ਇਨਸਾਫ਼ ਨਾ ਮਿਲਣ ਤੇ ਕਿਸਾਨ ਜਥੇਬੰਦੀਆਂ ਦੀ ਹਿਮਾਇਤ ਨਾਲ ਦੋ ਜਿਲ੍ਹਿਆਂ ਦੀ ਪੱਤਰਕਾਰਾਂ ਨੇ ਲਗਾਇਆ ਧਰਨਾ
ਮੱਖੂ/ਹਰੀਕੇ/ਤਰਨਤਾਰਨ 29 ਸਤੰਬਰ (ਬਿਉਰੋ ਚੀਫ) ਤਰਨਤਾਰਨ ਅਤੇ ਫਿਰੋਜ਼ਪੁਰ ਦੋ ਜਿਲ੍ਹਿਆਂ ਨੂੰ ਜੋੜਨ ਵਾਲੇ ਚਾਰ ਮਾਰਗੀ ਨੈਸ਼ਨਲ ਹਾਈਵੇ 54 ਦੇ ਨਵੇਂ ਬਾਈਪਾਸ ਵਾਲੇ ਪੁਲ ਤੇ ਲੱਗੇ ਨਾਕੇ ਦੌਰਾਨ ਮੱਖੂ ਪੁਲਿਸ ਵੱਲੋਂ ਲੰਘ ਰਹੇ ਵਾਹਨ ਚਾਲਕਾਂ ਤੋਂ ਪੈਸੇ ਲੈਂਦਿਆਂ ਦੀ ਕਵਰੇਜ ਕਰ ਰਹੇ ਹਰੀਕੇ ਤੋਂ ਪੱਤਰਕਾਰ ਕਿਰਪਾਲ ਸਿੰਘ ਰੰਧਾਵਾ ਨਾਲ ਧੱਕਾ ਮੁੱਕੀ ਤੇ ਬਦਸਲੂਕੀ ਕਰਦਿਆਂ ਮੱਖੂ ਥਾਣੇ ਵਿਚ ਪੁਲਿਸ ਨੇ ਬੰਦ ਕਰ ਦਿੱਤਾ । ਤਰਨਤਾਰਨ ਅਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਪੱਤਰਕਾਰਾਂ ਨੂੰ ਜਦ ਇਸ ਮਾਮਲੇ ਬਾਰੇ ਪਤਾ ਲਗਾ ਤਾਂ ਓਹਨਾਂ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕੀਤਾ । ਜਿਸਦੇ ਚਲਦਿਆਂ ਉੱਚ ਅਧਿਕਾਰੀਆਂ ਨਾਕਾ ਇੰਚਾਰਜ ਮੁੱਖ ਸਿਪਾਹੀ ਪ੍ਰਿਤਪਾਲ ਸਿੰਘ, ਸਿਪਾਹੀ ਕਮਲ ਕੁਮਾਰ ਅਤੇ ਹੋਮਗਰਡ ਕਸ਼ਮੀਰ ਸਿੰਘ ਨੂੰ ਮੁਅੱਤਲ ਕਰਕੇ ਲਾਈਨ ਹਾਜਰ ਲਈ ਰਵਾਨਗੀ ਪਾ ਦਿੱਤੀ । ਜਿਸਤੋਂ ਬਾਅਦ ਜਿਵੇਂ ਹੀ ਤਰਨਤਾਰਨ ਜ਼ਿਲ੍ਹੇ ਦੇ ਪੱਤਰਕਾਰ ਪੀੜਤ ਕਿਰਪਾਲ ਸਿੰਘ ਰੰਧਾਵਾ ਸਮੇਤ ਵਾਪਿਸ ਜਾ ਰਹੇ ਸਨ ਤਾਂ ਪੁਲਿਸ ਲਾਈਨ ਲਈ ਰਵਾਨਾ ਕੀਤੇ ਗਏ ਨਾਮਜਦ ਕਰਮਚਾਰੀ ਓਸੇ ਨਾਕੇ ਤੇ ਤਾਇਨਾਤ ਸਨ । ਜਿੰਨਾ ਨੇ ਪੱਤਰਕਾਰ ਰੰਧਾਵਾ ਅਤੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਨਾਲ ਗਾਲਮੰਦਾ ਕਰਦਿਆਂ ਧੱਕਾ ਮੁੱਕੀ ਸ਼ੁਰੂ ਕਰ ਦਿੱਤੀ । ਏਸੇ ਦੌਰਾਨ ਅੰਮ੍ਰਿਤਧਾਰੀ ਕਿਸਾਨ ਆਗੂ ਦੀ ਦਸਤਾਰ ਉਤਾਰ ਦਿੱਤੀ ਗਈ ।
ਮੌਕੇ ਦੀ ਵੀਡਿਓ ਬਣਾ ਰਹੇ ਦੋ ਆਗੂਆਂ ਦੇ ਮੋਬਾਇਲ ਪੁਲਿਸ ਕਰਮਚਾਰੀਆਂ ਵੱਲੋਂ ਖੋ ਲੈਣ ਦੇ ਬਾਅਦ ਹਵਲਦਾਰ ਪ੍ਰਿਤਪਾਲ ਸਿੰਘ ਸਾਥੀ ਪੁਲਿਸ ਕਰਮਚਾਰੀ ਦੀ ਕਾਰਬਾਈਨ ਖੋ ਕੇ ਜਾਨੋ ਮਾਰ ਦੇਣ ਦੀ ਨੀਅਤ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ । ਇਹ ਸਾਰਾ ਵਾਕਿਆ ਬਾਕੀ ਪੱਤਰਕਾਰਾਂ ਦੇ ਕਮਰਿਆਂ ਚ ਕੈਦ ਹੋ ਗਿਆ । ਜਿਸ ਬਾਬਤ ਪੱਤਰਕਾਰ ਭਾਈਚਾਰੇ ਵੱਲੋਂ ਜਿਲ੍ਹਾ ਪੁਲਿਸ ਮੁਖੀ ਫਿਰੋਜ਼ਪੁਰ ਨੂੰ ਵੀਡਿਓ ਭੇਜ ਕੇ ਇਨਸਾਫ ਦੀ ਮੰਗ ਕਰਦਿਆਂ ਦੇਰ ਰਾਤ ਨੈਸ਼ਨਲ ਹਾਈਵੇ ਧਰਨਾ ਲਗਾ ਦਿੱਤਾ ਗਿਆ ਸੀ । ਜਿਲ੍ਹਾ ਪੁਲਿਸ ਮੁਖੀ ਵੱਲੋਂ ਦੋਸ਼ੀ ਪੁਲਿਸ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦਵਾਏ ਜਾਣ ਤੋਂ ਬਾਅਦ ਰਾਤ 1 ਵਜੇ ਦੇ ਕਰੀਬ ਧਰਨਾ ਖਤਮ ਕਰ ਦਿੱਤਾ ਗਿਆ । ਜਦੋਂ ਪੱਤਰਕਾਰ ਭਾਈਚਾਰੇ ਨੂੰ ਸਵੇਰੇ 11 ਵਜੇ ਬਿਆਨ ਦਰਜ ਕਰਵਾਉਣ ਲਾਓ ਬੁਲਾਇਆ ਗਿਆ ਤਾਂ ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਕਾਰਵਾਈ ਲਈ ਦੋ ਘੰਟੇ ਦਾ ਸਮਾਂ ਮੰਗਿਆ ਪਰ ਸ਼ਾਮ ਪੰਜ ਵਜੇ ਦੇ ਕਰੀਬ ਕਥਿਤ ਦੋਸ਼ੀ ਕਰਮਚਾਰੀਆਂ ਖਿਲਾਫ ਕਾਰਵਾਈ ਕਰਨ ਤੋਂ ਨਾਂਹ ਕਰ ਦਿੱਤੀ । ਜਿਸਦੇ ਰੋਸ ਵਜੋਂ ਤਰਨਤਾਰਨ, ਜੀਰਾ ਸਬ ਡਵੀਜ਼ਨ ਦੇ ਪੱਤਰਕਾਰ ਭਾਈਚਾਰੇ ਵੱਲੋਂ ਥਾਣੇ ਦੇ ਬਾਹਰ ਧਰਨਾ ਲਗਾ ਦਿੱਤਾ । ਖਬਰ ਲਿਖੇ ਜਾਣ ਤੱਕ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਭਾਰਤੀ ਕਿਸਾਨ ਯੂਨੀਅਨ ਪੰਜਾਬ ਅਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟਬੁੱਢਾ) ਦੇ ਆਗੂ ਵੀ ਵੱਡੀ ਗਿਣਤੀ ਚ ਪੱਤਰਕਾਰਾਂ ਦੀ ਹਿਮਾਇਤ ਤੇ ਧਰਨੇ ਚ ਸ਼ਾਮਿਲ ਹੋ ਚੁੱਕੇ ਸਨ ।
ਇਸ ਮੌਕੇ ਬੀਕੇਯੂ ਰਾਜੇਵਾਲ ਦੇ ਸੂਬਾ ਸਕੱਤਰ ਨੰਬਰਦਾਰ ਪਰਗਟ ਸਿੰਘ ਤਲਵੰਡੀ, ਭਗਵਾਨ ਸਿੰਘ ਗੱਟਾ, ਬਲਵਿੰਦਰ ਸਿੰਘ ਮਰਾੜ, ਗੁਰਵਿੰਦਰ ਸਿੰਘ ਮਾਨ, ਗੁਰਵੇਲ ਸਿੰਘ ਪੱਧਰੀ, ਦਵਿੰਦਰ ਸਿੰਘ, ਡਾਕਟਰ ਗੁਰਦੇਵ ਸਿੰਘ ਅਤੇ ਸਾਥੀਆਂ ਸਮੇਤ ਧਰਨੇ ਚ ਪਹੁੰਚੇ । ਜਦਕਿ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੇਵ ਸਿੰਘ ਵਾਰਿਸ ਵਾਲਾ, ਸੂਬਾ ਸਕੱਤਰ ਜਸਵੰਤ ਸਿੰਘ ਗੱਟਾ, ਜਰਨੈਲ ਸਿੰਘ ਕਨੇਡੀਅਨ, ਅਰਵਿੰਦਰ ਸਿੰਘ ਬਰਾੜ ਅਤੇ ਗੁਰਦੀਪ ਸਿੰਘ ਸੂਦਾਂ ਨੇ ਵੀ ਸਾਥੀਆਂ ਸਮੇਤ ਪੱਤਰਕਾਰਾਂ ਦੇ ਧਰਨੇ ਚ ਸ਼ਮੂਲੀਅਤ ਕੀਤੀ । ਏਸੇ ਤਰ੍ਹਾਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਕਰਨੈਲ ਸਿੰਘ ਭੋਲਾ, ਜੱਗਾ ਸਿੰਘ ਨੰਗਲ ਵੀ ਕਾਫ਼ਲਾ ਲੈਕੇ ਧਰਨੇ ਚ ਪਹੁੰਚੇ । ਇਸ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਵਰਨ ਸਿੰਘ ਖਹਿਰਾ, ਸਤਨਾਮ ਸਿੰਘ ਹਰੀਕੇ ਵੀ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ । ਖਬਰ ਲਿਖੇ ਜਾਣ ਤੱਕ ਕਿਸਾਨ ਜਥੇਬੰਦੀਆਂ ਦੀ ਹਿਮਾਇਤ ਨਾਲ ਪੱਤਰਕਾਰ ਭਾਈਚਾਰੇ ਵੱਲੋਂ ਮੱਖੂ ਪੁਲਿਸ ਥਾਣੇ ਦੇ ਬਾਹਰ ਧਰਨਾ ਜਾਰੀ ਸੀ ।
Author: Gurbhej Singh Anandpuri
ਮੁੱਖ ਸੰਪਾਦਕ