ਪੰਜਾਬ ਕਾਂਗਰਸ ਦੇ ਲੰਬੇ ਸਮੇਂ ਤੋਂ ‘ਮਹਾਰਾਜ’ ਚੱਲੇ ਆ ਰਹੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੱਲ੍ਹ ਸ਼ਾਮ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਨਾਲ ਹੀ ਸੂਬਾਈ ਕਾਂਗਰਸ ਦੀ ਸਿਆਸਤ ਹੁਣ ਬੇਹੱਦ ਅਹਿਮ ਇਤਹਾਸਕ ਮੋੜ ‘ਤੇ ਆ ਕੇ ਖੜ੍ਹੀ ਹੋ ਗਈ ਹੈ।
ਨਵਜੋਤ ਸਿੱਧੂ ਵੱਲੋਂ ਬਗਾਵਤੀ ਝੰਡਾ ਚੁੱਕਣ ਉਪਰੰਤ ਕਿਸੇ ਵੱਡੇ ਸਿਆਸੀ ਘਟਨਾਕ੍ਰਮ ਦੀ ਉਮੀਦ ਤਾਂ ਕੀਤੀ ਹੀ ਜਾ ਰਹੀ ਸੀ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਹਾਈ ਕਮਾਂਡ ਵਲੋਂ ਹੀ ਇਸ ਤਰੀਕੇ ਨਾਲ ਕਿਨਾਰੇ ਕਰ ਦਿੱਤਾ ਜਾਵੇਗਾ, ਇਸ ਦੀ ਉਮੀਦ ਸ਼ਾਇਦ ਹੀ ਕਿਸੇ ਨੂੰ ਰਹੀ ਹੋਵੇਗੀ। ਖ਼ੈਰ, ਹਾਲ ਦੀ ਘੜੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੱਲ੍ਹ ਅਸਤੀਫ਼ਾ ਦੇਣ ਦੇ ਨਾਲ ਨਵਜੋਤ ਸਿੱਧੂ ਖੇਮਾ ਇਸ ਖਾਨਾਜੰਗੀ ਵਿੱਚ ਜੇਤੂ ਹੋ ਕੇ ਨਿਕਲਿਆ ਹੈ। ਕੈਪਟਨ ਵਿਰੁੱਧ ਲਾਮਬੰਦੀ ਬੇਸ਼ੱਕ ਨਵਜੋਤ ਸਿੱਧੂ ਦੀ ਅਗਵਾਈ ਹੇਠ ਹੋਈ ਪਰ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕੈਪਟਨ ਦੇ ਸਿੰਘਾਸਨ ਦੀਆਂ ਚੂਲਾਂ ਹਿਲਾਉਣ ਪਿੱਛੇ ਅਹਿਮ ਭੂਮਿਕਾ ਮਾਝੇ ਦੀ ਹੀ ਰਹੀ। ਕਿਸੇ ਸਮੇਂ ਕੈਪਟਨ ਅਮਰਿੰਦਰ ਸਿੰਘ ਦੇ ਹੀ ਬੇਹੱਦ ਖਾਸਮ ਖਾਸ ਰਹੇ ਪੰਜਾਬ ਕੈਬਨਿਟ ਦੇ ਦੋ ਸੀਨੀਅਰ ਮੰਤਰੀ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਫਤਿਹਗਡ਼੍ਹ ਚੂਡ਼ੀਆਂ ਦੇ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਡੇਰਾ ਬਾਬਾ ਨਾਨਕ ਹਲਕੇ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਖੁੱਲ੍ਹ ਕੇ ਨਵਜੋਤ ਸਿੰਘ ਸਿੱਧੂ ਦੀ ਤਰਫ਼ੋਂ ਬੱਲੇਬਾਜ਼ੀ ਕੀਤੀ ਗਈ।
ਗੁਰਦਾਸਪੁਰ ਦੇ ਨੌਜਵਾਨ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੀ ਨਵਜੋਤ ਸਿੱਧੂ ਦੀ ਤਰਫੋਂ ਹਰ ਸਮੇਂ ਪੂਰੀ ਮੁਸਤੈਦੀ ਨਾਲ ਫੀਲਡਿੰਗ ਕਰਦੇ ਨਜ਼ਰ ਆਏ। ਸੁਖਜਿੰਦਰ ਰੰਧਾਵਾ ਅਤੇ ਤ੍ਰਿਪਤ ਬਾਜਵਾ ਵੱਲੋਂ ਕੈਪਟਨ ਵਿਰੁੱਧ ਕੀਤੇ ਗਏ ਹਮਲੇ ਦਿਨੋਂ-ਦਿਨ ਹੋਰ ਤਿੱਖੇ ਹੁੰਦੇ ਗਏ। ਇਨ੍ਹਾਂ ਵੱਲੋਂ ਪਾਰਟੀ ਹਾਈ ਕਮਾਂਡ ਨੂੰ ਆਪਣੀ ਇੱਛਾ ਦੱਸ ਕੇ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਪ੍ਰਧਾਨ ਦੀ ਕੁਰਸੀ’ ਤੇ ਬਿਠਾਉਣ ਵਿੱਚ ਅਹਿਮ ਰੋਲ ਨਿਭਾਇਆ ਗਿਆ। ਪਿਛਲੇ ਮਹੀਨੇ ਦੇਹਰਾਦੂਨ ਵਿਖੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਮਿਲਣ ਪਹੁੰਚੇ ਸਿੱਧੂ ਕੈਂਪ ਦੇ ਚਾਰ ਮੰਤਰੀਆਂ ਅਤੇ ਤਿੰਨ ਵਿਧਾਇਕਾਂ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਉਕਤ ਦੋ ਮੰਤਰੀ ਅਤੇ ਵਿਧਾਇਕ ਬਰਿੰਦਰਮੀਤ ਪਾਹੜਾ ਵੀ ਸ਼ਾਮਲ ਸਨ।
ਇਸ ਸਾਰੀ ਖ਼ਾਨਾਜੰਗੀ ਵਿੱਚ ਅਹਿਮ ਪੜਾਅ ਉਦੋਂ ਆਇਆ ਜਦੋਂ ਤਿੰਨ ਦਿਨ ਪਹਿਲਾਂ ਮੰਤਰੀ ਤ੍ਰਿਪਤ ਬਾਜਵਾ ਵੱਲੋਂ 40 ਵਿਧਾਇਕਾਂ ਦੇ ਹਸਤਾਖਰ ਵਾਲਾ ਪੱਤਰ ਦਿੱਲੀ ਵਿਖੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੱਕ ਪਹੁੰਚਾਇਆ ਗਿਆ। ਇਸ ਵਿੱਚ ਪੰਜਾਬ ਵਿਧਾਇਕ ਦਲ ਦੀ ਮੀਟਿੰਗ ਬੁਲਾਉਣ ਲਈ ਮੰਗ ਕੀਤੀ ਗਈ ਅਤੇ ਸਾਫ਼ ਸਪਸ਼ਟ ਕਰ ਦਿੱਤਾ ਗਿਆ ਕਿ ਹੁਣ ਪੰਜਾਬ ਦੀ ਜ਼ਿਆਦਾਤਰ ਵਿਧਾਇਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ’ ਤੇ ਨਹੀਂ ਵੇਖਣਾ ਚਾਹੁੰਦੇ।
ਵਿਧਾਇਕਾਂ ਦੇ ਦਸਤਖ਼ਤਾਂ ਵਾਲੇ ਇਸ ਪੱਤਰ ਨੇ ਪਾਰਟੀ ਹਾਈ ਕਮਾਂਡ ਨੂੰ ਵੀ ਇੱਕ ਠੋਸ ਵਜ੍ਹਾ ਦੇ ਦਿੱਤੀ। ਸੋਨੀਆ ਗਾਂਧੀ ਵੱਲੋਂ ਵਿਧਾਇਕ ਦਲ ਦੀ ਮੀਟਿੰਗ ਬੁਲਾਉਣ ਦੀ ਹਰੀ ਝੰਡੀ ਦੇਣ ਅਤੇ ਦੋ ਨਿਗਰਾਨਾਂ ਦੀ ਨਿਯੁਕਤੀ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਸਿੰਘਾਸਨ ਦੀਆਂ ਚੂਲਾਂ ਹਿੱਲ ਗਈਆਂ ਦਿਖਾਈ ਦਿੱਤੀਆਂ ਅਤੇ ਅੱਜ ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਹੀ ਕੈਪਟਨ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਮਜਬੂਰ ਹੋਣਾ ਪਿਆ।