ਪਟਿਆਲਾ -(ਨਜ਼ਰਾਨਾ ਨਿਊਜ਼ ਨੈੱਟਵਰਕ)‘ਖਤ ਟੁੱਕੜੇ-ਟੁੱਕੜੇ ਕਰ ਦੇਣੇ, ਮੈਂ ਸਾੜ ਦੇਣਾ ਤਸਵੀਰਾਂ ਨੂੰ’ ਮੁਹੰਮਦ ਸਾਦਿਕ ਦਾ ਲਿਖਿਆ ਤੇ ਮਰਹੂਮ ਸਰਦੂਲ ਸਿਕੰਦਰ ਦਾ ਗਾਇਆ ਗੀਤ ਪੰਜਾਬ ਦੀ ਨਵੀਂ ਸਰਕਾਰ ਦੀ ਮਨੋਦਸ਼ਾ ’ਤੇ ਸਟੀਕ ਬੈਠਦਾ ਹੈ। ਕਰੀਬ ਚਾਰ ਮਹੀਨਿਆਂ ਲਈ ਬਣੀ ਨਵੀਂ ਸਰਕਾਰ ਪਹਿਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਿਸੇ ਯਾਦ ਨੂੰ ਦੇਖਣਾ ਨਹੀਂ ਚਾਹੁੰਦੀ ਹੈ। ਕੈਪਟਨ ਦੇ ਹੁਕਮਾਂ ਨੂੰ ਬਦਲਣ ਦੇ ਨਾਲ ਉਨ੍ਹਾਂ ਦੀ ਤਸਵੀਰਾਂ ਤਕ ਨੂੰ ਵੀ ਪੰਜਾਬ ਵਿਚੋਂ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ।
ਨਿਜ਼ਾਮ ਬਦਲਿਆ ਹੈ ਤਾਂ ਨਜਾਰਿਆਂ ਦਾ ਬਦਲਣਾ ਵੀ ਤੈਅ ਹੈ। ਸਰਕਾਰੀ ਦਫਤਰਾਂ ਤੋਂ ਲੈ ਕੇ ਸਰਕਾਰੀ ਇਸ਼ਤਿਹਾਰਬਾਜੀ ’ਚੋਂ ਕੈਪਟਨ ਦਾ ਚਿਹਰਾ ਹਟਾਇਆ ਜਾਣ ਲੱਗਾ ਹੈ। ਇਸ ਸਬੰਧੀ ਸਰਕਾਰੀ ਵਿਭਾਗਾਂ ਦੇ ਮੁੱਖ ਦਫਤਰਾਂ ਨੂੰ ਲਿਖਤੀ ਹੁਕਮ ਵੀ ਜਾਰੀ ਹੋ ਚੁੱਕੇ ਹਨ। ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਪੰਜਾਬ ਰੋਡਵੇਜ਼ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਨੂੰ ਪੱਤਰ ਜਾਰੀ ਕੀਤਾ ਗਿਆ ਹੈ। ਪੱਤਰ ਵਿਚ ਸਾਬਕਾ ਮੁੱਖ ਮੰਤਰੀ ਦੀ ਫੋਟੋ ਇਸ਼ਤਿਹਾਰਾਂ ਵਿਚੋਂ ਹਟਾਉਣ ਬਾਰੇ ਕਿਹਾ ਗਿਆ ਹੈ। ਪੱਤਰ ਵਿਚ ਲਿਖਿਆ ਹੈ ਕਿ ਕੈਪਟਨ ਦੀ ਥਾਂ ਤੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਨਿਯੁਕਤ ਕੀਤਾ ਗਿਆ ਹੈ। ਇਸ ਲਈ ਪੀਆਰਟੀਸੀ ਦੀਆਂ ਬੱਸਾਂ ’ਤੇ ਚੱਲ ਰਹੇ ਕੈਪਟਨ ਦੀ ਤਸਵੀਰ ਵਾਲੇ ਇਸ਼ਤਿਹਾਰ ਤੁਰੰਤ ਹਟਾ ਦਿੱਤੇ ਜਾਣ। ਇਸੇ ਤਰ੍ਹਾਂ ਹੀ ਹੋਰ ਸਰਕਾਰੀ ਸਕੀਮਾਂ ਸਬੰਧੀ ਪਿੰਡਾਂ ਤੇ ਸ਼ਹਿਰਾਂ ਵਿਚ ਲੱਗੇ ਇਸ਼ਤਿਹਾਰੀ ਬੋਰਡਾਂ ਨੂੰ ਲਾਹੁਣ ਦੀ ਕਵਾਇਦ ਵੀ ਸ਼ੁਰੂ ਹੋ ਗਈ ਹੈ। ਸਰਕਾਰ ਦੇ ਦਫਤਰੀ ਵ੍ਹਾਟਸਐਪ, ਫੇਸਬੁੱਕ ਤੇ ਸੋਸ਼ਲ ਮੀਡੀਆ ਦੇ ਹੋਰ ਖਾਤਿਆਂ ’ਤੇ ਵੀ ਕੈਪਟਨ ਦੀ ਜਗ੍ਹਾ ਚੰਨੀ ਦੀ ਤਸਵੀਰ ਲਾ ਦਿੱਤੀ ਗਈ ਹੈ। ਕਈ ਸਰਕਾਰੀ ਦਫਤਰਾਂ ਵਿਚ ਕੈਪਟਨ ਦੀ ਤਸਵੀਰ ਵਾਲੀਆਂ ਸਟੈਂਡੀਆਂ ਵੀ ਫੋਲਡ ਹੋ ਕੇ ਰਹਿ ਗਈਆਂ ਹਨ। ਇਸ ਤੋਂ ਇਲਾਵਾ ਹੁਣ ਕੈਪਟਨ ਸਰਕਾਰ ਦੇ ਪ੍ਰਚਾਰ ਲਈ ਕੰਮ ਕਰਨ ਵਾਲੇ ਡਿਜ਼ਾਈਨਰਾਂ ਦੀ ਟੀਮ ਦੀ ਨੌਕਰੀ ਵੀ ਖਤਰੇ ਵਿਚ ਪੈ ਗਈ ਹੈ ਤੇ ਇਸ ਮਹੀਨੇ ਦੀ ਤਨਖਾਹ ਨਾ ਮਿਲਣ ਦਾ ਡਰ ਵੀ ਸਤਾਉਣ ਲੱਗਿਆ ਹੈ।
ਪੰਜਾਬ ਵਿਚੋਂ ਤਸਵੀਰਾਂ ਹਟਾਉਣ ਦੇ ਨਾਲ ਕੈਪਟਨ ਸਰਕਾਰ ਦੇ ਹੁਕਮਾਂ ਨੂੰ ਪਲਟਣਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਕੈਪਟਨ ਧੜੇ ਦੇ ਦੋ ਚੇਅਰਮੈਨ ਬਦਲਣ ਤੋਂ ਬਾਅਦ ਸਾਫ ਹੈ ਕਿ ਅਗਲੇ ਦਿਨਾਂ ਵਿਚ ਹੋਰ ਕੁਰਸੀਆਂ ’ਤੇ ਫੇਰ ਬਦਲ ਹੋਣੀ ਲਾਜ਼ਮੀ ਹੈ ਜਿਸ ਕਰ ਕੇ ਕੈਪਟਨ ਤੋਂ ਚਿੱਠੀਆਂ ਲੈਣ ਵਾਲਿਆਂ ਨੂੰ ਆਪਣੀਆਂ ਇਹ ਚਿੱਠੀਆਂ ਵੀ ਲੀਰੋ ਲੀਰ ਹੁੰਦੀਆਂ ਨਜ਼ਰ ਆ ਰਹੀਆਂ ਹਨ।
Author: Gurbhej Singh Anandpuri
ਮੁੱਖ ਸੰਪਾਦਕ