ਜੂਨ-ਜੁਲਾਈ 2018 ਅਤੇ ਅਗਸਤ ਮਹੀਨਿਆਂ ਵਿੱਚ ਭਾਰਤ ਦੇ ਉੱਤਰੀ ਸੂਬਿਆਂ ਵਿੱਚ ਇੱਕ ਅਜੀਬ ਵਰਤਾਰਾ ਸ਼ੁਰੂ ਹੋਇਆ। ਦੁਨੀਆਂ ਜਿੱਥੇ ਇਸ ਸਿਲਸਿਲੇ ਨੂੰ ਸੁਣ ਕੇ ਭਾਰਤੀ ਲੋਕਾਂ ਦੀ ਅੰਧਵਿਸ਼ਵਾਸ਼ੀ ਸੋਚ ਤੇ ਹੱਸੇਗੀ ਅਤੇ ਨਾਲ ਹੀ ਉਨ੍ਹਾਂ ਨੂੰ ਇੱਕੀਵੀਂ ਸਦੀ ਦੇ ਭਾਰਤੀਆਂ ਦੀ ਸੋਚ ਤੇ ਅਫਸੋਸ ਵੀ ਹੋਵੇਗਾ। ਇਹ ਸਿਲਸਿਲਾ ਰਾਜਸਥਾਨ ਦੇ ਜ਼ਿਲ੍ਹੇ ਜੋਧਪੁਰ ਦੇ 55 ਪਿੰਡਾਂ ਵਿੱਚ ਸ਼ੁਰੂ ਹੋਇਆ। ਕਹਿੰਦੇ ਹਨ ਕਿ ਕਿਸੇ ਪਰਿਵਾਰ ਦੀ ਘੋੜੀ ਦਿਨੇ ਸੂ ਪਈ। ਮੰਨਿਆਂ ਇਹ ਜਾਂਦਾ ਹੈ ਕਿ ਘੋੜੀਆਂ ਆਮ ਤੌਰ ਤੇ ਰਾਤ ਨੂੰ ਹੀ ਸੂੰਦੀਆਂ ਹਨ। ਪਰਿਵਾਰ ਜੋਤਸ਼ੀਆਂ ਦੇ ਚੱਕਰ ਵਿੱਚ ਪੈ ਗਿਆ। ਕਿਸੇ ਜੋਤਸ਼ੀ ਨੇ ਕਹਿ ਦਿੱਤਾ ਕਿ ਇਹ ਤਾਂ ਵੱਡੀ ਅਪਸ਼ਗਨੀ ਹੋਈ ਹੈ। ਜੇ ਤੁਹਾਡੇ ਘਰ ਦੀ ਕੋਈ ਜੇਠੀ ਇਸਤਰੀ ਆਪਣੇ ਵਾਲ ਕੱਟ ਲਵੇ ਅਤੇ ਪੇਟ ਤੇ ਤ੍ਰਿਸ਼ੂਲ ਦਾ ਨਿਸ਼ਾਨ ਬਣਾਵੇ ਤਾਂ ਇਹ ਅਪਸ਼ਗਨੀ ਦੂਰ ਹੋ ਸਕਦੀ ਹੈ। ਇਹ ਘਟਨਾ ਪਿੰਡਾਂ ਵਿੱਚ ਫੈਲ ਗਈ। ਦੇਖਾ-ਦੇਖੀ ਇਸਤਰੀਆਂ ਦੀਆਂ ਗੁੱਤਾਂ ਕੱਟੀਆਂ ਜਾਣ ਲੱਗ ਪਈਆਂ। ਅਖ਼ਬਾਰਾਂ ਨੂੰ ਸਨਸਨੀ ਫੈਲਾਉਣ ਲਈ ਅਜਿਹੀਆਂ ਖ਼ਬਰਾਂ ਦੀ ਲੋੜ ਹੁੰਦੀ ਹੈ ਤੇ ਉਨ੍ਹਾਂ ਨੇ ਅਜਿਹੀਆਂ ਖ਼ਬਰਾਂ ਅਖ਼ਬਾਰਾਂ ਵਿੱਚ ਛਾਪਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤਰ੍ਹਾਂ ਇਹ ਸਿਲਸਿਲਾ ਰਾਜਸਥਾਨ ਤੋਂ ਸੁਰੂ ਹੋ ਕੇ ਯੂ.ਪੀ., ਹਰਿਆਣੇ ਅਤੇ ਪੰਜਾਬ ਦੇ ਬਹੁਤ ਸਾਰੇ ਸਹਿਰਾਂ, ਪਿੰਡਾਂ ਅਤੇ ਕਸਬਿਆਂ ਵਿੱਚ ਫੈਲ ਗਿਆ। ਅਖ਼ਬਾਰਾਂ ਅਤੇ ਟੀ.ਵੀ. ਚੈਨਲਾਂ ਵਾਲਿਆਂ ਨੇ ਤਰਕਸ਼ੀਲਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ। ਮੈਨੂੰ ਵੀ ਬਹੁਤ ਸਾਰੇ ਅਖ਼ਬਾਰਾਂ ਨੂੰ ਬਿਆਨ ਜਾਰੀ ਕਰਨੇ ਪਏ। ਜਲੰਧਰ ਦੂਰਦਰਸ਼ਨ ਅਤੇ ਪੀ.ਟੀ.ਸੀ. ਨਿਊਜ ਤੇ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਬਹਿਸ਼-ਬਟਾਂਦਰਾ ਕਰਨਾ ਪਿਆ। ਮੈਂ ਆਪਣੇ ਵਿਚਾਰਾਂ ਵਿੱਚ ਇਸ ਗੱਲ ਤੇ ਜ਼ੋਰ ਦਿੰਦਾ ਰਿਹਾ ਹਾਂ ਕਿ ਗੁੱਤਾਂ ਕੱਟਣ ਵਾਲੀ ਕੋਈ ਭੂਤ-ਪ੍ਰੇਤਨਾਂ ਦੀ ਕੋਈ ਚੀਜ਼ ਨਹੀਂ ਹੈ। ਸਗੋਂ ਆਪਣੀਆਂ ਗੁੱਤਾਂ ਤਾਂ ਖ਼ੁਦ ਵਿਅਕਤੀ ਹੀ ਕੱਟ ਰਹੇ ਹਨ। ਮੈਂ ਆਪਣੇ 34 ਸਾਲ ਤੇ ਤਜ਼ਰਬੇ ਵਿੱਚ ਇਹ ਗੱਲ ਨੋਟ ਕੀਤੀ ਹੈ ਕਿ ਜਦੋਂ ਵੀ ਕਿਸੇ ਵਿਅਕਤੀ ਨਾਲ ਕੋਈ ਵਿਅਕਤੀਗਤ ਘਟਨਾ ਵਾਪਰਦੀ ਹੈ ਤਾਂ ਉਹ ਕਰਨ ਵਾਲਾ ਖ਼ੁਦ ਹੀ ਹੁੰਦਾ ਹੈ। ਇਸਤਰੀਆਂ ਦੇ ਨੀਲ ਪੈਣੇ, ਦੰਦੀਆਂ ਵੱਢੀਆਂ ਜਾਣੀਆਂ, ਛਾਤੀਆਂ ਸੁੱਜ ਜਾਣੀਆਂ, ਸਵਪਨ ਦੋਸ਼ ਹੋ ਜਾਣੇ, ਖ਼ੁਦ ਨਾਲ ਵਾਪਰੀਆਂ ਅਤੇ ਖ਼ੁਦ ਦੀਆਂ ਕੀਤੀਆਂ ਕਾਰਵਾਈਆਂ ਹੁੰਦੀਆਂ ਹਨ। ਕੋਈ ਵੀ ਦੂਸਰਾ ਵਿਅਕਤੀ ਅਜਿਹੇ ਵਿਅਕਤੀਆਂ ਨਾਲ ਅਜਿਹਾ ਕੁੱਝ ਨਹੀਂ ਕਰ ਸਕੇਗਾ। ਜੇ ਇੱਕ ਵਾਰ ਨਹੀਂ ਫੜਿਆ ਜਾਊ ਤਾਂ ਦੂਜੀ ਵਾਰ ਜ਼ਰੂਰ ਫੜਿਆ ਜਾਊ। ਅਸੀਂ ਸਮਝਦੇ ਹਾਂ ਕਿ ਵਿਅਕਤੀਗਤ ਕਿਰਿਆਵਾਂ ਕਰਨ ਲਈ ਬਲ ਦੀ ਲੋੜ ਹੁੰਦੀ ਹੈ। ਇਹ ਬਲ ਕਿੱਥੋਂ ਆਉਂਦਾ ਹੈ। ਸਿੱਧਾ ਜਿਹਾ ਜਵਾਬ ਹੈ ਕਿ ਖੁਦ ਹੀ ਵਿਅਕਤੀ ਅਜਿਹਾ ਕਰਦਾ ਹੈ।
ਬਲ ਦੀ ਵਿਗਿਆਨਕ ਭਾਸ਼ਾ ਵਿੱਚ ਉਸ ਕਿਰਿਆ ਨੂੰ ਬਲ ਕਿਹਾ ਜਾਂਦਾ ਹੈ ਜੋ ਕਿਸੇ ਚੀਜ਼ ਨੂੰ ਹਿਲਾਵੇ ਜਾਂ ਹਿਲਾਉਣ ਦਾ ਯਤਨ ਕਰੇ। ਜੇ ਚੀਜ਼ਾਂ ਨੂੰ ਹਿਲਾਉਣ ਵਾਲਾ ਕੋਈ ਭੂਤ-ਪ੍ਰੇਤ ਜਾਂ ਚੁੜੇਲ ਸਿੱਧ ਹੋ ਜਾਵੇ ਤਾਂ ਸਾਡੀ ਸੰਸਥਾ ਇਸ ਗੱਲ ਲਈ ਇੱਕ ਕਰੋੜ ਰੁਪਏ ਦਾ ਇਨਾਮ ਦੇਣ ਲਈ ਤਿਆਰ ਹੈ। ਅਸੀਂ ਇਸ ਤਰ੍ਹਾਂ ਦੇ ਕੇਸ ਪਹਿਲਾਂ ਵੀ ਹੱਲ ਕੀਤੇ ਹਨ। ਜਿਵੇਂ ਹਰਿਆਣੇ ਵਿੱਚ ਟੋਹਾਣੇ ਦੇ ਨੇੜੇ ਪਿੰਡ ਜਮਾਲਪੁਰ ਸੇਖਾ ਵਿੱਚ ਸਾਰੇ ਪਿੰਡ ਦੀਆਂ ਕੁੜੀਆਂ ਦੇ ਘਰੂਟ ਵੱਢੇ ਜਾਣੇ ਸ਼ੁਰੂ ਹੋ ਗਏ ਸਨ। ਲੋਕਾਂ ਨੇ ਆਪਣੀਆਂ ਧੀਆਂ-ਭੈਣਾਂ ਨੂੰ ਰਿਸ਼ਤੇਦਾਰੀਆਂ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ ਸੀ। ਪਿੰਡ ਦੇ ਸਰਪੰਚ ਦੇ ਕਹਿਣ ਤੇ ਅਸੀਂ ਆਪਣੀ ਟੀਮ ਸਮੇਤ ਉਸ ਪਿੰਡ ਵਿੱਚ ਪੁੱਜ ਗਏ। ਲੋਕਾਂ ਦਾ ਇਕੱਠ ਕੀਤਾ ਗਿਆ। ਕੁੱਝ ਨਾਟਕ ਤੇ ਜਾਦੂ ਦੇ ਟਰਿੱਕ ਵੀ ਦਿਖਾਏ ਗਏ। ਪਰ ਮੁੱਖ ਜ਼ੋਰ ਇਸ ਗੱਲ ਤੇ ਦਿੱਤਾ ਗਿਆ ਕਿ ਭੂਤਾਂ-ਪ੍ਰੇਤਾਂ ਦੀ ਹੋਂਦ ਹੋ ਹੀ ਨਹੀਂ ਸਕਦੀ। ਬਹੁਤ ਸਾਰੀਆਂ ਕਿਤਾਬਾਂ ਵੀ ਪਿੰਡ ਵਿੱਚ ਵੰਡੀਆਂ ਗਈਆਂ। ਇਸ ਤਰ੍ਹਾਂ ਉਹ ਘਟਨਾਵਾਂ ਸਦਾ ਲਈ ਬੰਦ ਹੋ ਗਈਆਂ। ਅਸੀਂ ਵਿਗਿਆਨਿਕ ਭਾਸ਼ਾ ਵਿੱਚ ਇਸ ਗੱਲ ਨੂੰ ‘ਮਾਸ਼ਹਿਸਟੀਰੀਆ’ ਕਹਿੰਦੇ ਹਾਂ। ਚੈਨਲ ’ਤੇ ਮੈਂ ਇਸ ਗੱਲ ਦੀ ਵੀ ਘੋਸ਼ਣਾ ਕੀਤੀ ਕਿ ਜੇ ਪੁਲੀਸ ਪ੍ਰਸ਼ਾਸ਼ਨ ਸਾਨੂੰ ਸਾਥ ਦੇਵੇ ਤਾਂ ਅਸੀਂ ਇੱਕ ਦਿਨ ਵਿੱਚ ਅਜਿਹੀਆਂ ਘਟਨਾਵਾਂ ਦਾ ਸਿਲਸਿਲਾ ਬੰਦ ਕਰ ਸਕਦੇ ਹਾਂ। ਪੁਲੀਸ ਨੇ ਸਿਰਫ਼ ਵਿਅਕਤੀਆਂ ਨਾਲ ਵਾਪਰੀਆਂ ਘਟਨਾਵਾਂ ਦੀ ਸਖਤੀ ਨਾਲ ਉਨ੍ਹਾਂ ਵਿਅਕਤੀਆਂ ਤੋਂ ਪੁੱਛ ਗਿੱਛ ਕਰਨੀ ਹੈ ਜਿਨ੍ਹਾਂ ਨਾਲ ਇਹ ਘਟਨਾਵਾਂ ਵਾਪਰੀਆਂ ਹਨ। ਸਾਰੇ ਵਿਅਕਤੀ ਕੁੱਝ ਮਿੰਟਾਂ ਦੀ ਪੁੱਛ-ਪੜਤਾਲ ਵਿੱਚ ਹੀ ਸਵੀਕਾਰ ਕਰਨਗੇ ਕਿ ਇਹ ਘਟਨਾ ਮੈਂ ਹੀ ਕੀਤੀ ਸੀ ਅਤੇ ਇਸਦੀ ਤਸਦੀਕ ਅਖ਼ਬਾਰਾਂ ਅਤੇ ਟੈਲੀਵਿਜ਼ਨ ਚੈਨਲਾਂ ਤੇ ਕੀਤੀ ਜਾਵੇ। ਬਹੁਤ ਸਾਰੀਆਂ ਥਾਵਾਂ ਤੇ ਘਟਨਾਵਾਂ ਕਰਨ ਵਾਲੇ ਵਿਅਕਤੀ ਖੁਦ ਹੀ ਬੇਹੋਸ਼ ਅਤੇ ਸਵੀਕਾਰ ਕਰਦੇ ਨਜ਼ਰ ਆਏ ਹਨ।
ਅਜਿਹੇ ਦੌਰ ਵਿੱਚ ਕੁੱਝ ਵਿਅਕਤੀਆਂ ਨੇ ਇਹ ਸ਼ੋਸ਼ਾ ਛੱਡਣ ਦਾ ਯਤਨ ਵੀ ਕੀਤਾ ਹੈ ਕਿ ਗੁੱਤਾਂ ਕੱਟਣ ਵਾਲਾ ਕੋਈ ਕੀੜਾ ਹੈ। ਕੀੜੇ ਇੱਕ ਅੱਧਾ ਵਾਲ ਤਾਂ ਕੱਟ ਸਕਦੇ ਹਨ ਪਰ ਪੂਰੀਆਂ ਗੁੱਤਾਂ ਨੂੰ ਨਹੀਂ। ਵਾਲ ਤਾਂ ਪ੍ਰੋਟੀਨ ਦੇ ਮੁਰਦਾ ਸੈੱਲ ਹੁੰਦੇ ਹਨ। ਇਨ੍ਹਾਂ ਵਿੱਚ ਖਾਣ ਲਈ ਕੁੱਝ ਨਹੀਂ ਹੁੰਦਾ। ਬਹੁਤ ਸਾਰੇ ਪਸ਼ੂਆਂ ਅਤੇ ਮੁਰਦਿਆਂ ਦੇ ਵਾਲ ਹਜ਼ਾਰਾਂ ਸਾਲਾਂ ਤੋਂ ਧਰਤੀ ਵਿੱਚ ਦਬੇ ਸਹੀ ਸਲਾਮਤ ਮਿਲੇ ਹਨ।
ਬਹੁਤ ਸਾਰੇ ਵਿਅਕਤੀ ਇਹ ਸਵਾਲ ਖੜ੍ਹਾ ਕਰਨਗੇ ਕਿ ਗੁੱਤਾਂ ਕੱਟਣ ਦਾ ਫਾਇਦਾ ਕਿਸ ਨੂੰ ਹੈ? ਇਹ ਵੀ ਗੱਲ ਸਹੀ ਹੈ ਕਿ ਜਦੋਂ ਅੰਧਵਿਸ਼ਵਾਸ਼ ਫੈਲਦਾ ਹੈ ਤਾਂ ਪੁਜਾਰੀਆਂ ਦੀ ਦੱਸ-ਪੁੱਛ ਅਤੇ ਕਮਾਈ ਵਧ ਜਾਂਦੀ ਹੈ। ਬਹੁਤ ਸਾਰੇ ਲੋਕਾਂ ਨੇ ਆਪਣੇ ਘਰਾਂ ਅੱਗੇ ਨਿੰਮ ਟੰਗਣੇ ਸ਼ੁਰੂ ਕਰ ਦਿੱਤੇ। ਕਈ ਨਿੰਬੂ ਅਤੇ ਮਿਰਚਾਂ ਵੀ ਟੰਗਦੇ ਦੇਖੇ ਗਏ। ਕਈ ਥਾਵਾਂ ਤੇ ਯੱਗ ਅਤੇ ਹਵਨ ਵੀ ਕੀਤੇ ਗਏ। ਇਹ ਸਾਰਾ ਸਿਲਸਿਲਾ ਪੁਜਾਰੀਆਂ ਲਈ ਲਾਹੇਵੰਦ ਹੁੰਦਾ ਹੈ। ਭਾਰਤੀ ਲੋਕਾਂ ਵਿੱਚ ਕਦੇ-ਕਦਾਈਂ ਬਦਸ਼ਗਨੀ ਨੂੰ ਹਟਾਉਣ ਲਈ ਅਫ਼ਵਾਹਾਂ ਛੱਡੀਆਂ ਜਾਂਦੀਆਂ ਹਨ। ਕਈ ਵਾਰ ਇਹ ਅਫਵਾਹਾਂ ਰਾਜਸੀ ਵਿਚਾਰਧਾਰਾ ਨੂੰ ਵੀ ਹੋਰ ਹੁੰਗਾਰਾ ਦੇਣ ਲਈ ਵਿਉਂਤ ਵੱਧ ਢੰਗ ਨਾਲ ਫੈਲਾਈਆਂ ਜਾਂਦੀਆਂ ਹਨ।
ਇਨ੍ਹਾਂ ਘਟਨਾਵਾਂ ਤੇ ਅਫ਼ਵਾਹਾਂ ਤੋਂ ਬਚਣ ਦਾ ਇੱਕੋ ਢੰਗ ਹੈ ਕਿ ਮੇਰੇ ਦੇਸ਼ ਦੇ ਲੋਕ ਵਿਗਿਆਨਿਕ ਸੋਚ ਅਪਨਾਉਣ। ਕੀ, ਕਿਉਂ, ਕਿਵੇਂ, ਕਦੋਂ, ਕਿੱਥੇ ਦੇ ਪੰਜ ਅੱਖਰ ਹੀ ਵਿਗਿਆਨਕ ਸੋਚ ਲਈ ਕਾਫੀ ਹੁੰਦੇ ਹਨ। ਜੇ ਇਹ ਲੋਕ ਇਨ੍ਹਾਂ ਪੰਜਾਂ ਅੱਖਰਾਂ ਨੂੰ ਆਪਣੇ ਜੀਵਨ ਦਾ ਅੰਗ ਬਣਾ ਲੈਂਦੇ ਹਨ ਤਾਂ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਰੁਕ ਸਕਦੀਆਂ ਹਨ। ਇੱਥੇ ਇਹ ਗੱਲ ਵੀ ਵਰਨਣਯੋਗ ਹੈ ਕਿ ਜਦੋਂ ਕੋਈ ਵਿਸ਼ਾ ਅਖ਼ਬਾਰਾਂ ਵਿੱਚ ਵੱਧ ਚਰਚਾ ਦਾ ਬਣ ਜਾਂਦਾ ਹੈ ਤਾਂ ਉਹ ਵਿਖਾਈ ਵੀ ਵੱਧ ਦੇਣ ਲੱਗ ਜਾਂਦਾ ਹੈ। ਪੰਜਾਬ ਦੇ ਸਾਢੇ ਬਾਰਾਂ ਹਜ਼ਾਰ ਪਿੰਡਾਂ ਵਿੱਚ ਦੋ-ਚਾਰ ਘਟਨਾਵਾਂ ਤਾਂ ਅਜਿਹੀਆਂ ਵਾਪਰਦੀਆਂ ਹੀ ਹਨ। ਪਰ ਜਦੋਂ ਇਹ ਲੱਭਣੀਆਂ ਸ਼ੁਰੂ ਕਰ ਦਿੱਤੀਆਂ ਜਾਣ ਤਾਂ ਲਾਜ਼ਮੀ ਤੌਰ ਤੇ ਇਨ੍ਹਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਜਾਵੇਗੀ। ਬਹੁਤ ਸਾਰੇ ਇਲਾਕਿਆਂ ਵਿੱਚ ਤਰਕਸ਼ੀਲ ਸੰਸਥਾਵਾਂ ਨੇ ਇਨ੍ਹਾਂ ਘਟਨਾਵਾਂ ਦੀ ਪੜਤਾਲ ਕੀਤੀ ਹੈ। ਤੇ ਉਹ ਸਾਰੇ ਸ਼ਲਾਘਾ ਦੇ ਪਾਤਰ ਹਨ।
-ਮੇਘ ਰਾਜ ਮਿੱਤਰ
ਤਰਕਸ਼ੀਲ ਨਿਵਾਸ
ਕੱਚਾ ਕਾਲਜ ਰੋਡ ਗਲੀ ਨੰ. 8
ਬਰਨਾਲਾ (148107)
ਮੋਬਾਇਲ ਨੰ. 9888787440
Author: Gurbhej Singh Anandpuri
ਮੁੱਖ ਸੰਪਾਦਕ