ਦੋਰਾਹਾ/ਈਸੜੂ ,16 ਅਗਸਤ (ਲਾਲ ਸਿੰਘ ਮਾਂਗਟ)- ਰਾਜਨੀਤਿਕ ਪਾਰਟੀਆਂ ਵੱਲੋਂ ਸ਼ਹੀਦਾਂ ਦੇ ਨਾਮ ਤੇ ਸਿਆਸੀ ਕਾਨਫ਼ਰੰਸਾਂ ਬੰਦ ਕਰਨ, ਕਾਂਗਰਸ ਪਾਰਟੀ ਵੱਲੋਂ 2017 ਦਾ ਚੋਣ ਮੈਨੀਫੈਸਟੋ ਲਾਗੂ ਕਰਨ, ਕੁਦਰਤੀ ਪਾਣੀ ਬਚਾਉਣ, ਨਹਿਰੀ ਪਾਣੀ ਦੀ ਵਰਤੋਂ ਕਰਨ, ਬਾਹੋਮਾਜਰਾ ਨਕਲੀ ਸ਼ਰਾਬ ਫੈਕਟਰੀ ਸਮੇਤ ਪੰਜਾਬ ਵਿੱਚ ਹੋਰ ਸ਼ਰਾਬ ਫੈਕਟਰੀਆਂ ਦੀ ਸੀ.ਬੀ.ਆਈ ਜਾਂਚ ਕਰਨ, ਅਕਾਲੀ ਰਾਜ ਵੇਲੇ ਨਸ਼ੇ ਦੇ ਸੌਦਾਗਰਾਂ ਦੀਆਂ ਬੰਦ ਪਈਆਂ ਫਾਈਲਾਂ ਖਲਵਾਉਣ ਦੀ ਮੰਗ ਨੂੰ ਲੈ ਕੇ ਫੂਲ੍ਹੇ ਸ਼ਾਹ ਅੰਬੇਡਕਰ ਲੋਕ ਜਗਾਉ ਮੰਚ ਦੇ ਆਗੂ ਗੁਰਦੀਪ ਸਿੰਘ ਕਾਲੀ ਦੀ ਅਗਵਾਈ ਵਿਚ ਸਰਕਾਰਾਂ ਅਤੇ ਰਾਜਨੀਤਕ ਪਾਰਟੀਆਂ ਖਿਲਾਫ ਚੀਮਾ ਪਿੰਡ ਤੋਂ ਈਸੜੂ ਤਕ ਰੋਸ ਮਾਰਚ ਕੀਤਾ ਗਿਆ। ਇਸ ਕਾਫਲੇ ਨੇ ਸ਼ਹੀਦ ਕਰਨੈਲ ਸਿੰਘ ਦੇ ਬੁੱਤ ਤੇ ਫੁੱਲ ਮਾਲਾਵਾਂ ਚੜ੍ਹਾ ਕੇ ਪ੍ਰਣਾਮ ਕੀਤਾ ਅਤੇ ਸ਼ਹੀਦਾਂ ਦੇ ਸਿਰਜੇ ਸੁਪਨਿਆਂ ਨੂੰ ਪੂਰਾ ਕਰਨ ਦਾ ਹਲਫ ਲਿਆ। ਗੁਰਦੀਪ ਸਿੰਘ ਕਾਲੀ ਨੇ ਕਿਹਾ ਕਿ ਪਿਛਲੇ 75 ਸਾਲ ਤੋਂ ਰਾਜ ਕਰ ਰਹੇ ਅਕਾਲੀ, ਕਾਂਗਰਸ ਅਤੇ ਭਾਜਪਾ ਅਤੇ ਹੋਰ ਰਾਜਨੀਤਕ ਪਾਰਟੀਆਂ ਦੇ ਲੀਡਰ ਜੋ ਵੱਡੀਆਂ ਵੱਡੀਆਂ ਰੈਲੀਆਂ ਕਰ ਰਹੇ ਹਨ। ਇਨਾਂ ਉਪਰ ਵੱਡੇ-ਵੱਡੇ ਘੁਟਾਲਿਆਂ ਦੇ ਦੋਸ਼, ਨਕਲੀ ਸਰਾਬ ਦੇ ਠੇਕੇ ਚਲਾਉਣ ਦੇ ਦੋਸ਼, ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਲਈ ਚਿੱਟਾ ਵੇਚਣ ਦੇ ਦੋਸ਼, ਲੋਕਾਂ ਦੀਆਂ ਜਮੀਨਾਂ ਜਾਇਦਾਦਾਂ ਤੇ ਕਬਜੇ ਕਰਨ ਅਤੇ ਕਤਲ ਕਰਨ ਦੇ ਦੋਸ਼, ਬਲਾਤਕਾਰ ਦੇ ਦੋਸ਼ ਲੱਗੇ ਹੋਏ ਹਨ। ਇੰਨੇ ਵੱਡੇ ਵੱਡੇ ਅਪਰਾਧ ਕਰਨ ਤੋਂ ਬਾਅਦ ਇਹ ਚਿੱਟੇ ਕੱਪੜੇ ਪਾ ਕੇ ਆਜ਼ਾਦੀ ਨਾਲ ਘੁੰਮ ਰਹੇ ਹਨ ਅਤੇ ਤਿਰੰਗਾ ਝੰਡਾ ਲਹਿਰਾ ਰਹੇ ਹਨ, ਦੂਜੇ ਪਾਸੇ ਆਮ ਗ਼ਰੀਬ ਲੋਕਾਂ ਨੂੰ ਛੋਟੇ ਛੋਟੇ ਅਪਰਾਧਾਂ ਲਈ ਜੇਲਾਂ ਵਿੱਚ ਡੱਕਿਆ ਹੋਇਆ ਹੈ। ਇਸ ਤੋਂ ਸਪੱਸ਼ਟ ਹੈ ਕਿ ਆਜ਼ਾਦੀ 10 ਪ੍ਰਤੀਸੱਤ ਲੋਕਾਂ ਕੋਲ ਹੈ, 90 ਫੀਸਦੀ ਲੋਕ ਅੱਜ ਵੀ ਗੁਲਾਮ ਹਨ। ਆਮ ਲੋਕ ਆਜ਼ਾਦੀ ਦਾ ਨਿੱਘ ਉਦੋਂ ਹੀ ਮਾਣ ਸਕਦੇ ਹਨ ਜਦੋ 75 ਸਾਲਾਂ ਤੋਂ ਰਾਜ ਕਰ ਰਹੇ ਕਾਲੇ ਅੰਗਰੇਜਾਂ ਦੇ ਰੂਪ ਵਿਚ ਰਾਜ ਕਰਨ ਵਾਲੇ ਅਕਾਲੀ, ਕਾਂਗਰਸੀ, ਭਾਜਪਾ, ਝਾੜੂ ਵਾਲਿਆਂ ਦੀਆਂ ਰਾਜਨੀਤਿਕ ਜੜ੍ਹਾਂ ਨਹੀਂ ੳਖੇਡੀਆਂ ਜਾਂਦੀਆਂ ਹਨ। ਇਸ ਮੌਕੇ ਹਰਦੀਪ ਸਿੰਘ ਚੀਮਾ, ਬਲਜੀਤ ਸਿੰਘ ਗੰਗਾ, ਪਰਮੇਸ਼ਵਰ ਸਿੰਘ, ਮਾਸਟਰ ਗੁਰਪ੍ਰੀਤ ਸਿੰਘ, ਅੰਮ੍ਰਿਤ ਭਾਰਤੀ, ਜਰਨੈਲ ਸਿੰਘ ਘੁੰਗਰਾਲੀ, ਹਰਪ੍ਰੀਤ ਸਿੰਘ ਘੁੰਗਰਾਲੀ, ਪੁਨੀਤ ਗਿਲ, ਵਿਨੈ ਕੁਮਾਰ, ਰਿਕੂ ਚੀਮਾ, ਅਮਨਦੀਪ ਸਿੰਘ, ਨਗਿੰਦਰ ਸਿੰਘ, ਸੰਦੀਪ ਸਿੰਘ, ਲਾਲਦੀਪ ਸਿੰਘ ਈਸੜੂ, ਗੁਰਦੀਪ ਸਿੰਘ ਚੀਮਾ ਵੱਡੀ ਗਿਣਤੀ ਵਿੱਚ ਲੋਕ ਅਤੇ ਨੌਜਵਾਨ ਸਾਥੀ ਸ਼ਾਮਲ ਸਨ।
Author: Gurbhej Singh Anandpuri
ਮੁੱਖ ਸੰਪਾਦਕ