ਅੰਮ੍ਰਿਤਸਰ 1 ਜਨਵਰੀ 2022 (ਮੰਗਲ ਸਿੰਘ ਕੈਰੋਂ ) ਅਰਵਿੰਦ ਕੇਜਰੀਵਾਲ ਦੋ ਦਿਨਾਂ ਪੰਜਾਬ ਦੌਰੇ ‘ਤੇ ਹਨ ਤੇ ਅੱਜ ਉਹ ਸ੍ਰੀ ਰਾਮ ਤੀਰਥ ਮੰਦਰ ‘ਚ ਨਤਮਸਤਕ ਹੋਏ, ਜਿੱਥੇ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ 4 ਹੋਰ ਗਰੰਟੀਆਂ ਦਿੱਤੀਆਂ। ਕੇਜਰੀਵਾਲ ਨੇ ਬਾਬਾ ਸਾਹਿਬ ਅੰਬੇਦਕਰ ਦੇ ਇਤਿਹਾਸ ਬਾਰੇ ਦੱਸਦਿਆਂ ਕਿਹਾ ਕਿ ਅਸੀਂ ਸਹੁੰ ਖਾਧੀ ਹੈ ਕਿ ਬਾਬਾ ਸਾਹਿਬ ਅੰਬੇਦਕਰ ਦਾ ਸੁਪਨਾ ਅਸੀਂ ਪੰਜਾਬ ਵਿਚ ਪੂਰਾ ਕਰਾਂਗੇ।
ਉਹਨਾਂ ਕਿਹਾ ਕਿ ਅੱਜ ਇਸ ਪਵਿੱਤਰ ਸਥਾਨ ‘ਤੇ ਮੈਂ ਸਹੁੰ ਖਾ ਕੇ ਕਹਿੰਦਾ ਹਾਂ ਕਿ ਸਰਕਾਰ ਬਣਨ ‘ਤੇ ਐੱਸਸੀ ਭਾਈਚਾਰੇ ਦੇ ਇਕ-ਇਕ ਬੱਚੇ ਨੂੰ ਚੰਗੀ ਸਿੱਖਿਆ ਦੇਵਾਂਗੇ ਜਿਵੇਂ ਅਮੀਰਾਂ ਦੇ ਬੱਚਿਆਂ ਨੂੰ ਮਿਲਦੀ ਹੈ। ਬਾਕੀ ਪਾਰਟੀਆਂ ਜਿਹੜੇ ਮਰਜ਼ੀ ਵਾਅਦੇ ਕਰਨ ਪਰ ਕਿਸੇ ਨੇ ਵੀ ਇਹ ਨੀ ਕਿਹਾ ਹੋਣਾ ਕਿ ਅਸੀਂ ਬੱਚਿਆਂ ਨੂੰ ਚੰਗੀ ਸਿੱਖਿਆ ਦੇਵਾਂਗੇ। ਜੇ ਅਸੀਂ ਇਕ ਪੀੜ੍ਹੀ ਨੂੰ ਚੰਗੀ ਸਿੱਖਿਆ ਦੇ ਦਿੱਤੀ ਤਾਂ ਪੂਰੇ ਸਮਾਜ ਦੀ ਗਰੀਬੀ ਦੂਰ ਹੋ ਜਾਵੇਗੀ ਤੇ ਸਾਰਾ ਸਮਾਜ ਇਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੋਵੇਗਾ।
ਸਿੱਖਿਆ ਬਹੁਤ ਜ਼ਰੂਰੀ ਹੈ ਤੇ ਇਹ ਸਭ ਸਿੱਖਿਆ ਦੇ ਨਾਲ ਹੀ ਹੋਵੇਗਾ। ਉਹਨਾਂ ਕਿਹਾ ਕਿ ਜਦੋਂ ਅਸੀਂ ਸੰਤ ਸਮਾਜ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸ਼ਰਾਇਨ ਬੋਰਡ ਭੰਗ ਕਰ ਕੇ ਸਮਾਜ ਨੂੰ ਉਸ ਪਵਿੱਤਰ ਸਥਾਨ ਨੂੰ ਚਲਾਉਣ ਦੀ ਇਜ਼ਾਜਤ ਨਹੀਂ ਹੈ ਪਰ ਸਾਡੀ ਸਰਕਾਰ ਆਉਣ ‘ਤੇ ਇਹ ਦੁਬਾਰਾ ਸ਼ੁਰੂ ਕੀਤਾ ਜਾਵੇਗਾ। ਸਫਾਈ ਕਰਮਚਾਰੀਆਂ ਬਾਰੇ ਗੱਲ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਸਫ਼ਾਈ ਕਰਮਚਾਰੀ ਜੋ ਕੱਚੇ ਹਨ ਤੇ ਉਹਨਾਂ ਦੀ ਨੌਕਰੀ ਦਾ ਕੋਈ ਭਰੋਸਾ ਨਹੀਂ ਕਦੋਂ ਚਲੀ ਜਾਵੇ ਸਾਡੀ ਸਰਕਾਰ ਆਉਣ ‘ਤੇ ਉਹਨਾਂ ਨੂੰ ਪੱਕਾ ਕੀਤਾ ਜਾਵੇਗਾ ਤੇ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।
ਉਹਨਾਂ ਕਿਹਾ ਕਿ ਸੀਵਰੇਜ ਸਾਫ਼ ਕਰਨ ਵਾਲਿਆਂ ਨੂੰ ਖ਼ੁਦ ਸੀਵਰ ਦੇ ਅੰਦਰ ਵੜ ਕੇ ਸਾਫ਼ ਕਰਨਾ ਪੈਂਦਾ ਹੈ ਤੇ ਉਸ ਦੀ ਗੈਸ ਨਾਲ ਮੌਤ ਵੀ ਹੋ ਜਾਂਦੀ ਹੈ। ਉਹਨਾਂ ਕੋਲ ਕੋਈ ਕਿੱਟ ਨਹੀਂ ਹੈ ਪਰ ਦਿੱਲੀ ਵਿਚ ਅਸੀਂ ਸਭ ਨੂੰ ਸੀਵਰ ਕਿੱਟ ਦਿੱਤੀ ਹੋਈ ਹੈ ਜਿਸ ਨਾਲ ਉਹਨਾਂ ਨੇ ਅਪਣਾ ਰੁਜ਼ਗਾਰ ਹੀ ਸ਼ੁਰੂ ਕਰ ਲਿਆ ਹੈ ਤੇ ਉਹ ਬਿਜ਼ਨੈੱਸਮੈਨ ਬਣ ਗਏ ਹਨ। ਹੁਣ ਪੰਜਾਬ ਵਿਚ ਵੀ ਸਰਕਾਰ ਬਣਨ ‘ਤੇ ਉਹਨਾਂ ਨੂੰ ਪੂਰੀ ਸਹੂਲਤ ਦਿੱਤੀ ਜਾਵੇਗੀ, ਕਿੱਟਾਂ ਦਿੱਤੀਆਂ ਜਾਣਗੀਆਂ ਤਾਂ ਜੋ ਉਹ ਪੂਰੀ ਇੱਜ਼ਤ ਦੇ ਨਾਲ ਕੰਮ ਕਰ ਸਕਣ ਤੇ ਅਪਣਾ ਕੰਮ ਵੀ ਸ਼ੁਰੂ ਕਰ ਸਕਦੇ ਹਨ। ਸੀਵਰਮੈਨ ਨੂੰ ਪੂਰੀ ਇੱਜ਼ਤ ਦਿੱਤੀ ਜਾਵੇਗੀ।
ਇਸ ਦੇ ਨਾਲ ਹੀ ਉਹਨਾਂ ਨੇ ਵਿਰੋਧੀ ਪਾਰਟੀਆਂ ‘ਤੇ ਵੀ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਬਿਕਰਮ ਮਜੀਠੀਆ ‘ਤੇ ਸਿਰਫ਼ ਮਾਮਲਾ ਦਰਜ ਕਰ ਕੇ ਨਹੀਂ ਕੁੱਝ ਬਣਨਾ ਉਸ ਨੰ ਗ੍ਰਿਫ਼ਤਾਰ ਵੀ ਕਰਨਾ ਪੈਣਾ ਹੈ ਚੰਨੀ ਸਰਕਾਰ ਵਿਚ ਮਜੀਠੀਆ ਨੂੰ ਗ੍ਰਿਫ਼ਤਾਰ ਕਰਨ ਦੀ ਹਿੰਮਤ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਕੁਰਸੀ ਦੀ ਗੰਦੀ ਲੜਾਈ ਚੱਲ ਰਹੀ ਹੈ ਹਰ ਕੋਈ ਰਾਜਨੀਤੀ ਕਰ ਰਿਹਾ ਹੈ ਸਿਰਫ਼ ਕੁਰਸੀ ਦੀ ਹੀ ਲੜਾਈ ਹੈ।