ਦੇਸ਼ ਪੰਜਾਬ 10 ਸਤੰਬਰ(ਨਜ਼ਰਾਨਾ ਨਿਊਜ਼ ਨੈੱਟਵਰਕ)’ਆਪ’ ਨਾਲ ਜੁੜੇ ਸੂਤਰਾਂ ਅਨੁਸਾਰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀ ਮੰਗ ‘ਤੇ ਪਿਛਲੇ ਕਈ ਦਿਨਾਂ ਤੋਂ ਬਜਿਦ ਭਗਵੰਤ ਮਾਨ ਦੇ ਸਮਰਥਕਾਂ ਨੰੂ ਸ਼ਾਂਤ ਕਰਨ ਤੇ ਭਗਵੰਤ ਮਾਨ ਨਾਲ ਗੱਲਬਾਤ ਕਰਨ ਦੀ ਕਮਾਨ ਅਰਵਿੰਦ ਕੇਜਰੀਵਾਲ ਨੇ ਖੁਦ ਸੰਭਾਲੀ ਹੋਈ ਹੈ | ਪਿਛਲੇ ਤਿੰਨ ਦਿਨਾਂ ਤੋਂ ਦਿੱਲੀ ਗਏ ਮਾਨ ਨਾਲ ਬੀਤੇ ਦਿਨੀਂ ਇਕ ਮੁਲਾਕਾਤ ਕੇਜਰੀਵਾਲ ਨਾਲ ਬੜੇ ਖ਼ੁਸ਼ਗਵਾਰ ਤੇ ਸ਼ਾਂਤਮਈ ਮਾਹੌਲ ‘ਚ ਹੋਣ ਦੀ ਸੂਚਨਾ ਸਾਹਮਣੇ ਆਈ ਹੈ | ਰਾਜਨੀਤਿਕ ਮਾਹਿਰਾਂ ਅਨੁਸਾਰ ਅਰਵਿੰਦ ਕੇਜਰੀਵਾਲ ਦੋਵੇਂ ਸੰਭਾਵਨਾਵਾਂ ‘ਤੇ ਵਿਚਾਰ ਕਰ ਚੁੱਕੇ ਹਨ | ਪਹਿਲਾਂ ਇਹ ਕਿ ਜੇ ਭਗਵੰਤ ਮਾਨ ਨੰੂ ਮੁੱਖ ਮੰਤਰੀ ਦਾ ਚਿਹਰਾ ਪਾਰਟੀ ਨਹੀਂ ਐਲਾਨਦੀ ਤਾਂ ਪਾਰਟੀ ਨੰੂ ਪੰਜਾਬ ਵਿਧਾਨ ਸਭਾ ਚੋਣਾਂ 2022 ‘ਚ ਕਿੰਨੇ ਕੁ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਅਜਿਹੀ ਹਾਲਤ ‘ਚ ਮਾਨ ਪਾਰਟੀ ਨੰੂ ਅਲਵਿਦਾ ਵੀ ਕਹਿ ਸਕਦੇ ਹਨ ਤੇ ਦੂਜਾ ਜੇ ਪਾਰਟੀ ਮਾਨ ਨੰੂ ਚਿਹਰਾ ਐਲਾਨ ਦਿੰਦੀ ਹੈ ਤਾਂ ਕਿੰਨੀਆਂ ਕੁ ਸੀਟਾਂ ਜਿੱਤ ਸਕਦੀ ਹੈ | ਸੂਚਨਾ ਇਹ ਵੀ ਹੈ ਕਿ ‘ਆਪ’ ਸੁਪਰੀਮੋ ਨੰੂ ਇਸ ਸਬੰਧੀ ਜੋ ਫੀਡਬੈਕ ਮਿਲੀ ਹੈ ਉਸ ਅਨੁਸਾਰ ਮਾਨ ਦੇ ਪਾਰਟੀ ‘ਚੋਂ ਜਾਣ ਨਾਲ ਪਾਰਟੀ ਦਾ ਨੁਕਸਾਨ ਵਧੇਰੇ ਹੋ ਸਕਦਾ ਹੈ, ਪਰ ਪਾਰਟੀ ਦੇ ਸੰਸਥਾਪਕ ਬੁੱਧੀਜੀਵੀ ਵਰਗ ਦੇ ਮੈਂਬਰਾਂ ਦਾ ਮਾਨ ਨੰੂ ਬੇਪਸੰਦ ਕਰਨਾ ਕੇਜਰੀਵਾਲ ਦੀ ਵੱਡੀ ਸਮੱਸਿਆ ਬਣੀ ਹੋਈ ਹੈ | ਇਹ ਵੀ ਜਾਣਕਾਰੀ ਮਿਲੀ ਹੈ ਕਿ ਕੇਜਰੀਵਾਲ ਭਗਵੰਤ ਮਾਨ ਨੰੂ ਫਿਲਹਾਲ ਇਸ ਗੱਲ ਲਈ ਰਾਜ਼ੀ ਕਰ ਰਹੇ ਹਨ ਕਿ ਪਾਰਟੀ ਵਿਚ ਚੜ੍ਹਤ ਉਨ੍ਹਾਂ ਦੀ ਹੀ ਰਹੇਗੀ ਤੇ ਪਾਰਟੀ ਉਨ੍ਹਾਂ ਦੀ ਅਗਵਾਈ ਹੇਠ ਹੀ ਪੰਜਾਬ ‘ਚ ਚੋਣਾਂ ਲੜੇਗੀ, ਪਰ ਮੁੱਖ ਮੰਤਰੀ ਦਾ ਚਿਹਰਾ ਕੋਈ ਹੋਰ ਐਲਾਨਿਆ ਜਾਵੇ ਜੋ ਪਾਰਟੀ ਦੇ ਅੰਦਰੋਂ ਜਾਂ ਬਾਹਰ ਤੋਂ ਵੀ ਹੋ ਸਕਦਾ ਹੈ | ਇਹ ਵੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਦੂਜੀ ਮੀਟਿੰਗ ਦੌਰਾਨ ਪੰਜਾਬ ‘ਚ ਅਕਾਲੀ ਦਲ ਸੰਯੁਕਤ ਤੇ ਦੋਵੇਂ ਕਮਿਊਨਿਸਟ ਪਾਰਟੀਆਂ ਨਾਲ ਹੋਣ ਵਾਲੇ ਗਠਜੋੜ ਸਬੰਧੀ ਵੀ ਚਰਚਾ ਹੋਵੇ ਕਿਉਂਕਿ ਪਾਰਟੀ ਵਲੋਂ ਕਰਵਾਏ ਅੰਦਰੂਨੀ ਸਰਵੇਖਣ ਇਹ ਸੰਕੇਤ ਦੇ ਚੁੱਕੇ ਹਨ ਕਿ ਪਾਰਟੀ ਦੀ ਪੁਜ਼ੀਸ਼ਨ ਉਹ ਨਹੀਂ ਰਹੀ ਜੋ 2017 ਵੇਲੇ ਦੇ ਸਮਿਆਂ ਦੇ ਵੇਲੇ ਸੀ ਤੇ ਉਸ ਸਮੇਂ ਸਰਵੇਖਨ ‘ਆਪ’ ਨੰੂ 100 ਸੀਟਾਂ ਦੇ ਰਹੇ ਸਨ, ਪਰ ਇਹ ਜਿੱਤ 20 ਸੀਟਾਂ ‘ਤੇ ਸਿਮਟ ਕੇ ਰਹਿ ਗਈ ਸੀ | ਹੁਣ ਤਾਜ਼ਾ ਸਰਵੇਖਨ ਇਹ ਦਰਸਾ ਰਹੇ ਹਨ ਕਿ ਜੇ ‘ਆਪ’ ਇਕੱਲਿਆਂ ਹੀ ਚੋਣ ਮੈਦਾਨ ਵਿਚ ਉੱਤਰਦੀ ਹੈ ਤਾਂ ਪਾਰਟੀ ਦੀ ਹਾਲਤ ਪਿਛਲੀ ਵਿਧਾਨ ਸਭਾ ਚੋਣਾਂ ਵਾਲੀ ਵੀ ਨਹੀਂ ਰਹਿਣੀ ਹੈ | ਪਾਰਟੀ ਨਾਲ ਜੁੜੇ ਸੂਤਰ ਇੱਥੋਂ ਤੱਕ ਵੀ ਦੱਸ ਰਹੇ ਹਨ ਕਿ ‘ਆਪ’ ਪਾਰਟੀ ਦੇ ਅੱਧੇ ਤੋਂ ਵੱਧ ਵਿਧਾਇਕ ਗੱਠਜੋੜ ਦੇ ਹੱਕ ਵਿਚ ਹਨ ਅਤੇ ਉਹ ਆਪਣੇ ਵਿਚਾਰ ਅਰਵਿੰਦ ਕੇਜਰੀਵਾਲ ਤੱਕ ਪਹੁੰਚਾ ਵੀ ਚੁੱਕੇ ਹਨ | ‘ਆਪ’ ਦੀ ਇਨ੍ਹਾਂ ਰਾਜਨੀਤਿਕ ਸਰਗਰਮੀਆਂ ਦੇ ਚੱਲਦਿਆਂ ਇਹ ਪੂਰੀ ਸੰਭਾਵਨਾ ਬਣੀ ਹੋਈ ਹੈ ਕਿ ਭਗਵੰਤ ਮਾਨ ਨੰੂ ਅਰਵਿੰਦ ਕੇਜਰੀਵਾਲ ਕਾਫ਼ੀ ਹੱਦ ਤੱਕ ਰਾਜੀ ਕਰ ਲੈਣਗੇ | ਮਾਨ ਨੰੂ ਭਰੋਸੇ ਵਿਚ ਲੈਣ ਉਪਰੰਤ ਇਕ ਅੱਧ ਰੋਜ਼ ਵਿਚ ਗੱਠਜੋੜ ਦਾ ਐਲਾਨ ਵੀ ਹੋ ਸਕਦਾ ਹੈ ਜੋ ਨਿਰਸੰਦੇਹ ਪੰਜਾਬ ਦੀ ਰਾਜਨੀਤੀ ਵਿਚ ਵੱਡਾ ਸਿਆਸੀ ਧਮਾਕਾ ਕਰਨ ਦੇ ਸਮਰਥ ਸਮਝਿਆ ਜਾਵੇਗਾ |
Author: Gurbhej Singh Anandpuri
ਮੁੱਖ ਸੰਪਾਦਕ