ਸ਼ੀਰੇ ਮੈਂਬਰ ਦਾ ਫੋਨ ਆਇਆ,” ਮਾਸਟਰ , ਭਾਣਾ ਵਰਤ ਗਿਆ, ਡਾਕਟਰ ਨੇ ਫਾਹਾ ਲੈ ਲਿਆ ਏ, ਜਲਦੀ ਆ”। ਮੈਨੂੰ ਇੰਝ ਜਾਪਿਆ ਜਿਵੇਂ ਅੱਜ ਤਾਂ ਸਿਰਫ ਐਲਾਨ ਹੋਇਆ, ਮੇਰਾ ਖਾਸ ਯਾਰ ਬਲਦੇਵ ਡਾਕਟਰ ਤਾਂ ਕਿੰਨਾਂ ਚਿਰ ਪਹਿਲਾਂ ਈ ਮਰ ਚੁੱਕਾ ਸੀ ਹਾਲਾਂਕਿ ਮੈਂ ਹਰਸੰਭਵ ਕੋਸ਼ਿਸ਼ ਕੀਤੀ ਪਰ ਉਸਨੂੰ ਨ੍ਹੀਂ ਬਚਾ ਸਕਿਆ। ਜੀਤੋ ਵਾਰ-ਵਾਰ ਬੇਹੋਸ਼ ਹੋ ਰਹੀ ਸੀ, ਪਰ ਜਦੋਂ ਧੀ ਸਿੰਮੀ ਰੋਂਦੀ ਹੋਈ ਅੰਦਰ ਆਉਣ ਲੱਗੀ ਤਾਂ ਪਤਾ ਨ੍ਹੀਂ ਕਿਧਰੋਂ ਤਾਕਤ ਆਈ,” ਦਫਾ ਹੋ ਜਾ, ਕਾਤਲ ਏ ਤੂੰ , ਕਾਤਲ , ਮੈਨੂੰ ਰੰਡੀ ਕਰਨ ਆਲੀ ਕਾਤਲ ਤੂੰ ਏ, ਕਾਤਲ,,ਕਾਤਲ”। ਜੀਤੋ ਫੇਰ ਬੇਹੋਸ਼ ਹੋ ਗਈ।
ਪਿੰਡ ਦਾ ਸਰਬ ਸਾਂਝਾ ਆਰ ਐਮ ਪੀ ਡਾਕਟਰ, ਜੋ ਪੈਸੇ ਲਈ ਨਹੀਂ ਸਗੋਂ ਸੇਵਾ ਲਈ ਡਾਕਟਰੀ ਕਰਦਾ, ਪੂਰਾ ਪਿੰਡ ਬਲਦੇਵ ਦੀ ਇੱਜ਼ਤ ਕਰਦਾ। ਪੰਜ ਕਿਲਿਆਂ ਦਾ ਮਾਲਕ, ਨਿਮਰ ਤੇ ਸਰਬ ਸੰਤੋਖ ਵਾਲਾ ਇਨਸਾਨ। ਬਲਦੇਵ ਦੇ ਘਰ ਮੁੰਡੇ ਤੋਂ ਬਾਅਦ ਜਦੋਂ ਸਿੰਮੀ ਨੇ ਜਨਮ ਲਿਆ ਤਾਂ ਬਲਦੇਵ ਨੇ ਪੂਰਾ ਚਾਅ ਕੀਤਾ। ਉਹ ਸਮਾਜ ਚ ਧੀਆਂ ਦੀ ਦਸ਼ਾ ਤੇ ਵਿਤਕਰੇ ਪ੍ਰਤਿ ਲੋਕਾਂ ਨੂੰ ਸਮਝਾਉਂਦਾ ਤੇ ਪਿੰਡ ਚ ਸਾਂਝੇ ਪ੍ਰੋਗਰਾਮਾਂ ਚ ਬਹੁਤ ਵਧੀਆ ਵਿਚਾਰ ਰੱਖਦਾ। ਸਿੰਮੀ ਪਹਿਲੀ ਕੁੜੀ ਬਣੀ ਜਿਸਦੀ ਪੂਰੇ ਪਿੰਡ ਨੂੰ ਪਾਰਟੀ ਕੀਤੀ ਗਈ। ਘਰ ਦੇ ਆਮ ਹਾਲਾਤ ਪਰ ਬਲਦੇਵ ਨੇ ਧੀ ਦਾ ਹਰ ਸ਼ੌਂਕ ਪੂਰਾ ਕਰਨਾ, ਵਧੀਆ ਸਕੂਲੀ ਪੜਾਈ ਤੋਂ ਬਾਅਦ ਵੱਡੇ ਕਾਲਜ ਚ ਮੋਟੀ ਫੀਸ ਭਰ ਦਾਖਲ ਕਰਵਾਇਆ। ਬਲਦੇਵ, ਸਿੰਮੀ ਨੂੰ ਬਹੁਤ ਜਿਆਦਾ ਪਿਆਰ ਕਰਦਾ ਤੇ ਸਿੰਮੀ ਨੂੰ ਵੀ ਆਪਣਾ ਬਾਪੂ ਹੀਰੋ ਈ ਜਾਪਦਾ ਸੀ, ਬਲਦੇਵ ਕਦੇ ਸਿੰਮੀ ਤੋਂ ਬਿਨਾਂ ਖਾਣਾ ਨਾਂ ਖਾਂਦਾ।ਸਾਇੰਸ ਦੀ ਬੈਚਲਰ ਡਿਗਰੀ ਕਰਦੀ ਸੋਹਣੀ ਸੁਨੱਖੀ ਸਿੰਮੀ , ਕਾਲਜ ਦੀ ਸੜਕ ਦੇ ਪੱਕੇ ਸ਼ਿੰਗਾਰ, ਵਿਹਲੜ, ਫੁਕਰੇ ਗੈਰੀ ਨੂੰ ਕਦੋਂ ਆਪਣੇ ਬਾਪ ਤੋਂ ਵੱਡਾ ਹੀਰੋ ਸਮਝਣ ਲੱਗ ਗਈ ,ਪਤਾ ਈ ਨਾਂ ਲੱਗਾ।ਬਲਦੇਵ ਦੀ ਮਾਮੀ ਨੇ ਆਪਣੇ ਭਤੀਜੇ, ਨੰਬਰਦਾਰ ਦੇ ਮੁੰਡੇ ਦੇ ਲਈ ਸਿੰਮੀ ਦੀ ਗੱਲ ਤੋਰੀ, ਮੁੰਡਾ ਸਾਊ, ਵਧੀਆ ਪਰਿਵਾਰ ,ਪਰ ਬਲਦੇਵ ਨੇ ਨਾਂਹ ਕਰ ਦਿੱਤੀ,ਅਸਲ ਚ ਸਿੰਮੀ ਲਈ ਉਹਦੇ ਸੁਪਨੇ ਬਹੁਤ ਵੱਡੇ ਸਨ।
ਜਦੋਂ ਜਵਾਨ ਧੀ, ਕਿਸੇ ਗੈਰ ਨਾਲ ਅਚਨਚੇਤ ਨੇੜੇ ਹੋਜੇ ਤਾਂ ਮਾਂ ਦੀ ਅੱਖ ਝੱਟ ਪਛਾਣ ਜਾਂਦੀ ਏ, ਜਦੋਂ ਮਾਂ ਨੇ ਸਿੰਮੀ ਤੇ ਸਖਤੀ ਕੀਤੀ ਤਾਂ ਉਹਨੇ ਗੈਰੀ ਬਾਰੇ ਦੱਸ ਦਿੱਤਾ। ਬਲਦੇਵ ਨੂੰ ਤਾਂ ਯਕੀਨ ਈ ਨਾਂ ਆਇਆ ਪਰ ਸਿੰਮੀ , ਗੈਰੀ ਦੇ ਅਖੌਤੀ ਇਸ਼ਕ ਚ ਮਾਪਿਆਂ ਦੇ ਪਵਿੱਤਰ ਪਿਆਰ ਨੂੰ ਪਹਿਲਾਂ ਈ ਭੁੱਲ ਚੁੱਕੀ ਸੀ, ਅੱਜ ਉਹਨੇ ਆਪਣੇ ਬਾਪ ਬਲਦੇਵ ਨੂੰ ਗੈਰੀ ਨਾਲ ਹੀ ਵਿਆਹ ਕਰਵਾਉਣ ਦੀ ਗੱਲ ਸਾਫ ਕਹਿ ਦਿੱਤੀ ਤਾਂ ਬਲਦੇਵ ਹੱਕਾ-ਬੱਕਾ ਰਹਿ ਗਿਆ। ਸੁਪਨੇ ਟੁੱਟਣ ਤੇ ਵੀ ਬਲਦੇਵ ਨੇ ਸਿਆਣਪ ਵਰਤਦਿਆਂ ਗੈਰੀ ਨੂੰ ਤੇ ਪਰਿਵਾਰ ਨੂੰ ਮਿਲਣ ਦੀ ਗੱਲ ਆਖਦਿਆਂ ਧੀ ਨੂੰ ਕੁਝ ਨਾਂ ਕਿਹਾ।
ਵਿਹਲੜ ਗੈਰੀ ਦੇ ਸੱਚ ਦਾ ਪਤਾ ਲੱਗਣ ਤੇ ਬਲਦੇਵ ਨੇ ਸਿੰਮੀ ਨੂੰ ਸਮਝਾਉਣ ਲਈ ਵਾਅ ਲਾ ਦਿੱਤੀ ਪਰ ਕਈ ਕੁੜੀਆਂ ਆਪਣੇ ਪੂਰੇ ਇਲਾਕੇ ਚ ਅਗਲੇ ਕਈ ਸਾਲਾਂ ਤੱਕ ਕੁੜੀਆਂ ਤੇ ਪਾਬੰਦੀਆਂ ਲਵਾਉਣ ਦਾ ਕਾਰਨ ਬਣਦੀਆਂ ਨੇਂ, ਸਿੰਮੀ ਵੀ ਬਣੀ, ਹੈਰੀ ਨਾਲ ਭੱਜ, ਕੋਰਟ ਚ ਵਿਆਹ ਰਚਾਉਣ ਤੋਂ ਬਾਅਦ ਥਾਣੇ ਚ ਬਲਦੇਵ ਖਿਲਾਫ ਈ ਸ਼ਿਕਾਇਤ ਕਰ ਦਿੱਤੀ। ਅਗਲੇ ਦਿਨ ਅਖਬਾਰ ਦੀ ਵੱਡੀ ਖਬਰ ਸੀ, “ਕਲਯੁੱਗੀ ਪਿਓ, ਧੀ ਤੇ ਰੱਖਦਾ ਸੀ ਬੁਰੀ ਨਜ਼ਰ, ਬਹਾਦਰ ਧੀ ਨੇ ਲਵ ਮੈਰਿਜ ਕਰਾ ਪਾਈ ਆਜ਼ਾਦੀ”।
ਆਹ ਤਾਂ ਬਸ ਕਹਾਣੀ ਸੀ ਪਰ ਸਾਡੇ ਦੇਸ਼ ਵਿੱਚ ਦਰਜ ਕਰਵਾਏ ਜਾਣ ਵਾਲੇ ਬਲਾਤਕਾਰ ਤੇ ਦਾਜ ਦੇ ਜਿਆਦਾਤਰ ਕੇਸ ਫਰਜ਼ੀ ਪਾਏ ਜਾਂਦੇ ਹਨ। ਸੋ ਇਸ ਤਰਾਂ ਦੀ ਸਿਰਫ ਸ਼ਿਕਾਇਤ ਦਰਜ ਹੋਣ ਤੇ ਕਿਸੇ ਨੂੰ ਦੋਸ਼ੀ ਨ੍ਹੀਂ ਮੰਨ੍ਹ ਲੈਣਾ ਚਾਹੀਦਾ।
ਹਰੇਕ ਮਰਦ ਜਾਲਮ ਨ੍ਹੀਂ ਹੁੰਦਾ ਤੇ ਹਰੇਕ ਔਰਤ ਨਿਰਦੋਸ਼,ਅਬਲਾ ਨਹੀਂ ਹੁੰਦੀ।
ਅਸ਼ੋਕ ਸੋਨੀ ,ਪਿੰਡ ਖੂਈ ਖੇੜਾ, ਫਾਜ਼ਿਲਕਾ, ਪੰਜਾਬ 9872705078
Author: Gurbhej Singh Anandpuri
ਮੁੱਖ ਸੰਪਾਦਕ