਸੀ? ਹਾਂ, ਉਹ ਸਨ ਗੁਰੂ ਗੋਬਿੰਦ ਸਿੰਘ “(੬੦)
੮.ਲਾਲਾ ਜੀ ਅਗੇ ਚਲ ਕਿ ਲਿਖਦੇ ਹਨ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ “ਕਸ਼ੱਤਰੀ ਖੂਨ ਦੇ ਜ਼ੋਸ਼ ਦੀ ਮੰਗ ਕਰਦੀ ਸੀ ਕਿ ਮਜ਼ਲੂਮਾਂ ਦੀ ਬਾਂਹ ਫੜੀ ਜਾਏ ਤੇ ਸਹਾਇਤਾ ਕੀਤੀ ਜਾਵੇ ” ……੬੪
੯.ਅਗੇ ਲਾਲਾ ਜੀ ਲਿਖਦੇ ਹਨ ਕਿ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਗੋਬਿੰਦ ਰਾਏ ਨੂੰ ਕਿਹਾ” ਸਾਡੀ ਦੇਹ ਨੂੰ ਰੁਲਣ ਤੋਂ ਬਚਾਉਣਾ ਤੇ ਇਸਦਾ ਮਿਰਤਕ ਸੰਸਕਾਰ ਕਰਨਾ /ਪੀੜਤ ਹਿੰਦੂ ਧਰਮ ਦੀ ਰੱਖਿਆ ਹੁਣ ਤੁਹਾਡੇ ਜ਼ਿੰਮੇ ਹੈ ਤੇ ਆਪਣੇ ਪ੍ਰਾਣਾਂ ਦੀ ਅਹੂਤੀ ਦੇ ਕੇ ਵੀ ਇਸ ਨੂੰ ਨਿਭਾਉਣਾ “….੬੫
੧੦.”ਜਦੋਂ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਰਖਿਆ (ਲੇਖਕ ਦਾ ਭਾਵ ਸਨਾਤਨ ਮਤ ਤੋਂ ਹੈ)ਲਈ ਤੇ ਧਰਮ ਦੇ ਵੈਰੀਆਂ ਦੀ ਜੜ੍ਹ ਪੁਟਣ ਲਈ, ਦੇਸ਼ ਭਗਤੀ (ਰਾਸ਼ਟਰਵਾਦ) ਦੀ ਅਗਨੀ ਪ੍ਰਚੰਡ ਕਰਨ ਲਈ ਗੋਬਿੰਦ ਰਾਏ ਨੂੰ ਪ੍ਰੇਰਿਆ ਤੇ ਉਭਾਰਿਆ ਤਾਂ ਉਨ੍ਹਾਂ ਦੀ ਉਮਰ ਕੇਵਲ ਨੌਂ ਸਾਲ ਦੀ ਹੀ ਸੀ /ਅਜੇ ਕੋਈ ਖਾਸ ਤਜ਼ਰਬਾ ਵੀ ਨਹੀ ਸੀ “…..੬੬
੧੧.ਅਗੇ ਲਾਲਾ ਜੀ ਹੋਂਰੀ ਲਿਖਦੇ ਹਨ “ਪਰ ਗੁਰੂ ਗੋਬਿੰਦ ਸਿੰਘ ਜੀ ਨੂੰ ਅਜਿਹਾ ਦਿਲ ਮਿਲਿਆ ਸੀ ਜੋ ਸਾਰੀਆਂ ਹੀ ਤਕਲੀਫਾਂ ਤੇ ਮੁਸ਼ਕਲਾਂ ਨੂੰ ਤੁਛ ਸਮਝਦਾ ਸੀ ………..ਉਸ ਦਿਲ ਨੇ ਹਿੰਦੂਆਂ ਨੂੰ ਉਭਾਰਿਆ “…੬੮
੧੨. ਅਗੇ ਲਾਲਾ ਜੀ ਫੁਰਮਾਉਂਦੇ ਹਨ “ਉਨ੍ਹਾਂ (ਗੁਰੂ ਜੀ) ਦੀ ਪੂਰੀ ਖਾਹਿਸ਼ ਸੀ ਕਿ ਮਜ਼ਲੂਮ ਹਿੰਦੂ ਕੌਮ ਨੂੰ ਔਰੰਗਜੇਬ ਦੇ ਜੁਲਮਾਂ ਤੋਂ ਬਚਾਇਆ ਜਾਵੇ …..ਉਨ੍ਹਾਂ ਦੀ ਤਬੀਰ ਇੱਛਾ ਸੀ ਕਿ ਦੇਸ਼ (ਕਿਹੜਾ? ..ਰਿਆਸਤਾਂ ਚ ਵੰਡਿਆ) ਤੇ ਧਰਮ (ਹਿੰਦੂ ਮਤ) ਦੀ ਕਾਇਆਂ ਕਲਪ ਕੀਤੀ ਜਾਵੇ “…੬੮
੧੩.ਅਗੇ ਜਾ ਕਿ ਲਾਲਾ ਜੀ ਕਹਿੰਦੇ ” ਉਨ੍ਹਾਂ (ਗੁਰੂ ਜੀ) ਦੇ ਸਾਹਮਣੇ ਕੁਝ ਐਸੇ ਤੱਤ ਉਭਰ ਕੇ ਆਏ ਜਿਨ੍ਹਾਂ ਦੇ ਹਲ ਕਰਨ ਨਾਲ ਹਿੰਦੂਆਂ ਦੀ ਕਾਇਆਂ ਕਲਪ ਹੋ ਸਕਦੀ ਸੀ “…..੭੦
੧੪.ਲਾਲਾ ਦੌਲਤਾ ਲਿਖਦਾ ਆ ” ਹਿੰਦੂ ਕੌਮ ਦੀਆਂ ਰਗਾਂ ਵਿਚ ਗ਼ੈਰਤ, ਸ਼ਰਮ, ਅਣਖ ਤੇ ਹਿੰਮਤ ਦਾ ਖ਼ੂਨ ਜੋ ਠੰਡਾ ਪੈ ਚੁਕਾ ਸੀ, ਉਸ ਵਿਚ ਨਵੇਂ ਸਿਰੇ ਗਰਮੀ ਪੈਦਾ ਕਰਨ ਦਾ ਉਦੇਸ਼ ਉਨ੍ਹਾਂ(ਭਾਵ ਗੁਰੂ ਗੋਬਿੰਦ ਸਿੰਘ ਜੀ)ਉਲੀਕਿਆ ਤੇ ਨਵੀ ਧੜਕਣ ਉਪਜਾਈ ।………੭੨
੧੫.ਅਗੇ ਲਾਲ ਲਿਖਦਾ ਹੈ ‘ਕਿਸ ਚੀਜ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਉਭਾਰਿਆ’ ਸਿਰਲੇਖ ਹੇਠ “ਪਾਠਕ ਜੇ ਉਸ ਸਮੇਂ ਤੇ ਨਜ਼ਰ ਮਾਰਨ ਤਾਂ ਉਹ ਇਹ ਅਨੁਭਵ ਕਰਨਗੇ ਕਿ ਇਕ ਸਾਧਾਰਨ ਮਨੁੱਖ (ਗੁਰੂ ਸਾਹਿਬ ਲਈ ਇਹ ਲਫਜ਼ ਵਰਤ ਰਿਹਾ ਲਾਲਾ) ਜਾਂ ਇੰਝ ਆਖੋ ਕਿ ਇਕ ਨੁਕਰੇ ਇਕਾਂਤ ਵਿਚ ਭਗਤੀ ਕਰਨ ਵਾਲਾ ਇਕ ਦਰਵੇਸ਼ ਸੀ, ਜਿਸ ਪਾਸ ਨਾ ਜ਼ੋਰ, ਨਾ ਧਨ,ਨਾ ਫੌਜੀ ਸਾਮਾਨ ਤੇ ਨਾ ਹੀ ਇਕ ਵਿਘਾ ਧਰਤੀ ਸੀ (ਲੇਖਕ ਨੂੰ ਲਗਦਾ ਮਾਖੋਵਾਲ ਦੀ ਧਰਤੀ ਕਿਸਦੀ ਆ ਡਕਾ ਨਹੀ ਪਤਾ) ਪਰ ਉਸ ਕੋਲ ਇਕ ਸ਼ਕਤੀ ਸੀ, ਜੋ ਇਸ ਬੇਸਰੋ ਸਾਮਾਨੀ ਦੀ ਹਾਲਤ ਵਿਚ ਵੀ ਉਸ ਨੂੰ ਕਾਮਯਾਬੀ ਵੱਲ ਖਿੱਚਦੀ ਸੀ, ਉਸ ਦੇ ਹੌਂਸਲੇ ਨੂੰ ਚੜਦੀਕਲਾ ਵਿਚ ਲਿਜਾਂਦੀ ਸੀ ਤੇ ਉਸ ਦੀ ਹਿੰਮਤ ਵਿਚ ਗਰਮ ਜੋਸ਼ੀ ਪੈਦਾ ਕਰਦੀ ਸੀ /ਉਹ ਕਿਹੜੀ ਸ਼ਕਤੀ ਸੀ? ੳੁਹ ਸੀ ਉਨ੍ਹਾਂ (ਗੁਰੂ ਜੀ)ਦੇ ਦਿਲ ਅੰਦਰ ਦੇਸ਼ ਪਿਆਰ (ਉਸ ਵਕਤ ਕਿਹੜਾ ਦੇਸ਼ ਸੀ? …ਇਹ ਰਾਸ਼ਟਰਵਾਦ ਦੇ ਰੁਝਾਨ ਚ ਲਿਖਿਆ ਫਿਕਰਾ ਵਾ)ਦੀ ਚੰਗਿਆੜੀ ਤੇ ਕਸ਼ੱਤਰੀ ਧਰਮ ਪ੍ਰਤੀ ਫਰਜ਼ ਦੀ ਪਹਿਚਾਣ (ਭਾਵ ਬ੍ਰਾਹਮਣੀ ਧਰਮ ਦੀ ਰਖਿਆ ..ਵਾਹ ਲਾਲਾ ਜੀ) …..੭੨-੭੩
੧੬.ਲਾਲਾ ਜੀ ਹੁਣੀ ਆਪਣੇ ਰਾਸ਼ਟਰ ਮੋਹ ਨੂੰ ਦਿਖਾਉਂਦਿਆਂ ਲਿਖਦੇ ਹਨ ” ਗੁਰੂ ਗੋਬਿੰਦ ਸਿੰਘ ਦੇ ਦਿਲ ਚ ਦੇਸ਼ ਭਗਤੀ ਦੀ ਅਗਨੀ ਛੁਪੀ ਹੋਈ ਸੀ …..”੭੬
੧੭.ਅਗੇ ਲਾਲਾ ਲਿਖਦਾ ਹੈ “ਮੁਸਲਮਾਨਾਂ ਦੀ ਜ਼ਬਰਦਸਤ ਤਾਕਤ ਉਨ੍ਹਾਂ ਕੋਲੋਂ ਲੁਕੀ ਛੁਪੀ ਨਹੀ ਸੀ /ਹਿੰਦੂਆਂ ਦੀ ਬੇਬਸੀ, ਕਮਜ਼ੋਰੀ ਤੇ ਨਿਘਰਦੀ ਹਾਲਤ ਵੀ ਉਨ੍ਹਾਂ ਦੇ ਸਾਹਮਣੇ ਸੂਰਜ ਦੀ ਰੌਸ਼ਨੀ ਵਾਂਗ ਪ੍ਰਤੱਖ ਸੀ /ਗੁਰੂ ਗੋਬਿੰਦ ਸਿੰਘ ਜੀ ਨੂੰ ਹਿੰਦੂਆਂ ਵਿਚ ਕਸ਼ੱਤਰੀ ਪੁਣੇ ਦਾ ਨਵੇਂ ਸਿਰੇ ਤੋਂ ਜੋਸ਼ ਭਰਨ ਲਈ ਤੇ ਉਨ੍ਹਾਂ ਦੇ ਅੰਦਰ ਨਵੀ ਰੂਹ ਫੂਕਣ ਲਈ ਹਰ ਪੱਖ ਤੋਂ ਸੋਚਣ ਵਿਚਾਰਨ ਦਾ ਮੌਕਾ ਮਿਲਿਆ ……੭੭
੧੮.ਲਾਲਾ ਜੀ ਅਗੇ ਹੋਰ ਸੱਪ ਕਢਦੇ ਹਨ ਪਟਾਰੀ ਚੋਂ ” ਉਨ੍ਹਾਂ (ਗੁਰੂ ਜੀ) ਨੇ ਮਜ਼੍ਹਬੀ ਮਸਲਿਆਂ(ਹਿੰਦੂ ਧਰਮ ਨਾਲ ਸੰਬਧਿਤ)ਤੇ ਗੁਝਲਾਂ ਦਾ ਅਜਿਹਾ ਹੱਲ ਕੱਢਿਆ ਤੇ ਅਜਿਹੀ ਸ਼ਕਲ ਦਿਤੀ ਜੋ ‘ ਵੇਦਾਂ ਦੀ ਤਾਲੀਮ’ ਤੋਂ ਉਲਟ ਨਹੀ ਸੀ “…..੧੧੦
੧੯.ਲਾਲਾ ਲਿਖਦਾ “ਈਸ਼ਰਵਰ ਵਲੋਂ ਹੀ ਗੁਰੂ ਗੋਿਬੰਦ ਸਿੰਘ ਜੀ ਹਿੰਦੂਆਂ ਵਰਗੀ ਆਜਜ਼, ਨਿਰਬਲ, ਬਿਖਰੀ ਹੋਈ ਤੇ ਡਿੱਗੀ ਕੌਮ ਲਈ ਉਨ੍ਹਾਂ ਚ ਕੌਮੀ ਸਾਹਸ, ਬਲ, ਦੇਸ਼ ਪਿਆਰ ਦਾ ਸੰਦੇਸ਼ ਲੈ ਕੇ ਆਏ “……੧੨੨
੨੦.ਲਾਲਾ ਲਿਖਦਾ ਹੈ ” ਉਨ੍ਹਾਂ ਨੇ ਉਸ ਦੀਵੇ (ਭਾਵ ਹਿੰਦੂਆਂ) ਵਿਚ ਕੌਮੀ ਪਿਆਰ ਦੀ ਬੱਤੀ ਰੱਖੀ ਅਤੇ ਆਪਣੇ ਜਿਗਰ ਦੇ ਖੂਨ ਦਾ ਤੇਲ ਪਾ ਕੇ ਕਸ਼ਤਰੀ ਪੁਣੇ ਦੀ ਅਗਨੀ ਨਾਲ ਬਾਲਿਆ ਤੇ ਅਜਿਹਾ ਦੀਪਕ ਜਲਾਇਆ ਕਿ ਮੁਰਦਾ ਕੌਮ (ਹਿੰਦੂ) ਜੀਵਨ ਰੰਗ ਮੰਚ ਵਿਚ ਮੁੜ ਸੁਰਜੀਤ ਹੋ ਉਠੀ ………੧੨੩
ਲਾਲੇ ਦੀ ਕਿਤਾਬ ਇਕ ਮਿੱਠਾ ਜ਼ਹਿਰ ਹੈ ਜੋ ਬਾਹਰੀ ਤੌਰ ਤਾਂ ਖੰਡ ਲਗਦਾ ਪਰ ਡੂੰਘਾਈ ਨਾਲ ਦੇਖਿਆ ਪਤਾ ਲਗਦਾ ਕਿੰਨੀ ਕੋਝੀ ਹਰਕਤ ਕੀਤੀ ਗਈ ਹੈ …ਬਰੈਕਟਾਂ ਚ ਦਿਤੇ ਲਫਜ਼ ਮੇਰੇ ਹਨ ਤਾਂ ਕਿ ਪਾਠਕਾਂ ਨੂੰ ਸਹੀ ਤਰ੍ਹਾਂ ਸਮਝ ਲਗ ਸਕੇ!
ਚਲਦਾ ……
ਬਲਦੀਪ ਸਿੰਘ ਰਾਮੂੰਵਾਲੀਆ
Author: Gurbhej Singh Anandpuri
ਮੁੱਖ ਸੰਪਾਦਕ