Home » Uncategorized » ਗ੍ਰੰਥੀ ਸਿੰਘਾਂਂ ਦਾ ਅਪਮਾਨ ਤੇ ਤ੍ਰਿਸਕਾਰ ਆਖਿਰ ਕਦੋ ਤੱਕ ਚੱਲੇਗਾ ……❓❓❓

ਗ੍ਰੰਥੀ ਸਿੰਘਾਂਂ ਦਾ ਅਪਮਾਨ ਤੇ ਤ੍ਰਿਸਕਾਰ ਆਖਿਰ ਕਦੋ ਤੱਕ ਚੱਲੇਗਾ ……❓❓❓

31

ਮੈਂ ਆਪਣੀ ਲਿਖਤ ਇੱਕ ਗ੍ਰੰਥੀ ਸਿੰਘ ਵੱਲੋਂ ਦੱਸੀ ਗੱਲ ਤੋਂ ਸ਼ੁਰੂ ਕਰਨ ਲੱਗਾ ਜਾਂ ਜੋ ਸਿੱਖ ਧਰਮ ਦੇ ਗ੍ਰੰਥੀਆਂ ਤੇ ਪਾਠੀਆਂ ਦੀ ਹਾਲਤ ਬਿਆਨਣ ਵਾਸਤੇ ਕਾਫੀ ਹੈ ….

ਗ੍ਰੰਥੀ ਸਿੰਘ ਵੱਲੋਂ ਮੈਨੂੰ ਦੱਸਿਆ ਕਿ ਇੱਕ ਦਿਨ ਕਿਸੇ ਪਰਿਵਾਰ ਦਾ ਬਜੁ਼ਰਗ ਚੜਾਈ ਕਰ ਗਿਅਾ ਪਰਿਵਾਰ ਵਾਲੇ ਆਖ ਗਏ ਕਿ ਬਾਬਾ ਜੀ ਅੰਤਮ ਸੰਸਕਾਰ ਦੀ ਅਰਦਾਸ ਵਾਸਤੇ ਪੂਰੇ ਦੋ ਵਜੇ ਸ਼ਮਸ਼ਾਨਘਾਟ ਪੁੱਜ ਜਾਇਉ ਤਾਕੀਦ ਵੀ ਕੀਤੀ ਕਿ ਕਿਤੇ ਲੇਟ ਨਾ ਹੋ ਜਾਇਉ ..

ਬਾਬਾ ਜੀ ਤਾਂ ਦੋ ਵਜੇ ਤੋਂ ਵੀ ਦਸ ਪੰਦਰਾਂ ਮਿੰਟ ਪਹਿਲਾਂ ਈ ਸਿਵਿਆਂ ਚ ਪੁੱਜ ਗਏ ਜਾਂਦਿਆ ਨੂੰ ਇੱਕ ਪੰਡਤ ਜੀ ਵੀ ਉਥੇ ਖੜੇ ਸਨ ਉਹਨਾਂ ਨੂੰ ਵੀ ਕਿਸੇ ਹਿੰਦੂ ਪਰਿਵਾਰ ਨੇ ਕਿਸੇ ਮ੍ਰਿਤਕ ਦੀਆਂ ਅੰਤਮ ਰਸਮਾਂ ਕਰਨ ਵਾਸਤੇ ਬੁਲਾ ਰੱਖਿਆ ਸੀ , ਬਾਬਾ ਜੀ ਦੱਸਦੇ ਕਿ ਪੰਡਤ ਜੀ ਨੇ ਮੇਰਾ ਪਹਿਰਾਵਾ ਦੇਖਕੇ ਮੈਨੂੰ ਸਤਿਕਾਰ ਸਹਿਤ ਨਮਸਕਾਰ ਕੀਤੀ , ਗ੍ਰੰਥੀ ਸਿੰਘ ਤੇ ਪੰਡਤ ਜੀ ਗੱਲਾਂਬਾਤਾਂ ਕਰਦੇ ਰਹੇ ਉਧਰੋਂ ਸਿੱਖ ਪਰਿਵਾਰ ਆਪਣੇ ਚੜਾਈ ਕਰ ਗਏ ਬਜੁਰਗ ਦੇ ਮ੍ਰਿਤਕ ਸ਼ਰੀਰ ਨੂੰ ਅੰਤਮ ਸੰਸਕਾਰ ਵਾਸਤੇ ਸ਼ਮਸ਼ਾਨਘਾਟ ਲੈ ਆਏ , ਬਾਬਾ ਜੀ ਨੇ ਜਪੁਜੀ ਸਾਹਿਬ ਦਾ ਪਾਠ ਕੀਤਾ ਅਰਦਾਸ ਕੀਤੀ , ਮ੍ਰਿਤਕ ਨੂੰ ਅਗਨਭੇਂਟ ਕਰ ਦਿੱਤਾ ਗਿਅਾ ,

ਜਦੋਂ ਬਾਬਾ ਜੀ ਸਿਵੇ ਤੋਂ ਵਾਪਿਸ ਆਪਣੇ ਸਾਇਕਲ ਵੱਲ ਨੂੰ ਆ ਰਹੇ ਸਨ ਤਾਂ ਮ੍ਰਿਤਕ ਪਰਿਵਾਰ ਦਾ ਕੋਈ ਮੈਂਬਰ ਬਾਬਾ ਜੀ ਨੂੰ ਅਰਦਾਸ ਭੇਟਾ ਦੇਣ ਪਿੱਛੇ ਭੱਜਾ ਆਇਆ ਸ਼ਾਇਦ ਪਰਿਵਾਰ ਨੂੰ ਕਿਸੇ ਯਾਦ ਕਰਵਾਇਆ ਹੋਵੇਗਾ ਕਿ ਤੁਸੀ ਬਾਬਾ ਜੀ ਨੂੰ ਅਰਦਾਸ ਭੇਟਾ ਤਾਂ ਦਿੱਤੀ ਹੀ ਨਹੀਂ ਆਂ , ਨੌਜਵਾਨ ਆ ਕੇ ਬਾਬਾ ਜੀ ਨੂੰ ਕਹਿੰਦਾ ਬਾਬਾ ਜੀ ਆਹ ਲਵੋ ਅਰਦਾਸ ਭੇਟਾ , ਪੰਡਤ ਜੀ ਨੇ ਵੀ ਨੌਜਵਾਨ ਨੂੰ ਪੰਜਾਹ ਰੁਪਏ ਬਾਬਾ ਜੀ ਨੂੰ ਫੜਾਉਂਦਿਆਂ ਦੇਖ ਲਿਅਾ ਸੀ

ਪੰਡਤ ਜੀ ਹੈਰਾਨੀ ਚ ਬਾਬਾ ਜੀ ਨੂੰ ਆਖਣ ਲੱਗੇ ਹੈਂ ਸਿਰਫ ਪੰਜਾਹ ਰੁਪਈਏ ਅਰਦਾਸ ਭੇਟਾ ….? ?
ਵੈਸੇ ਤਾਂ ਪਰਿਵਾਰ ਨੇ ਬਜੁ਼ਰਗ ਨੂੰ ਵੱਡਾ ਵੀ ਕੀਤਾ ਏ ਐਨਾ ਖਰਚਾ ਕੀਤਾ ਤੇ ਤੁਹਾਨੂੰ ਸਿਰਫ ਪੰਜਾਹ ਰੁਪਈਏ ਦਿੱਤੇ ….? ? ?

ਬਾਬਾ ਜੀ ਹੱਸ ਕੇ ਕਹਿੰਦੇ ਪੰਡਤ ਜੀ ਸ਼ੁਕਰ ਕਰੋ ਇਹਨਾਂ ਪੰਜਾਹ ਰੁਪਈਏ ਦੇ ਦਿੱਤੇ ਆ ਕਈ ਵਾਰ ਤਾਂ ਬਿਨਾਂ ਭੇਟਾ ਦਿੱਤੇ ਈ ਤੋਰ ਦਿੱਤੇ ਜਾਂਦੇ ਹਾਂ , ਮੰਗਦੇ ਅਸੀਂ ਨਹੀਂ ਆਪ ਕੋਈ ਦੇਂਦਾ ਨਹੀਂ , ਬਾਬਾ ਜੀ ਪੰਡਤ ਜੀ ਨੂੰ ਦੱਸਣ ਲੱਗੇ ਕਿ ਮੇਰੇ ਇੱਕ ਜਾਣਕਾਰ ਗ੍ਰੰਥੀ ਸਿੰਘ ਨੂੰ ਪ੍ਰਬੰਧਕਾਂ ਨੇੰ ਸਿਰਫ ਇਸ ਕਰਕੇ ਗੁਰੂਘਰ ਦੀ ਡਿਊਟੀ ਤੋਂ ਫਾਰਗ ਕਰ ਦਿੱਤਾ ਸੀ ਕਿ ਉਹਨੇ ਕਿਸੇ ਪਰਿਵਾਰ ਤੋਂ ਅੰਤਮ ਸੰਸਕਾਰ ਦੀ ਅਰਦਾਸ ਕਰਨ ਦੀ ਭੇਟਾ ਮੰਗ ਲਈ ਸੀ ਪਹਿਲਾ ਤਾਂ ਪਰਿਵਾਰ ਨੇ ਬਾਬਾ ਜੀ ਨੂੰ ਸਿਵਿਆਂ ਚ ਹੀ ਜਲੀਲ ਕੀਤਾ ਕਿ ਸਾਡਾ ਬੰਦਾ ਮਰ ਗਿਅਾ ਏ ਤੁਹਾਨੂੰ ਅਰਦਾਸ ਭੇਟਾ ਦੀ ਪਈ ਏ ਫ਼ਿਰ ਪਰਿਵਾਰ ਨੇੰ ਪ੍ਰਬੰਧਕਾਂ ਨੂੰ ਸ਼ਿਕਾਇਤ ਕੀਤੀ ਕਿ ਤੁਹਾਡਾ ਬਾਬਾ ਸਾਡੇ ਤੋਂ ਅਰਦਾਸ ਦੇ ਪੈਸੇ ਮੰਗਦਾ ਸੀ , ਗ੍ਰੰਥੀ ਸਿੰਘ ਪ੍ਰਬੰਧਕਾਂ ਨੂੰ ਬਥੇਰਾ ਆਖਦਾ ਰਿਹਾ ਕਿ ਇਹਨਾਂ ਨੇ ਆਵਦਾ ਬਜੁਰਗ ਪੂਰੇ ਰੀਤੀ ਰਿਵਾਜਾਂ ਨਾਲ ਵੱਡਾ ਕੀਤਾ ਸੀ ਬਿੱਦ ਵੀ ਵੰਡੀ ਸੀ ਤਾਂ ਕਰਕੇ ਮੈਂ ਵੀ ਭੇਟਾ ਮੰਗ ਬੈਠਾ ਸੀ ਕਿਸੇ ਬੱਚੇ ਜਾਂ ਜਵਾਨ ਦੀ ਅੰਤਮ ਅਰਦਾਸ ਤੇ ਤਾਂ ਅਸੀਂ ਆਪ ਈ ਕਦੇ ਭੇਟਾ ਨਹੀਂ ਮੰਗਦੇ ਕੋਈ ਦੇ ਦੇਵੇ ਤਾਂ ਠੀਕ ਆ ਪਰ ਪ੍ਰਬੰਧਕ ਗ੍ਰੰਥੀ ਸਿੰਘ ਦੀ ਗੁਰੂਘਰ ਤੋਂ ਛੁੱਟੀ ਕਰਕੇ ਈ ਮੰਨੇੰ ..

ਬਾਬਾ ਜੀ ਦੱਸਦੇ ਸੀ ਕਿ ਪੰਡਤ ਜੀ ਤਾਂ ਮੇਰੀਆਂ ਗੱਲਾਂ ਸੁਣ ਹੈਰਾਨ ਪ੍ਰੇਸ਼ਾਨ ਜਿਹੇ ਹੋ ਗਏ ਤੇ ਆਖਣ ਲੱਗੇ ਬਾਬਾ ਜੀ ਜੇ ਥੋੜਾ ਸਮਾਂ ਹੈਗਾ ਤਾਂ ਰੁਕੋ ਮੈਂ ਵੀ ਤੁਹਾਨੂੰ ਕੁੱਛ ਦਿਖਾਉਂਦਾ ਹਾਂ , ਉਤਨੇੰ ਸਮੇਂ ਨੂੰ ਉਹ ਪਰਿਵਾਰ ਵੀ ਆਪਣੇ ਮ੍ਰਿਤਕ ਨੂੰ ਲੈਕੇ ਸ਼ਮਸ਼ਾਨਘਾਟ ਆ ਪੁੱਜੇ , ਪੰਡਤ ਜੀ ਨੇ ਬਾਬਾ ਜੀ ਨੂੰ ਕਿਹਾ ਮੇਰੇ ਕੋਲ ਹੀ ਰਹਿਣਾਂ , ਬਾਬਾ ਜੀ ਦੱਸਦੇ ਆ ਪੰਡਤ ਜੀ ਨੇ ਹਿੰਦੂ ਰੀਤੀ ਰਿਵਾਜਾਂ ਨਾਲ ਮ੍ਰਿਤਕ ਦਾ ਅੰਤਮ ਸੰਸਕਾਰ ਕਰਵਾਇਆ ਤੇ ਕਾਫੀ ਮਾਇਆ ਪੰਡਤ ਜੀ ਨੇ ਦਖਸ਼ਣਾਂ ਵਜੋਂ ਪ੍ਰਾਪਤ ਕੀਤੀ ਫ਼ਿਰ ਪਰਿਵਾਰ ਨੇ ਆਦਰ ਸਹਿਤ ਪੰਡਤ ਜੀ ਨੂੰ ਵਿਦਾ ਕੀਤਾ , ਬਾਬਾ ਜੀ ਦੱਸਦੇ ਸੀ ਕਿ ਜਿੱਥੇ ਮੈਂ ਆਪਣਾ ਸਾਇਕਲ ਤੇ ਪੰਡਤ ਜੀ ਨੇ ਮੋਟਰਸਾਇਕਲ ਖੜਾ ਕੀਤਾ ਸੀ ਉਥੇ ਆਣਕੇ ਪੰਡਤ ਜੀ ਨੇ ਮੈਨੂੰ ਸਤਿਕਾਰ ਵਜੋਂ ਦੌ ਸੌ ਰੁਪਈਏ ਦੇਣ ਦੀ ਕੋਸ਼ਿਸ਼ ਕੀਤੀ ਪਰ ਮੈਂ ਸਤਿਕਾਰ ਨਾਲ ਹੀ ਨਾਂਹ ਕਰ ਦਿੱਤੀ , ਸ਼ਾਇਦ ਪੰਡਤ ਜੀ ਨੂੰ ਬਾਬਾ ਜੀ ਦੀਆਂ ਗੱਲਾਂ ਸੁਣ ਤਰਸ ਆ ਗਿਅਾ ਸੀ ਪਰ ਜਿਹੜੇ ਧਰਮ ਵਾਲਿਆਂ ਦਾ ਬਾਬਾ ਸੀ ਉਹਨਾ ਦੀ ਨਜਰ ਚ ਗ੍ਰੰਥੀ ਦੀ ਕੋਈ ਕੀਮਤ ਨਹੀਂ ਸੀ..॥

ਉੱਪਰ ਦੱਸੀ ਘਟਨਾ ਕਿਸੇ ਇੱਕ ਗ੍ਰੰਥੀ ਦੀ ਨਹੀਂ ਆਂ ਪੰਜਾਬ ਚ ਤਕਰੀਬਨ ਹਰ ਪਿੰਡ ਹਰ ਸ਼ਹਿਰ ਹਰ ਮੁਹੱਲੇ ਦੇ ਗੁਰੂਘਰਾਂ ਦੇ ਗ੍ਰੰਥੀਆਂ ਦੀ ਇਹੀ ਹਾਲਤ ਆ , ਕਈ ਲੋਕ ਭਾਵੇਂ ਖੁਸ਼ੀ ਦਾ ਹੀ ਕੋਈ ਪ੍ਰੋਗਰਾਮ ਕਿਉ ਨਾ ਹੋਵੇ ਗ੍ਰੰਥੀ ਨੂੰ ਭੇਟਾ ਦੇਣ ਵਾਰੀਂ ਅੱਖਾਂ ਜਿਹੀਆਂ ਚੁਰਾਉੰਦੇ ਦਿਸਣਗੇ ਕਿ ਖੌਰੇ ਬਾਬਾ ਭੁੱਲ ਈ ਜਾਵੇ ਕਿ ਮੈਂ ਭੇਟਾ ਵੀ ਲੈਣੀ ਆਂ , ਮਰਗ ਦੇ ਬਹੁਤੇ ਪ੍ਰੋਗਰਾਮਾਂ ਤੇ ਤਾਂ ਇਹੀ ਡਾਇਲਾਗ ਹੁੰਦਾ ਜੀ ਸਾਡਾ ਤਾਂ ਮੈਂਬਰ ਤੁਰ ਗਿਅਾ ,ਬੜਾ ਘਾਟਾ ਪੈ ਗਿਅਾ ਜਿਵੇਂ ਹੁਣ ਸਾਰਾ ਘਾਟਾ ਬਾਬੇ ਦੀ ਭੇਟਾ ਕੱਟਕੇ ਹੀ ਪੂਰਾ ਕਰਨਾ ਹੋਵੇ ..

ਬਹੁਤੀਆਂ ਅੰਤਮ ਅਰਦਾਸਾਂ ਤੇ ਤਾਂ ਗ੍ਰੰਥੀ ਸਿੰਘ ਬਿਨਾਂ ਭੇਟਾ ਲਏ ਹੀ ਮੁੜਦੇ ਆ , ਵਿਚਾਰੇ ਡਰਦੇ ਮੰਗਦੇ ਹੀ ਨਹੀਂ ਕਿ ਇਹਨਾਂ ਦੇਣਾਂ ਤਾਂ ਕੁੱਛ ਹੈ ਨਹੀਂ ਪ੍ਰਬੰਧਕਾਂ ਨੂੰ ਸ਼ਿਕਾਇਤ ਵੱਖਰੀ ਕਰਨਗੇ , ਅਰਦਾਸ ਭੇਟਾ ਮੰਗਦੇ ਮੰਗਦੇ ਕਿਤੇ ਗੁਰੂਘਰੋਂ ਹੀ ਛੁੱਟੀ ਨਾ ਕਰਵਾ ਬੈਠੀਏ , ਆਖਣ ਨੂੰ ਗੁਰੂ ਦੇ ਵਜੀਰ ਆ ਪਰ ਸਮਝਦੇ ਲੋਕ ਨੌਕਰ ਤੋਂ ਵੀ ਭੈੜਾ ਏ ਕਿ ਪ੍ਰੋਗਰਾਮ ਵੀ ਕਰਵਾ ਲਈਏ ਤੇ ਦੇਈਏ ਵੀ ਕੁੱਛ ਨਾ , ਅੱਜਕਲ ਹਰ ਗੁਰੂਘਰ ਕਮੇਟੀ ਚ ਦੋ ਧੜੇ ਤਾਂ ਹੁੰਦੇ ਈ ਆ ਤੇ ਸਭ ਆਪਣੀ ਸਿਆਸਤ ਗੁਰੂਘਰ ਦੇ ਗ੍ਰੰਥੀ ਤੇ ਹੀ ਘੋਟਦੇ ਆ , ਜਿਹੜੇ ਲੰਡੀ ਬੁਚੀ ਬੰਦੇ ਨੂੰ ਘਰੇ ਕੋਈ ਨਹੀਂ ਪੁੱਛਦਾ ਉਹ ਵੀ ਗੁਰੂਘਰ ਆ ਗ੍ਰੰਥੀ ਤੇ ਰੋਹਬ ਝਾੜਨ ਦੇ ਮਾਮਲੇ ਚ ਫ਼ੰਨੇੰ ਖਾਂ ਦਾ ਸਾਲਾ ਬਣਿਆ ਹੁੰਦਾ ਏ …

ਬਹੁਤ ਘੱਟ ਪਰਿਵਾਰ ਐਸੇ ਮਿਲਣਗੇ ਜੋ ਗ੍ਰੰਥੀ ਸਿੰਘਾਂਂ ਦਾ ਦਿਲੋਂ ਸਤਿਕਾਰ ਕਰਦੇ ਆ , ਬਹੁਤਿਆਂ ਤਾਂ ਲਾ ਥੱਬਾ ਥੱਬਾ ਅਗਰਬੱਤੀਆਂ ਪਾਠੀਆਂ ਨੂੰ ਗਲੇ ਦੀ ਕੈਂਸਰ ਈ ਕਰ ਛੱਡੀ ਆ , ਅਗਰਬੱਤੀਆਂ ਵੀ ਐਸੀਆਂ ਹੁੰਦੀਆਂ ਸੀ ਜਿਵੇਂ ਕੋਈ ਟਾਇਰ ਧੁਖਦਾ ਹੋਵੇ , ਕਈ ਚੰਗੇ ਭਲੇ ਵਿਦਵਾਨ ਗ੍ਰੰਥੀਆਂ ਨੂੰ ਪ੍ਰਬੰਧਕਾਂ ਦਾ ਖੁਸ਼ਾਮਦੀ ਤੇ ਚਾਪਲੂਸ ਵੀ ਬਣਨਾ ਪੈਂਦਾ ਏ , ਪਰਿਵਾਰ ਜੋ ਪਾਲਣਾ ਹੋਇਆ , ਪ੍ਰਬੰਧਕਾਂ ਨੇ ਗੁਰੂਘਰ ਤਾਂ ਐਂਨ ਪੱਥਰ ਨਾਲ ਮੜਿਆ ਹੁੰਦਾ ਪਰ ਗ੍ਰੰਥੀ ਸਸਤੇ ਤੋਂ ਸਸਤਾ ਭਾਲਦੇ ਆ ਫ਼ਿਰ ਸ਼ਰਤਾਂ ਤੇ ਵੀ ਪੂਰਾ ਉੱਤਰਦਾ ਹੋਵੇ ਦੋਵੇ ਸਮੇਂ ਨਿਤਨੇਮ ਵੀ ਕਰੇ , ਕਥਾ ਵੀ ਕਰੇ , ਕੀਰਤਨ ਕਰਨਾ ਵੀ ਜਾਣਦਾ ਹੋਵੇ ਸਟੋਰ ਦੇ ਭਾਂਡੇ ਵੀ ਗਿਣਕੇ ਦਵੇ ਤੇ ਲਵੇ ਤੇ ਸਾਰਾ ਦਿਨ ਗੁਰੂਘਰ ਵੀ ਹਾਜਰ ਰਹੇ , ਕਈ ਗੁਰੂਘਰਾ ਚ ਤਾਂ ਹੁਣ ਨਾਲ ਸੇਵਾਦਾਰ ਰੱਖਣ ਲੱਗ ਪਏ ਆ ਪਰ ਬਹੁਤੇ ਗੁਰੂਘਰਾਂ ਚ ਸਾਰਾ ਕੰਮ ਗ੍ਰੰਥੀ ਦੇ ਮੋਢਿਆਂ ਤੇ ਹੀ ਹੁੰਦਾ ਏ , ਐਂ ਲੱਗਦਾ ਜਿਵੇਂ ਗ੍ਰੰਥੀ ਸਿੰਘ ਸੇਵਾ ਨਹੀਂ ਕੋਈ ਬੁਰੀ ਜੂਨ ਹੰਢਾਂ ਰਹੇ ਹੋਣ ..

ਕਈ ਵੀਰ ਆਖ ਦੇਂਦੇ ਆ ਗ੍ਰੰਥੀਆਂ ਚ ਹਿੰਮਤ ਨਹੀਂ ਉਹ ਪ੍ਰਬੰਧਕਾਂ ਅੱਗੇ ਜਾਇਜ ਗੱਲਾਂ ਤੇ ਅੜ ਸਕਣ ਤਾਂ ਮੈਂ ਦੱਸਣਾਂ ਚਾਹੁੰਦਾ ਹਾਂ ਜਿਹੜੇ ਗ੍ਰੰਥੀ ਪ੍ਰਬੰਧਕਾਂ ਨੂੰ ਉਹਨਾਂ ਦੀਆਂ ਗਲਤੀਆਂ ਦੱਸਦੇ ਆ ਪ੍ਰਬੰਧਕ ਅਗਲੇ ਦਿਨ ਈ ਐਸੇ ਗ੍ਰੰਥੀ ਦਾ ਗੁਰੂਘਰ ਤੋਂ ਬੋਰੀਆ ਬਿਸਤਰ ਗੋਲ ਕਰ ਦੇਂਦੇ ਆ , ਗ੍ਰੰਥੀ ਕਿਸਦੇ ਆਸਰੇ ਪ੍ਰਬੰਧਕਾਂ ਅੱਗੇ ਅੜਨ …? ? ?

ਘਰੇ ਬੈਠਿਆਂ ਸਲਾਹਾਂ ਦੇਣੀਆਂ ਬਹੁਤ ਸੌਖੀਆਂ ਹੁੰਦੀਆਂ ਨੇ , ਗ੍ਰੰਥੀ ਤਾਂ 24 ਘੰਟੇ ਦਾ ਸਭ ਤੋਂ ਘੱਟ ਤਨਖਾਹ ਦਾ ਨੌਕਰ ਹੁੰਦਾ ਏ ਪ੍ਰਬੰਧਕਾਂ ਵਾਸਤੇ , ਜੇ ਕੋਈ ਗ੍ਰੰਥੀ ਕਿਤੇ ਬਚਤ ਕਰਕੇ ਕੋਈ ਸਕੂਟਰ ਮੋਟਰਸਾਇਕਲ ਲੈ ਲਵੇ ਜਾਂ ਘਰ ਪਾ ਲਵੇ ਤਾਂ ਪ੍ਰਬੰਧਕਾਂ ਦੇ ਆਨੇ ਬਾਹਰ ਆ ਜਾਂਦੇ ਆ ਕਿ ਹੈਂ ਬਾਬੇ ਕੋਲ ਏਨੇੰ ਪੈਸੇ ਕਿਥੋਂ ਆ ਗਏ …? ? ?

ਪੱਕੀ ਗੱਲ ਆ ਉਸਤੋਂ ਬਾਅਦ ਉਸ ਗ੍ਰੰਥੀ ਤੇ ਪ੍ਰਬੰਧਕ ਆਨੇ ਬਹਾਨੇ ਬੜੀਆਂ ਰੋਕਾਂ ਟੋਕਾਂ ਲਾਉਣ ਲੱਗ ਪੈਂਦੇ ਆ ਤੇ ਆਖਰ ਗ੍ਰੰਥੀ ਦੀ ਛੁੱਟੀ ਹੋ ਕੇ ਰਹਿੰਦੀ ਆ …

ਹਾਲੇ ਸਰਕਾਰ ਵੀ ਫਾਂਸੀ ਦੇਣ ਵਾਲੇ ਕੈਦੀ ਨੂੰ ਵੀ ਹਫਤਾ ਦਸ ਦਿਨ ਪਹਿਲਾ ਦੱਸ ਦੇਂਦੀ ਆ ਕਿ ਫਲਾਣੀ ਤਰੀਕ਼ ਨੂੰ ਤੈਨੂੰ ਫਾਹੇ ਲਾ ਦੇਣਾਂ ਈਂ ਪਰ ਗੁਰੂਘਰਾਂ ਦੇ ਪ੍ਰਬੰਧਕ ਤਾਂ ਕਈ ਵਾਰ ਗ੍ਰੰਥੀ ਨੂੰ ਦੋ ਦਿਨ ਦਾ ਸਮਾਂ ਵੀ ਨਹੀਂ ਦੇਂਦੇ ਕਿ ਅਗਲਾ ਕੋਈ ਕਿਰਾਏ ਦਾ ਕਮਰਾ ਈ ਲੱਭ ਲਵੇ ਬੱਸ ਸਵੇਰੇ ਕੋਈ ਮਾੜੀ ਮੋਟੀ ਤੂੰ ਤੂੰ ਮੈਂ ਮੈਂ ਹੋਈ ਸ਼ਾਮ ਤੱਕ ਗ੍ਰੰਥੀ ਦਾ ਸਮਾਨ ਚੁਕਾ ਦੇਂਦੇ ਆ ਕਿ ਜਾਹ ਭਾਈ ਸਾਨੂੰ ਨਹੀਂ ਤੇਰੀ ਲੋੜ , ਗ੍ਰੰਥੀਆਂ ਦੇ ਐਨੇੰ ਮਾੜੇ ਹਾਲ ਹੋਣ ਦੇ ਬਾਵਜੂਦ ਸਾਡੇ ਵਿਦਵਾਨ ਵਿਚਾਰਾਂ ਕਰਦੇ ਆ ..

ਅਖੇ ਜੀ ਨੌਜਵਾਨ ਸਿੱਖੀ ਤੋਂ ਦੂਰ ਕਿਉ ਹੋ ਰਹੇ ਆ “…? ? ?

ਦੱਸੋ ਬਈ ਜਿਹੜੇ ਗ੍ਰੰਥੀਆਂ ਨੂੰ ਚੌਵੀ ਘੰਟੇ ਇਹੀ ਫਿਕਰ ਲੱਗਾ ਰਹਿੰਦਾ ਕਿਤੇ ਪ੍ਰਬੰਧਕ ਮੇਰੀ ਛੁੱਟੀ ਨਾ ਕਰ ਦੇਣ ਮੇਰੇ ਬੱਚਿਆਂ ਦਾ ਕੀ ਬਣੂੰ , ਉਸ ਹਾਲਤ ਚ ਗ੍ਰੰਥੀ ਹੁਣ ਕੌਮ ਦੇ ਕੀ ਕੀ ਕਾਰਜ ਕਰ ਦੇਵੇ , ਅਜੋਕੇ ਸਮੇਂ ਮੇਰੀ ਜਾਣਕਾਰੀ ਚ ਅੱਜ ਤੱਕ ਜਿੰਨੇਂ ਵੀ ਗ੍ਰੰਥੀ ਸਿੰਘ ਹੈਗੇ ਆ ਕਿਸੇ ਨੇ ਵੀ ਆਪਣੇ ਕਿਸੇ ਬੱਚੇ ਨੂੰ ਗ੍ਰੰਥੀ ਨਹੀਂ ਬਣਾਇਆ , ਇਹ ਗੱਲ ਸਾਡੇ ਵਾਸਤੇ ਕਿਸੇ ਲਾਹਨਤ ਤੋਂ ਘੱਟ ਨਹੀਂ ਹੈ , ਚਾਹੀਦਾ ਤਾਂ ਇਹ ਸੀ ਕਿ ਅਸੀਂ ਗ੍ਰੰਥੀਆਂ ਦਾ ਏਨਾ ਸਤਿਕਾਰ ਕਰਦੇ ਕਿ ਕੋਈ ਵੀ ਇਨਸਾਨ ਗ੍ਰੰਥੀ ਸਿੰਘ ਬਣਨ ਤੇ ਮਾਣ ਮਹਿਸੂਸ ਕਰਦਾ ,

ਇੱਕ ਹੋਰ ਬੜੀ ਗੱਲ ਦੇਖਣ ਨੂੰ ਮਿਲਦੀ ਆ ਕਈ ਪਿੰਡਾਂ ਸ਼ਹਿਰਾਂ ਦੇ ਲੋਕ ਆਵਦੇ ਗੁਰੂਘਰ ਦੇ ਗ੍ਰੰਥੀ ਨੂੰ ਸੌ ਰੁਪਈਆ ਅਰਦਾਸ ਦੇਣ ਤੋਂ ਭੱਜਦੇ ਆ ਤੇ ਉਹੀ ਲੋਕਾਂ ਦੇ ਘਰ ਜਦੋਂ ਕਿਸੇ ਪ੍ਰੋਗਰਾਮ ਤੇ ਕਿਸੇ ਇਤਿਹਾਸਕ ਗੁਰੂਘਰ ਤੋਂ ਗ੍ਰੰਥੀ ਜਾਂ ਅਰਦਾਸੀਆ ਆਇਆ ਹੋਵੇ ਤਾਂ 2100 ਜਾਂ 5100 ਸੌ ਲਿਫਾਫੇ ਚ ਪਾ ਕੇ ਦੇਣਗੇ , ਲੱਖਾਂ ਰੁਪਈਆ ਨੱਚਣ ਗਾਉਣ ਤੇ ਸ਼ਰਾਬ ਤੇ ਖਰਚਣ ਵਾਲੇ ਲੋਕ ਗ੍ਰੰਥੀਆਂ ਵਾਰੀਂ ਅੱਤ ਦੇ ਗਰੀਬ ਬਣ ਜਾਂਦੇ ਆ ਜਿਵੇਂ ਸਾਰੇ ਘਾਟੇ ਗ੍ਰੰਥੀ ਤੋਂ ਹੀ ਪੂਰੇ ਕਰਨੇੰ ਹੋਣ , ਅਨੰਦ ਕਾਰਜ ਵੇਲੇ ਪੈਲੇਸ ਵਿਚ ਵੀ ਅਰਦਾਸ ਕਰਨ ਲਈ ਗ੍ਰੰਥੀ ਨੂੰ 1 ਘੰਟਾ ਪਹਿਲਾਂ ਹੀ ਬੁਲਾ ਲੈਂਦੇ ਆ ਉਹ ਵੀ ਝੂਠ ਬੋਲ ਕੇ. ਕੇ ਬਾਬਾ ਜੀ ਬਰਾਤ ਹੁਣੇ ਆਉਣ ਵਾਲੀ ਹੈ ਜਲਦੀ ਆ ਜਾਓ. ਤੇ ਅਰਦਾਸ ਦੇ ਸਤਿਕਾਰ ਲਈ ਜੋੜਾ ਕੋਈ ਨੀ ਖੋਲ੍ਹਦਾ ਏਥੋਂ ਤੱਕ ਲਾੜਾ ਵੀ ਨੀ. 1 ਅਦਾ ਘੰਟਾ ਉਡੀਕ ਕਰਨ ਤੋਂ ਬਾਅਦ ਵੀ ਅਰਦਾਸ ਭੇਟਾ ਉਹ ਵੀ 100 rs ਕੋਈ ਵਿਰਲਾ ਹੀ ਕੱਢਣ ਦੀ ਕੋਸ਼ਿਸ਼ ਕਰਦਾ. ਮੁੰਡੇ ਵਾਲੇ ਤਾਂ ਏਹੀ ਸੋਚੀ ਜਾਂਦੇ ਕੇ ਗ੍ਰੰਥੀ ਕੁੜੀ ਵਾਲਿਆ ਦਾ ਹੀ ਐ ਸਾਨੂੰ ਕੀ ਲੋੜ ਹੈ. ਅੱਜ ਕੱਲ ਅਨੰਦ ਕਾਰਜ ਕਰਨ ਲਈ ਜਾ ਮਿਲਣੀ ਦੀ ਅਰਦਾਸ ਲਈ ਘੰਟਿਆਂਬੱਧੀ ਗ੍ਰੰਥੀ ਬਰਾਤ ਉਡੀਕਦੇ ਐ. ਜੇ ਕਿਤੇ ਗ੍ਰੰਥੀ 5 ਮਿੰਟ ਏਧਰ ਓਧਰ ਚਲਾ ਜਾਵੇ ਤਾਂ ਗ੍ਰੰਥੀ ਦੀ ਰੇਲ ਬਣਾ ਦੇਣਗੇ. ਜੇ ਅਨੰਦ ਕਾਰਜ ਦੀ ਭੇਟਾ 1100 ਮੰਗ ਲਏ ਤਾਂ ਅੱਖਾਂ ਕੱਢਦੇ ਐ ਬਾਬਾ ਐਨੇ ਪੈਸੇ ਮੰਗਦਾ DJ ਵਾਲਿਆਂ ਦੇ 50 50 ਹਜ਼ਾਰ ਨੀ ਦਿਖਦੇ. ਗੁਰਦਵਾਰਾ ਸਾਹਿਬ ਚ ਮੰਗਣਾ ਕਰਕੇ ਇੰਜ ਚੱਲੇ ਜਾਂਦੇ ਗੰਦ ਪਾ ਕੇ ਜਿਵੇਂ ਹੋਟਲ ਬੁੱਕ ਕੀਤਾ ਹੋਵੇ. ਬਾਅਦ ਚ ਗ੍ਰੰਥੀ ਏਹਨਾ ਦੀ ਜੂਠ ਠੰਡੇ ਵਾਲੀਆਂ ਬੋਤਲਾਂ ਡਿਸਪੋਜ਼ਲ ਆਦਿ ਚੁੱਕਦਾ ਫਿਰਦਾ. ਰੁਪਈਆ 100 ਦੇ ਕੇ ਜਾਣਗੇ. ਉਂਜ ਮੰਗਣੇ ਤੇ 10 20 ਹਜ਼ਾਰ ਖ਼ਰਚ ਦੇਣਾ. ਭਰਾਵੋ ਹਾਲੇ ਵੀ ਸਮਝ ਜਾਵੋ , ਆਪਣੇ ਗ੍ਰੰਥੀਆਂ ਪਾਠੀਆਂ ਰਾਗੀਆਂ ਢਾਡੀਆਂ ਕਵੀਸ਼ਰਾਂ ਦਾ ਸਤਿਕਾਰ ਕਰਿਆ ਕਰੋ ਉਹਨਾਂ ਦੀ ਯਥਾ ਸੰਭਵ ਆਰਥਿਕ ਮਦਦ ਜਰੂਰ ਕਰਿਆ ਕਰੋ ..???? ????

✍️ ਹਰਪਾਲ ਸਿੰਘ ਅੰਮ੍ਰਿਤਸਰ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?