ਦਸ਼ਮੇਸ਼ ਪਿਤਾ ਜੀ ਦਾ ਬਚਨ ਹੈ:-
*ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੇਊ ਮੈਂ ਸਾਰਾ ਜਬ ਏਹ ਗਏ ਬਿਪਰਨ ਕੀ ਰੀਤ ਮੈਂ ਨਾਂ ਕਰੂ ਇਨ ਕੀ ਪਰਤੀਤ*
ਸੰਗਤ ਜੀ ਇਹਨਾਂ ਦੇ ਅਰਥ ਸਮਝ ਕੇ ਆਪੋ ਆਪਣੇ ਜੀਵਨ ਵੱਲ ਝਾਤ ਜ਼ਰੂਰ ਮਾਰਿਓ ਕਿ ਕਿਤੇ ਅਸੀਂ ਵੀ ਵਿਪਰਨ ਦੀ ਰੀਤ ਵਾਲੇ ਰਸਤੇ ਤਾਂ ਨਹੀਂ ਤੁਰੇ ਹੋਏ! ਧੰਨ ਗੁਰੂ ਨਾਨਕ ਸਾਹਿਬ ਜੀ ਨੇ 230 ਸਾਲ ਦਾ ਸਮਾਂ ਲਾ ਕੇ ਨਿਆਰਾ ਖਾਲਸਾ ਤਿਆਰ ਕੀਤਾ ਤੇ ਸਾਰੇ ਕਰਮ ਕਾਂਡਾ ਤੋਂ ਸਾਨੂੰ ਕੋਹਾਂ ਦੂਰ ਰਹਿਣ ਦਾ ਹੁਕਮ ਕੀਤਾ! ਅਸਲ ਵਿੱਚ ਅਸਲ ਖਾਲਸਾ ਓਹੀ ਹੈ ਜਿਹੜਾ ਸਾਰੇ ਵਹਿਮਾਂ ਭਰਮਾਂ ਵਿੱਚੋਂ ਤੇ ਦੁਨੀਆਂਦਾਰੀ ਦੇ ਜੰਜਾਲ ਵਿੱਚੋਂ ਉੱਪਰ ਉੱਠ ਕੇ ਛੋਟੇ ਮੋਟੇ ਸਾਰੇ ਕਰਮ ਕਾਂਡਾ ਤੋਂ ਮੁਕਤ ਹੋ ਜਾਂਦਾ ਹੈ! ਚੋਰੀ ਤਾਂ ਚੋਰੀ ਹੀ ਹੁੰਦੀ ਹੈ ਬੇਸ਼ੱਕ ਉਹ 1 ਰੁਪਏ ਦੀ ਹੋਵੇ ਜਾਂ ਲੱਖਾਂ ਦੀ ਹੋਵੇ! ਰੱਖੜੀ ਆ ਰਹੀ ਹੈ ਹਰੇਕ ਅਮ੍ਰਿਤਧਾਰੀ ਨੇ ਇਸ ਕਰਮ ਕਾਂਡ ਤੋਂ ਬਚਣਾ ਹੈ! ਆਪਾਂ ਵੇਖਦੇ ਹਾਂ ਕਿ ਅੱਜ ਕੱਲ ਪ੍ਰਚਾਰ ਬਹੁਤ ਹੋ ਰਿਹਾ ਪਰ ਅਸੀਂ ਅਮਲ ਨਹੀਂ ਕਰ ਰਹੇ ਕਿਉਂਕਿ *”ਲੋਗਨ ਰਾਮ ਖਿਲੌਨਾ ਜਾਨਾ”!* ਪਰ ਖਾਲਸੇ ਨੂੰ ਮਹਾਰਾਜ ਜੀ ਨੂੰ ਖਿਲੌਨਾ ਨਹੀਂ ਸਮਜਣਾ ਚਾਹੀਦਾ! ਜਨਮ ਦਿਨ ਮਨਾਉਣੇ, ਰੱਖੜੀਆਂ ਬੰਨਣੀਆਂ, ਲੋਹੜੀਆਂ ਪਾਉਣੀਆਂ, ਬੱਚਿਆਂ ਦੇ ਜਨਮ ਟੇਵੇ ਬਣਾਉਣੇ, ਪੁੱਛਾਂ ਪਵਾਉਣੀਆਂ, ਪੈਂਚਕਾ ਦੇ ਵਹਿਮ ਕਰਨੇ, ਦਿਨਾਂ ਦੇ ਵਹਿਮ ਕਰਨੇ ਕਿ ਇਸ ਦਿਨ ਕੇਸੀ ਇਸ਼ਨਾਨ ਨਹੀਂ ਕਰਨਾ ਜਾਂ ਕੱਪੜੇ ਨਹੀਂ ਧੋਣੇ, ਅੰਤਿਮ ਸੰਸਕਾਰ ਸਮੇਂ ਸ਼ਮਸ਼ਾਨ ਘਾਟ ਵਿੱਚ ਕੱਚੇ ਭਾਂਡੇ ਭੰਨਣੇ, ਸੰਸਕਾਰ ਤੋਂ ਆ ਕੇ ਵਹਿਮ ਕਰਕੇ ਇਸ਼ਨਾਨ ਕਰਨਾ, ਜਠੇਰੇ ਪੂਜਣੇ, ਵਿਆਹਾਂ ਸਮੇਂ ਵੱਟਣੇ ਲਾਉਣੇ, ਸੁਰਮੇ ਪਾਉਣੇ, ਵਾਰਨੇ ਕਰਨੇ, ਬੇਗਾਨੀ ਜੂ ਵਿੱਚੋਂ ਗੇੜੀ ਮਾਰਨੀ ਆਦਿ ਅਤੇ ਹੋਰ ਵੀ ਕਈ ਪਾਖੰਡ ਹੀ ਹਨ ਤੇ ਸੱਭ ਫੋਕਟ ਕਰਮ ਕਾਂਡ ਹੀ ਹਨ ਤੇ ਮਨਮਤ ਹਨ! ਜੋ ਕਿ ਸਾਡੇ ਸਿੱਖੀ ਦੇ ਸਿਧਾਂਤ ਦੇ ਉਲਟ ਹਨ! ਸਹੀ ਮਾਇਨੇ ਵਿੱਚ ਤਾਂ ਇਹ ਸਾਰੇ ਗੁਰੂ ਨਾਨਕ ਨਾਮ ਲੇਵਾ ਸੰਗਤ ਲਈ ਵੀ ਵਰਜਿਤ ਹਨ! ਪਰ ਇੱਕ ਗੁਰਸਿੱਖ ਵਲੋਂ ਕਰਨੇ ਤਾਂ ਬਹੁਤ ਹੀ ਮੰਦਭਾਗੇ ਤੇ ਪਾਪ ਕਰਮ ਹਨ! ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਇਹਨਾਂ ਸਾਰੇ ਕਰਮ ਕਾਂਡਾਂ ਤੋਂ ਦੂਰ ਕਰਨ ਕਰਕੇ ਹੀ ਖਾਲਸਾ ਤਿਆਰ ਕੀਤਾ ਹੈ! ਸੱਭ ਤੋਂ ਵੱਧ ਦੁੱਖ ਉਦੋਂ ਮਹਿਸੂਸ ਹੁੰਦਾ, ਜਦੋਂ ਕਈ ਪ੍ਰਚਾਰਕ ਢਾਡੀ, ਰਾਗੀ, ਕਵੀਸ਼ਰ, ਕਥਾਵਾਚਕ ਤੇ ਗ੍ਰੰਥੀ ਸਿੰਘ ਤੇ ਪੰਥ ਦੀਆਂ ਹੋਰ ਮਹਾਨ ਸਖਸ਼ੀਅਤਾਂ ਨੂੰ ਇਹਨਾਂ ਚੱਕਰਾਂ ਵਿੱਚ ਫਸੇ ਵੇਖਦੇ ਹਾਂ! ਗੁਰਸਿੱਖ ਦੇ ਜੀਵਨ ਤੋਂ ਤੇ ਖਾਸ ਕਰਕੇ ਸਾਡੇ ਪ੍ਰਚਾਰਕਾ ਤੋਂ ਆਮ ਸੰਗਤ ਨੇ ਸੇਧ ਲੈਣੀ ਹੁੰਦੀ ਹੈ! ਇਸ ਲਈ ਆਓ ਸਾਰੇ ਪ੍ਰਣ ਕਰੀਏ ਕਿ ਆਪਾਂ ਇਹਨਾਂ ਸਾਰੇ ਫੋਕਟ ਕਰਮ ਕਾਂਡਾ ਤੋਂ ਕੋਹਾਂ ਦੂਰ ਰਹਿ ਕੇ ਸਰਬੰਸਦਾਨੀ ਦਸਮੇਸ਼ ਪਿਤਾ ਜੀ ਦੇ ਘਰ ਨੂੰ ਢਾਹ ਲਾਉਣ ਤੋਂ ਮੁਕਤ ਹੋਈਏ ਤੇ ਆਪਣਾ ਜੀਵਨ ਸਿੱਖੀ ਸਿਧਾਂਤਾਂ ਦੇ ਅਨੁਸਾਰ ਬਤੀਤ ਕਰੀਏ ਤਾਂ ਜੋ ਗੁਰੂ ਮਹਾਰਾਜ ਜੀ ਦੇ ਘਰ ਸਾਡੀ ਵੀ ਨਿੱਭ ਜਾਵੇ! ਅਸੀਂ ਵੀ ਜਿੰਨਾ ਚਿਰ ਸਾਨੂੰ ਨਹੀਂ ਸਮਝ ਸੀ, ਇਹਨਾਂ ਫੋਕਟ ਕਰਮ ਕਾਂਡਾ ਵਿੱਚ ਫਸੇ ਰਹੇ ਹਾਂ! ਪਰ ਜਦੋਂ ਸਮਝ ਆ ਗਈ ਤੇ ਫਿਰ ਇਹਨਾਂ ਤੋਂ ਕੋਹਾਂ ਦੂਰ ਹੋ ਹੋ ਗਏ! ਕਈ ਰਿਸ਼ਤੇਦਾਰਾਂ ਤੇ ਸੱਜਣਾਂ ਨੂੰ ਮਾੜੇ ਜਾਂ ਕੱਟੜ ਵੀ ਲੱਗਦੇ ਹਾਂ ਤੇ ਉਹ ਰੁੱਸੇ ਵੀ ਰਹਿੰਦੇ ਹਨ! ਪਰ ਕੋਈ ਫਰਕ ਨਹੀਂ ਪੈਂਦਾ! ਕਿਉਂਕਿ *ਮੇਰਾ ਰੁੱਸੇ ਨਾਂ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੁਸ ਜਾਏ!* ਅੰਮ੍ਰਿਤ ਛੱਕਣ ਤੋਂ ਬਾਅਦ ਇਹ ਸੀਸ ਭਾਵ ਜੀਵਨ ਆਪਣਾ ਨਹੀਂ ਰਹਿੰਦਾ! ਇਹ ਮਹਾਰਾਜ ਜੀ ਦਾ ਹੋ ਜਾਂਦਾ ਹੈ ਤੇ ਅਸੀਂ ਕਲਗੀਧਰ ਪਿਤਾ ਜੀ ਦੇ ਪਰਿਵਾਰ ਦੇ ਮੈਂਬਰ ਬਣ ਜਾਂਦੇ ਹਾਂ! ਫਿਰ ਜਦੋਂ ਅਸੀਂ ਪਤਾ ਹੋਣ ਕਰਕੇ ਕੋਈ ਕੁਤਾਹੀ ਕਰਦੇ ਹਾਂ ਤਾਂ ਉਹ ਅਸੀਂ ਆਪਣਾ ਮਾੜਾ ਕਰਮ ਲਿਖਵਾਉਂਦੇ ਹਾਂ ਤੇ ਦੂਸਰਾ ਅਸੀਂ ਮਹਾਰਾਜ ਜੀ ਦੇ ਪਰਿਵਾਰ ਨੂੰ ਢਾਹ ਲਾਉਂਦੇ ਹਾਂ! ਸੋਚਿਓ ਜ਼ਰੂਰ!
ਭੁੱਲ-ਚੁੱਕ ਦੀ ਖਿਮਾ ਜੀ!
Author: Gurbhej Singh Anandpuri
ਮੁੱਖ ਸੰਪਾਦਕ