
ਜੁਲਾਈ 10 (ਨਜ਼ਰਾਨਾ ਬਿਊਰੋ)ਛੱਤੀਸਗੜ੍ਹ ਪੁਲਸ ਨੇ ਆਈ ਪੀ ਅੱੈਸ ਅਫਸਰ ਗੁਰਜਿੰਦਰ ਪਾਲ ਸਿੰਘ ਖਿਲਾਫ ਰਾਜਧੋ੍ਰਹ ਦਾ ਕੇਸ ਦਰਜ ਕੀਤਾ ਹੈ | ਸੂਬੇ ਦੇ ਐਂਟੀ ਕੁਰੱਪਸ਼ਨ ਬਿਊਰੋ (ਏ ਸੀ ਬੀ) ਤੇ ਇਕਨਾਮਿਕ ਆਫੈਂਸਜ਼ ਵਿੰਗ (ਈ ਓ ਡਬਲਿਊ) ਵੱਲੋਂ ਉਨ੍ਹਾ ਦੇ ਟਿਕਾਣਿਆਂ ‘ਤੇ ਇਸ ਹਫਤੇ ਮਾਰੇ ਗਏ ਛਾਪਿਆਂ ਤੋਂ ਬਾਅਦ ਉਨ੍ਹਾ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ |
ਪੁਲਸ ਮੁਤਾਬਕ ਛਾਪਿਆਂ ਦੌਰਾਨ ਮਿਲੇ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਹੈ ਕਿ ਉਹ ਸਰਕਾਰ ਤੇ ਲੋਕਾਂ ਦੇ ਨੁਮਾਇੰਦਿਆਂ ਪ੍ਰਤੀ ਵੈਰ-ਭਾਵਨਾ ਪੈਦਾ ਕਰਨ ਤੇ ਸਾਜ਼ਿਸ਼ ਰਚਣ ਵਿਚ ਸ਼ਾਮਲ ਸਨ | ਰਾਇਪੁਰ ਦੇ ਐੱਸ ਐੱਸ ਪੀ ਅਜੈ ਯਾਦਵ ਨੇ ਦੱਸਿਆ ਕਿ ਉਨ੍ਹਾ ਵਿਰੁੱਧ ਸਿਟੀ ਕੋਤਵਾਲੀ ਵਿਚ ਵੀਰਵਾਰ ਰਾਤ ਤਾਜ਼ੀਰਾਤੇ ਹਿੰਦ ਦੀ ਦਫਾ 124-ਏ (ਰਾਜਧ੍ਰੋਹ) ਅਤੇ 153-ਏ (ਨਫਰਤ ਪੈਦਾ ਕਰਨੀ) ਤਹਿਤ ਕੇਸ ਦਰਜ ਕੀਤਾ ਗਿਆ ਹੈ |
ਐਡੀਸ਼ਨਲ ਡਾਇਰੈਕਟਰ ਜਨਰਲ ਰੈਂਕ ਦੇ ਅਫਸਰ ਜੀ ਪੀ ਸਿੰਘ ਦੇ ਕਰੀਬ 15 ਟਿਕਾਣਿਆਂ ‘ਤੇ ਇਕ ਤੋਂ ਤਿੰਨ ਜੁਲਾਈ ਤੱਕ ਛਾਪੇ ਮਾਰੇ ਗਏ ਸਨ | ਇਸ ਦੌਰਾਨ ਕਰੀਬ 10 ਕਰੋੜ ਦੀ ਚੱਲ ਤੇ ਅਚੱਲ ਸੰਪਤੀ ਦਾ ਪਤਾ ਲੱਗਾ | ਉਨ੍ਹਾ ਨੂੰ ਪੰਜ ਜੁਲਾਈ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ | 1994 ਬੈਚ ਦੇ ਅਫਸਰ ਸਿੰਘ ਏ ਸੀ ਬੀ ਤੇ ਈ ਓ ਡਬਲਿਊ ਦੇ ਏ ਡੀ ਜੀ ਰਹਿ ਚੁੱਕੇ ਹਨ ਤੇ ਪਿਛਲੇ ਦਿਨਾਂ ਤੱਕ ਪੁਲਸ ਅਕਾਦਮੀ ਦੇ ਡਾਇਰੈਕਟਰ ਦੇ ਅਹੁਦੇ ‘ਤੇ ਕੰਮ ਕਰ ਰਹੇ ਸਨ | ਐੱਫ ਆਈ ਆਰ ਵਿਚ ਕਿਹਾ ਗਿਆ ਹੈ ਕਿ ਪੈਨਸ਼ਨ ਬਾੜਾ ਵਿਚ ਉਨ੍ਹਾ ਦੇ ਸਰਕਾਰੀ ਨਿਵਾਸ ‘ਤੇ ਛਾਪੇ ਦੌਰਾਨ ਘਰ ਦੇ ਪਿਛਲੇ ਪਾਸੇ ਕੁਝ ਪਾਟੇ ਕਾਗਜ਼ ਮਿਲੇ |
ਉਨ੍ਹਾ ਨੂੰ ਜਦੋਂ ਜੋੜਿਆ ਗਿਆ ਤਾਂ ਹੱਥ ਨਾਲ ਲਿਖੀਆਂ ਤੇ ਟਾਈਪ ਕੀਤੀਆਂ ਕੁਝ ਗੰਭੀਰ ਗੱਲਾਂ ਦਾ ਪਤਾ ਲੱਗਿਆ | ਐੱਫ ਆਈ ਆਰ ਮੁਤਾਬਕ ਇਨ੍ਹਾਂ ਕਾਗਜ਼ਾਂ ਵਿਚ ਵਕਾਰੀ ਸਿਆਸੀ ਪਾਰਟੀਆਂ ਦੇ ਆਗੂਆਂ ਖਿਲਾਫ ਇਤਰਾਜ਼ਯੋਗ ਟਿੱਪਣੀਆਂ ਲਿਖੀਆਂ ਮਿਲੀਆਂ | ਇਸ ਦੇ ਨਾਲ ਹੀ ਸਾਜ਼ਿਸ਼ ਦੀਆਂ ਵਿਸਤਿ੍ਤ ਯੋਜਨਾਵਾਂ ਵੀ ਦਰਜ ਸਨ | ਵੱਖ-ਵੱਖ ਅਸੰਬਲੀ ਹਲਕਿਆਂ ਦੇ ਉਮੀਦਵਾਰਾਂ ਤੇ ਨੁਮਾਇੰਦਿਆਂ ਬਾਰੇ ਗੁਵਤ ਜਾਇਜ਼ੇ ਵੀ ਦਰਜ ਸਨ | ਕਾਗਜ਼ਾਂ ਵਿਚ ਕਈ ਸਰਕਾਰੀ ਸਕੀਮਾਂ, ਨੀਤੀਆਂ, ਸਮਾਜੀ ਤੇ ਧਾਰਮਿਕ ਮੁੱਦਿਆਂ ਬਾਰੇ ਨਾਜ਼ੁਕ ਟਿੱਪਣੀਆਂ ਵੀ ਕੀਤੀਆਂ ਗਈਆਂ ਹਨ | ਇਸੇ ਤਰ੍ਹਾਂ ਸਿੰਘ ਦੇ ਸਾਥੀ ਮਣੀ ਭੂਸ਼ਣ ਦੇ ਘਰੋਂ ਮਿਲੇ ਪੰਜ ਸਫਿਆਂ ਦੇ ਅੰਗਰੇਜ਼ੀ ਵਿਚ ਲਿਖੇ ਦਸਤਾਵੇਜ਼ ਵਿਚ ਵੀ ਜਨਤਕ ਨੁਮਾਇੰਦਿਆਂ, ਅਧਿਕਾਰੀਆਂ, ਸਰਕਾਰੀ ਸਕੀਮਾਂ ਤੇ ਨੀਤੀਆਂ ਬਾਰੇ ਟਿੱਪਣੀਆਂ ਕੀਤੀਆਂ ਗਈਆਂ ਹਨ |