” ਵੱਡੇ ਸ਼ਹਿਰਾਂ ਤੋਂ ਤਰੱਕੀ ਫੈਲਦੀ ਫੈਲਦੀ ਸਿਧ ਪੱਧਰੇ ਪੰਜਾਬ ‘ਚ ਆ ਵੜੀ।
ਖੌਣੀ ਕੀਹਨੇ ਸਾਡੇ ਕੰਨਾਂ ‘ਚ ਫੂਕ ਮਾਰੀ ਤੇ ਪਤਾ ਈ ਨਾ ਲੱਗਾ ਕਦੋਂ ਬਾਬਿਆਂ ਦੇ ਬਣਾਏ ਟੈਂਲਾਂ, ਬੱਤਿਆਂ ਆਲੇ ਕਮਰੇ ਬਰਾਂਡਿਆਂ ਦੇ ਸਾਦੇ ਘਰ ਢਾਹਕੇ ਕੋਠੀਆਂ ਪਾਓਣ ਲੱਗਪੇ। ਯਾਦ ਰਹੇ ਕੱਚਿਆਂ ਤੋਂ ਪੱਕੇ ਪਾਓਣੇ ਸਮੇਂ ਦੀ ਲੋੜ ਸੀ। ਬਰਾਂਡੇ ਮੂਹਰੇ ਕੱਢੇ ਵਾਧਰੇ ਤੇ ਲਿਖਿਆ ਸੰਨ1979 ਭੈੜਾ ਲੱਗਣ ਲੱਗ ਪਿਆ। ਹਲ , ਪੰਜਾਲੀ, ਬਲਦਾਂ ਦੇ ਜਾਣੂੰ ਜੱਟ ਬੂਟ ਕੱਛਾਂ ‘ਚ ਜਵਾਰ ਦੇ ਬੀਅ ਆਲੇ ਝੋਲਿਆਂ ‘ਚ ਕਾਗ਼ਜ਼ ਪੱਤਰ ਟੰਗਕੇ ਆਰਕੀਟੈਕਚਰਾਂ ਦੇ ਗੇੜੇ ਕੱਢਣ ਲੱਗੇ। ਅੱਗੇ ਗਹਿਣੇ ਪਈ ਜ਼ਮੀਨ ਬੜੀ ਸੰਗ ਦੀ ਗੱਲ ਸੀ, ਅੱਜ ਸਾਰਾ ਪੰਜਾਬ ਆੜ ਰਹਿਣ ਹੋਇਆ ਪਿਆ।
ਪੁਰਾਣੇ ਘਰਾਂ ਦੀ ਲਾਲ ਰੋੜੀ ਕੁੱਟਕੇ ਕੋਠੀਆਂ ‘ਚ ਲੱਗੇ ਡੂੰਗਰੀ ਦੇ ਪੱਥਰ ਹੇਠ ਲਾਸ਼ ਵੰਗੂ ਨੱਪੀ ਗਈ।
ਪਹਿਲਾਂ ਕਮਰੇ ਹੁੰਦੇ ਸੀ ਢੋਲਾਂ ਆਲਾ, ਪੇਟੀਆਂ ਆਲਾ, ਰਸੋਈ, ਬੈਠਕ ਤੇ ਸੌਣ ਪੈਣ ਆਲਾ । ਤਰੱਕੀ ਹੋਗੀ ਲੌਬੀ, ਕਿਚਨ ਤੇ ਡਰਾਇੰਗ ਰੂਮ ਬਣਗੇ।
ਜਿੰਨੇ ਕਮਰੇ ਓਨੇ “ਅਟੈਚ ਬਾਥਰੂਮ”। “ਅਟੈਚ” ਦੱਸਦਾ ਬੀ ਅਸੀਂ ਤੁਰਨੋਂ ਵੀ ਆਹਰੀ ਹੋਗੇ। ਮੰਜੇ ਕੋਲੇ ਈ ਹੱਗ ਮੂਤ ਲੈਣੇਂ ਆਂ। ਜਿਹੜਾ ਸਵਾਦ ਵਿਹੜੇ ‘ਚ ਪੱਖੇ ਮੂਹਰੇ ਮੰਜਿਆਂ ਦੀ ਪਾਲ ਬਣਾਕੇ ਸੌਣ ਦਾ ਆਓਂਦਾ ਸੀ ਓਹ ਓਜਰਨਲ ਦੇ ਡੂਢ ਡੂਢ ਟਣੇ ਏਸੀਆਂ ‘ਚ ਕਦੇ ਆਇਆ??
ਤਰੱਕੀ ਨਾਲ ਜਵਾਕ ਸਾਡੇ ਡੋਰੇਮੋਨ, ਮੋਟੀ ਪਤਲੂ ਦੇ ਜਾਣੂ ਹੋਗੇ। ਤਾਰਿਆਂ ਛਾਵੇਂ ਕਦੇ ਸਪਤਰਿਸ਼ੀ ਬਾਰੇ ਓਹਨ੍ਹਾਂ ਨੂੰ ਦੱਸਿਆ ਈ ਨਹੀਂ ਕਿ ਪੁੱਤ ਓਹ ਬਾਬੇ ਦਾ ਮੰਜਾ, ਕੋਲ ਸਾਧ, ਚੋਰ ਤੇ ਕੁੱਤਾ ਜਾਂਦੇ ਆ ਅੱਗੜ ਪਿੱਛੜ।
ਪੱਬਜੀ ਖੇਡਣ ਵਾਲਿਆਂ ਜਵਾਕਾਂ ਨੇ ਕਦੇ ਵਿਹੜੇ ‘ਚ ਖਲੋਤੇ ਸਕੂਟਰ ਦਾ ਮੂਹਰਲਾ ਟੈਰ ਘੁਕਾਕੇ ਮੀਟਰ ਦੇਖਣ ਦਾ ਸਵਾਦ ਨਹੀਂ ਲਿਆ।
ਜਿੰਨ੍ਹਾਂ ਖਾਤਰ ਕੋਠੀਆਂ ਪਈਆਂ ਓਹ ਲਾਚਾਰ ਧੀ ਪੁੱਤ ਦਿੱਲੀਓਂ ਤੀਜੇ ਟਰਮੀਨਲ ਤੇ ਜਾਕੇ ਟੈਚੀਆਂ ਮਗਰ ਖੜ੍ਹਕੇ ਫੇਸਬੁੱਕ ਤੇ ਫੋਟੋ ਪਾਕੇ ਜਹਾਜੇ ਚੜ੍ਹਗੇ।
ਟਿੱਬੇ ਢਾਲੇ ਗਏ, ਖੁੱਲ੍ਹੀਆਂ ਚਰਾਂਦਾਂ ਵਾਹੀਆਂ ਗਈਆਂ ਤੇ ਖੁੱਲ੍ਹੇ ਚਰਦੇ ਪਸੂ ਕਿੱਲਿਆਂ ਤੇ ਆ ਬੱਝੇ। ਦੁੱਧ ਪੁੱਤ ਦੀ ਅਸੀਸ ਹੁੰਦੀ ਸੀ। ਦੁੱਧ ਜ਼ਹਿਰੀ ਹੋ ਗਿਆ ਤੇ ਪੁੱਤ ਪਰਦੇਸੀ।
ਡਾਕਰ ਵਾਹਣਾਂ ‘ਚੋਂ ਲੱਖ ਲੱਖ ਦੀ ਫਸਲ ਨਿੱਕਲਦੀ ਆ। ਮਹਿੰਗੇ ਕੌਨਵੈਂਟ ਸਕੂਲ ਤੇ ਹਸਪਤਾਲਾਂ ਮੂੰਹੇ ਸਾਰਾ ਪੈਸਾ ਉੱਜੜ ਜਾਂਦਾ। ਸ਼ੂਗਰ, ਸਟਰੈੱਸ, ਡਿਪਰੈਸ਼ਨ, ਹਾਰਟ ਅਟੈਕ, ਮਾਈਗਰੇਨ ਤੇ ਹੋਰ ਸੈਂਕੜੇ ਬਿਮਾਰੀਆਂ ਤਰੱਕੀ ਦੇ ਨਾਲ ਆਈਆਂ।
ਲੱਖ ਲੱਖ ਤਨਖਾਹਾਂ ਲੈਣ ਆਲੇ ਵੀ ਬੈਠੇ ਆ। ਪਰ ਸਾਲਾ ਕਿਸੇ ਦੇ ਚਿਹਰੇ ਤੇ ਖੁਸ਼ੀ ਹੈਗੀ ਆ?? ਹੱਸਣ ਖਾਤਰ ਰਾਮਦੇਵ ਮਾਅਰਕਾ ਯੋਗਾ ਕਰਨਾ ਪੈ ਰਿਹਾ।
ਸਵਾਲ ਸਾਲਾ ਇਹ ਉੱਠਦਾ ਫੇਰ ਤਰੱਕੀ ਦਾ ਫਾਇਦਾ ਕੀ ਹੋਇਆ?? ਜੇ ਤਰੱਕੀ ਬੰਦੇ ਦੇ ਭਲੇ ਖਾਤਰ ਸੀ ਫੇਰ ਭਲਾ ਕਿਓਂ ਨਾ ਹੋਇਆ??
ਪੰਜ ਦਰਿਆਵਾਂ ਦੀ ਧਰਤੀ ਤੇ ਤਰੱਕੀ ਨੇ ਪਾਣੀ ਬੋਤਲਾਂ ਨਾਲ ਵਿਕਣ ਲਾਤਾ। ਪੈਕਡ ਗਲਾਸਾਂ ਦਾ ਪਾਣੀ ਵਰਤਦੇ ਆਂ ਬੀ ਸਾਡਾ ਸਟੈਂਡਰਡ ਆ। ਓਦੋਂ ਈ ਪਤਾ ਲੱਗਦਾ ਜਦੋਂ ਭੋਗਾਂ, ਮਰਗਾਂ ਤੇ ਆਕੇ ਛੋਟੇ ਹਾਥੀ ਆਲਾ ਗੱਡੀ ਬੈਕ ਕਰਕੇ ਤੀਹ ਕੈਂਪਰ ਲਾਹ ਕੇ ਪਰਚੀ ਫੜ੍ਹਾ ਦਿੰਦਾ।
ਜਦੋਂ ਤਰੱਕੀ ਹੈਨੀ ਸੀ ਓਦੋਂ ਖਾਲਾਂ ਤੋਂ ਮੂੰਹ ਮੂਹਰੇ ਮੂਕੇ ਦਾ ਲੜ ਕਰਕੇ ਪਾਣੀ ਪੀ ਲੈਂਦੇ ਸੀ। ਹੁਣ ਧਰਮਿੰਦਰ ਦਾ ਦੂਜਾ ਟੱਬਰ ਸੱਜੇ ਹੱਥ ‘ਚ ਪਾਣੀ ਦਾ ਗਲਾਸ ਫੜ੍ਹਕੇ ਸਾਨੂੰ ਦੱਸਦਾ ਕਿ ਕੈਂਟ ਦਾ ਵਾਟਰ ਪਿਊਰੀਫਾਇਰ ਲਵਾਓ।
ਪਹਿਲੋਂ ਪਾਣੀ ਦੀ ਕਦਰ ਸੀ। ਬੀਬੀਆਂ ਨਿਆਈਂਆਂ ‘ਚ ਵਗਦੇ ਖਾਲਾਂ ਤੇ ਲੀੜੇ ਧੋ ਲਿਆਓਂਦੀਆਂ । ਕਦੇ ਬੀਬੀ ਮੂਹਰੇ ਕੇਸੀ ਨਹਾਓਣ ਬੈਠੋ ਓਹ ਅੱਧੀ ਬਾਲਟੀ ਨਾਲ ਕੇਸੀ ਨਵਾ ਦਿੰਦੀ ਆ। ਚੁਲ੍ਹੀ ਮੂਤ ਕਰਕੇ ੧੦ ਲੀਟਰ ਪਾਣੀ ਡੁੱਲ੍ਹਦਾ। ਫੇਰ ਸੀਵਰੇਜ ਸਿਸਟਮ ਬਣੇ। ਹਰੇਕ ਸ਼ਹਿਰ ‘ਚੋਂ ਕੱਸੀ ਜਿੰਨਾ ਸੀਬਰੇਜ ਦਾ ਪਾਣੀ ਚੱਤੋਪੈਰ ਨਿੱਕਲਕੇ ਕਿਤੇ ਕਲ ਕਲ ਵਗਦੇ ਸੱਜਰੇ ਦਰਿਆ ‘ਚ ਡਿੱਗ ਪੈਂਦਾ।
ਵਿਹੜੇ ‘ਚ ਕਿੱਲੀ ਤੇ ਟੰਗੇ ਫਿਲਿਪਸ ਦੇ ਰੇਡੀਓ ‘ਚੋਂ ਹਰਮੰਦਰ ਸਾਹਿਬ ਦੀ ਗੁਰਬਾਣੀ ਦਾ ਜਿਹੜਾ ਅਨੰਦ ਆਓਂਦਾ ਸੀ ਓਹ ਪੀਟੀਸੀ ਦੇ ਲਾਈਵ ‘ਚੋਂ ਕਦੇ ਨਹੀੰ ਆਇਆ। ਏਸੇ ਤਰੱਕੀ ਨੇ ਸੰਗਮਰਮਰ ਲਾ ਲਾਕੇ ਗੁਰੂ ਘਰ ਖਾ ਲਏ । ਲੱਖ ਅੱਖਾਂ ਮੀਚੀ ਚੱਲ ਸੁਰਤੀ ਨੀਂ ਜੁੜਦੀ ਹੁਣ।
ਨਵੇਂ ਜੁੱਗ ਨੇ ਵਿਆਹ ਵੀ ਖਾ ਲਏ। ਗਿਆਰਾਂ ਵਜੇ ਮਿਸ ਸੁਨੀਤਾ ਦੇ ਆਰਕੈਸਟਰਾ ਦੇ ਗਾਣੇ ਨਾਲ ਵਿਆਹ ਸ਼ੁਰੂ ਹੁੰਦਾ ਤੇ ਸਾਢੇ ਚਾਰ ਵਜੇ ਤੱਕ ਆਈਸ ਕਰੀਮ ਖਾਕੇ ਮੁੱਕ ਜਾਂਦਾ। ਤਿੰਨ ਚਾਰ ਘੰਟਿਆਂ ‘ਚ ਸੱਤ ਅੱਠ ਲੱਖ ਥੱਲੇ ਆ ਜਾਂਦਾ ਅਗਲਾ।
ਤਰੱਕੀ ਨੇ ਸਬਰ ਮੁਕਾ ਦਿੱਤਾ। ਭੱਜਲਾ ਓਏ ਕਾਹਲੀ ਆ, ਆਜਾ ਓਏ ਕਾਹਲੀ ਆ।
ਕਾਹਲੀ ਨੇ ਟੱਬਰਾਂ ਦੇ ਟੱਬਰ ਸੜਕ ਹਾਦਸਿਆਂ ‘ਚ ਮਾਰ ਸੁੱਟੇ। ਕਿਤੇ ਕੱਠੇ ਛੇ ਜੀਅ, ਕਿਤੇ ਪੰਜ।
ਰੁੱਖ ਪੱਟਕੇ ਏਸੀ ਲਾ ਲਏ ਤੇ ਪਾਣੀ ਗੰਦਾ ਕਰਕੇ ਵਾਟਰ ਫਿਲਟਰ। ਖੋਤੀ ਬੋਹੜ ਥੱਲੇ ਹੀ ਆਈ ਮੁੜਕੇ… ਮਾਣੋ ਤਰੱਕੀਆਂ
????
ਸ਼ੋਸ਼ਲ ਮੀਡੀਆ ਵਟਸਐਪ ਤੋਂ ਪ੍ਰਾਪਤ ਹੋਇਆ
ਜੇ ਇਸ ਰਚਨਾ ਲਿਖਾਰੀ ਪੜ੍ਹੇ ਜਾਂ ਕਿਸੇ ਨੂੰਣਾਮ ਪਤਾ ਹੋਵੇ ਤਾਂ ਥੱਲੇ ਕੁਮੈਂਟ ਕਰਕੇ ਦੱਸਣਾ ਜਾਂ ਵਟਸਐਪ 9872722161 ਨੰਬਰ ਤੇ ਕਰ ਦੇਣਾ ਜੀ
ਧੰਨਵਾਦ ਸਹਿਤ
ਗੁਰਭੇਜ ਸਿੰਘ ਅਨੰਦਪੁਰੀ
ਮੁੱਖ ਸੰਪਾਦਕ 7470005005
Author: Gurbhej Singh Anandpuri
ਮੁੱਖ ਸੰਪਾਦਕ