ਕਰਤਾਰਪੁਰ 28 ਅਗਸਤ (ਭੁਪਿੰਦਰ ਸਿੰਘ ਮਾਹੀ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਵਿਖੇ ਆਰਮੀ ਵੱਲੋਂ ਐਨ.ਸੀ.ਸੀ. ਯੂਨਿਟ ਮਿਲੀ| ਕਾਲਜ ਵਿਦਿਆਰਥੀਆਂ ਦੁਆਰਾ ਲੰਬੇ ਸਮੇਂ ਤੋਂ ਇਸ ਦੀ ਉਡੀਕ ਕੀਤੀ ਜਾ ਰਹੀ ਸੀ। ਕਾਲਜ ਵਿਖੇ ਐਨ.ਸੀ.ਸੀ. ਯੂਨਿਟ ਮਿਲਣ ਤੇ ਵਿਦਿਆਰਥੀਆਂ ਅਤੇ ਇਲਾਕਾ ਨਿਵਾਸੀਆਂ ਵਿਚ ਭਾਰੀ ਉਤਸ਼ਾਹ ਹੈ।ਕਾਲਜ ਦੇ ਪ੍ਰਿੰਸੀਪਲ ਡਾ. ਕਵਲਜੀਤ ਕੌਰ ਨੇ ਐਨ.ਸੀ.ਸੀ. ਯੂਨਿਟ ਪ੍ਰਾਪਤੀ ‘ਤੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਉਹਨਾਂ ਕਿਹਾ ਕਿ ਐਨ.ਸੀ.ਸੀ. ਜਿੱਥੇ ਨੌਜਵਾਨਾਂ ਨੂੰ ਅਨੁਸ਼ਾਸਤ ਅਤੇ ਦੇਸ਼ਭਗਤ ਨਾਗਰਿਕ ਬਣਾਉਂਦੀ ਹੈ, ਉੱਥੇ ਸਮਾਜ ਭਲਾਈ ਗਤੀਵਿਧੀਆਂ ਵਿਚ ਭਾਗ ਲੈਣ ਲਈ ਵੀ ਪ੍ਰੇਰਦੀ ਹੈ ਅਤੇ ਭਵਿੱਖ ਵਿਚ ਉਹਨਾਂ ਨੂੰ ਭਾਰਤੀ ਸੈਨਾ ਵਿਚ ਜਾਣ ਲਈ ਵੀ ਮੌਕੇ ਪ੍ਰਦਾਨ ਕਰਦੀ ਹੈ।