Home » ਧਾਰਮਿਕ » ਇਤਿਹਾਸ » ਜਨਮ ਦਿਨ ਤੇ ਵਿਸ਼ੇਸ਼ ‘ਪ੍ਰੋ.ਸਾਹਿਬ ਸਿੰਘ ਡੀ.ਲਿਟ “

ਜਨਮ ਦਿਨ ਤੇ ਵਿਸ਼ੇਸ਼ ‘ਪ੍ਰੋ.ਸਾਹਿਬ ਸਿੰਘ ਡੀ.ਲਿਟ “

43

 

20 ਵੀਂ ਸਦੀ ਦੇ ਗੁਰਬਾਣੀ ਦੀ ਗੁਰਮਤਿ ਤੇ ਵਿਆਕਰਣ ਅਨੁਸਾਰ ਵਿਆਖਿਆ ਦੇ ਧੁਰੰਤਰ ਵਿਦਵਾਨ , ਵਾਰਤਕ ਦੇ ਨਿਪੁੰਨ ਲੇਖਕ , ਗੁਰਮਤਿ ਅਨੁਸਾਰੀ ਸਿੱਖ ਇਤਿਹਾਸ ਲਿਖਣ ਵਾਲੇ ਸੁਘੜ ਦਾਰਸ਼ਨਿਕ , ਗੁਰਮਤਿ ਅਨੁਸਾਰੀ ਜੀਵਨ ਜੀਣ ਵਾਲੇ , ਮਹਾਨ ਗੁਰਸਿੱਖ ਪ੍ਰੋ.ਸਾਹਿਬ ਸਿੰਘ ਜੀ ਹੁਣਾ ਦਾ ਜਨਮ 16 ਫਰਵਰੀ 1892 ਈਸਵੀ ਨੂੰ ਪਿੰਡ ਫੱਤੇਵਾਲੀ , ਜਿਲ੍ਹਾ ਸਿਆਲਕੋਟ ਵਿੱਚ ਭਾਈ ਹੀਰਾ ਨੰਦ ਦੇ ਘਰ, ਮਾਤਾ ਨਿਹਾਲ ਦੇਈ ਦੀ ਕੁਖੋਂ ਹੋਇਆ । ਹਿੰਦੂ ਪਰਿਵਾਰ ਵਿੱਚ ਜਨਮ ਲੈਣ ਕਰਕੇ ਆਪ ਦਾ ਪਹਿਲਾਂ ਨਾਮ ਨੱਥੂ ਰਾਮ ਸੀ। ਮੁੱਢਲੀ ਵਿੱਦਿਆ ਲਈ ਪਹਿਲਾਂ ਪੰਜਾਬੀ ਦੇ ਸ਼ਾਹ ਕਾਰ ਕਵੀ ਮੀਆਂ ਹਾਸ਼ਮ ਸ਼ਾਹ ਦੇ ਪੁਤਰ ਮੀਆਂ ਹਯਾਤ ਕੋਲ ਥਰਪਾਲ ਪੜ੍ਹਨ ਬੈਠਾਇਆ , ਫਿਰ ਕੁਝ ਸਮੇਂ ਬਾਅਦ ਰਈਏ ਪ੍ਰਾਇਮਰੀ ਸਕੂਲ ਵਿੱਚ ਪੜ੍ਹਨ ਲੱਗੇ ਤੇ ਇਥੋਂ 1902 ਵਿੱਚ ਪੰਜਵੀਂ ਜਮਾਤ ਪਾਸ ਕੀਤੀ।ਕਾਜੀ ਜਲਾਲਦੀਨ ਦੀ ਹੱਲਾ ਸ਼ੇਰੀ ਸਦਕਾ , ਭਾਈ ਹੀਰਾ ਨੰਦ ਨੇ ਘਰ ਦੀ ਗਰੀਬੀ ਦੀ ਪਰਵਾਹ ਨ ਕਰਦਿਆਂ ਮਿਡਲ ਦੀ ਪੜ੍ਹਾਈ ਲਈ ਗੋਤਾ ਫਤਹਗੜ੍ਹ ਦੇ ਵਰਨੈਕੁਲਰ ਮਿਡਲ ਸਕੂਲ ਵਿੱਚ ਭਰਤੀ ਕਰਵਾਇਆ।

ਪਿੰਡ ਢੇਹ ਦੇ ਬਹੁਤੇ ਸਿੰਘ ਫੌਜੀ ਸਨ , ਇਹਨਾਂ ਨੂੰ ਵੇਖ ਕੇ ਕਾਕੇ ਨੱਥੂ ਰਾਮ ਦੇ ਮਨ ਵਿੱਚ ਇਹ ਵੀਚਾਰ ਪੱਕਣ ਲੱਗਾ ਕਿ , ਹਿੰਦੂ ਮੁਸਲਮਾਨ ਨਾਲੋਂ ਸਿੰਘ ਵਧੀਕ ਸੋਹਣੇ ਤੇ ਜਵਾਨ ਦਿਖਦੇ ਹਨ । ਉਹਨਾਂ ਵੱਲ ਵੇਖ ਕੇ ਮਨ ਵਿੱਚ ਕੇਸ ਰੱਖਣ ਦਾ ਫੁਰਨਾ ਬਣਿਆ। 1905 ਵਿੱਚ ਮਿਡਲ ਦਾ ਇਮਤਿਹਾਨ ਵੀ ਹੋ ਗਿਆ।ਇਹਨਾਂ ਦਿਨਾਂ ਵਿੱਚ ਹੀ 13 ਸਾਲ ਦੇ ਨੱਥੂ ਰਾਮ ਦਾ ਵਿਆਹ ,ਕਿਸ਼ਨ ਚੰਦ ਦੀ 11 ਸਾਲ ਦੀ ਧੀ ਦੁਰਗਾ ਦੇਵੀ ਨਾਲ ਹੋਇਆ।ਮਿਡਲ ਦਾ ਨਤੀਜਾ ਆਇਆ ਤਾਂ ਨੱਥੂ ਰਾਮ ਰਾਵਲਪਿੰਡੀ ਡਿਵੀਜ਼ਨ ਵਿਚ ਪਹਿਲੇ ਦਰਜੇ ਤੇ ਆਇਆ , ਫਲਸਰੂਪ ਛੇ ਰੁਪਏ ਵਜੀਫਾ ਵੀ ਲੱਗ ਗਿਆ।

ਗਰਮੀਆਂ ਦੀਆਂ ਛੁਟੀਆਂ ਵਿੱਚ ਇਕ ਦਿਨ ਘਰ ਨੱਥੂ ਰਾਮ ਦੀ ਦਾਦੀ ਦੀ ਭੈਣ ਦਾ ਦੋਹਤਰਾ ਮਹਾਰਾਜ ਜੋ ਹੁਣ ਪਾਹੁਲ ਲੈ ਧਰਮ ਸਿੰਘ ਬਣ ਚੁਕਾ ਸੀ ਮਿਲਣ ਆਇਆ ।ਉਸ ਵੱਲ ਵੇਖ ਕੇ ਨੱਥੂ ਰਾਮ ਦਾ ਸਿੱਖ ਬਣਨ ਦਾ ਵੀਚਾਰ ਹੋਰ ਦ੍ਰਿੜ ਹੋ ਗਿਆ।ਧਰਮ ਸਿੰਘ ਦੀ ਬਦੌਲਤ ਹੀ ਕਲਾਸਵਾਲਾ ਦੀ ਸਿੰਘ ਸਭਾ ਦੁਆਰਾ ਕਰਵਾਏ ਗਏ ਖੰਡੇ ਬਾਟੇ ਦੀ ਪਾਹੁਲ ਦੇ ਸਮਾਗਮ ਵਿੱਚ ਹੀ ਸਿੱਖ ਬਣਨ ਲਈ ਨੱਥੂ ਰਾਮ ਤੇ ਤੁਲਸੀ ਰਾਮ ਪੁਜ ਗਏ।ਇਥੇ ਪਾਹੁਲ ਲੈ ਕਿ ਦੋਨੋਂ ਸਾਹਿਬ ਸਿੰਘ ਤੇ ਜਗਜੋਧ ਸਿੰਘ ਬਣ ਗਏ।ਧਰਮ ਸਿੰਘ ਦੀ ਸੰਗਤ ਨੇ ਜਿੱਥੇ ਗੁਰਬਾਣੀ ਪ੍ਰਤੀ ਪ੍ਰੇਮ ਪੈਦਾ ਕੀਤਾ , ਉਥੇ ਵਿਦੇਸ਼ੀ ਰਾਜ ਦੀ ਗੁਲਾਮੀ ਪ੍ਰਤੀ ਆਗਾਹ ਵੀ ਕੀਤਾ ।ਇਹਨਾਂ ਦਿਨਾਂ ਵਿੱਚ ਹੀ ਸੰਸਕ੍ਰਿਤ ਮਜਮੂਨ ਨਾਲ ਸਾਂਝ ਪਈ ਤੇ ਉਧਰ ਸਿਰ ਤੋਂ ਪਿਓ ਦਾ ਸਾਇਆ ਵੀ ਉੱਠ ਗਿਆ।ਦਸਵੀਂ ਜਮਾਤ ਦੇ ਦਾਖਲੇ ਜਾਣ ਦੀ ਰਕਮ ਦਾ ਇੰਤਜਾਮ ਵਿਧਵਾ ਭੂਆ ਨੇ ਆਪਣੀਆਂ ਟੂਮਾਂ ਗਹਿਣੇ ਰੱਖ ਕੇ ਕੀਤਾ।ਇਹਨਾਂ ਦਿਨਾਂ ਵਿੱਚ ਭਾਈ ਗਿਆਨ ਸਿੰਘ ਨਾਮਧਾਰੀ ਦੀ ਸੰਗਤ ਵੀ ਕੀਤੀ ।

ਘਰ ਤੋਰਨ ਲਈ ਮੁੱਢਲੇ ਰੂਪ ਵਿਚ ਡਾਕਖਾਨੇ ਮੁਲਾਜਮਤ ਵੀ ਕੀਤੀ।ਜਦ ਸਿਆਲਕੋਟ ਡਾਕਖਾਨੇ ਦਾ ਕੰਮ ਸਿਖਣ ਜਾਣਾ ਸੀ ਤਾਂ ਰੋਟੀ ਖਾਣ ਵਾਸਤੇ ਵੀ ਪੈਸੇ ਚਾਹੀਦੇ ਸਨ, ਪਰ ਗਰੀਬ ਦੀ ਬਾਂਹ ਕੌਣ ਫੜਦਾ , ਵਿਚਾਰੀ ਮਾਂ ਕਈ ਘਰਾਂ ਵਿਚ ਉਧਾਰ ਪੈਸੇ ਮੰਗਣ ਗਈ , ਪਰ ਸਭ ਨੇ ਜੁਆਬ ਦਿਤਾ। ਆਖਰ ਜੋ ਇਹਨਾਂ ਦੇ ਘਰ ਦਾ ਕੂੜਾ ਸੁਟਦੀ ਸੀ ਉਸ ਅੱਗੇ ਮਾਂ ਨੇ ਤਰਲਾ ਮਾਰਿਆ ਤੇ ਉਸ ਵਿਚਾਰੀ ਦੇ ਮਨ ਮਿਹਰ ਪਈ ਤੇ ਉਸਨੇ ਦੋ ਰੁਪਏ ਲਿਆ ਦਿੱਤੇ। ਪਰ ਇਸ ਨੌਕਰੀ ਨਾਲ ਵੀ ਪੂਰੀ ਨਹੀਂ ਪੈ ਰਹੀ ਸੀ , ਸੂਦ ਹੀ ਉਤਰਦਾ ਸੀ ਕਰਜਾ ਤੇ ਉਥੇ ਹੀ ਖਲੋਤਾ ਸੀ।

ਸਾਹਿਬ ਸਿੰਘ ਹੁਣਾ ਨੇ ਬੀ.ਏ ਕਰਨ ਦਾ ਇਰਾਦਾ ਪੱਕਾ ਕਰ , ਨੌਕਰੀ ਤੋਂ ਅਸਤੀਫਾ ਦੇ ਦਿੱਤਾ ਤੇ ਲਾਹੌਰ ਵੱਲ ਮੂੰਹ ਕੀਤਾ ।ਇਸ ਵਕਤ ਇਹਨਾਂ ਕੋਲ ਦੋ ਰੁਪਏ , ਇਕ ਕਮੀਜ਼ ਪਜ਼ਾਮਾ ਤੇ ਇਕ ਅਧ ਹੰਢੀ ਜੁਤੀ ਸੀ । ਪੰਡਿਤ ਵਿਤਸਤਾ ਪ੍ਰਸਾਦਿ ਨੇ ਤਿੰਨ ਕਮੀਜ਼ ਪਜਾਮੇ ਬਣਾ ਕੇ ਦਿੱਤੇ ਤੇ ਨਾਲੇ ਆਪਣੇ ਅਸਰ ਰਸੂਖ ਨਾਲ ਅੱਧੀ ਫੀਸ ਮੁਆਫ ਕਰਵਾ ਦਿੱਤੀ। ਇੰਨੀ ਗੁਰਬਤ ਤੇ ਘਰ ਦੀਆਂ ਜਿੰਮੇਵਾਰੀਆਂ ਵਿਚ ਸਾਹਿਬ ਸਿੰਘ ਹੁਣਾ ਆਪਣੀ ਪੜ੍ਹਾਈ ਮੁਕਾਮਲ ਕੀਤੀ ਤੇ 8 ਸਤੰਬਰ 1915 ਨੂੰ ਫਰੂਕੇ ਦੇ ਖਾਲਸਾ ਹਾਈ ਸਕੂਲ ਵਿਚ ਪੜਾਉਣ ਲੱਗੇ। 1917 ਵਿੱਚ ਆਪਣਾ ਸਾਰਾ ਕਰਜ ਵੀ ਲਾਹਿਆ ਤੇ ਭੂਆ ਦੀਆਂ ਗਹਿਣੇ ਪਈਆਂ ਟੂਮਾਂ ਵੀ ਛੁਡਾ ਲਈਆਂ। 1917 ਵਿੱਚ ਗੁਜਰਾਂਵਾਲੇ ਦੇ ਖਾਲਸਾ ਕਾਲੇਜ ਵਿੱਚ ਆ ਗਏ। 20 ਜੁਲਾਈ 1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਮੀਤ ਸਕੱਤਰ ਵਜੋਂ ਸੇਵਾ ਸ਼ੁਰੂ ਕੀਤੀ। ਦਸੰਬਰ 1920 ਵਿਚ ਇਕ ਦਿਨ ਪਾਠ ਕਰਦਿਆਂ ਜਦ ਇਹ ਪੰਕਤੀ ਆਈ ,
ਆਹਰ ਸਭਿ ਕਰਦਾ ਫਿਰੈ ਆਹਰੁ ਇਕੁ ਨ ਹੋਇ।।
ਨਾਨਕ ਜਿਤੁ ਆਹਰਿ ਜਗੁ ਉਧਰੈ ਵਿਰਲਾ ਬੂਝੈ ਕੋਇ।।
ਇਸ ਵਿਚ ਆਹਰ ਸਬਦ ਦੇ ਤਿੰਨ ਰੂਪਾਂ ਨੇ ਸਾਹਿਬ ਸਿੰਘ ਦਾ ਧਿਆਨ ਗੁਰਬਾਣੀ ਵਿਆਕਰਣ ਵੱਲ ਮੋੜਿਆ। ਪਰ ਦਫਤਰੀ ਕੰਮ ਕਾਜ ਕਰਕੇ ਇਸ ਪਾਸੇ ਬਹੁਤਾ ਉਦਮ ਨ ਕਰ ਸਕੇ। ਜਦ ਸ਼੍ਰੋਮਣੀ ਕਮੇਟੀ ਬੈਨ ਹੋਈ ਤਾਂ ਆਪ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ , ਜੇਲ ਵਿੱਚ ਆਪ ਨੇ ਆਪਣਾ ਬਹੁਤਾ ਸਮਾਂ ਗੁਰਬਾਣੀ ਵਿਆਕਰਣ ਤੇ ਲਾਇਆ। ਜਦ ਜੇਲ ਤੋਂ ਰਿਹਾ ਹੋ ਮੁੜ ਦਫਤਰੀ ਕੰਮ ਵਿੱਚ ਲੱਗੇ ਤਾਂ ਮਨ ਨੇ ਗੁਰਬਾਣੀ ਦੇ ਖੋਜ ਵੱਲ ਤੁਰਨ ਲਈ ਬਲ ਦਿੱਤਾ, ਅਖੀਰ 250 ਰੁਪਏ ਦੀ ਕਮੇਟੀ ਦੀ ਨੌਕਰੀ ਤੋਂ ਅਸਤੀਫਾ ਦੇ ਕੇ 150 ਰੁਪਏ ਦੀ ਨੌਕਰੀ ਖਾਲਸਾ ਕਾਲਜ ਗੁਜਰਾਂਵਾਲੇ ਸ਼ੁਰੂ ਕੀਤੀ। 1929 ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਵਾਲਿਆਂ ਨੇ ਸੱਦਾ ਪੱਤਰ ਦਿੱਤਾ ਤਾਂ ਗੁਜਰਾਂਵਾਲੇ ਤੋਂ ਵਿਹਲੇ ਹੋ ਜਦ ਅੰਮ੍ਰਿਤਸਰ ਪੁਜੇ ਤਾਂ ਇਹਨਾਂ ਨੇ ਰਾਜਨੀਤਿਕ ਕਾਰਨਾਂ ਕਰਕੇ ਖੜੇ ਪੈਰ ਨੌਕਰੀ ਤੋਂ ਜੁਆਬ ਦੇ ਦਿਤਾ।ਫਲਸਰੂਪ ਦੁਬਾਰਾ ਕਮੇਟੀ ਵਿੱਚ 150 ਰੁਪਏ ਮਹੀਨਾ ਤੇ ਸੁਪਰਡੈਂਟ ਦੀ ਨੌਕਰੀ ਸ਼ੁਰੂ ਕੀਤੀ।ਪਰ ਵਾਹਿਗੁਰੂ ਨੇ ਉਹਨਾਂ ਕੋਲੋਂ ਹੋਰ ਸੇਵਾ ਲੈਣੀ ਸੀ , ਸੋ ਦੁਬਾਰਾ ਫਿਰ ਉਹਨਾਂ ਦੀ ਨੌਕਰੀ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਸ਼ੁਰੂ ਹੋ ਗਈ।ਇਹਨਾਂ ਦਿਨਾਂ ਵਿੱਚ ਹੀ ਉਹਨਾਂ ਨੇ ਭਗਤ ਬਾਣੀ , ਭੱਟ ਬਾਣੀ ਤੇ ਵਿਆਕਣ ਉਪਰ ਕੰਮ ਕੀਤਾ ।ਉਹਨਾਂ ਦੇ ਲੇਖ ਵੱਡੇ ਵੱਡੇ ਰਸਾਲੇ ਤੇ ਅਖ਼ਬਾਰਾਂ ਵਿੱਚ ਛੱਪਦੇ ਸਨ ।

1952 ਵਿਚ ਖਾਲਸਾ ਕਾਲਜ ਤੋਂ ਰਿਟਾਇਰ ਹੋ ਕੇ ਉਹ , ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਬਣੇ। ਉਹ ਗੁਰਬਾਣੀ ਦੇ ਵਿਆਖਿਆਕਾਰ ਹੀ ਨਹੀਂ , ਗੁਰਬਾਣੀ ਦੀ ਕਮਾਈ ਵਾਲੇ ਮਹਾਪੁਰਖ ਸਨ । ਸਵੇਰੇ ਨਿਤਨੇਮ ਵਕਤ ਵਿਦਿਆਰਥੀਆਂ ਤੋਂ ਪਹਿਲਾਂ ਦਰਬਾਰ ਵਿਚ ਹਾਜਰ ਹੁੰਦੇ ਸਨ । ਰਾਜਨੀਤੀ ਤੋਂ ਦੂਰੀ ਬਣਾ ਕੇ ਚੱਲਦੇ ਸਨ। ਆਪਣੇ ਹੱਥੀਂ ਵਿਦਿਆਰਥੀਆਂ ਦੇ ਪਿਸ਼ਾਬ ਖਾਨੇ ਤੇ ਟੱਟੀ ਖਾਨੇ ਦੀ ਸਫਾਈ ਤੱਕ ਕਰਦੇ ਸਨ , ਨਾਲ ਵਿਦਿਆਰਥੀਆਂ ਨੂੰ ਲਾ ਲੈਂਦੇ ਸਨ ।ਸਾਹਿਬ ਸਿੰਘ ਹੁਣਾ ਦਾ ਜੀਵਨ ਬਹੁਤ ਸਾਦਗੀ ਭਰਪੂਰ ਤੇ ਗੁਰਮਤਿ ਅਨੁਸਾਰ ਸੀ।ਉਹ ਕਿੰਨੇ ਗੁਰੂ ਨੂੰ ਸਮਰਪਿਤ ਸਨ , ਇਸ ਗੱਲ ਤੋਂ ਹੀ ਅੰਦਾਜਾ ਲਗਾ ਲਵੋ ਕਿ ਪੰਜਾਬ ਐਜੂਕੇਸ਼ਨ ਬੋਰਡ ਨੇ ਪ੍ਰੋ.ਸਾਹਿਬ ਸਿੰਘ ਹੁਣਾ ਨਾਲ ਸੰਪਰਕ ਕੀਤਾ ਕਿ ਉਹ ਪੰਜਾਬੀ ਵਿਆਕਰਣ ਬਣਾ ਕੇ ਦੇਣ , ਜਿਸ ਦੇ ਇਵਜ ਵਿਚ ਬੋਰਡ ਉਹਨਾਂ ਨੂੰ 20000 ਰੁਪਏ ਦਵੇਗਾ।ਪਰ ਇਸ ਗੁਰਮੁਖ ਰੂਹ ਨੇ ਇਹ ਕਹਿ ਇਨਕਾਰ ਕਰ ਦਿੱਤਾ ਕਿ ” ਮੇਰੇ ਪਾਸ ਜੋ ਸਮਾਂ ਹੈ ਉਸ ਦਾ ਇਕ ਇਕ ਪਲ ਗੁਰੂ ਲਈ ਹੈ , ਵਿਆਕਰਣਾਂ ਲਿਖ ਪੈਸੇ ਕਮਾਉਣ ਲਈ ਹੋਰ ਬਥੇਰੇ ਨੇ!”
7 ਜਨਵਰੀ 1971 ਨੂੰ ਪੰਜਾਬੀ ਯੂਨੀਵਰਸਿਟੀ ਨੇ ਆਪ ਦੀ ਘਾਲਣਾ ਨੂੰ ਨਤਮਸਤਕ ਹੁੰਦਿਆਂ ਆਪ ਨੂੰ ਡੀ.ਲਿਟ ਦੀ ਡਿਗਰੀ ਨਾਲ ਸਨਮਾਨਿਤ ਕੀਤਾ। ਪਿਛਲੇ ਪੰਜ ਸਾਲ ਜਿੰਦਗੀ ਦੇ ਸਿਹਤ ਪੱਖੋਂ ਬਹੁਤੇ ਚੰਗੇ ਨਹੀਂ ਰਹੇ। ਪਹਿਲਾਂ ਚੱਲਣਾ ਫਿਰਨਾ ਬੰਦ ਹੋਇਆ, ਫਿਰ ਬੋਲਣੋ ਵੀ ਰਹਿ ਗਏ, ਨਜ਼ਰ ਤੇ ਸੁਣਨ ਸ਼ਕਤੀ ਵੀ ਘਟ ਗਈ।ਯਾਦਦਾਸ਼ਤ ਤੇ ਬਹੁਤ ਅਸਰ ਪਿਆ। ਅਖ਼ੀਰ ਕੌਮ ਦਾ ਇਹ ਮਹਾਨ ਵਿਦਵਾਨ 29 ਅਕਤੂਬਰ 1977 ਨੂੰ ਸਦੀਵੀ ਤੌਰ ਤੇ ਸਰੀਰ ਕਰ ਕੇ ਇਸ ਦੁਨੀ ਸੁਹਾਵੇ ਬਾਗ ਨੂੰ ਛੱਡ ਗਿਆ , ਪਰ ਆਪਣੀ ਕਲਮ ਦੇ ਸਦਕਾ ਉਹ ਹਮੇਸ਼ਾ ਜਿੰਦਾ ਰਹੇਗਾ।

ਪ੍ਰੋ.ਸਾਹਿਬ ਦੀਆਂ 40 ਦੇ ਕਰੀਬ ਲਿਖਤਾਂ ਵਿਚੋਂ ਕੁਝ ਪ੍ਰਮੁੱਖ ਲਿਖਤਾਂ ਦੇ ਨਾਮ;-

ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ (ਦਸ ਜਿਲਦਾਂ )
ਗੁਰਬਾਣੀ ਵਿਆਕਰਣ
ਦਸ ਗੁਰੂ ਸਾਹਿਬਾਨ ਦੇ ਜੀਵਨ ਨਾਲ ਸੰਬੰਧਿਤ ਦਸ ਕਿਤਾਬਾਂ
ਬਾਬਣੀਆ ਕਹਾਣੀਆਂ
ਸਿਮਰਨ ਦੀਆਂ ਬਰਕਤਾਂ
ਬੁਰਾਈ ਦਾ ਟਾਕਰਾ
ਸਿਖੁ ਸਿਦਕ ਨ ਹਾਰੇ
ਸਦਾਚਾਰਕ ਲੇਖ
ਗੁਰਮਤ ਪ੍ਰਕਾਸ਼
ਧਰਮ ਤੇ ਸਦਾਚਾਰ
ਆਦਿ ਬੀੜ ਬਾਰੇ
ਸਰਬੱਤ ਦਾ ਭਲਾ
ਗੁਰਬਾਣੀ ਤੇ ਇਤਿਹਾਸ ਬਾਰੇ
ਮੇਰੀ ਜੀਵਨ ਕਹਾਣੀ (ਸਵੈ ਜੀਵਨੀ)
ਭਗਤ ਬਾਣੀ ਸਟੀਕ (ਪੰਜ ਜਿਲਦਾਂ)
ਨਿਤਨੇਮ ਸਟੀਕ
ਆਸਾ ਦੀ ਵਾਰ ਸਟੀਕ
ਭੱਟਾਂ ਦੇ ਸਵਈਏ ਸਟੀਕ
ਤੇ ਹੋਰ ਵੀ ਕਈ ਬਾਣੀਆਂ ਦੇ ਸਟੀਕ

ਬਲਦੀਪ ਸਿੰਘ ਰਾਮੂੰਵਾਲੀਆ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?